Articles

ਰੱਬ ਵਰਗੇ ਬੰਦੇ !

ਲੇਖਕ: ਸੁਰਜੀਤ ਭਗਤ, ਲੁਧਿਆਣਾ

“ਥੋਡੀ ਓ …ਫਸ ‘ਗੇ ਹੁਣ’ ਅੰਗ੍ਰੇਜ਼ੀ ‘ਚ ਜੋ ਕੁਝ ਬੇਟੇ ਲੱਕੀ ਨੇ ਅਚਾਨਕ ਕਿਹਾ ਸੀ, ਉਸਦਾ ਪੰਜਾਬੀ *ਚ ਇਹੋ ਮਤਲਬ ਸੀ। ਸ਼ਾਇਦ ਉਸਨੂੰ ਮੇਰੇ ਨਾਲ ਬੈਠੇ ਹੋਣ ਦਾ ਇਕਦਮ ਅਹਿਸਾਸ ਹੋ ਗਿਆ ਸੀ, ਇਸੇ ਲਈ ਉਹ ਅੰਗ੍ਰੇਜੀ *ਚ ਕੱਢੀ ਅੱਧ—ਪਚੱਧੀ ਗਾਲ੍ਹ ਨੂੰ ਅੰਦਰੇ ਹੀ ਨਿਗਲ ਗਿਆ ਸੀ। ਮੈਂ ਘਬਰਾਇਆ ਤਾਂ ਨਹੀਂ ਪਰ ਥੋੜ੍ਹਾ ਹੌਂਸਲਾ ਕਰਕੇ ਪੁੱਛਿਆ ਕਿ ਕੀ ਹੋ ਗਿਆ? ਤਾਂ ਉਸ ਨੇ ਜਵਾਬ ਦੇਣ ਦੀ ਬਜਾਇ ਰੁਕ ਰਹੀ ਕਾਰ ਨੂੰ ਦੋ ਤਿੰਨ ਵਾਰੀ ਚਾਬੀ ਘੁਮਾ ਕੇ ਦੁਬਾਰਾ ਸਟਾਰਟ ਕਰਨ ਦਾ ਅਸਫਲ ਯਤਨ ਕੀਤਾ।
**ਲੱਗਦੈ ਤੇਲ ਖਤਮ ਹੋ ਗਿਆ**
**ਪੁਆਇਆ ਕਿਉਂ ਨੀ?** ਮੈਂ ਪੁੱਛਿਆ।**
**ਗੱਲਾਂ ਗੱਲਾਂ *ਚ ਚੇਤੇ ਹੀ ਨਹੀਂ ਰਿਹਾ”। ਕਾਰ *ਚ ਬੈਠੀਆਂ ਮੇਰੀ ਸਰਦਾਰਨੀ ਅਤੇ ਨੂੰਹ ਵੀ ਮੇਰੇ ਸਮੇਤ ਉਦਾਸ ਹੋ ਗਈਆਂ। ਸਾਡੀ ਕਾਰ ਮੈਲਬੌਰਨ ਦੇ ਪਾਸ਼ ਇਲਾਕੇ *ਚ 100 ਦੀ ਗਤੀ ਤੇ ਚੱਲ ਰਹੀਆਂ ਗੱਡੀਆਂ ਵਾਲੀ ਸੜਕ ਦੇ ਐਨ ਵਿਚਾਲੇ ਰੁਕ ਗਈ ਸੀ।
**ਤੂੰ ਮੰਮੀ ਡੈਡੀ ਨੂੰ ਛੇਤੀ ਸੜਕ ਪਾਰ ਕਰਵਾ ਦੇ ਧਿਆਨ ਨਾਲ** ਹਫਲੇ ਹੋਏ ਲੱਕੀ ਨੇ ਸਾਡੀ ਨੂੰਹ ਰਾਣੀ ਨੂੰ ਹੁਕਮ ਚਾੜਿਆ।
