Articles Literature

ਪੁਸਤਕ ਸਮੀਖਿਆ: ਪ੍ਰੋ: ਜਸਵੰਤ ਸਿੰਘ ਗੰਡਮ ਦੀ ਵਾਰਤਕ ਪੁਸਤਕ “ਸੁੱਤੇ ਸ਼ਹਿਰ ਦਾ ਸਫ਼ਰ”

ਲੇਖਕ: ਗੁਰਮੀਤ ਸਿੰਘ ਪਲਾਹੀ

ਪੁਸਤਕ     :-     ਸੁੱਤੇ ਸ਼ਹਿਰ ਦਾ ਸਫ਼ਰ

ਲੇਖਕ       :-     ਪ੍ਰੋ: ਜਸਵੰਤ ਸਿੰਘ ਗੰਡਮ

ਪ੍ਰਕਾਸ਼ਕ    :-     ਪੰਜਾਬੀ ਵਿਰਸਾ ਟਰੱਸਟ(ਰਜਿ.) ਫਗਵਾੜਾ

ਕੀਮਤ      :-     200 ਰੁਪਏ

ਸਫ਼ੇ         :-     144

ਟਰਾਟਸਕੀ ਲੈਨਿਨ ਦੀ ਸਾਹਿਤ ਬਾਰੇ ਕੀਤੀ ਟਿੱਪਣੀ ਕਿ ‘ਸਾਹਿਤ ਸਮਾਜ ਦਾ ਸ਼ੀਸ਼ਾ ਹੈ’ ਨੂੰ ਅੱਗੇ ਤੋਰਦਾ ਹੋਇਆ ਕਹਿੰਦਾ ਹੈ ਕਿ ਸਾਹਿਤ ਸ਼ੀਸ਼ੇ ਵਿਚੋਂ ਸਮਾਜਕ ਵਿਵਸਥਾ ਦੀ ਸਥਿਤੀ ਨੂੰ ਦੇਖਕੇ ਉਸ ਵਿਚਲੇ ਚਿੱਬਾਂ ਨੂੰ ਠੀਕ ਕਰਨ ਲਈ ਇੱਕ ਹਥੋੜਾ ਵੀ ਹੈ।

ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਕਾਲੇ ਰੰਗ ਦੀ ਕੈਨਵਸ ਉਤੇ ਰੰਗੀਲੇ ਫੁੱਲ ਦੀ ਤਰ੍ਹਾਂ ਹੈ, ਜਿਹੜੀ ਮਨੁੱਖੀ ਹੋਂਦ ਦੇ ਖ਼ਤਰੇ ਦੀ ਸਥਿਤੀ ਨੂੰ ਸਮਝਕੇ ਅਤੇ ਉਸ ਖ਼ਤਰੇ ਤੋਂ ਮੁਕਤ ਹੋਣ ਦੇ ਸੰਭਾਵੀ ਅਤੇ ਸੰਭਵ ਯਤਨਾਂ ਪ੍ਰਤੀ ਸੁਚੇਤ ਕਰਦੀ ਹੈ। ਅੱਜ ਮਾਨਵ ਆਪਣੀ ਬੁਨਿਆਦੀ ਹੋਂਦ ਅਤੇ ਸਿਰਜਨਾਤਮਿਕ ਸ਼ਕਤੀ ਦੇ ਨੁਕਤੇ ਤੋਂ ਭਟਕ ਗਿਆ ਹੈ। ਪ੍ਰੋ: ਗੰਡਮ ਨੇ ਇਸ ਸਮਾਜਕ, ਰਾਜਨੀਤਕ, ਆਰਥਿਕ ਅਤੇ ਸਭਿਆਚਾਰਕ ਸਥਿਤੀ ਦੇ ਅੰਦਰ ਅਤੇ ਬਾਹਰ ਪ੍ਰਵੇਸ਼ ਕਰਦਿਆਂ ਵਾਪਰਦੀਆਂ ਵਿਸੰਗਤੀਆਂ  ਨੂੰ ਸਮਝਿਆ ਹੈ ਅਤੇ ਜੁਗਤੀ ਨਾਲ ਆਪਣੇ ਵੱਖੋ-ਵੱਖਰੇ ਲੇਖਾਂ ‘ਚ, ਕਿਧਰੇ ਗੁਰਬਾਣੀ ਦਾ ਓਟ ਆਸਰਾ ਲੈਕੇ, ਕਿਧਰੇ ਵਿਅੰਗਮਈ ਕਟਾਖ਼ਸ਼ਾਂ ਨਾਲ ਇਹਨਾ ਗੈਰ-ਕੁਦਰਤੀ, ਬੇਢੰਗੇ, ਕੁਢੱਬੇ, ਕਰੂਪ, ਕਰੂਰ, ਕਮੀਨਗੀ ਦੀ ਹੱਦ ਤੱਕ ਪਸਰੇ ਮਨੁੱਖੀ ਵਰਤਾਰਿਆਂ ਨੂੰ ਆਪਣੀ ਲੇਖਨੀ ਦਾ ਵਿਸ਼ਾ ਬਣਾਇਆ ਹੈ।

