International

ਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕੀ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਨਿਯੁਕਤ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਡਾ. ਆਰਤੀ ਪ੍ਰਭਾਕਰ ਨੂੰ ਆਪਣਾ ਪ੍ਰਮੁੱਖ ਵਿਗਿਆਨ ਸਲਾਹਕਾਰ ਨਾਮਜ਼ਦ ਕੀਤਾ ਹੈ। ਉਨ੍ਹਾਂ ਦੇ ਇਸ ਫੈਸਲੇ ਦੀ ਵ੍ਹਾਈਟ ਹਾਊਸ ਤੇ ਭਾਰਤਵੰਸ਼ੀ ਅਮਰੀਕੀਆਂ ਨੇ ਸ਼ਲਾਘਾ ਕੀਤੀ ਹੈ।

ਜੇਕਰ ਸੈਨੇਟ ਤੋਂ ਡਾਕਟਰ ਆਰਤੀ (63) ਨੂੰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਉਹ ਆਫਿਸ ਆਫ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ (ਓਐੱਸਟੀਪੀ) ਦੀ ਡਾਇਰੈਕਟਰ ਬਣਨ ਵਾਲੀ ਪਹਿਲੀ ਮਹਿਲਾ, ਪਰਵਾਸੀ ਜਾਂ ਸਿਆਹਫਾਮ ਹੋਣਗੇ। ਬਾਇਡਨ ਪ੍ਰਸ਼ਾਸਨ ‘ਚ ਨਾਮਜ਼ਦ ਕੀਤੀ ਜਾਣ ਵਾਲੀ ਉਹ ਉੱਚ ਪੜ੍ਹੀ ਲਿਖੀ ਭਾਰਤਵੰਸ਼ੀ ਹੈ।

ਬਾਇਡਨ ਨੇ ਮੰਗਲਵਾਰ ਨੂੰ ਕਿਹਾ, ‘ਡਾ. ਪ੍ਰਭਾਕਰ ਇਕ ਬਿਹਤਰੀਨ ਤੇ ਸਨਮਾਨਿਤ ਇੰਜੀਨੀਅਰ ਦੇ ਨਾਲ ਅਪਲਾਇਡ ਭੌਤਿਕੀ ਵਿਗਿਆਨੀ ਹਨ। ਉਹ ਸਾਡੀਆਂ ਉਮੀਦਾਂ ਦਾ ਵਿਸਥਾਰ ਕਰਨ, ਮੁਸ਼ਕਲ ਚੁਣੌਤੀਆਂ ਨੂੰ ਹੱਲ ਕਰਨ, ਨਾਮੁਮਕਿਨ ਨੂੰ ਮੁਮਕਿਨ ਬਣਾਉਣ ਤੇ ਵਿਗਿਆਨ, ਟੈਕਨਾਲੋਜੀ ਤੇ ਨਵੀਨੀਕਰਨ ਦਾ ਫਾਇਦਾ ਉਠਾਉਣ ਲਈ ਐੱਸਟੀਪੀ ਦੀ ਅਗਵਾਈ ਕਰਨਗੇ।’ ਸੈਨੇਟ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਡਾ. ਆਰਤੀ ਓਐੱਸਟੀਪੀ ‘ਚ ਐਰਿਕ ਲੈਂਡਰ ਦੀ ਥਾਂ ਲੈਣਗੇ। ਉਹ ਵਿਗਿਆਨ ਤੇ ਟੈਕਨਾਲੋਜੀ ਮਾਮਲਿਆਂ ‘ਚ ਰਾਸ਼ਟਰਪਤੀ ਦੀ ਮੁੱਖ ਸਲਾਹਕਾਰ ਤੇ ਉਨ੍ਹਾਂ ਦੀ ਕੈਬਨਿਟ ਦੀ ਮੈਂਬਰ ਹੋਣਗੇ।

ਡਾ. ਆਰਤੀ ਨੇ ਸਾਲ 1993 ‘ਚ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਪ੍ਰਸ਼ਾਸਨ ‘ਚ ਰਾਸ਼ਟਰੀ ਸਟੈਂਡਰਡ ਤੇ ਟੈਕਨਾਲੋਜੀ ਇੰਸਟੀਚਿਊਟ (ਐੱਨਆਈਐੱਸਟੀ) ਦੀ ਮੁਖੀ ਵਜੋਂ ਕੰਮ ਕੀਤਾ। ਉਹ ਐੱਨਆਈਐੱਸਟੀ ਦੀ ਮੁਖੀ ਬਣਨ ਵਾਲੀ ਪਹਿਲੀ ਮਹਿਲਾ ਰਹੀ। 30 ਜੁਲਾਈ, 2012 ਤੋਂ 20 ਜਨਵਰੀ, 2017 ਤਕ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ‘ਚ ਡਿਫੈਂਸ ਐਡਵਾਂਸ ਰਿਸਰਚ ਪ੍ਰਰਾਜੈਕਟਸ ਏਜੰਸੀ (ਡੀਏਆਰਪੀਏ) ਦੀ ਡਾਇਰੈਕਟਰ ਰਹੀ।

ਡਾ. ਆਰਤੀ ਦਾ ਜਨਮ ਦਿੱਲੀ ‘ਚ ਹੋਇਆ ਸੀ। ਉਹ ਤਿੰਨ ਸਾਲ ਦੀ ਉਮਰ ‘ਚ ਅਮਰੀਕਾ ਚੱਲੀ ਗਈ ਸੀ। ਆਰਤੀ ਦੀ ਸ਼ੁਰੂਆਤੀ ਸਿੱਖਿਆ ਟੈਕਸਾਸ ‘ਚ ਹੋਈ। ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਅਪਲਾਇਡ ਫਿਜ਼ੀਕਸ ‘ਚ ਪੀਐੱਚਡੀ ਕਰਨ ਵਾਲੀ ਉਹ ਪਹਿਲੀ ਮਹਿਲਾ ਹਨ। ਉਹ ਗੈਰਲਾਭਕਾਰੀ ਸੰਗਠਨ ਐਕਸੀਕਿਊਟ ਦੀ ਸੰਸਥਾਪਕ ਤੇ ਸੀਈਓ ਹਨ।

Related posts

ਪਾਕਿਸਤਾਨ ’ਚ ਪੋਲੀਓ ਦੇ ਮਾਮਲੇ ਵਧਣ ’ਤੇ ਚੱਲੀ ਟੀਕਾਕਰਨ ਮੁਹਿੰਮ, 1.26 ਕਰੋੜ ਬੱਚਿਆਂ ਨੂੰ ਪੋਲੀਓ ਰੋਕੂ ਵੈਕਸੀਨ ਲਾਉਣ ਦਾ ਟੀਚਾ

editor

ਸਪੈਨਿਸ਼ ਐਨਕਲੇਵ ‘ਚ ਦਾਖ਼ਲ ਹੋਣ ਲਈ ਹਫ਼ੜਾ-ਦਫ਼ੜ ‘ਚ 18 ਦੀ ਮੌਤ

editor

ਅਮਰੀਕਾ ‘ਚ ਹੁਣ ਗਰਭਪਾਤ ਹੈ ਗੈਰ-ਕਾਨੂੰਨੀ

editor