**ਕੋਈ ਨੀ ਜੀ ਹੁਣ ਘਬਰਾਓ ਨਾ, ਤੁਸੀ ਕੇਨੀ ਲੈ ਕੇ ਨੇੜੇ ਵਾਲੇ ਕਿਸੇ ਪੰੰਪ ਤੋਂ ਪੈਟਰੋਲ ਲੈ ਆਓ** ਉਸਨੇ ਸਲਾਹ ਦਿੱਤੀ।
*ਅੱਗੇ ਪਿੱਛੇ ਚੰਗੀ ਤੇ ਦਿਨ ਤਿਉਹਾਰ ਮੰਦੀ* ਵਾਲੀ ਪੰਜਾਬੀ ਕਹਾਵਤ ਮੁਤਾਬਿਕ ਲੱਕੀ ਨੇ ਪੈਟਰੋਲ ਵਾਲੀ ਕੇਨੀ, ਅਜੇ ਪਿਛਲੀ ਰਾਤ ਹੀ ਕਾਰ *ਚੋਂ ਬਾਹਰ ਕੱਢ ਕੇ ਗੈਰਾਜ *ਚ ਰੱਖੀ ਸੀ।
ਲਾਗੇ ਹੀ ਸੜਕ ਕਿਨਾਰੇ ਕੁਰਸੀ ਡਾਹ ਕੇ ਬੈਠੇ ਇੱਕ ਅੰਗ੍ਰੇਜ਼ ਨੇ ਧੱਕਾ ਲਾ ਕੇ ਗੱਡੀ ਕੁਝ ਅੱਗੇ ਕਰਵਾਈ। ਡੌਰ ਭੌਰ ਹੋਏ ਬੇਟੇ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਕਾਰ *ਚੋ ਬਾਹਰ ਨਿਕਲ ਕੇ ਵੇਖਿਆ, ਠੰਡੀ ਹਨੇ੍ਹਰੀ ਚੱਲ ਰਹੀ ਹੈ। ਖੈਰ, ਨੂੰਹ ਰਾਣੀ ਨੇ ਸਾਨੂੰ ਸੜਕ ਦੇ ਕਿਨਾਰੇ, ਸਾਹਮਣੇ ਬੱਸ ਸਟਾਪ ਵਾਲੇ ਬੈਂਚਾਂ ਤੇ ਬਿਠਾ ਦਿੱਤਾ, ਭਲਾ ਸਾਨੂੰ ਟਿਕਾਈ ਕਿੱਥੇ ਆ ਰਹੀ ਸੀ? ਸੜਕ ਵਿਚਾਲੇ ਅਚਾਨਕ ਖੜ੍ਹੀ ਹੋਈ ਕਾਰ ਦੇ ਕਾਰਨ ਸਾਡੇ ਪੰਜਾਬ ਵਾਂਗ ਭਾਵੇਂ ਹਾਰਨ ਤਾਂ ਨਹੀਂ ਸਨ ਵੱਜ ਰਹੇ, ਪਰ ਕਾਰਾਂ ਦੀ ਇੱਕ ਲੰਬੀ ਕਤਾਰ ਹਰ ਪਲ ਜਰੂਰ ਵਧ ਰਹੀ ਸੀ। ਹੁਣ ਅਸੀਂ ਸਾਰੇ ਹੀ ਸਹਿਮੇ ਸਾਂ ਕਿਉਂਕਿ ਟਰੈਫਿਕ ਜਾਮ ਕਰਨ ਦੇ ਦੋਸ਼ੀ ਹੋਣ ਕਾਰਨ ਪੁਲਿਸ ਕਦੇ ਵੀ ਆ ਕੇ ਸਾਨੂੰ ਮੋਟਾ ਜੁਰਮਨਾ ਠੋਕ ਸਕਦੀ ਸੀ।
