Punjab

ਜਲੰਧਰ ਪੱਛਮੀ ਜ਼ਿਮਨੀ ਚੋਣ ਦਾ ਚੋਣ ਪ੍ਰਚਾਰ ਹੋਇਆ ਬੰਦ, ਵੋਟਿੰਗ ਭਲਕੇ

ਚੰਡੀਗੜ੍ਹ – ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਆਖ਼ਰੀ ਪੜਾਅ ’ਚ ਦਾਖ਼ਲ ਹੋ ਗਈ ਹੈ ਅਤੇ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਗਿਆ। ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਂ ਜੋਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਨ, ਦੁਆਰਾ ਵਿਧਾਇਕੀ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਖ਼ਾਲੀ ਹੋ ਗਈ ਸੀ। ਹੁਣ ਇੱਥੋਂ ਆਪ ਵੱਲੋਂ ਮਹਿੰਦਰਪਾਲ ਭਗਤ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜਦਕਿ ਕਾਂਗਰਸ ਨੇ ਸੁਰਿੰਦਰ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਅਕਾਲੀ ਦਲ ਨੇ ਟਿਕਟ ਸੁਰਜੀਤ ਕੌਰ ਨੂੰ ਦਿੱਤਾ ਸੀ ਪਰ ਅਕਾਲੀ ਦਲ ਦੇ ਆਪਸੀ ਟਕਰਾਓ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਸੁਰਜੀਤ ਕੌਰ ਨੂੰ ਅਕਾਲੀ ਦਲ ਦੇ ਬਾਗ਼ੀ ਖ਼ੇਮੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਚੋਣ ਨਿਸ਼ਾਨ ਤੱਕੜੀ ਹੀ ਹੈ।
ਚੋਣ ਜਿੱਤਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਆਖ਼ਰੀ ਸਮੇਂ ਤੱਕ ਚੋਣ ਪ੍ਰਚਾਰ ਕੀਤਾ ਅਤੇ ਵੋਟਰਾਂ ਨੂੰ ਆਪ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਹ ਸੀਟ ਮੁੱਖ ਮੰਤਰੀ ਮਾਨ ਲਈ ਵੱਕਾਰ ਦਾ ਮੁੱਦਾ ਬਣੀ ਹੋਈ ਹੈ।
ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਸ ਨੇ ਆਪਣੇ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਾਈ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਰਾਏ ਦਾ ਘਰ ਲੈ ਕੇ ਜਲੰਧਰ ਵਿਚ ਡੇਰਾ ਲਾਇਆ ਹੈ, ਜਦੋਂਕਿ ਉਨ੍ਹਾਂ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਦੀ ਇਸ ਚੋਣ ਵਿਚ ਮਕਬੂਲੀਅਤ ਸਾਹਮਣੇ ਆ ਰਹੀ ਹੈ।
‘ਆਪ’ ਸਰਕਾਰ ਲਈ ਵੱਡੀ ਚੁਣੌਤੀ ਇਹ ਸੀ ਕਿ ਮੁਲਾਜ਼ਮ ਅਤੇ ਬੇਰੁਜ਼ਗਾਰ ਧਿਰਾਂ ਵੱਲੋਂ ਜਲੰਧਰ ਵਿਚ ਪ੍ਰਦਰਸ਼ਨ ਕੀਤੇ ਅਤੇ ਕਈ ਧਿਰਾਂ ਨੇ ਮੁਜ਼ਾਹਰੇ ਕੀਤੇ ਵੀ ਹਨ। ਮੁੱਖ ਮੰਤਰੀ ਨੇ ਇਨ੍ਹਾਂ ਸਭਨਾਂ ਧਿਰਾਂ ਨਾਲ ਵਾਰੋ-ਵਾਰੀ ਮੀਟਿੰਗਾਂ ਕਰ ਕੇ ਸੰਕਟ ਨੂੰ ਟਾਲਣ ਦੀ ਕੋਸ਼ਿਸ਼ਾਂ ਕੀਤੀ ਹੈ। ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ‘ਆਪ’ ਨੂੰ ਜਲੰਧਰ ਪੱਛਮੀ ਹਲਕੇ ਤੋਂ
ਕਾਫ਼ੀ ਘੱਟ ਵੋਟ ਮਿਲੀ ਸੀ। ਮੁੱਖ ਮੰਤਰੀ ਦੇ ਜਲੰਧਰ ਵਿਚ ਬੈਠਣ ਨਾਲ ਸਮੁੱਚੀ ਪਾਰਟੀ ਚੋਣ ਪ੍ਰਚਾਰ ਵਿਚ ਜੁਟੀ ਹੋਈ ਹੈ।
ਪਤਾ ਲੱਗਾ ਹੈ ਕਿ ‘ਆਪ’ ਨੇ ਪਿਛਲੇ ਦਿਨਾਂ ਤੋਂ ਆਪਣੀ ਸਥਿਤੀ ’ਚ ਸੁਧਾਰ ਕੀਤਾ ਹੈ ਅਤੇ ਹੁਣ ਮੁਕਾਬਲਾ ‘ਆਪ’ ਅਤੇ ਕਾਂਗਰਸ ਦਰਮਿਆਨ ਬਣਦਾ ਨਜ਼ਰ ਆ ਰਿਹਾ ਹੈ, ਜਦੋਂਕਿ ਭਾਜਪਾ ਨਵੀ ਪੂਰਾ ਤਾਣ ਲਾਇਆ ਹੋਇਆ ਹੈ। ਆਮ ਆਦਮੀ ਪਾਰਟੀ ਇਸ ਜ਼ਿਮਨੀ ਚੋਣ ਵਿਚ ਸਫਲ ਹੋ ਕੇ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਦਾ ਦਾਗ਼ ਧੋਣਾ ਚਾਹੁੰਦੀ ਹੈ, ਜਦੋਂਕਿ ਕਾਂਗਰਸ ਪਾਰਟੀ ਇਹ ਚੋਣ ਜਿੱਤ ਕੇ ਲੋਕ ਸਭਾ ਚੋਣਾਂ ਵਿਚ ਮਿਲੀ ਲੀਡ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਅਧਿਕਾਰਤ ਉਮੀਦਵਾਰ ਚੋਣ ਮੈਦਾਨ ਵਿਚ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਉਮੀਦਵਾਰ ਨੂੰ ਹਮਾਇਤ ਦਿੱਤੀ ਹੋਈ ਹੈ।
ਕਾਂਗਰਸ ਪਾਰਟੀ ਦੇ ਹਾਲ ਹੀ ਬਣੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਕਾਰ ਵੀ ਇਸ ਚੋਣ ਨੂੰ ਲੈ ਕੇ ਦਾਅ ’ਤੇ ਹੈ। ਜਲੰਧਰ ਦੀ ਚੋਣ ਮਗਰੋਂ ਹੀ ਚਾਰ ਹੋਰ ਜ਼ਿਮਨੀ ਚੋਣਾਂ ਹੋਣੀਆਂ ਹਨ। ਇਸ ਜ਼ਿਮਨੀ ਚੋਣ ਵਿਚ ਜਿਹੜੀ ਪਾਰਟੀ ਜਿੱਤਦੀ ਹੈ, ਉਸ ਨੂੰ ਆਗਾਮੀ ਜ਼ਿਮਨੀ ਚੋਣਾਂ ਵਿਚ ਵੀ ਲਾਹਾ ਮਿਲ ਸਕਦਾ ਹੈ।
ਜਲੰਧਰ ਪੱਛਮੀ ਹਲਕੇ ਵਿਚ 181 ਪੋਲਿੰਗ ਸਟੇਸ਼ਨ ਹਨ ਅਤੇ 1.72 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। 10 ਜੁਲਾਈ ਨੂੰ ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੋਲਿੰਗ ਹੋਵੇਗੀ ਅਤੇ 13 ਜੁਲਾਈ ਨੂੰ ਚੋਣ ਨਤੀਜਾ ਆਵੇਗਾ। ਜਲੰਧਰ ਜ਼ਿਮਨੀ ਚੋਣ ਕਰ ਕੇ ਪੰਜਾਬ ਸਰਕਾਰ ਦੇ ਬਾਕੀ ਕੰਮ ਠੱਪ ਪਏ ਹਨ ਅਤੇ ਜਲੰਧਰ ਪੱਛਮੀ ਹਲਕੇ ਵਿਚ ਵੀਵੀਆਈਪੀਜ਼ ਦਾ ਮੇਲਾ ਲੱਗਿਆ ਪਿਆ ਹੈ।

Related posts

ਰਾਜਸਥਾਨ ਦੇ ਸਿੱਖ ਆਗੂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਵਿਰੁੱਧ ਦੇਸ਼ ਧ੍ਰੋਹ ਦੇ ਪਰਚੇ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਸ੍ਰੀ ਗੰਗਾਨਗਰ ਦੇ ਪੁਲਿਸ ਮੁਖੀ ਨੂੰ ਪਰਚਾ ਰੱਦ ਕਰਨ ਲਈ ਸੌਂਪਿਆ ਪੱਤਰ

editor

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਨਿਯੁਕਤ ਹੋਏ ਗ੍ਰੰਥੀ ਸਿੰਘ ਸਾਹਿਬਾਨ ਨੇ ਸੇਵਾ ਸੰਭਾਲੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਯੋਜਿਤ ਸਮਾਗਮ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਿਰੋਪਾਓ ਤੇ ਦਸਤਾਰਾਂ ਭੇਟ

editor

ਜਿਹਨਾਂ ਨੇ ਪਾਰਟੀ ਦੇ ਖਿਲਾਫ ਪ੍ਰੋਗਰਾਮ ਸ਼ੁਰੂ ਕੀਤਾ, ਉਹਨਾਂ ਆਗੂਆਂ ਲਈ ਪਾਰਟੀ ਦੇ ਮੁੱਖ ਦਫਤਰ ਵਿਚ ਕੋਈ ਥਾਂ ਨਹੀਂ: ਅਕਾਲੀ ਦਲ

editor