ਪ੍ਰੋ: ਗੰਡਮ ਦਾ ਲਿਖਣ ਢੰਗ ਨਿਵੇਕਲਾ ਹੈ। ਉਹ ਆਪਣੀ ਤਿਰਛੀ-ਤਿੱਖੀ ਕਲਮ ਨਾਲ ਮਾਨਵੀ ਕਦਰਾਂ-ਕੀਮਤਾਂ ਨੂੰ ਤਹਿਸ਼-ਨਹਿਸ਼ ਕਰਕੇ ਸ਼ੈਤਾਨੀ ਅਤੇ ਹੈਵਾਨੀ ਜਿਊਣ-ਮੁੱਲਾਂ, ਲੁੱਟ, ਗੁੰਡਾਦਰਦੀ, ਕਾਮ, ਭੋਗ, ਰੋਗ, ਜਹਾਲਤ, ਅਨਿਆ, ਸੀਨਾ-ਜੋਰੀ, ਦਲਾਲੀ, ਰਿਸ਼ਵਤਖੋਰੀ, ਲੁੱਚੇ ਵਿਵਹਾਰ, ਬਲਾਤਕਾਰ, ਭੁੱਖਮਰੀ ਚੀਕ ਪੁਕਾਰ ਨੂੰ ਬੇਖ਼ੋਫ-ਬਿਨ੍ਹਾਂ ਝਿੱਜਕ ਆਪਣੇ ਲੇਖਾਂ ‘ਚ ਵਰਨਣ ਕਰਦਾ ਹੈ। ਉਹ ਗਤੀ-ਹੀਣ, ਭਾਵ-ਹੀਣ, ਅਣਖ-ਹੀਣ, ਗਿਆਨ-ਹੀਣ, ਬਲ-ਹੀਣ, ਕਾਰਕ-ਹੀਣ ਲੋਕਾਂ ਤੇ ਕਟਾਖਸ਼ ਕਰਦਾ ਹੈ ਅਤੇ ਵਿਭਚਾਰੀ, ਭਰਿਸ਼ਟ ਹੋ ਚੁੱਕੇ ਸਮਾਜਕ ਸਰੋਕਾਰਾਂ ਦੀ ਸੜਾਂਦ, ਜਿਸਨੇ ਸਮਾਜ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ, ਦੇ ਪਰਖੱਚੇ ਉਡਾਉਂਦਾ ਹੈ। ਉਸ ਕੋਲ ਵਿਚਾਰਾਂ ਦੀ ਕਮੀ ਨਹੀਂ। ਉਸ ਦੇ ਲੇਖ ਆਮ ਲੋਕਾਂ ਦੀ ਨਾਬਰੀ, ਸੰਘਰਸ਼ੀ, ਕੁਰਬਾਨੀ ਦੇ ਗੁਸੈਲ ਰੱਸ ਨੂੰ ਸੇਧਤ ਕਰਨ ਵਾਲੇ  ਹਨ। ਗਤੀਸ਼ੀਲ ਨਿਰੰਤਰ ਵਹਿੰਦੇ ਪਰਵਾਹ ਵਾਂਗਰ ਹਨ ਪ੍ਰੋ: ਜਸਵੰਤ ਸਿੰਘ ਗੰਡਮ ਦੇ ਲੇਖ, ਜੋ ਧੁੱਪ-ਛਾਂ, ਸੇਧ-ਵਲੇਵੇਂ, ਔੜਾਂ-ਬਰਸਾਤਾਂ, ਖੁਸ਼ੀਆਂ-ਗਮੀਆਂ, ਜਿੱਤਾਂ-ਹਾਰਾਂ ਦੀ ਗੱਲ ਨਿਰੰਤਰ ਗਤੀਸ਼ੀਲਤਾ ਨਾਲ ਕਰਦੇ ਹਨ। ਇਸ ਗਤੀਸ਼ੀਲਤਾ ‘ਚ ਟਿਮਟਮਾਉਣ, ਉਗਣ, ਵਿਗਸਣ ਦੇ ਨਾਲ-ਨਾਲ ਸ਼ਬਦ, ਗ੍ਰੰਥ, ਸਮਾਜ, ਇਤਿਹਾਸ ਅਤੇ ਦਰਸ਼ਨ ਦੀ ਪਿਉਂਦ ਉਸਨੇ ਬਾ-ਖ਼ੂਬੀ ਲਗਾਈ ਹੈ। ਉਹ ਆਪਣੇ ਵਿਵੇਕ ਨਾਲ ਵਿਪਰੀਤ ਸਥਿਤੀਆਂ ‘ਚ ਤਣਾਓ, ਟਕਰਾਓ ਨੂੰ ਵੀ ਸੂਖ਼ਮ ਢੰਗ ਨਾਲ ਆਪਣੀ ਲੇਖਣੀ ‘ਚ ਪ੍ਰਗਟ ਕਰਦਾ ਹੈ ਅਤੇ ਪਾਠਕਾਂ ਉਤੇ ਬੋਝਲ ਸ਼ਬਦਾਂ ਦਾ ਭਾਰ ਨਹੀਂ ਪਾਉਂਦਾ।

ਪੰਜਾਬੀ ਵਿਰਸਾ ਟਰੱਸਟ(ਰਜਿ:) ਵਲੋਂ ਛਾਪੀ 144 ਸਫ਼ਿਆਂ ਦੀ ਇਸ ਪੁਸਤਕ ਵਿੱਚ ਲੇਖਕ ਦੇ 28 ਲੇਖ ਹਨ। ਇਹਨਾ ਲੇਖਾਂ ਨੂੰ ਲੇਖਕ ਨੇ ਤਿੰਨ ਭਾਗਾਂ, ਵਿਚਾਰਕ/ਇਤਿਹਾਸਿਕ ਲੇਖ, ਵਿਅੰਗ ਲੇਖ ਅਤੇ ਅਨੁਵਾਦਿਤ ਕਹਾਣੀਆਂ/ਪੰਖ ਪਖੇਰੂ/ ਵਿਛੋੜੇ ਦੇ ਲੇਖ ‘ਚ ਵੰਡਿਆ ਹੈ। ‘ਸੁੱਤੇ ਸ਼ਹਿਰ ਦਾ ਸਫ਼ਰ’, ‘ਮੈਂ ਤੁਰਦਾ ਹਾਂ ਤਾਂ ਰਾਹ ਬਣਦੇ,’ ‘ਕੱਲਾ ਤਾਂ ਰੁੱਖ ਨਾ ਹੋਵੇ,’ਸਾਡੇ ਪਿੰਡ ਦੇ ਤਿੰਨ ਸਿਆਣੇ, ਅਜੋਕੇ ਮਨੁੱਖੀ ਵਰਤਾਰੇ ਦੀ ਹੂਬਹੂ ਤਸਵੀਰ ਪੇਸ਼ ਕਰਦੇ ਹਨ, “ਜ਼ਿੰਦਗੀ ਸਹਿਯੋਗ, ਸਹੂਲਤੀਅਤ,ਸਹਾਇਤਾ, ਸਨੇਹ ਅਤੇ ਸਾਂਝ ਦਾ ਨਾਮ ਹੈ। ਇਸ ਦੀ ਗੱਡੀ ਬਿਨ੍ਹਾਂ ਡਿਕੋ-ਡੋਲੇ ਚੱਲਦੀ ਰੱਖਣ ਲਈ ਨਿੱਕੇ-ਨਿੱਕੇ ਸਮਝੌਤੇ ਅਤੇ ਐਡਜਸਟਮੈਂਟਾਂ ਕਰਨੀਆਂ ਪੈਂਦੀਆਂ ਹਨ”। ‘ਹਮਸਾਏ ਮਾਂ ਪਿਉ ਜਾਏ’, ‘ਜੇ ਮੋਟੇ ਹਾਂ ਤਾਂ ਮਰ ਜਾਈਏ’, ‘ਬੁੱਢਾ ਹੋਊ ਤੇਰਾ ਬਾਪ’, ‘ਹੱਸਦਿਆਂ ਦੇ ਘਰ ਵਸਦੇ’, ਪੰਜਾਬੀ ਵਿਅੰਗਕਾਰੀ ਲੇਖਣੀ ‘ਚ ਇੱਕ ਹਾਸਲ ਹਨ।  “ਉੱਚੇ ਕੱਦ-ਕਾਠ ‘ਚ ਮੁਟਾਪਾ ਸਮਾ ਜਾਂਦੈ ਪਰ ਜੇ ਬੰਦਾ ਮੋਟਾ ਹੋਵੇ ਅਤੇ ਮਧਰਾ ਵੀ ਤਾਂ ਤੁਰਦਾ ਐਂ ਲਗਦੈ ਜਿਵੇਂ ਫੁੱਟਬਾਲ ਰੁੜਦਾ ਜਾ ਰਿਹਾ ਹੋਵੇ”।

