Articles

ਅਮੀਰਾਂ ਨੂੰ ਦੇਖ ਗ਼ਰੀਬ ਵਧਾ ਰਹੇ ਹਨ ਆਪਣੇ ਘਰੇਲੂ ਖਰਚੇ

ਪੂਰੀ ਦੁਨੀਆਂ ਵਿੱਚ ਅਮੀਰ ਅਤੇ ਗ਼ਰੀਬ ਦੋ ਵਰਗਾਂ ਦੇ ਲੋਕ ਮਿਲਦੇ ਹਨ। ਹਰ ਗ਼ਰੀਬ ਆਪਣੇ ਆਪ ਨੂੰ ਅਮੀਰਾਂ ਦੇ ਬਰਾਬਰ ਦੇਖਣਾ ਚਾਹੁੰਦਾ ਹੈ। ਗ਼ਰੀਬ ਲੋਕਾਂ ਨੇ ਅਮੀਰ ਲੋਕਾਂ ਦੀ ਨਕਲ ਕਰਕੇ ਆਪਣੇ ਘਰੇਲੂ ਖਰਚੇ ਵਧਾਅ ਲਏ ਹਨ। ਅਕਸਰ ਦੇਖਿਆ ਗਿਆ ਹੈ ਕਿ ਗ਼ਰੀਬਾਂ ਦੀ ਆਰਥਿਕ ਹਾਲਤ ਅਮੀਰ ਲੋਕਾਂ ਤੋਂ ਵੱਖ ਹੁੰਦੀ ਹੈ। ਇੱਕ ਗ਼ਰੀਬ ਦੀ ਪਹੁੰਚ ਵਿੱਚ ਉਹ ਸਭ ਕੁਝ ਨਹੀਂ ਹੁੰਦਾ ਜੋ ਇੱਕ ਅਮੀਰ ਦੀ ਪਹੁੰਚ ਵਿੱਚ ਹੁੰਦਾ ਹੈ। ਅਮੀਰੀ ਅਤੇ ਗ਼ਰੀਬੀ ਦੇ ਕਰਕੇ ਹੀ ਇਨਸਾਨ ਚੰਗਿਆਈ ਜਾਂ ਬੁਰਾਈ ਦੇ ਰਾਹ ਤੇ ਤੁਰਦਾ ਹੈ। ਕੋਈ ਛੋਟਾ ਕੰਮ ਧੰਦਾ ਕਰਨ ਵਾਲਾ ਇਨਸਾਨ ਗ਼ਰੀਬ ਅਤੇ ਵੱਡਾ ਕਾਰੋਬਾਰ ਕਰਨ ਵਾਲਾ ਇਨਸਾਨ ਅਮੀਰ ਕਹਾਉਂਦਾ ਹੈ। ਇਸੇ ਦੇ ਚਲਦੇ ਅਕਸਰ ਅਮੀਰ ਲੋਕ ਗ਼ਰੀਬ ਲੋਕਾਂ ਦਾ ਸ਼ੋਸ਼ਣ ਕਰਦੇ ਦਿਖਾਈ ਦਿੰਦੇ ਹਨ। ਨੌਜਵਾਨਾਂ ਵਿੱਚ ਅਮੀਰ ਲੋਕਾਂ ਦੀ ਨਕਲ ਕਰਨ ਦਾ ਜ਼ਿਆਦਾ ਚਲਣ ਹੋ ਗਿਆ ਹੈ। ਗ਼ਰੀਬ ਲੋਕ ਅਮੀਰਾਂ ਨੂੰ ਦੇਖ ਕੇ ਜ਼ਿਆਦਾ ਵਧੀਆ ਅਤੇ ਬੇਸ਼ੁਮਾਰ ਮਹਿੰਗੇ ਕਪੜੇ ਅਤੇ ਹੋਰ ਸਮਾਨ ਖਰੀਦਦੇ ਹਨ ਅਤੇ ਆਪਣੀ ਆਰਥਿਕ ਸਥਿਤੀ ਨੂੰ ਕਮਜ਼ੋਰ ਕਰ ਲੈਂਦੇ ਹਨ। ਇੱਕ ਪੁਰਾਣੀ ਕਹਾਵਤ ਹੈ ਕਿ ਆਪਣੀ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ। ਗ਼ਰੀਬ ਪਰਿਵਾਰ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਪੈਸੇ ਨੂੰ ਲੈ ਕੇ ਆਪਣੇ ਮਾਪਿਆਂ ਉੱਤੇ ਬੋਝ ਪਾਇਆ ਜਾ ਰਿਹਾ ਹੈ। ਅਮੀਰਾਂ ਨੂੰ ਦੇਖ ਕੇ ਗ਼ਰੀਬ ਵੀ ਕਰ ਰਹੇ ਹਨ ਘਰੇਲੂ ਸਮਾਗਮਾਂ ਵਿੱਚ ਖੁੱਲੇ ਖਰਚੇ। ਗ਼ਰੀਬ ਲੋਕ ਅਮੀਰਾਂ ਨੂੰ ਦੇਖ ਕੇ ਹੀ ਆਪਣੇ ਬੱਚਿਆਂ ਨੂੰ ਵੱਡੇ ਅਤੇ ਮਹਿੰਗੇ ਸਕੂਲਾਂ ਕਾਲਜਾਂ ਵਿੱਚ ਸਿੱਖਿਆ ਦੇਣ ਲਈ ਜੱਦੋ-ਜਹਿਦ ਕਰ ਰਹੇ ਹਨ। ਕੁਝ ਵਿਦੇਸ਼ਾਂ ਤੋਂ ਪਰਤੇ ਲੋਕਾਂ ਦੀ ਨਕਲ ਕਰਕੇ ਆਪਣੇ ਖਰਚੇ ਹੱਦ ਤੋਂ ਜ਼ਿਆਦਾ ਕਰ ਰਹੇ ਹਨ ਗ਼ਰੀਬ ਲੋਕ। ਸ਼ਰੀਕੇ ਵਿੱਚ ਅਮੀਰ ਲੋਕਾਂ ਦੀ ਨਕਲ ਕਰਕੇ ਜ਼ਿਆਦਾ ਅਮੀਰ ਹੋਣ ਦਾ ਘਮੰਡ ਕੀਤਾ ਜਾ ਰਿਹਾ ਹੈ। ਗ਼ਰੀਬ ਲੋਕ ਮਹਿੰਗੀਆਂ ਵਸਤੂਆਂ ਹੀ ਨਹੀਂ ਸਗੋਂ ਮਹਿੰਗੇ ਨਸ਼ੇ ਵੀ ਕਰਨ ਲੱਗੇ ਹਨ ਜਿਸ ਨਾਲ ਉਹਨਾਂ ਦੇ ਖਰਚੇ ਬਹੁਤ ਵੱਧ ਗਏ ਹਨ। ਕੁਝ ਗ਼ਰੀਬ ਲੋਕ ਵੱਡੇ ਕਰਜ਼ੇ ਲੈਕੇ ਅਮੀਰ ਲੋਕਾਂ ਦੇ ਨਾਲ ਮੁਕਾਬਲਾ ਕਰਦੇ ਹਨ। ਕੁਝ ਗ਼ਰੀਬ ਲੋਕ ਤਾਂ ਦੂਜਿਆਂ ਕੋਲੋਂ ਪੈਸੈ ਉਧਾਰੇ ਲੈ ਕੇ ਵੀ ਆਪਣੇ ਝੂਠੇ ਸ਼ੌਂਕ ਪੂਰੇ ਕਰਦੇ ਹਨ। ਉਧਾਰ ਲਿਆ ਪੈਸਾ ਵਾਪਸ ਨਾ ਕਰਨ ਦੀ ਹਾਲਤ ਵਿੱਚ ਲੜਾਈ-ਝਗੜੇ ਜਾਂ ਖੁਦਕੁਸ਼ੀਆਂ ਤੱਕ ਵੀ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ ਕਈ ਵਾਰ ਪੂਰੇ ਪਰਿਵਾਰ ਤਬਾਹ ਹੋ ਜਾਂਦੇ ਹਨ। ਉਧਾਰ ਲੈਣ ਵਾਲੇ ਲੋਕਾਂ ਦੇ ਮਰ-ਮੁੱਕ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਹੋਰ ਜੀਆਂ ਨੂੰ ਵੀ ਕਈ ਤਰਾਂ ਦੇ ਸ਼ੌਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਇਹ ਹਾਲਤ ਪੈਦਾ ਨਾ ਹੋਵੇ ਕਿ ਗ਼ਰੀਬ ਲੋਕਾਂ ਨੂੰ ਅਮੀਰਾਂ ਦੀ ਨਕਲ ਕਰਕੇ ਖਰਚੇ ਕਰਨੇ ਬੰਦ ਕਰਨ ਦੀ ਲੋੜ ਹੈ। ਆਪਣੀ ਹੈਸੀਅਤ ਮੁਤਾਬਕ ਖਰਚਾ ਕੀਤਾ ਜਾਣਾ ਜ਼ਰੂਰੀ ਹੈ। ਉਹੀ ਚੀਜ਼ ਖਰੀਦੀ ਜਾਵੇ ਜਿਸ ਦਾ ਸਾਡੀ ਰੋਜ਼ਾਨਾ ਵਰਤੋਂ ਵਿੱਚ ਇਸਤੇਮਾਲ ਹੁੰਦਾ ਹੈ। ਮਹਿੰਗੇ ਕਪੜੇ, ਮੋਬਾਇਲ, ਕਾਰਾਂ, ਕੋਠੀਆਂ ਆਦਿ ਦੀ ਜ਼ਰੂਰਤ ਅਨੁਸਾਰ ਹੀ ਖਰੀਦਦਾਰੀ ਕੀਤੀ ਜਾਣੀ ਚਾਹੀਦੀ ਹੈ। ਹਮੇਸ਼ਾਂ ਆਪਣੇ ਤੋਂ ਉੱਚੇ ਨਹੀਂ ਸਗੋਂ ਆਪਣੇ ਤੋਂ ਨੀਵੇਂ ਲੋਕਾਂ ਵਲ ਦੇਖ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਵਿਦੇਸ਼ਾਂ ਵਿੱਚ ਵਸਦੇ ਲੋਕਾਂ ਨੇ ਵੀ ਇੱਥੋਂ ਦੇ ਗ਼ਰੀਬ ਨੌਜਵਾਨਾਂ ਨੂੰ ਪੈਸੇ ਨਾਲ ਭਰਮਾਇਆ ਹੋਇਆ ਹੈ। ਸਿਆਣੇ ਕਹਿੰਦੇ ਹਨ ਕਿ ਪੈਸਾ ਤਾਂ ਹੱਥਾਂ ਦੀ ਮੈਲ ਹੁੰਦੀ ਹੈ ਅਤੇ ਇਹ ਕਦੇ ਵੀ ਕਿਸੇ ਕੋਲ ਟਿੱਕ ਕੇ ਨਹੀਂ ਰਹਿੰਦਾ। ਪੈਸਾ ਕਮਾਉਣ ਲਈ ਤਾਂ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਅਮੀਰ ਮੁੰਡੇ-ਕੁੜੀਆਂ ਤਾਂ ਅਕਸਰ ਆਪਣੇ ਮਾਪਿਆਂ ਦੇ ਕਮਾਏ ਪੈਸੇ ਉੱਤੇ ਐਸ਼ ਕਰਦੇ ਹਨ। ਅਮੀਰ ਲੋਕਾਂ ਦੇ ਦਿਲ ਬਹੁਤ ਛੋਟੇ ਹੁੰਦੇ ਹਨ ਪਰ ਗ਼ਰੀਬ ਲੋਕਾਂ ਦੇ ਦਿਲ ਵੱਡੇ ਹੁੰਦੇ ਹਨ ਇਸ ਲਈ ਅਮੀਰ ਨਹੀਂ ਸਗੋਂ ਗ਼ਰੀਬ ਬਣ ਕੇ ਆਪਣੀ ਜ਼ਿੰਦਗੀ ਨੂੰ ਜੀਣਾ ਚਾਹੀਦਾ ਹੈ। ਆਪਣੇ ਪੈਸੇ ਨਾਲ ਕਿਸੇ ਗ਼ਰੀਬ ਅਤੇ ਜ਼ਰੂਰਤਮੰਦ ਦੀ ਮਦਦ ਕਰਨ ਨਾਲ ਕੋਈ ਗ਼ਰੀਬ ਇਨਸਾਨ ਤੁਹਾਨੂੰ ਦੁਆਵਾਂ ਦਿੰਦਾ ਹੈ ਅਤੇ ਤੁਸੀਂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦੇ ਹੋ। ਸਭ ਤੋਂ ਵੱਧ ਜ਼ਰੂਰੀ ਹੈ ਕਿ ਪੜ੍ਹਾਈ-ਲਿਖਾਈ ਨਾਲ ਹਰ ਇਨਸਾਨ ਉੱਚਾ ਉੱਠ ਸਕਦਾ ਹੈ। ਅਮੀਰ ਹੋਣਾ ਇੱਕ ਸੁਪਨੇ ਵਾਂਗ ਹੁੰਦਾ ਹੈ ਅਤੇ ਪੈਸਾ ਖਤਮ ਹੁੰਦੇ ਸਾਰ ਹੀ ਸੁਪਨਾ ਟੁੱਟ ਜਾਂਦਾ ਹੈ। ਸਾਨੂੰ ਦਿਖਾਵੇ ਦੀ ਜ਼ਿੰਦਗੀ ਜੀਣ ਦਾ ਕੋਈ ਵੀ ਲਾਭ ਨਹੀਂ ਹੁੰਦਾ। ਹੱਥੀ ਕਿਰਤ ਕਰਨ ਵਾਲੇ ਹਮੇਸ਼ਾਂ ਆਪਣੇ ਪਰਿਵਾਰ ਨੂੰ ਸੱਚੀਆਂ ਖੁਸ਼ੀਆਂ ਦੇ ਸਕਦੇ ਹੋ। ਜ਼ਿੰਦਗੀ ਵਿੱਚ ਪਰਿਵਾਰ ਦੀ ਸੁੱਖ-ਸ਼ਾਤੀ ਦੀ ਲੋੜ ਹੁੰਦੀ ਹੈ ਨਾ ਕਿ ਜ਼ਿਆਦਾ ਪੈਸੇ ਦੀ। ਪਰਿਵਾਰ ਨੂੰ ਸਮਾਂ ਦੇਣਾ ਕਿਸੇ ਇਨਸਾਨ ਦੀ ਸਭ ਤੋਂ ਵੱਡੀ ਅਮੀਰੀ ਹੈ। ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਨੇਕੀ ਅਤੇ ਇਮਾਨਦਾਰੀ ਦੀ ਕਮਾਈ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਅਮੀਰ ਵੀ ਕਦੇ ਗ਼ਰੀਬ ਸੀ ਇਹ ਸੋਚ ਕੇ ਉਹਨਾਂ ਦੀ ਨਕਲ ਨਾ ਕਰੋ ਅਤੇ ਆਪਣੇ ਘਰੇਲੂ ਖਰਚਿਆਂ ਨੂੰ ਕਾਬੂ ਵਿੱਚ ਰੱਖ ਕੇ ਹੀ ਪੈਸਾ ਖਰਚ ਕਰੋ।

– ਦਿਨੇਸ਼ ਦਮਾਥੀਆ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin