
ਸਰਵਿਸ ਦੌਰਾਨ ਕਾਫੀ ਵਾਰ ਚੋਣ ਡਿਊਟੀਆਂ ਦਿੱਤੀਆਂ ਪਰ ਕੁਝ ਤਲਖ ਤਜਰਬਿਆਂ ਕਾਰਨ ਯਾਦ ਹਨ।1992 ਵਿਚ ਖਾੜਕੂਵਾਦ ਦੇ ਸਿਖਰ ਸਮੇ ਕੇਂਦਰ ਸਰਕਾਰ ਨੇ ਪੰਜਾਬ ਅਸੈਂਬਲੀ ਦੀਆਂ ਚੋਣਾ ਕਰਾਉਣ ਦਾ ਫੈਸਲਾ ਕੀਤਾ। ਮੇਰੀ ਡਿਉਟੀ ਬਤੌਰ ਪ੍ਜਾਈਡਿੰਗ ਅਫਸਰ ਬਹੁਤ ਹੀ ਸੰਵੇਦਨਸ਼ੀਲ ਮੇਰੇ ਜੱਦੀ ਪਿੰਡ ਜਗਾ ਰਾਮ ਤੀਰਥ (ਬਠਿੰਡਾ) ਵਿਖੇ ਲਗਾਈ ਗਈ। ਪਿੰਡ ਦੇ ਹੀ ਖਾੜਕੂ ਪਾਲਾ ਸਿੰਘ ਵੱਲੋ ਲੋਕਾਂ ਨੂੰ ਇਲੈਕਸ਼ਨ ਦਾ ਬਾਈਕਾਟ ਕਰਨ ਦੀ ਸਖ਼ਤ ਹਦਾਇਤ ਸੀ। ਚਾਰ ਪੋਲਿੰਗ ਬੂਥਾ ਦਾ ਸਟਾਫ, ਸੀ. ਆਰ .ਪੀ .ਦੀ ਨਿਗਰਾਨੀ ਹੇਠ ਸਕੂਲ ਪਹੁੰਚਿਆ। ਸਟਾਫ ਲਈ ਚਾਹ ਪਾਣੀ, ਖਾਣੇ ਅਤੇ ਮੰਜੇ ਬਿਸਤਰਿਆ ਦਾ ਕੋਈ ਪ੍ਰਬੰਧ ਨਹੀ ਸੀ। ਆਮ ਚੋਣਾਂ ਵਿੱਚ ਇਹ ਦਿਨ ਜਸ਼ਨ ਦਾ ਦਿਨ ਹੁੰਦਾ ਹੈ। ਇਥੇ ਹਰ ਇਕ ਨੂੰ ਜਾਨ ਦੇ ਲਾਲੇ ਪਏ ਹੋਏ ਸਨ। ਬਾਹਰ ਜਾਣ ਦੀ ਨਾ ਕੋਈ ਜੁਅਰਤ ਕਰਦਾ ਸੀ ਅਤੇ ਨਾ ਹੀ ਸੀ ਆਰ ਪੀ ਕਿਸੇ ਨੂੰ ਬਾਹਰ ਜਾਣ ਦਿੰਦੀ ਸੀ। ਆਪਣੇ ਖਾਣੇ ਵਿੱਚੋ ਹੀ ਸੀ ਆਰ ਪੀ ਨੇ ਸਟਾਫ ਨੂੰ ਖੁਆਇਆ। ਰਾਤ ਟਾਟਾਂ ‘ਤੇ ਸੌ ਕੇ ਕੱਟੀ। ਅਗਲੇ ਦਿਨ ਬੂਥ ਸਜਾ ਕੇ ਬੈਠ ਗਏ ਪਰ ਕੋਈ ਵੋਟ ਪਾਉਣ ਨਾ ਆਇਆ। ਕੁੱਝ ਦਿਨਾ ਬਾਅਦ ਕਾਂਗਰਸ ਸਰਕਾਰ ਬਣ ਗਈ।