Articles

ਅਸਫਲਤਾ ਤੇ ਰੁਕਾਵਟ ਪ੍ਰਤੀ ਤੁਹਾਡਾ ਰਵੱਈਆ ਕਿਹੋ ਜਿਹਾ ਹੈ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਅੱਜ ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ‘ਚ ਅਕਸਰ ਇਹ ਵੇਖਣ ਨੂੰ ਮਿਲਦਾ ਹੈ ਕਿ ਮਨੁੱਖ ਆਪਣੀ ਹਾਰ ਜਾਂ ਅਸਫਲਤਾ ਤੋਂ ਬਹੁਤ ਪਰੇਸ਼ਾਨ ਰਹਿੰਦਾ ਹੈ। ਇਹ ਅਸਫਲਤਾ ਸਾਡੇ ਦਿਮਾਗ਼ੀ ਸੰਤੁਲਨ ‘ਤੇ ਨਿਰਭਰ ਕਰਦੀ ਹੈ। ਹਾਰ ਸਿਰਫ਼ ਮਾਨਸਿਕ ਸਥਿਤੀ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ। ਸਫਲਤਾ ਜਾਂ ਅਸਫਲਤਾ ‘ਚ ਫ਼ਰਕ ਇਸ ਗੱਲ ਦਾ ਹੁੰਦਾ ਹੈ ਕਿ ਅਸਫਲਤਾ ਤੇ ਰੁਕਾਵਟ ਪ੍ਰਤੀ ਤੁਹਾਡਾ ਰਵੱਈਆ ਕਿਹੋ ਜਿਹਾ ਹੈ। ਇਹ ਗੱਲ ਸੁਭਾਵਿਕ ਹੈ ਕਿ ਅਸੀਂ ਇਹ ਸੁਣਨਾ ਚਾਹੁੰਦੇ ਹਾਂ ਕਿ ਇਹ ਉਹੀ ਬੰਦਾ ਹੈ ਜਿਸ ਨੇ ਇੰਨਾ ਵੱਡਾ ਕੰਮ ਕੀਤਾ ਹੈ ਪਰ ਅਸੀਂ ਆਪਣੀ ਅਸਫਲਤਾ ਦਾ ਸਿਹਰਾ ਦੂਜੇ ‘ਤੇ ਮੜ੍ਹ ਦਿੰਦੇ ਹਾਂ। ਇਸ ਸੰਸਾਰ ‘ਚ ਮਨੁੱਖ ਤਾਂ ਹੀ ਡਿੱਗ ਸਕਦਾ ਹੈ, ਜੇ ਉਹ ਖ਼ੁਦ ਨੂੰ ਡਿੱਗਿਆ ਹੋਇਆ ਮਹਿਸੂਸ ਕਰੇ।

ਹਾਰ ਨੂੰ ਜਿੱਤ ‘ਚ ਬਦਲੋ
ਰਚਨਾਤਮਕ ਰੂਪ ਨਾਲ ਖ਼ੁਦ ਦੀ ਆਲੋਚਨਾ ਕਰੋ। ਮਹਾਨ ਅਲਬਰਟ ਹਬਾਰਡ ਨੇ ਇਕ ਵਾਰ ਕਿਹਾ ਸੀ,’ਅਸਫਲ ਆਦਮੀ ਉਹ ਹੁੰਦਾ ਹੈ, ਜਿਸ ਨੇ ਗ਼ਲਤੀਆਂ ਤਾਂ ਬਹੁਤ ਕੀਤੀਆਂ ਹਨ ਪਰ ਆਪਣੇ ਤਜਰਬਿਆਂ ਤੋਂ ਕੁਝ ਵੀ ਸਿੱਖ ਨਹੀਂ ਸਕਿਆ। ਅਸੀਂ ਆਪਣੀ ਹਾਰ ਲਈ ਅਕਸਰ ਕਿਸਮਤ ਨੂੰ ਦੋਸ਼ ਦਿੰਦੇ ਹਾਂ। ਹੱਥ ‘ਤੇ ਹੱਥ ਧਰ ਕੇ ਬੈਠਣ ਨਾਲ ਕੁਝ ਨਹੀਂ ਮਿਲਦਾ। ਇਸ ਤਰ੍ਹਾਂ ਚਿੰਤਾ ਕਰ ਕੇ ਅਸੀਂ ਆਪਣਾ ਸਮਾਂ ਤੇ ਸਿਹਤ ਦੋਵੇਂ ਖ਼ਰਾਬ ਕਰਦੇ ਹਾਂ। ਮੇਰੇ ਇਕ ਦੋਸਤ ਨੇ ਆਖਿਆ, ‘ਗ਼ਰੀਬ ਪੈਦਾ ਹੋਣਾ ਕਿਸਮਤ ਹੈ ਪਰ ਗ਼ਰੀਬੀ ‘ਚ ਮਰਨਾ ਕਿਸਮਤ ਨਹੀਂ।’ ਉਸ ਨੇ ਆਪਣੀ ਜ਼ਿੰਦਗੀ ‘ਚ ਦਸ ਸਾਲ ਬਹੁਤ ਮਿਹਨਤ ਕੀਤੀ ਤੇ ਅੱਜ ਗ਼ਰੀਬੀ ‘ਚੋਂ ਨਿਕਲ ਕੇ ਵਧੀਆ ਅਫ਼ਸਰ ਬਣ ਗਿਆ। ਇਸ ਲਈ ਉਦੋਂ ਤਕ ਸਖ਼ਤ ਮਿਹਨਤ ਕਰੋ, ਜਦੋਂ ਤਕ ਹਾਰ ਨੂੰ ਜਿੱਤ ‘ਚ ਨਹੀਂ ਬਦਲ ਦਿੰਦੇ। ਕਿਸਮਤ ਨੂੰ ਦੋਸ਼ ਦੇਣ ਨਾਲ ਕੋਈ ਬੰਦਾ ਉਸ ਮੰਜ਼ਿਲ ਤਕ ਨਹੀਂ ਪੁੱਜਿਆ, ਜੋ ਉਹ ਸਰ ਕਰਨੀ ਚਾਹੁੰਦਾ ਸੀ। ਕੋਈ ਵੀ ਸਮੱਸਿਆ ਉਦੋਂ ਤਕ ਪਹਾੜ ਵਰਗੀ ਲੱਗੇਗੀ, ਜਦੋਂ ਤਕ ਤੁਸੀਂ ਉਸ ਨੂੰ ਪਹਾੜ ਵਰਗਾ ਸਮਝੋਗੇ।
ਨਕਾਰਾਤਮਕ ਵਿਚਾਰਾਂ ਤੋਂ ਰਹੋ ਦੂਰ
ਨਕਾਰਾਤਮਕ ਊਰਜਾ ਨੂੰ ਸਕਾਰਾਤਮਕ ‘ਚ ਬਦਲੋ। ਇਸ ਨਾਲ ਸਮੱਸਿਆ ਦੇ ਹੱਲ ਖ਼ੁਦ ਹੋਣ ਲੱਗ ਜਾਣਗੇ। ਆਪਣੀਆਂ ਗ਼ਲਤੀਆਂ ਨੂੰ ਤਲਾਸ਼ੋ ਤੇ ਫਿਰ ਉਨ੍ਹਾਂ ਨੂੰ ਸੁਧਾਰੋ। ਕਿਸਮਤ ਨੂੰ ਦੋਸ਼ ਦੇਣਾ ਬੰਦ ਕਰ ਦਿਉ। ਹਰ ਸਥਿਤੀ ਦਾ ਇਕ ਚੰਗਾ ਪਹਿਲੂ ਹੁੰਦਾ ਹੈ, ਇਸ ਚੰਗੇ ਪਹਿਲੂ ਨੂੰ ਲੱਭੋ। ਨਕਾਰਾਤਮਕ ਊਰਜਾ ਪੈਦਾ ਕਰਨ ਵਾਲੇ ਲੋਕਾਂ ਤੋਂ ਦੂਰ ਰਹੋ।
ਆਪਣੇ ਆਪ ‘ਤੇ ਵਿਸ਼ਵਾਸ ਰੱਖੋ। ਜੇ ਤੁਸੀਂ ਖ਼ੁਦ ਨੂੰ ਡਿੱਗਿਆ ਹੋਇਆ ਮਹਿਸੂਸ ਕਰੋਗੇ ਤਾਂ ਲੋਕ ਤੁਹਾਨੂੰ ਹੋਰ ਹੇਠਾਂ ਸੁੱਟਣਗੇ। ਖ਼ੁਦ ਨਾਲ ਗੱਲਾਂ ਕਰੋ ਕਿਉਂਕਿ ਜ਼ਿੰਦਗੀ ਤੁਹਾਡੀ ਹੈ, ਲੋਕਾਂ ਦੀ ਨਹੀਂ। ਸਪੱਸ਼ਟ ਦ੍ਰਿਸ਼ਟੀ ਵਿਕਸਤ ਕਰੋ, ਸਾਰੀਆਂ ਚੀਜ਼ਾਂ ਤੁਹਾਡੇ ਲਈ ਚੰਗਾ ਕੰਮ ਕਰਨਗੀਆਂ। ਰਿਚਰਡ ਨਿਕਸਨ ਦੇ ਕਹੇ ਸ਼ਬਦ ਹਮੇਸ਼ਾਂ ਯਾਦ ਰੱਖੋ, ‘ਆਦਮੀ ਉਦੋਂ ਨਹੀਂ ਮਰਦਾ ਜਦੋਂ ਉਹ ਹਾਰ ਜਾਂਦਾ ਹੈ ਪਰ ਉਦੋਂ ਮਰਦਾ ਹੈ ਜਦੋਂ ਉਹ ਹਾਰ ਦੇ ਡਰ ਤੋਂ ਕੰਮ ਕਰਨਾ ਬੰਦ ਕਰ ਦਿੰਦਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin