
ਸਰਕਾਰ ਦੇਸ਼ ਦੀ ਹੋਵੇ ਜਾਂ ਫਿਰ ਰਾਜ ਦੀ, ਉਹਨਾਂ ਦਾ ਮਕਸਦ ਇਕ ਹੀ ਹੁੰਦਾ ਹੈ ਕਿ ਲੋਕਾਂ ਦੀਆ ਭਾਵਨਾਵਾਂ ਨੂੰ ਸਮਝਣਾ, ਉਹਨਾਂ ਦੀ ਕਦਰ ਕਰਨੀ ਤੇ ਲੋਕ ਹਿੱਤਾਂ ਵਾਸਤੇ ਕਾਰਜ ਕਰਨਾ । ਲੋਕਾਂ ਦੀਆ ਸਮੱਸਿਆਵਾ ਸੁਣਨੀਆਂ ਤੇ ਉਹਨਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨਾ । ਸਾਫ ਸੁਥਰਾ ਸ਼ਾਸ਼ਨ ਪਰਬੰਧ ਮੁਹੱਈਆ ਕਰਨਾ ਤੇ ਲੋਕਾਂ ਦਾ ਜੀਵਨ ਸੁਖਾਲਾ ਤੇ ਖੁਸ਼ਹ ਕਰਕੇ ਜੀਊਣਯੋਗ ਬਣਾਉਣਾ।
ਪੰਜਾਬ ਚ ਆਮ ਆਦਮੀ ਪਾਰਟੀ ਦੀ ਸੱਤਾਧਾਰੀ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਚ ਲੋਕਾਂ ਨਾਲ ਕੁਜ ਕੁ ਵਾਅਦੇ ਕਰਕੇ ਭਾਰੀ ਬਹੁਮੱਤ ਦੇ ਫ਼ਤਵੇ ਨਾਲ ਸੱਤਾ ਸੰਭਾਲੀ । ਉਹਨਾ ਵਾਅਦਿਆ ‘ਚੋਂ ਇਕ ਵਾਅਦਾ ਵਿਦੇਸ਼ਾਂ ਚ ਵਸੇ ਪੰਜਾਬੀਆ ਨੂੰ ਦਿੱਲੀ ਹਵਾਈ ਅੱਡੇ ਤੋਂ ਬੱਸ ਦੀ ਸਹੂਲਤ ਪਰਦਾਨ ਕਰਨ ਦਾ ਵੀ ਕੀਤਾ ਗਿਆ ਸੀ । ਪੰਜਾਬ ਸਰਕਾਰ ਨੇ ਆਪਣਾ ਇਹ ਉਕਤ ਵਾਅਦਾ ਕੱਲ੍ਹ ਪੂਰਾ ਕਰ ਦਿੱਤਾ ਹੈ ਜੋ ਕਿ ਬਹੁਤ ਹੀ ਖੁਸ਼ੀ ਤੇ ਤਸੱਲੀ ਵਾਲੀ ਵਾਲੀ ਗੱਲ ਹੈ ।
ਉੰਜ ਤਾਂ ਵਿਦੇਸ਼ਾ ਚ ਵਸੇ ਭਾਰਤੀਆ ਖ਼ਾਸ ਕਰ ਪੰਜਾਬੀਆ ਨੂੰ ਉਕਤ ਸਮੱਸਿਆ ਤੋ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਰਪੇਸ਼ ਹਨ, ਜਿਵੇਂ ਹਵਾਈ ਅੱਡਿਆ ‘ਤੇ ਜਾਣ ਆਉਣ ਸਮੇਂ ਖੱਜਲ ਖ਼ਰਾਬੀ, ਜਹਾਜ਼ਾਂ ਦੇ ਮਹਿੰਗੇ ਭਾੜੇ, ਪੰਜਾਬ ਵਿਚਲੇ ਹਵਾਈ ਅੱਡਿਆ ਨੂੰ ਵੱਖ ਵੱਖ ਮੁਲਕਾਂ ਤੋ ਸਿੱਧੀ ਹਵਾਈ ਸੇਵਾ ਦੀ ਘਾਟ ਅਤੇ ਜ਼ਮੀਨ ਜਾਇਦਾਦਾਂ ਸੰਬੰਧੀ ਮਸਲੇ ਆਦਿ ਪਰ ਦਿੱਲੀ ਹਵਾਈ ਅੱਡੇ ਤੋਂ ਸਸਤੇ ਭਾਅ ਆਹਲਾ ਦਰਜੇ ਦੀ ਸਿੱਧੀ ਹਵਾਈ ਸੇਵਾ ਦੀ ਸ਼ੁਰੂ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦੇਸ਼ੀ ਵਸੇ ਪੰਜਾਬੀਆ ਨਾਲ ਕੀਤਾ ਵਾਅਦਾ ਪੂਰਾ ਕਰਕੇ ਜਿਥੇ ਉਹਨਾਂ ਦਾ ਮਨ ਜਿੱਤ ਲਿਆ ਹੈ, ਉੱਥੇ ਇਸ ਦੇ ਨਾਲ ਹੀ ਸਰਕਾਰ ਦੀ ਨੀਤੀ ਤੇ ਨੀਅਤ ਦੇ ਸੁਮੇਲ ਅਤੇ ਦਿਰੜ ਨਿਸ਼ਚੇ ਦਾ ਵੀ ਪ੍ਰਗਟਾਵਾ ਕਰ ਦਿੱਤਾ ਹੈ, ਨਹੀਂ ਤਾਂ ਅੱਜ ਤੱਕ ਦੀਆ ਪੰਜਾਬ ਚ ਬਣੀਆ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਵੋਟਾਂ ਤੋ ਪਹਿਲਾ ਵਾਅਦੇ ਦਾਅਵੇ ਤਾਂ ਵੱਡੇ ਵੱਡੇ ਕੀਤੇ ਪਰ ਕੁਰਸੀ ਹਥਿਆ ਲੈਣ ਤੋਂ ਬਾਅਦ ਉਹ ਵਾਅਦੇ ਪੂਰੇ ਤਾਂ ਕੀ ਕਰਨੇ ਸਨ ਬਲਕਿ ਸਰਕਾਰੀ ਏਜੰਡੇ ਤੋਂ ਹਮੇਸ਼ਾ ਓਝਲ ਹੀ ਰੱਖੇ ਦੂਜੇ ਸ਼ਬਦਾਂ ਚ ਕਹਿਣੀ ਤੇ ਕਰਨੀ ਦੇ ਸੁਮੇਲ ਨੂੰ ਅਮਲੀ ਜਾਮਾ ਪਹਿਨਾਉਣ ਦੀ ਬਜਾਏ ਸਿਰਫ ਸਬਜਬਾਗ ਦਿਖਾ ਕੇ ਸੱਤਾ ਤਾਂ ਹਥਿਆ ਲਈ ਪਰ ਬਾਅਦ ਵਿੱਚ ਵਾਅਦਿਆ ਵਾਲਾ ਮੈਨੂਫੈਸਟੋ ਕੂੜੇਦਾਨ ਚ ਸੁੱਟ ਦਿੱਤਾ ।
ਦੱਸਿਆ ਜਾਂਦਾ ਹੈ ਕਿ ਇਸ ਬੱਸ ਸੇਵਾ ਨੂੰ ਯਕੀਨੀ ਤੇ ਨਿਯਮਤ ਬਣਾਉਣ ਵਾਸਤੇ ਪੰਜਾਬ ਸਰਕਾਰ ਨੇ ਪੰਜਾਹ ਦੇ ਕੁਰੀਬ ਨਵੀਂਆਂ ਵੁਲਵੋ ਬੱਸਾਂ ਦਾ ਫ਼ਲੀਟ ਪਾਇਆ ਹੈ । ਰਸਤੇ ਚ ਆਉਂਦੀ ਹਰ ਸਮੱਸਿਆ ਨਾਲ ਨਜਿੱਠਣ ਵਾਸਤੇ ਇੰਤਜ਼ਾਮ ਕੀਤਾ ਗਿਆ ਹੈ । ਸਵਾਰੀਆਂ ਦੀ ਸਹੂਲਤ ਦਾ ਹਰ ਪੱਖੋਂ ਖਿਆਲ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਕਰਕੇ ਪੂਰੀ ਆਸ ਹੈ ਕਿ ਦਿੱਲੀ ਗਵਾਈ ਅੱਡੇ ਤੱਕ ਆਉਣ ਜਾਣ ਵਾਸਤੇ ਹੁਣ ਵਾਜਬ ਕਿਰਾਏ ਤੇ ਬਹੁਤ ਹੀ ਅਰਾਮਦਾਇਕ ਸਰਕਾਰੀ ਬੱਸ ਸੇਵਾ ਦੀ ਸਹੂਲਤ ਮਿਲ ਸਕੇਗੀ ਜੋ ਕਿ ਬਹੁਤ ਚੰਗੀ ਗੱਲ ਹੈ ਤੇ ਸਰਕਾਰ ਦਾ ਇਸ ਸੇਵਾ ਵਾਸਤੇ ਭਰਪੂਰ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਇਸ ਤੋਂ ਪਹਿਲਾ ਪੰਜਾਬ ਦੀ ਇਕ ਕਥਿਤ ਸਿਆਸੀ ਪਾਰਟੀ ਵੱਲੋਂ ਇਹ ਸੇਵਾ ਟੂਰਿਸਟ ਪਰਮਿਟ ਲੈ ਕੇ ਮੁਹੱਈਆ ਤਾਂ ਜ਼ਰੂਰ ਕਰਵਾਈ ਜਾਂਦੀ ਸੀ ਪਰ ਵਧੇਰੇ ਕਿਰਾਇਆ ਵਸੂਲਕੇ ਲੁੱਟ ਖਸੁੱਟ ਵੀ ਬਹੁਤ ਕੀਤੀ ਜਾਂਦੀ ਸੀ । ਕਈ ਵਾਰ ਇੰਜ ਵੀ ਹੁੰਦਾ ਸੀ ਕਿ ਆਨਲਾਈਨ ਬੁਕਿੰਗ ਵੇਲੇ ਵਸੂਲੇ ਗਏ ਕਿਰਾਏ ਨਾਲ ਦਿਲੀ ਹਵਾਈ ਅੱਡੇ ‘ਤੇ ਪਹੁੰਚਣ ਉਪਰੰਤ ਹੀ ਪਤਾ ਲੱਗਦਾ ਸੀ ਕਿ ਪਹਿਲੇ ਅਦਾ ਕੀਤੇ ਕਿਰਾਏ ਤੋ ਇਲਾਵਾ ਕੁੱਜ ਹੋਰ ਵਾਧੂ ਪੈਸੇ ਇਹ ਕਹਿਕੇ ਕਿ ਮੰਗੇ ਜਾਂਦੇ ਸਨ ਕਿ “ਤੁਸੀ ਗਲਤੀ ਨਾਲ ਵਾਤਾਨਕੂਲ ਬੱਸ ਦੀ ਬਜਾਏ ਦੂਸਰੀ ਆਮ ਬੱਸ ਬੁੱਕ ਕਰ ਲਈ ਹੈ ਤੇ ਜਿਸ ਬੱਸ ਵਿੱਚ ਤੁਸੀ ਜਾਣਾ ਚਾਹੁੰਦੇ ਹੋ ਇਸ ਦਾ ਕਿਰਾਇਆ ਤੁਹਾਡੇ ਦੁਆਰਾ ਆਨਲਾਈਨ ਬੁੱਕ ਕੀਤੀ ਗਈ ਬੱਸ ਦੇ ਕਿਰਾਏ ਨਾਲ਼ੋਂ ਜ਼ਿਆਦਾ ਹੈ” ਤੇ ਕੰਡਕਟਰ ਦੀ ਇਹ ਗੱਲ ਸੁਣਕੇ ਵਿਦੇਸ਼ੋਂ ਪਰਤਣ ਵਾਲਾ ਪਰਦੇਸੀ ਪੰਜਾਬੀ ਜਿੱਥੇ ਇਕ ਵਾਰ ਤਾਂ ਭਮੱਤਰ ਕੇ ਰਹਿ ਜਾਂਦਾ ਸੀ ਉੱਥੇ ਨਾਲ ਹੀ ਆਪਣੇ ਆਪ ਨੂੰ ਠਗਿਆ ਜਿਹਾ ਵੀ ਮਹਿਸੂਸ ਕਰਦਾ ਸੀ । ਆਸ ਹੈ ਕਿ ਪੰਜਾਹ ਦੀ ਸਰਕਾਰੀ ਬੱਸ ਸੇਵਾ ਸ਼ੁਰੂ ਹੋ ਜਾਣ ਨਾਲ ਹੁਣ ਉਕਤ ਲੁੱਟ ਖੋਹ ਨੂੰ ਵੀ ਪੂਰਨ ਵਿਰਾਮ ਲੱਗ ਜਾਵੇਗਾ ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਧਿਆਨ ਗੋਚਰੇ ਇਹ ਮੁੱਦਾ ਵੀ ਲਿਆਉਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਹਵਾਈ ਅੱਡਿਆ ‘ਤੇ ਆਉਣ ਜਾਣ ਵਾਲੀਆਂ ਉਡਾਣਾਂ ਵੱਲ ਵੀ ਧਿਆਨ ਦਿੱਤਾ ਜਾਵੇ । ਅੰਮਿ੍ਰਤਸਰ, ਮੁਹਾਲੀ ਹਵਾਈ ਅੱਡਿਆਂ ‘ਤੇ ਵੱਖ ਦੇਸ਼ਾਂ ਖ਼ਾਸ ਕਰਕੇ ਯੂਰਪੀਨ ਦੇਸ਼ਾਂ ਤੋਂ ਸਿੱਧੀਆਂ ਉਡਾਣਾਂ ਦੇ ਵਾਸਤੇ ਚਾਰਾਜੋਈ ਕੀਤੀ ਜਾਵੇ ਤਾਂ ਕਿ ਬਾਹਰਲੇ ਪੰਜਾਬੀ ਸਿੱਧੇ ਹੀ ਆਪਣੇ ਘਰ ਨੇੜੇ ਆ ਕੇ ਉਤਰਣ । ਇੱਥੇ ਜ਼ਿਕਰ ਕਰ ਦੇਈਏ ਕਿ ਉਕਤ ਹਵਾਈ ਅੱਡਿਆਂ ਦੇ ਨਾਲ ਹੀ ਪੰਜਾਬ ਦੇ ਹੋਰ ਹਵਾਈ ਅੱਡਿਆ ਉੱਤੇ ਇਸ ਵੇਲੇ ਕੁਨੈਕਟਡ ਉਡਾਣਾਂ ਵਧੇਰੇ ਆਉਂਦੀਆਂ ਜਾਂਦੀਆ ਹਨ ਜੋ ਮਹਿੰਗੀਆਂ ਹੋਣ ਦੇ ਨਾਲ ਸਮਾਨ ਲਾਹੁਣ ਲੱਦਣ ਦੀ ਖੱਜਲ ਖ਼ਰਾਬੀ ਦੇ ਨਾਲ ਹੀ ਸਮੇਂ ਦਾ ਵੀ ਬਹੁਤ ਹਰਜਾ ਕਰਦੀਆਂ ਹਨ । ਅਗਲੀ ਗੱਲ ਇਹ ਵੀ ਧਿਆਨ ਦੀ ਮੰਗ ਕਰਦੀ ਹੈ ਕਿ ਵਿਦੇਸ਼ਾਂ ਤੋ ਕਈ ਸਿੱਧੀਆ ਜਾਂ ਅਸਿੱਧੀਆ ਉਡਾਣਾਂ ਅੱਠ ਤੋ ਦੱਸ ਘੰਟੇ ਚ ਦਿੱਲੀ ਪਹੁੰਚਦੀਆਂ ਹਨ ਤੇ ਬਾਅਦ ਚ ਏਨਾ ਕੁ ਹੀ ਸਮਾਂ ਇਕ ਪਰਦੇਸੀ ਪੰਜਾਬੀ ਨੂੰ ਫਿਰ ਬੱਸ ਜਾਂ ਕਾਰ ਰਾਹੀਂ ਪੰਜਾਬ ਪਹੁੰਚਣ ਵਾਸਤੇ ਲੱਗ ਜਾਂਦਾ ਹੈ ਜਿਸ ਕਾਰਨ ਅਕੇਵਾਂ ਤੇ ਥਕੇਵਾਂ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ।
ਮੁਕਦੀ ਗੱਲ ਇਹ ਕਿ ਪੰਜਾਬ ਸਰਕਾਰ ਨੇ ਦਿੱਲੀ ਹਵਾਈ ਅੱਡੇ ਤੋ ਪੰਜਾਬ ਵਾਸਤੇ ਲਗਜਰੀ ਬੱਸ ਸੇਵਾ ਦੀ ਸ਼ੁਰੂਆਤ ਕਰਕੇ ਬਹੁਤ ਵਧੀਆ ਉੱਦਮ ਕੀਤਾ ਹੈ । ਹੁਣ ਸਰਕਾਰ ਨੂੰ ਪੰਜਾਬ ਦੇ ਗਵਾਈ ਅੱਡਿਆ ਉੱਤੇ ਵਿਦੇਸ਼ਾਂ ਤੋ ਸਿੱਧੀ ਹਵਾਈ ਸੇਵਾ ਮੁਹੱਈ ਕਰਾਉਣ ਦੇ ਉੱਦਮ ਉਪਰਾਲੇ ਵੀ ਕਰਨੇ ਚਾਹੀਦੇ ਹਨ । ਜੇਕਰ ਪੰਜਾਬ ਸਰਕਾਰ ਇਸ ਤਰਾਂ ਕਰ ਸਕਣ ਜਾ ਕਰਾਉਣ ਦੇ ਸਮਰੱਥ ਹੋ ਜਾਂਦੀ ਹੈ ਤਾਂ ਇਹ ਪਰਦੇਸੀ ਵਸੇ ਪੰਜਾਬੀਆ ਵਾਸਤੇ ਬਹੁਤ ਵੱਡੀ ਸਹੂਲਤ ਹੋਵੇਗੀ । ਇੱਥੇ ਜਿਕਰਯੋਗ ਹੈ ਕਿ ਐਨ ਆਰ ਆਈ ਪੰਜਾਬੀਆ ਨੇ ਮੌਜੂਦਾ ਆਮ ਆਦਮੀ ਦੀ ਸਰਕਾਰ ਨੂੰ ਸੱਤਾ ਚ ਲਿਆਉਣ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਦਰਅਸਲ ਜੇਕਰ ਇੰਜ ਕਹਿ ਲਈਏ ਕਿ ਆਮ ਆਦਮੀ ਦੇ ਪੰਜਾਬ ਚ ਪੈਰ ਬੰਨ੍ਹਣ ਵਾਸਤੇ ਪਰਦੇਸ਼ੀ ਪੰਜਾਬੀਆ ਦਾ ਸਭ ਤੋ ਵੱਡਾ ਯੋਗਦਾਨ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ । ਸੋ ਆਸ ਕਰਦੇ ਹਾ ਕਿ ਪੰਜਾਬ ਸਰਕਾਰ ਇਸ ਪਾਸੇ ਵੀ ਪਹਿਲ ਦੇ ਅਧਾਰ ‘ਤੇ ਧਿਆਨ ਦੇਵੇਗੀ ।