ਅਸੀਂ ਅੱਗੇ ਪਿੱਛੇ ਝਾਕ ਰਹੇ ਸਾਂ ਕਿ ਇੱਕ ਕਾਰ ਬੱਸ ਸਟਾਪ ਦੇ ਪਿਛਲੇ ਬੰਨੇ ਵਾਲੀ ਕੋਠੀ *ਚ ਦਾਖਿਲ ਹੋਈ। ਇੱਕ ਨੌਜਵਾਨ ਨੇ ਪਲ ਦੀ ਪਲ ਸਾਡੇ ਵੱਲ ਵੇਖਿਆ ਅਤੇ ਫਿਰ ਕਾਰ *ਚੋ ਨਿਕਲ ਕੇ ਅੰਦਰ ਜਾ ਵੜਿਆ।
** ਲਗਦਾ ਤਾਂ ਦੇਸੀ ਏ** ਨੂੰਹ ਰਾਣੀ ਨੇ ਹੌਲੀ ਦੇਣੀ ਕਿਹਾ। ਉਧਰ ਆਪਣੇ ਭਾਰਤੀ ਇੱਕ ਦੂੁਜੇ ਨੂੰ ਦੇਸੀ ਹੀ ਆਖਦੇ ਹਨ। ਅਸੀਂ ਕੋਠੀ ਮੁੂਹਰਲੇ ਦਰਵਾਜੇ ਦੀ ਘੰਟੀ ਜਾ ਖੜਕਾਈ। ਨੌਜਵਾਨ ਨੇ ਬਾਹਰ ਆ ਕੇ ਜਦੋਂ ਸਾਰੀ ਗੱਲ ਸੁਣੀ ਤਾਂ ਉਸ ਨੇ ਬੜੀ ਖੁਸ਼ੀ ਨਾਲ ਅੰਦਰੋਂ ਪੈਟਰੋਲ ਭਰਵਾਉਣ ਵਾਲੀ ਕੇਨੀ ਸਾਡੇ ਹੱਥ ਲਿਆ ਫੜਾਈ ਅਤੇ ਸਾਨੂੰ ਅੰਦਰ ਆ ਕੇ ਬੈਠਣ ਲਈ ਕਹਿਣ ਲੱਗਾ। ਸਾਡੇ ਵੱਲੋਂ ਨਾਂਹ ਨੁੱਕਰ ਕਰਨ ਦੇ ਬਾਵਜੂਦ ਉਸਨੇ ਇੰਨੀ ਨਿਮਰਤਾ ਨਾਲ ਗੁਜਾਰਿਸ਼ ਕੀਤੀ ਕਿ ਨਾ ਚਾਹੁਣ ਦੇ ਬਾਵਜੂਦ ਵੀ ਸਾਨੂੰ ਅੰਦਰ ਜਾਣਾ ਪਿਆ।
ਇਸ ਮਹਿਲ ਵਰਗੇ ਘਰ ਦੇ ਅੰਦਰ ਦਾਖਿਲ ਹੁੰਦੇ ਹੋਏ ਨਿੱਘ ਤਾਂ ਮਹਿਸੂਸ ਹੋਇਆ, ਪਰ ਧਿਆਨ ਤਾਂ ਸਾਡਾ ਅਜੇ ਵੀ ਬਾਹਰ ਵੱਲ ਸੀ। ਅਸਮਾਨ *ਚ ਹੈਲੀਕਾਪਟਰ ਦੀ ਆਵਾਜ਼ ਦਾ ਭੁਲੇਖਾ ਪੈੱਦਿਆਂ ਹੀ ਸਾਡੇ ਸਾਹ ਸੁੱਕਣ ਲਗਦੇ ਕਿ ਜੇਕਰ ਹਵਾਈ ਪੈਟਰੋਲਿੰਗ ਕਰਦੇ ਹੋਏ ਪੁਲਿਸ ਨੁੰ ਟਰੈਫਿਕ ਜਾਮ ਦੀ ਭਿਣਕ ਪੈ ਗਈ ਤਾਂ ਉਨਾਂ ਨੇ ਨੇੜਲੇ ਥਾਣੇ ਨੂੰ ਫੋਨ ਕਰਕੇ ਫੋਰਸ ਭੇਜ ਦੇਣੀ ਹੈ ਅਤੇ ਫਿਰ ਮੋਟਾ ਜੁਰਮਾਨਾ ਭਰਨਾ ਪੈਣਾ ਹੈ।
