
ਫ਼ਿਲਮ ਨਗਰੀ ਜਾਣ ਵਾਲੇ ਹਰੇਕ ਕਲਾਕਾਰ ਦਾ ਸੁਪਨਾ ਹੁੰਦਾ ਹੈ ਕਿ ਉਹ ਐਕਟਰ ਬਣ ਕੇ ਪਰਦੇ ਤੇ ਆਵੇ..ਪ੍ਰੰਤੂ ਕਿਸਮਤ ਉਸਨੂੰ ਕਿਹੜੇ ਪਾਸੇ ਚਮਕਾਅ ਦੇਵੇ ਇਹ ਸੋਚਿਆ ਵੀ ਨਹੀਂ ਹੁੰਦਾ। ਪੰਜਾਬੀ ਫ਼ਿਲਮਾਂ ਨਾਲ ਜੁੜਿਆ ਅਮਨ ਸਿੱਧੂ ਅੱਜ ਅਦਾਕਾਰੀ ਦੇ ਨਾਲ ਨਾਲ ਸਕਰਿਪਟ ਤੇ ਡਾਇਲਾਗ ਲੇਖਕ ਵਜੋਂ ਵੀ ਪਛਾਣ ਰੱਖਦਾ ਹੈ। 10 ਸਾਲ ਦੀ ਉਮਰ ਵਿੱਚ ਉਸਨੂੰ ਸੈਮੂਅਲ ਜੋਹਨ ਵਰਗੇ ਗੰਭੀਰ ਨਾਟਕਕਾਰ ਦੀ ਕਲਾ ਨੇ ਐਸਾ ਪ੍ਰਭਾਵਤ ਕੀਤਾ ਕਿ ਉਹ ਵੀ ਥੀਏਟਰ ਕਰਨ ਲੱਗ ਪਿਆ। ਕਾਲਜ ਦੇ ਦਿਨਾਂ ਵਿੱਚ ਪ੍ਰੋ ਬਲਦੇਵ ਸਿੰਘ ਦੋਦੜਾ ਦੀ ਨਿਰਦੇਸ਼ਨਾਂ ਹੇਠ ਉਸਨੇ ਅਨੇਕਾਂ ਨਾਟਕ ਖੇਡੇ। ਨਾਟਕ ਖੇਡਦਿਆਂ ਉਸਦੀ ਸੋਚ ਅਚਾਨਕ ਫ਼ਿਲਮਾਂ ਵੱਲ ਹੋ ਗਈ ਤੇ ਉਹ ਆਪਣੇ ਇਲਾਕੇ ਦੇ ਫ਼ਿਲਮ ਡਾਇਰੈਕਟਰ ਅਵਤਾਰ ਸਿੰਘ ਕੋਲ ਚਲਾ ਗਿਆ ਜਿਸਨੇ ਉਸਦੀਆਂ ਗੱਲਾਂਬਾਤਾਂ ਸੁਣਕੇ ਉਸਨੂੰ ਪਹਿਲਾਂ ਸਕਰੀਨ ਪਲੇਅ ਤੇ ਡਾਇਲਾਗ ਲਿਖਣ ਲਈ ਪ੍ਰੇਰਿਤ ਕੀਤਾ ਤੇ ਅਮਨ ਦੇ ਅੰਦਰਲੇ ਕਲਾਕਾਰ ਨੂੰ ਪਾਸੇ ਕਰ ਉਸਦੇ ਹੱਥਾਂ ਵਿੱਚ ਕਾਗਜ਼-ਕਲਮ ਫੜਾ ਦਿੱਤੀ। ਅਮਨ ਨੇ ਪਹਿਲੀ ਵਾਰ ਚਰਚਿਤ ਫ਼ਿਲਮ ‘ਰੁਪਿੰਦਰ ਗਾਂਧੀ 2’ ਦੇ ਡਾਇਲਾਗ ਲਿਖਣ ਦਾ ਮੌਕਾ ਮਿਲਿਆ। ਅਮਨ ਨੂੰ ਫ਼ਿਲਮ ਦੇ ਲੇਖਨ ਕਾਰਜ ਨਾਲ ਜੁੜ ਕੇ ਇੱਕ ਵੱਖਰਾ ਜਿਹਾ ਸਰੂਰ ਚੜਿ੍ਹਆ ਤੇ ਉਸਨੇ ਪਿੱਛੇ ਮੁੜ ਕੇ ਨਾ ਵੇਖਿਆ। ਅਮਨ ਨੇ ਹੁਣ ਤੱਕ ‘ਰੁਪਿੰਦਰ ਗਾਂਧੀ, ਪ੍ਰਾਹੁਣਾ, ਮਿੰਦੋ ਤਸੀਲਦਾਰਨੀ, ਰਾਂਝਾ ਰਫ਼ਿਊਜੀ,ਗਿੱਦੜਸਿੰਗੀ, ਨੀਂ ਮੈਂ ਸੱਸ ਕੁੱਟਣੀ, ਮਾਹੀ ਮੇਰਾ ਨਿੱਕਾ ਜਿਹਾ,’ ਆਦਿ ਫ਼ਿਲਮਾਂ ਬਤੌਰ ਲੇਖਕ ਕੀਤੀਆ ਹਨ।