Punjab

ਪ੍ਰਚਾਰ ਦੇ ਆਖ਼ਰੀ ਦਿਨ ਮੁੱਖ ਮੰਤਰੀ ਨੇ ਮਹਿੰਦਰ ਭਗਤ ਲਈ ਮੰਗੀਆਂ ਵੋਟਾਂ

ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖ਼ਰੀ ਦਿਨ ‘ਆਪ’ ਉਮੀਦਵਾਰ ਮਹਿੰਦਰ ਭਗਤ ਲਈ ਪ੍ਰਚਾਰ ਕੀਤਾ। ਮਾਨ ਨੇ ਵਾਰਡ ਨੰਬਰ 75 ਅਤੇ 36 ਵਿੱਚ ਜਨ ਸਭਾਵਾਂ ਕੀਤੀਆਂ ਅਤੇ ਲੋਕਾਂ ਨੂੰ 10 ਜੁਲਾਈ ਨੂੰ ਮਹਿੰਦਰ ਭਗਤ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ’ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਪ੍ਰਮਾਤਮਾ ਸਭ ਕੁਝ ਲੋਕਾਂ ਦੇ ਭਲੇ ਲਈ ਹੀ ਕਰਦਾ ਹੈ, ਇਸੇ ਲਈ ਇਕ ਭਿ੍ਰਸ਼ਟ ਵਿਅਕਤੀ ਨੇ ਖ਼ੁਦ ਹੀ ਅਸਤੀਫ਼ਾ ਦੇ ਦਿੱਤਾ ਅਤੇ ਹੁਣ ਜਲੰਧਰ ਨੂੰ ਇਕ ਇਮਾਨਦਾਰ ਵਿਧਾਇਕ ਮਿਲੇਗਾ। ਮਹਿੰਦਰ ਭਗਤ ਸੁਭਾਅ ਤੋਂ ਵੀ ਭਗਤ ਹਨ, ਉਹ ਇੱਕ ਇਮਾਨਦਾਰ ਅਤੇ ਸੁਹਿਰਦ ਆਗੂ ਹਨ। ਉਨ੍ਹਾਂ ਕਿਹਾ ਕਿ ‘ਝਾੜੂ’ ਦਾ ਬਟਨ ਈਵੀਐਮ ਮਸ਼ੀਨ ’ਤੇ 5ਵੇਂ ਨੰਬਰ ’ਤੇ ਹੋਵੇਗਾ ਪਰ ਇਹ ਯਕੀਨੀ ਬਣਾਓ ਕਿ ਮਹਿੰਦਰ ਭਗਤ ਨਤੀਜੇ ਵਾਲੇ ਦਿਨ ਪਹਿਲੇ ਨੰਬਰ ’ਤੇ ਆਵੇ। ਮੁੱਖ ਮੰਤਰੀ ਮਾਨ ਨੇ ਕਿਹਾ
ਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਅਤੇ ਸੁਖਬੀਰ ਬਾਦਲ ਵਰਗੇ ਆਗੂ ਸਾਡਾ ਮੁਕਾਬਲਾ ਨਹੀਂ ਕਰ ਸਕਦੇ। ਅਸੀਂ ਮਿਹਨਤੀ ਅਤੇ ਇਮਾਨਦਾਰ ਲੋਕ ਹਾਂ, ਇਹ ਤਾਪਮਾਨ ਪੁੱਛ ਕੇ ਘਰਾਂ ਤੋਂ ਬਾਹਰ ਨਿਕਲਦੇ ਹਨ ਅਤੇ ਰਸਮੀ ਕਾਰਵਾਈ (ਫਾੱਰਮੈਲੇਟੀ) ਕਰਨ ਤੋਂ ਬਾਅਦ ਆਪਣੇ ਘਰਾਂ ਦੇ ਅੰਦਰ ਚਲੇ ਜਾਂਦੇ ਹਨ। ਮਾਨ ਨੇ ਕਿਹਾ ਕਿ ‘ਆਪ’ ਆਗੂ ਆਮ ਪਰਿਵਾਰਾਂ ਵਿੱਚੋਂ ਹਨ ਅਤੇ ਉਹ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਲਈ ਕੰਮ ਕਰਦੇ ਹਨ।
ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਝੂਠੇ ਕੇਸ ਤਹਿਤ ਜੇਲ੍ਹ ਵਿੱਚ ਹਨ। ਆਓ ਉਨ੍ਹਾਂ ਦੇ ਲਈ ਇਹ ਚੋਣ ਜਿੱਤੀਏ ਅਤੇ ਤਾਨਾਸ਼ਾਹ ਦੇ ਖ਼ਿਲਾਫ਼ ਲੜਦੇ ਹੋਏ ਜੇਲ੍ਹ ਵਿੱਚ ਗਏ ਅਰਵਿੰਦ ਕੇਜਰੀਵਾਲ ਨੂੰ ਮੁਸਕਰਾਉਣ ਲਈ ਕੁਝ ਦੇਈਏ। ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਹਰ ਵਰਗ ਦੀ ਸਰਕਾਰ ਹੈ। ਹਰ ਰੋਜ਼ ਉਹ ਵੱਖ-ਵੱਖ ਪਿਛੋਕੜ ਦੇ ਹਜ਼ਾਰਾਂ ਲੋਕਾਂ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਯਕੀਨੀ ਬਣਾਵਾਂਗਾ ਕਿ ਸਾਰਿਆਂ ਨੂੰ ਬਣਦਾ ਮਾਣ-ਸਤਿਕਾਰ ਮਿਲੇ ਅਤੇ ਉਨ੍ਹਾਂ ਦੇ ਕੰਮ ਹੋਣ।
ਮਾਨ ਨੇ ਕਿਹਾ ਕਿ ਜਲੰਧਰ ਉਨ੍ਹਾਂ ਦੀ ’ਕਰਮਭੂਮੀ’ ਹੈ, ਉਹ ਇਸ ਦੇ ਵਿਕਾਸ ਨਾਲ ਜੁੜੀ ਕਿਸੇ ਵੀ ਫਾਈਲ ’ਤੇ ਦਸਤਖ਼ਤ ਕਰਕੇ ਉਸਨੂੰ ਪਾਸ ਕਰਨਗੇ। ਮਾਨ ਨੇ ਕਿਹਾ ਕਿ ਉਹ ਭਾਵੁਕ ਵਿਅਕਤੀ ਹਨ, ਉਹ ਲੋਕਾਂ ਦੇ ਜੀਵਨ ਵਿੱਚ ਸਿਰਫ਼ ਮੁਸਕਰਾਹਟ ਅਤੇ ਖ਼ੁਸ਼ੀਆਂ ਲਿਆਉਣਾ ਚਾਹੁੰਦੇ ਹਨ। ਮਾਨ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ’ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਹਾਲਤ ਐਨੀ ਮਾੜੀ ਹੋ ਗਈ ਹੈ ਕਿ ਸੁਖਬੀਰ ਬਾਦਲ ਆਪਣੇ ਉਮੀਦਵਾਰ ਤੋਂ ਸਮਰਥਨ ਵਾਪਸ ਲੈ ਕੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਨੂੰ ਵੋਟਾਂ ਪਾਉਣ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਜ਼ੀਰੋ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮਹਿੰਦਰ ਭਗਤ ਨੂੰ ਜਿਤਾਉਂਦੇ ਹੋ ਅਤੇ ਵਿਧਾਨ ਸਭਾ ਦੀ ਪੌੜੀ ਚੜ੍ਹਾਉਂਦੇ ਹੋ ਤਾਂ ਮੈਂ ਉਨ੍ਹਾਂ ਨੂੰ ਅਗਲੀ ਪੌੜੀਆਂ ਚੜ੍ਹਾਵਾਂਗਾ। ਮਾਨ ਭਗਤ ਨੂੰ ਮੰਤਰੀ ਬਣਾਉਣ ਦਾ ਇਸ਼ਾਰਾ ਕਰ ਰਹੇ ਸਨ। ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਹੀ ਭਿ੍ਰਸ਼ਟ ਹਨ, ਕੇਵਲ ਮੋਹਿੰਦਰ ਭਗਤ ਹੀ ਜਲੰਧਰ ਪੱਛਮੀ ਅਤੇ ਇੱਥੋਂ ਦੇ ਲੋਕਾਂ ਦੇ ਵਿਕਾਸ ਲਈ ਕੰਮ ਕਰਨਗੇ।
ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂ ਇਹ ਸੋਚ ਕੇ ਪ੍ਰੇਸ਼ਾਨ ਹਨ ਕਿ ਆਮ ਲੋਕ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਕਿਵੇਂ ਬਣ ਗਏ। ਉਨ੍ਹਾਂ ਕਿਹਾ ਕਿ ਹੁਣ ਬਾਕੀ ਪਾਰਟੀਆਂ ਤੁਹਾਡੀਆਂ ਵੋਟਾਂ ਲੈਣ ਲਈ ਪੈਸੇ ਵੰਡਣਗੀਆਂ, ’ਲਕਸ਼ਮੀ’ ਨੂੰ ਨਾਂਹ ਨਾ ਕਰਿਓ, ਲੈ ਲਿਓ ਕਿਉਂਕਿ ਇਹ ਤੁਹਾਡਾ ਪੈਸਾ ਹੈ, ਜੋ ਉਨ੍ਹਾਂ ਨੇ ਤੁਹਾਡੇ ਤੋਂ ਲੁੱਟਿਆ ਹੈ, ਪਰ ਵੋਟ ਕਿਸੇ ਇਮਾਨਦਾਰ ਨੇਤਾ ਨੂੰ ਦਿਓ।
ਸੀਐਮ ਭਗਵੰਤ ਮਾਨ ਦਾ ਹੌਸਲਾ ਵਧਾਉਣ ਲਈ 10 ਜੁਲਾਈ ਨੂੰ ‘ਆਪ’ ਨੂੰ ਵੋਟ ਦਿਓ,
ਜਨ ਸਭਾਵਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਹਿੰਦਰ ਭਗਤ ਨੇ ਲੋਕਾਂ ਵੱਲੋਂ ਲਗਾਤਾਰ ਸਮਰਥਨ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਮਾਨ ਦਾ ਹੌਸਲਾ ਵਧਾਉਣ ਲਈ ‘ਆਪ’ ਨੂੰ ਵੋਟ ਪਾਉਣ ਤਾਂ ਜੋ ਉਹ ਪੰਜਾਬ ਦੇ ਲੋਕਾਂ ਲਈ ਹੋਰ ਵੀ ਜ਼ਿਆਦਾ ਜੋਸ਼ ਨਾਲ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਜਲੰਧਰ ਪੱਛਮੀ ਦੇ ਲੋਕਾਂ ਦੀ ਸੇਵਾ ਕਰਨਗੇ।

Related posts

ਰਾਜਸਥਾਨ ਦੇ ਸਿੱਖ ਆਗੂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਵਿਰੁੱਧ ਦੇਸ਼ ਧ੍ਰੋਹ ਦੇ ਪਰਚੇ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਸ੍ਰੀ ਗੰਗਾਨਗਰ ਦੇ ਪੁਲਿਸ ਮੁਖੀ ਨੂੰ ਪਰਚਾ ਰੱਦ ਕਰਨ ਲਈ ਸੌਂਪਿਆ ਪੱਤਰ

editor

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਨਿਯੁਕਤ ਹੋਏ ਗ੍ਰੰਥੀ ਸਿੰਘ ਸਾਹਿਬਾਨ ਨੇ ਸੇਵਾ ਸੰਭਾਲੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਯੋਜਿਤ ਸਮਾਗਮ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਿਰੋਪਾਓ ਤੇ ਦਸਤਾਰਾਂ ਭੇਟ

editor

ਜਿਹਨਾਂ ਨੇ ਪਾਰਟੀ ਦੇ ਖਿਲਾਫ ਪ੍ਰੋਗਰਾਮ ਸ਼ੁਰੂ ਕੀਤਾ, ਉਹਨਾਂ ਆਗੂਆਂ ਲਈ ਪਾਰਟੀ ਦੇ ਮੁੱਖ ਦਫਤਰ ਵਿਚ ਕੋਈ ਥਾਂ ਨਹੀਂ: ਅਕਾਲੀ ਦਲ

editor