“ਬੰਦਾ ਬੁੱਢਾ ਨਹੀਂ ਹੋਣਾ ਚਾਹੀਦਾ ਪਰ ਹੋ ਜਾਂਦੈ ਜਾਂ ਕਹਿ ਲਓ ਕਿ ਹੋਣਾ ਪੈਂਦਾ। ਬੁਢਾਪੇ ਤੋਂ ਬੰਦਾ ਐਂ ਡਰਦੈ ਜਿਵੇਂ ਮੌਤ ਤੋਂ, ਪਰ ਦੋਵੇਂ ਬਿਨ੍ਹਾਂ-ਬੁਲਾਏ ਆ ਜਾਂਦੇ ਹਨ”।

ਪ੍ਰੋ: ਜਸਵੰਤ ਸਿੰਘ ਗੰਡਮ ਵਲੋਂ ਵਿਸ਼ਵ ਪ੍ਰਸਿੱਧ ਕਹਾਣੀਆਂ ਚੈਖੋਵ ਦੀ ਕਹਾਣੀ ‘ਰੁਦਨ/ਵੇਦਨਾ’,  ‘ਜਾਮਣ ਦਾ ਦਰੱਖਤ(ਕ੍ਰਿਸ਼ਨ ਚੰਦਰ)’, ‘ਦੁਪਹਿਰ ਦੇ ਖਾਣੇ ਦੀ ਦਾਅਵਤ(ਵਿਲੀਅਮ ਸਮਰਸੈਟ ਮਾਨ)’, ‘ਸਿਆਣਿਆਂ ਦੇ ਤੋਹਫੇ (ਓ ਹੈਨਰੀ)’ ਦਾ ਤਰਜ਼ਮਾ ਇਸ ਪੁਸਤਕ ਵਿੱਚ ਦਰਜ਼ ਹੈ, ਜੋ ਉਸਦੀ ਆਪਣੀ ਲੇਖਣੀ ਵਾਂਗਰ ਇਸ ਪੁਸਤਕ ਦਾ ਵਾਹਵਾ  ਰੌਚਕ ਹਿੱਸਾ ਹੈ। ਪੰਛੀਆਂ ਬਾਰੇ ਉਸਦੇ ਲੇਖ ‘ਕੋਇਲਾਂ ਕੂਕਦੀਆਂ’, ‘ਪ੍ਰਦੇਸੀਆ ਘਰ ਆ’, ‘ਸਾਵਣ ਦੀਆਂ ਝੜੀਆਂ’ ਦਾ ਅਮਰਦੂਤ-ਬਬੀਹਾ’, ‘ਪਰਿੰਦੇ ਪਰਤ ਆਉਣਗੇ’ ਅਤੇ ਆਪਣੇ ਨਿੱਘੇ ਦੋਸਤ ਕੁਲਵਿੰਦਰ ਸਿੰਘ ਬਾਸੀ ਦਾ ਸਾਰਥਿਕ ਜੀਵਨ ਸਫ਼ਰ ਇਸ ਪੁਸਤਕ ਨੂੰ ਇੱਕ ਵੱਖਰੀ ਰੰਗਤ ਦਿੰਦਾ ਹੈ। ਲੇਖਕ ਦੇ ਆਪਣੇ ਸ਼ਬਦਾਂ ‘ਚ “ਇਸ ਪੁਸਤਕ ਵਿੱਚ ਵਿਚਾਰਕ ਵੰਨਗੀ, ਵਿਅੰਗਮਈ ਅਤੇ  ਵਿਰਾਸਤੀ ਇਤਿਹਾਸਕ ਲੇਖ, ਪੰਛੀਆਂ ਬਾਰੇ ਰਚਨਾਵਾਂ, ਅਨੁਵਾਦਿਤ ਕਹਾਣੀਆਂ ਅਤੇ ਇੱਕ ਸਖੀ-ਦਿਲ ਇਨਸਾਨ ਦੇ ਤੁਰ ਜਾਣ ਬਾਰੇ ਲੇਖ ਸ਼ਾਮਲ ਹਨ”।

ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ ਪੰਜਾਬੀ ਆਲੋਚਕਾਂ ਦੀ ਪਾਰਖੂ-ਅੱਖ ਦਾ ਧਿਆਨ ਮੰਗਦੀ ਹੈ। ਮੇਰੀ ਸਮਝ ਵਿੱਚ ਇਹ ਪੁਸਤਕ ਕਿਸੇ ਵੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਦੇ ਪਾਠ ਕਰਮ ਦਾ ਹਿੱਸਾ ਬਨਣ ਦਾ ਹੱਕ ਰੱਖਦੀ ਹੈ।

Related posts

ਗ਼ਦਰ ਲਹਿਰ ਦਾ ਨਿੱਕਾ ਮਹਾਂ-ਨਾਇਕ ਬਾਲ ਜਰਨੈਲ ਸ.ਕਰਤਾਰ ਸਿੰਘ ਸਰਾਭਾ

admin

ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਲੋੜ !    

admin

ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਨੇ ਸਿੱਖ ਭਾਈਚਾਰੇ ਦੀ ਨਵੇਕਲੀ ਹੋਂਦ ਉਸਾਰਨ ‘ਚ ਵੱਡਾ ਹਿੱਸਾ ਪਾਇਆ – ਪ੍ਰੋ ਕੁਲਵੰਤ ਸਿੰਘ

admin