ਬੇਟੇ ਲੱਕੀ ਨੇ ਝਕਦੇ ਝਕਦੇ ਕਾਹਲੀ ਨਾਲ ਅੰਦਰ ਆ ਨੌਜਵਾਨ ਕੋਲੋਂ ਉਸ ਦੀ ਕਾਰ ਦੀ ਚਾਬੀ ਮੰਗੀ ਤਾਂ ਕਿ ਉਹ ਪੈਟਰੋਲ ਪੰਪ ਤੇ ਛੇਤੀ ਪਹੁੰਚ ਕੇ ਪੈਟਰੋਲ ਲਿਆ ਸਕੇ। ਨੌਜਵਾਨ ਨੇ ਬਿਨ੍ਹਾਂ ਕਿਸੇ ਹੀਲ ਹੁੱਜਤ, ਕਾਰ ਦੀ ਚਾਬੀ ਉਸ ਦੇ ਹਵਾਲੇ ਕਰ ਦਿੱਤੀ।
ਸਾਡੇ ਘਰ ਅੰਦਰ ਦਾਖਿਲ ਹੁੰਦੇ ਨੌਜਵਾਨ ਨੂੰ ਤਾਂ ਜਿਵੇਂ ਚਾਅ ਹੀ ਚੜ੍ਹ ਗਿਆ ਹੋਵ,ੇ ਉਸ ਨੇ ਆਪਣੀ ਪਤਨੀ, ਜੋ ਕਿ ਪਿਛਲੀ ਰਾਤ ਡਿਊਟੀ ਕਰ ਕੇ ਘੂਕ ਸੁੱਤੀ ਪਈ ਸੀ ਨੂੰ ਛੇਤੀ ਨਾਲ ਉਠ ਕੇ ਚਾਹ ਬਣਾਉਣ ਲਈ ਕਿਹਾ। ਸਾਡੇ ਮਨ੍ਹਾ ਕਰਨ ਦੇ ਬਾਵਜੂਦ ਵੀ, ** ਬਈ ਬਾਹਰ ਤੋਂ ਆਜ ਠੰਡੀ ਬਹੁਤ ਹੈ, ਅੰਕਲ ਚਾਏ ਤੋਂ ਪੀਨੀ ਹੀ ਪੜੇਗੀ, ਆਪਕੇ ਬਹਾਨੇ ਹਮ ਬੀ ਪੀ ਲੇਂਗੇ** ਕਹਿ ਕੇ ਸਾਨੂੰ ਨਿਰ ਉਤਰ ਕਰ ਦਿੱਤਾ।
**ਬੇਟਾ ਤੁਹਾਡਾ ਨਾਂਅ ਕੀ ਹੈ, ਅਤੇ ਤੁਸੀਂ ਕਿੱਥੇ ਤੋਂ ਹੋ?** ਮੇਰੀ ਉਸ ਬਾਰੇ ਜਾਨਣ ਦੀ ਉਤਸੁਕਤਾ ਜਾਗ ਪਈ।
**ਜੀ, ਅਮਿਤ ਰਾਠੀ, ਹਮ ਹਰਿਆਨਾ, ਕਰਨਾਲ ਜਿਲ੍ਹੇ ਸੇ ਹੈ** ਉਸ ਦਾ ਸੰਖੇਪ ਜਵਾਬ ਸੀ।
**ਬੇਟਾ ਆਪ ਹਮ ਕੋ ਜਾਨਤੇ ਬੀ ਨਹੀਂ ਹੋੇ। ਇਸ ਮੁਸੀਬਤ ਮੇਂ ਆਪ ਨੇ ਜੋ ਹਮਾਰੀ ਮੱਦਦ ਕੀ ਹੈ, ਹਮ ਆਪਕੋ ਹਮੇਸ਼ਾ ਯਾਦ ਰੱਖਗੇਂ। ਚਾਏ ਕੀ ਤੋਂ ਆਪਨੇ ਜਿ਼ਆਦਾ ਹੀ ਤਕਲੀਫ਼ ਕੀ ਹੈ।** ਮੈਂ ਉਸ ਪ੍ਰਤੀ ਅਹਿਸਾਨਮੰਦ ਹੁੰਦੇ ਹੋਏ ਕਿਹਾ।
** ਨਹੀਂ ਸਰਦਾਰ ਜੀ ਮੈਂ ਦੇਖ ਰਹਾ ਥਾਂ ਕਿ ਇਧਰ ਤੋਂ ਸਬੀ ਅੰਗਰੇਜ਼ ਲੋਕ ਹੀ ਰਹਿਤੇ ਹੈ, ਸਰਦਾਰ ਜੀ ਤੋਂ ਕਿਸੀ ਪ੍ਰਾਬਲਮ ਮੇ ਫੰਸੇ ਲਗਤੇ ਹੈ।ਇਸ ਲੀਏ ਆਪਕੋ ਠੰਡੇ ਮੌਸਮ ਸੇ ਬਚਾਨੇ ਕੇ ਲੀਏ ਅੰਦਰ ਬੁਲਾ ਲੀਆ, ਅਹਿਸਾਨ ਵਾਲੀ ਕੋਈ ਬਾਤ ਨਹੀਂ ਹੈ, ਮੁਸੀਬਤ ਤੋਂ ਕਿਸੀ ਸਮੇਂ ਕਿਸੀ ਪਰ ਬੀ ਆ ਸਕਤੀ ਹੈ, ਯੇ ਹਮਾਰਾ ਫਰਜ਼ ਹੈ ਕਿ ਮਸੀਬਤ ਕੇ ਸਮੇਂ ਦੂਸਰੋਂ ਕੀ ਮੱਦਦ ਕਰਂੇ।** ਉਹ ਲਗਾਤਾਰ ਬੋਲੀ ਜਾ ਰਿਹਾ ਸੀ ਤੇ ਮੈਂ ਇਸ ਸੋਹਣੇ ਸੁਨੱਖੇ ਤੇ ਲੰਮੇ ਲੰਞੇ ਨੌਜਵਾਨ ਦੇ ਮੂੰਹ ਵੱਲ ਦੇਖੀ ਜਾ ਰਿਹਾ ਸਾਂ।
** ਯੇ ਸੰਸਕਾਰ ਹਮਕੋ ਆਪਨੇ ਮਾਤਾ ਪਿਤਾ ਸੇ ਮਿਲੇ ਹੈ, ਕਿ ਬੜੋਂ ਕਾ ਆਦਰ ਕਰੋ, ਔਰ ਮੁਸੀਬਤ ਮੇਂ ਹਰ ਕਿਸੀ ਕੀ ਮੱਦਦ ਕਰੋ ** ਉਸ ਨੇ ਕਿਹਾ।
ਇਸੇ ਦੌਰਾਨ ਗਰਮਾ ਗਰਮ ਚਾਹ ਅਤੇ ਹੋਰ ਕਈ ਨਿੱਕ ਸੁੱਕ ਆ ਗਿਆ ਸੀ। ਚਾਹ ਪੀਂਦੇ ਹੋਏ ਸਾਨੂੰ ਉਹ ਦੋਵੇਂ ਜੀਅ ਕਿਸੇ ਦੇਵ ਲੋਕ ਤੋਂ ਆਏ ਜਾਪ ਰਹੇ ਸਨ। ਇਸ ਸਭ ਕੁਝ ਦੇ ਬਾਵਜੂਦ ਸਾਡਾ ਧਿਆਨ ਬਾਹਰ ਹੀ ਲੱਗਾ ਹੋਇਆ ਸੀ।
