ਜੈਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੋਮਵਾਰ ਨੂੰ ਦੋਸ਼ ਲਗਾਇਆ ਕਿ ਉਸ ਲਈ ਭ੍ਰਿਸ਼ਟਾਚਾਰ ਤੋਂ ਵੱਡਾ ਕੁਝ ਨਹੀਂ ਹੈ ਅਤੇ ਉਹ ਦਲਿਤਾਂ ਖ਼ਿਲਾਫ਼ ਅੱਤਿਆਚਾਰ ਕਰਨ ਵਾਲਿਆਂ ਨੂੰ ਦੇਖ ਕੇ ਅੱਖਾਂ ’ਤੇ ਪੱਟੀ ਬੰਨ੍ਹ ਲੈਂਦੀ ਹੈ। ਮੋਦੀ ਪਾਲੀ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,’’ਅੱਜ ਪੂਰਾ ਦੇਸ਼ ਵਿਕਸਿਤ ਹੋਣ ਦਾ ਟੀਚਾ ਹਾਸਲ ਕਰਨ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਭਾਰਤ 21ਵੀਂ ਸਦੀ ’ਚ ਜਿਸ ਉੱਚਾਈ ’ਤੇ ਹੋਵੇਗਾ, ਉਸ ’ਚ ਰਾਜਸਥਾਨ ਦੀ ਭੂਮਿਕਾ ਬਹੁਤ ਵੱਡੀ ਹੋਵੇਗੀ। ਇਸ ਲਈ ਰਾਜਸਥਾਨ ’ਚ ਅਜਿਹੀ ਸਰਕਾਰ ਜ਼ਰੂਰੀ ਹੈ ਜੋ ਉਸ ਦੇ ਵਿਕਾਸ ਨੂੰ ਸਰਵਉੱਚ ਪਹਿਲ ਦੇਵੇ।’’
ਉਨ੍ਹਾਂ ਕਿਹਾ,’’ਬਦਕਿਸਮਤੀ ਨਾਲ ਇੱਥੇ ਪਿਛਲੇ 5 ਸਾਲਾਂ ਤੋਂ ਜੋ ਕਾਂਗਰਸ ਸਰਕਾਰ ਰਹੀ ਹੈ, ਉਸ ਨੇ ਲੋਕਾਂ ਨੂੰ ਵਿਕਾਸ ’ਚ ਹੋਰ ਪਿੱਛੇ ਧੱਕ ਦਿੱਤਾ। ਇੱਥੇ ਦੀ ਕਾਂਗਰਸ ਸਰਕਾਰ ਲਈ ਭ੍ਰਿਸ਼ਟਾਚਾਰ ਤੋਂ ਵੱਡਾ ਕੁਝ ਵੀ ਨਹੀਂ ਹੈ। ਇੱਥੇ ਦੀ ਕਾਂਗਰਸ ਸਰਕਾਰ ਲਈ ਪਰਿਵਾਰਵਾਦ ਹੀ ਸਭ ਕੁਝ ਹੈ।’’ ਉਨ੍ਹਾਂ ਦੋਸ਼ ਲਗਾਇਆ,’’ਦਲਿਤਾਂ ਖ਼ਿਲਾਫ਼ ਅੱਤਿਆਚਾਰ ਕਰਨ ਵਾਲਿਆਂ ਨੂੰ ਦੇਖ ਕੇ ਕਾਂਗਰਸ ਅੱਖਾਂ ’ਤੇ ਪੱਟੀ ਬੰਨ੍ਹ ਲੈਂਦੀ ਹੈ। ਇੱਥੇ ਰਾਜਸਥਾਨ ’ਚ 5 ਸਾਲਾਂ ਤੱਕ ਦਲਿਤ ਪਰਿਵਾਰਾਂ ਨਾਲ ਹੋਏ ਅੱਤਿਆਚਾਰ ’ਤੇ ਕਾਂਗਰਸ ਨੇ ਇਹੀ ਕੀਤਾ ਹੈ। ਮਹਿਲਾ ਵਿਰੋਧੀ ਕਾਂਗਰਸ ਔਰਤਾਂ ਦਾ ਕਲਿਆਣਾ ਅਤੇ ਉਨ੍ਹਾਂ ਦੀ ਸੁਰੱਖਿਆ ਨਹੀਂ ਕਰ ਸਕਦੀ। ਕਾਂਗਰਸ ਨੇ ਰਾਜਸਥਾਨ ਨੂੰ ਔਰਤਾਂ ਖ਼ਿਲਾਫ਼ ਅਪਰਾਧ ’ਚ ਨੰਬਰ ਇਕ ਬਣਾ ਦਿੱਤਾ ਹੈ।’’ ਪੀ.ਐੱਮ. ਮੋਦੀ ਨੇ ਵੀ ਦੋਸ਼ ਲਗਾਇਆ,’’ਕਾਂਗਰਸ ਅਤੇ ਇਸ ਦੇ ਘਮੰਡੀ ਸਾਥੀਆਂ ਦੀ ਸੋਚ ਮਹਿਲਾ ਵਿਰੋਧੀ ਹੈ।’’ ਰਾਜਸਥਾਨ ’ਚ ਵਿਧਾਨ ਸਭਾ ਚੋਣਾਂ ਲਈ 25 ਨਵੰਬਰ ਨੂੰ ਵੋਟਿੰਗ ਹੋਣੀ ਹੈ। ਪੀ.ਐੱਮ. ਮੋਦੀ ਨੇ ਕਿਹਾ,’’ਪਿਛਲੇ ਕੁਝ ਦਿਨਾਂ ਤੋਂ ਮੈਂ ਰਾਜਸਥਾਨ ’ਚ ਜਿੱਥੇ-ਜਿੱਥੇ ਗਿਆ ਹਾਂ, ਉੱਥੇ ਇਕ ਆਵਾਜ਼ ਸੁਣਾਈ ਦੇ ਰਹੀ ਹੈ- ਜਨ-ਜਨ ਦੀ ਹੈ ਇਹੀ ਪੁਕਾਰ, ਆ ਰਹੀ ਹੈ ਭਾਜਪਾ ਸਰਕਾਰ।’