ਸਾਡੇ ਸਾਹ ਵਿੱਚ ਸਾਹ ਉਦੋਂ ਫਿਰਿਆ ਜਦੋਂ ਬੇਟੇ ਨੇ ਪੈਟਰੋਲ ਪੁਆ ਕੇ ਆਪਣੀ ਕਾਰ ਘਰ ਦੇ ਬਾਹਰ ਆਣ ਖੜਾਈ । ਅਸੀਂ ਸਾਰੇ ਹੀ ਅਮਿਤ ਰਾਠੀ ਅਤੇ ਉਸਦੀ ਪਤਨੀ ਵੱਲੋਂ ਕੀਤੀ ਗਈ ਮਹਿਮਾਨ ਨਿਵਾਜ਼ੀ ਦੇ ਕਾਇਲ ਹੋ ਕਿ ਰਹਿ ਗਏ ਸਾਂ। ਉਨ੍ਹਾਂ ਦੇ ਮੋਹ, ਪਿਆਰ ਅਤੇ ਸਤਿਕਾਰ ਦੇ ਮੂੁਹਰੇ ਸਾਡੇ ਧੰਨਵਾਦੀ ਸ਼ਬਦ ਬੌਣੇ ਹੋ ਗਏ ਸਨ।
**ਅੰਕਲ ਆਪ ਸੇ ਮਿਲਕਰ ਬਹੁਤ ਅੱਛਾ ਲਗਾ ਹੈ, ਕਬੀ ਦੁਬਾਰਾ ਜ਼ਰੂਰ ਆਨਾ, ਹਮੇ ਬੇਹਦ ਖੁਸ਼ੀ ਹੋਗੀ ** ਕਹਿੰਦੇ ਹੋਏ ਉਹ ਸਾਨੂੰ ਬਾਹਰ ਤੱਕ ਛੱਡਣ ਆਏ। ਬਾਹਰ ਆ ਕੇ ਮੈਂ ਸੋਚ ਰਿਹਾ ਸਾਂ ਕਿ ਇਸ ਦੁਨੀਆਂ *ਚ *ਰੱਬ ਬਾਰੇ ਬਹਿਸ ਮੁੱਢ ਕਦੀਮੋਂ ਹੀ ਤੁਰੀ ਆ ਰਹੀ ਹੈ। ਰੱਬ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਕਦੇ ਕਦਾਈਂ ਤੁਹਾਨੂੰ ਰੱਬ ਵਰਗੇ ਬੰਦੇ ਜ਼ਰੂਰ ਮਿਲ ਪੈਂਦੇ ਹਨ।

Related posts

ਕੀ ਮਾਨ ਸਰਕਾਰ ਭਰਿਸ਼ਟਾਚਾਰ ਦੇ ਦੈਂਤ ਨੂੰ ਨੱਥ ਪਾਉਣ ਚ ਸਫਲ ਹੋ ਸਕੇਗੀ ?

admin

ਕਾਜੋਲ ਆਸਕਰ ਵਲੋਂ 2022 ਦੀ ਕਲਾਸ ਲਈ ਸੱਦਾ ਮਿਲਣ ਵਾਲੀ ਪਹਿਲੀ ਅਭਿਨੇਤਰੀ ਬਣੀ

admin

ਹਿਮਾਚਲ ਦਾ ਅਜਿਹਾ ਮੰਦਰ ਜਿੱਥੇ ਪ੍ਰੇਮੀ ਜੋੜਿਆਂ ਨੂੰ ਮਿਲਦਾ ਆਸਰਾ ਤੇ ਉੱਥੇ ਪੁਲਿਸ ਦੇ ਆਉਣ ‘ਤੇ ਹੈ ਪਾਬੰਦੀ !

editor