Articles

ਆਪਸੀ ਸਾਂਝ ਨਾਲ ਨਵੇਂ ਸਮਾਜ ਦੀ ਸਿਰਜਣਾ ਜਰੂਰੀ

 ਲੇਖਕ: ਹਰਬੰਸ ਸਿੰਘ ਸੰਧੂ, ਰਿਟਾ. ਡੀ. ਪੀ. ਆਈ ਪੰਜਾਬ, ਮੈਲਬੌਰਨ

ਪਿਛਲੇ ਦਿਨੀਂ ਇੰਡੀਆ ਵਿਚ ਡਾਕਟਰ ਬੇਟੇ ਨਾਲ ਗੱਲ ਕਰਦੇ ਹੋਏ, ਉਸ ਨੂੰ ਕੁੱਝ ਨਵੀਆਂ ਤਾਜ਼ੀਆਂ ਸੁਣਾਉਣ ਲਈ ਕਿਹਾ। ਉਹ ਕਹਿਣ ਲੱਗਾ ਕਿ ਤੁਸੀਂ ਜਾਣਦੇ ਹੋ ਕਿ ਰਾਜਨੀਤੀ ਵਿਚ ਮੇਰੀ ਦਿਲਚਸਪੀ ਨਹੀਂ। ਇਧਰਲੀਆਂ ਉਧਰਲੀਆਂ ਮਾਰਨ ਦੀ ਮੈਨੂੰ ਆਦਤ ਨਹੀਂ। ਜਿਸ ਕਰਕੇ ਮੇਰੀਆਂ ਗੱਲਾਂ ਜਲਦੀ ਮੁੱਕ ਜਾਂਦੀਆਂ ਹਨ। ਬਾਅਦ ਵਿਚ ਮਨੁੱਖੀ ਸਾਂਝ ਦੇ ਵਿਸ਼ਿਆਂ ‘ਤੇ ਸੰਵੇਦਨਸ਼ੀਲ ਵਿਅਕਤੀਆਂ ਦੀ ਦਿਲਚਸਪੀ ਨਾ ਹੋਣ ਦੇ ਕਾਰਨਾਂ ਬਾਰੇ ਸੋਚਦਿਆਂ ਜਾਪਿਆ ਕਿ ਇਹਨਾਂ ਸਭ ਖੇਤਰਾਂ ਵਿਚ ਹਨੇਰਗਰਦੀ ਛਾਈ ਹੋਣ ਕਾਰਨ ਅਜਿਹਾ ਵਾਪਰਦਾ ਹੈ। ਸਵਾਰਥਾਂ ਦੀ ਅੰਨ੍ਹੀ ਦੌੜ ਵਿਚ ਦੌੜ ਰਹੇ ਮਨੁੱਖ ਨੂੰ ਕਰੋਨਾ ਵਾਇਰਸ ਨੇ ਰੋਕ ਕੇ ਕੁਝ ਵਾਚਣ ਦਾ ਮੌਕਾ ਦਿੱਤਾ ਹੈ। ਅਜਿਹੇ ਯਤਨ ਵਜੋਂ ਮੈਂ ਵਧੀਆ ਕਾਲਪਨਿਕ ਸੰਸਾਰ ਸਿਰਜਣ ਦੀ ਇਕ ਸੋਚ ਉਡਾਰੀ ਭਰੀ ਹੈ ਤਾਂ ਜੋ ਇਹ ਸੰਸਾਰ ਸਭ ਲਈ ਦਿਲਚਸਪੀ ਦਾ ਵਿਸ਼ਾ ਬਣ ਸਕੇ।
ਮਨੁੱਖੀ ਸਾਂਝ ਦੇ ਵਿਸ਼ਿਆਂ ਨੂੰ ਵਾਚਦੇ ਹੋਏ ਇਸ ਵਿਚ ਮੁੱਖ ਤੌਰ `ਤੇ ਖੁਦ ਮਨੁੱਖ, ਉਸ ਦਾ ਪ੍ਰਵਾਰ, ਸਮਾਜ, ਸਭਿਆਚਾਰ, ਮਨੁੱਖੀ ਸਿਹਤ, ਸਿੱਖਿਆ, ਰਾਜਨੀਤੀ, ਮੌਸਮ ਅਤੇ ਕੁਦਰਤ ਵਰਗੇ ਵਿਸ਼ੇ ਹਨ। ਮਨੁੱਖੀ ਸਿਹਤ ਇਹਨਾਂ ਵਿਚ ਬਹੁਤ ਮਹੱਤਵਪੂਰਨ ਵਿਸ਼ਾ ਹੈ। ਸਿਹਤ ਵਿਚ ਮਨੁੱਖ ਤੌਰ ‘ਤੇ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਆਉਂਦੀਆਂ ਹਨ। ਗਿਣਤੀ ਪੱਖੋਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਵਾਲੇ ਲੋਕਾਂ ਦੀ ਗਿਣਤੀ ਲਗਭਗ ਬਰਾਬਰ ਹੋਵੇਗੀ। ਸਿਹਤ ਖੇਤਰ ਵਿਚ ਬਿਮਾਰੀਆਂ ਤੇ ਖੋਜ ਮੁੱਖ ਤੌਰ `ਤੇ ਵਪਾਰ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਇਸ ਵਿਚ ਮਨੁੱਖੀ ਸੰਵੇਦਨਸ਼ੀਲਤਾ ਦਾ ਪੱਖ ਘੱਟ ਹੈ। ਵਿਸ਼ੇਸ਼ ਲੋੜ ਵਾਲੇ ਬੱਚਿਆਂ ਅਤੇ ਵੱਡਿਆਂ ਦੀ ਸਿਹਤ ਵੱਲ ਬਣਦਾ ਧਿਆਨ ਨਹੀਂ ਦਿੱਤਾ ਗਿਆ। ਸਰਕਾਰਾਂ ਨੇ ਹੁਣ ਤੱਕ ਜਿੰਨਾ ਖਰਚ ਹਥਿਆਰਾਂ ਦੀ ਮਾਰੂ ਦੌੜ ਲਈ ਕੀਤਾ ਹੈ, ਜੇਕਰ ਇਸ ਤੇ ਅੱਧਾ ਖਰਚਾ ਮਨੁੱਖੀ ਸਿਹਤ ਲਈ ਖੋਜਾਂ `ਤੇ ਕੀਤਾ ਹੁੰਦਾ ਤਾਂ ਮਨੁੱਖ ਆਸਾਨੀ ਨਾਲ ਕਰੋਨਾ ਵਰਗੀਆਂ ਆਫਤਾਂ `ਤੇ ਕਾਬੂ ਪਾ ਸਕਦਾ ਸੀ। ਸੰਸਾਰ ਪੱਧਰ ਤੇ ਵਿਗਿਆਨੀਆਂ ਨੂੰ ਉਹ ਸਟੇਟਸ ਅਤੇ ਸਹੂਲਤਾਂ ਨਹੀਂ ਮਿਲਦੀਆਂ ਜੋ ਸਿਆਸਤਦਾਨ ਮਾਣਦੇ ਹਨ। ਇਕ ਸਾਇੰਸਦਾਨ ਨੂੰ ਘੱਟੋ ਘੱਟ ਪ੍ਰਧਾਨ ਮੰਤਰੀ ਦੇ ਪੱਧਰ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਸਿਰਫ਼ ਤਾਂ ਹੀ ਸਭ ਤੋਂ ਜਾਹੀਨ ਲੋਕ ਖੋਜਾਂ ਲਈ ਇਨ੍ਹਾਂ ਵਿਸ਼ਿਆਂ ਦੀ ਚੋਣ ਕਰਨਗੇ। ਮਨੁੱਖੀ ਭਲਾਈ ਅਤੇ ਸਿਹਤ ਵਰਗੇ ਵਿਸ਼ਿਆਂ ਦੀ ਖੋਜ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਬਣਦੀ ਹੈ। ਚੰਗਾ ਸਮਾਜ ਸਿਰਜਣ ਲਈ ਸਿੱਖਿਆ ਦਾ ਵੱਡਾ ਰੋਲ ਹੈ। ਬੱਚਿਆਂ ਦੀ ਸਿੱਖਿਆ ਲਈ ਮਾਪੇ ਅਤੇ ਅਧਿਆਪਕ ਜ਼ਿੰਮੇਵਾਰ ਹੁੰਦੇ ਹਨ। ਬੱਚਿਆਂ ਨੂੰ ਚੰਗੀ ਸਮਾਜਿਕ ਅਤੇ ਨੈਤਿਕ ਸੇਧ ਧਾਰਮਿਕ, ਸਮਾਜਿਕ ਅਤੇ ਰਾਜਸੀ ਕਾਰਕੁੰਨਾਂ ਰਾਹੀਂ ਦਿੱਤੀ ਜਾ ਸਕਦੀ ਹੈ। ਸਾਰੇ ਸੰਸਾਰ ਵਿਚ ਬੱਚਿਆਂ ਨੂੰ ਸਕੂਲਾਂ-ਕਾਲਜਾਂ ਵਿਚ ਸਿੱਖਿਆ ਉਹਨਾਂ ਦੀ ਮਾਤ ਭਾਸ਼ਾ ਵਿਚ ਦੇਣੀ ਬਣਦੀ ਹੈ। ਹਰ ਬੱਚੇ ਨੂੰ ਰਾਸ਼ਟਰੀ ਅਤੇ ਇਕ ਅੰਤਰ ਰਾਸ਼ਟਰੀ ਭਾਸ਼ਾ ਦਾ ਗਿਆਨ ਕਰਾਇਆ ਜਾਣਾ ਚਾਹੀਦਾ ਹੈ। ਅੱਛੀ ਸਿੱਖਿਆ ਲਈ ਉਕਤ ਸ਼ਖਸੀਅਤਾਂ ਨੂੰ ਰੋਲ ਮਾਡਲ ਬਣਨਾ ਚਾਹੀਦਾ ਹੈ। ਸਮਾਜਿਕ ਵਿਚ ਫੈਲਿਆ ਭ੍ਰਿਸ਼ਟਾਚਾਰ ਅਤੇ ਸਮਾਜਿਕ ਬੁਰਾਈਆਂ ਲਈ ਲੋਕਾਂ ਤੋਂ ਪਹਿਲਾਂ ਅਧਿਆਪਕ, ਧਾਰਮਿਕ ਅਤੇ ਸਮਾਜਿਕ ਕਾਰਕੁੰਨ ਅਤੇ ਰਾਜਸੀ ਲੋਕ ਜ਼ਿੰਮੇਵਾਰ ਹਨ। ਵਧੀਆ ਸਮਾਜ ਸਿਰਜਣ ਲਈ ਉਕਤ ਸਾਰੀਆਂ ਧਿਰਾਂ ਦੀ ਬਰਾਬਰ ਜ਼ਿੰਮੇਵਾਰੀ ਹੈ। ਸਾਰਿਆਂ ਨੂੰ ਦੂਜਿਆਂ ਵਿਚ ਨੁਕਸ ਕੱਢਣ ਦੀ ਬਜਾਏ ਆਪਣੇ ਅੰਦਰ ਝਾਤ ਮਾਰਨੀ ਹੋਵੇਗੀ।
ਮਨੁੱਖੀ ਸਾਂਝ ਦਾ ਅਗਲਾ ਵਿਸ਼ਾ ਰਾਜਨੀਤੀ ਹੈ। ਇਕ ਦੇਸ਼ ਦੇ ਲੋਕਾਂ ਨੂੰ ਸਰਕਾਰ ਵੱਲੋਂ ਬਣਾਏ ਹੋਏ ਸੰਵਿਧਾਨ ਅਨੁਸਾਰ ਚਲਾਉਣਾ ਹੁੰਦਾ ਹੈ। ਜ਼ਰੂਰੀ ਹੈ ਸਰਕਾਰ ਵਿਚ ਹਰ ਧਰਮ, ਜਾਤ, ਨਸਲ ਅਤੇ ਫਿਰਕੇ ਨੂੰ ਉਸ ਦੀ ਆਬਾਦੀ ਅਨੁਸਾਰ ਪ੍ਰਤੀਨਿਧਤਾ ਦੇਣੀ ਬਣਦੀ ਹੈ। ਕੁਝ ਦੇਸ਼ਾਂ ਵਿਚ ਰਾਜਾਸ਼ਾਹੀ ਜਾਂ ਡਿਕਟੇਟਰਸ਼ਿਪ ਹੈ, ਜਿਸ ਨੂੰ ਸੰਸਾਰ ਪੱਧਰ `ਤੇ ਨਕਾਰ ਦੇਣਾ ਬਣਦਾ ਹੈ। ਜ਼ਿਆਦਾਤਰ ਦੇਸ਼ਾਂ ਵਿਚ ਲੋਕਤੰਤਰ ਹੈ। ਲੋਕਤੰਤਰ ਦਾ ਮਾੜਾ ਪੱਖ ਇਹ ਹੈ ਕਿ 51 ਫੀਸਦੀ ਵੋਟਾਂ ਪ੍ਰਾਪਤ ਕਰਨ ਵਾਲਾ ਰਾਜ ਕਰਦਾ ਹੈ ਅਤੇ 49 ਫੀਸਦੀ ਵੋਟਾਂ ਪ੍ਰਾਪਤ ਕਰਨ ਵਾਲੀਆਂ ਪਾਰਟੀਆਂ ਦੀ ਰਾਜ ਪ੍ਰਬੰਧ ਚਲਾਉਣ ਵਿਚ ਕੋਈ ਵੁੱਕਤ ਨਹੀਂ ਹੁੰਦੀ। ਪਾਵਰ ਦੀ ਵੰਡ ਅਨੁਪਾਤਕ ਲੋਕਮਤ ਅਨੁਸਾਰ ਹੋਣੀ ਚਾਹੀਦੀ ਹੈ। ਸਰਕਾਰ ਸਿਰਫ਼ ਵੋਟਾਂ ਰਾਹੀਂ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਨਹੀਂ ਬਣਨੀ ਚਾਹੀਦੀ। ਇਸ ਵਿਚ ਵੱਖ-ਵੱਖ ਧਰਮਾਂ, ਨਸਲਾਂ, ਜਾਤਾਂ ਅਤੇ ਫਿਰਕਿਆਂ ਦੀ ਆਬਾਦੀ ਅਨੁਸਾਰ ਨਾਮਜ਼ਦਗੀ ਰਾਹੀਂ ਨੁਮਾਇੰਦੇ ਵੀ ਹੋਣੇ ਚਾਹੀਦੇ ਹਨ। ਸੰਯੁਕਤ ਰਾਸ਼ਟਰ ਨੂੰ ਸਭ ਤੋਂ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਵੀਟੋ ਪਾਵਰ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਸ ਦੀ ਜਨਰਲ ਅਸੰਬਲੀ ਕੋਲ ਸੁਪਰੀਮ ਪਾਵਰਜ਼ ਹੋਣੀਆਂ ਚਾਹੀਦੀਆਂ ਹਨ। ਇਸ ਵਿਚ ਸਾਰੇ ਰਾਸ਼ਟਰਾਂ ਦੇ ਨਾਲ-ਨਾਲ ਵੱਖ-ਵੱਖ ਧਰਮਾਂ ਅਤੇ ਫਿਰਕਿਆਂ ਦੇ ਲੋਕਾਂ ਦੀ ਆਬਾਦੀ ਅਨੁਸਾਰ ਨਾਮਜ਼ਦਗੀ ਕਰਕੇ ਪ੍ਰਤੀਨਿਧਤਾ ਦਿੱਤੀ ਜਾਣੀ ਚਾਹੀਦੀ ਹੈ। ਸਾਰੇ ਰਾਸ਼ਟਰਾਂ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੰਬਲੀ ਦੇ ਮਤਿਆਂ ਨੂੰ ਮੰਨਣ ਲਈ ਪਾਬੰਦ ਕੀਤਾ ਜਾਣਾ ਬਣਦਾ ਹੈ। ਇਸ ਤਰ੍ਹਾਂ ਦੀਆਂ ਅਸੰਬਲੀਆਂ ਰਾਸ਼ਟਰ, ਰਾਜ, ਜ਼ਿਲ੍ਹਾ ਅਤੇ ਪਿੰਡ ਪੱਧਰ ਤੇ ਬਣਨੀਆਂ ਚਾਹੀਦੀਆਂ ਹਨ। ਇਹਨਾਂ ਅਸੰਬਲੀਆਂ ਨੂੰ ਲੋਕ ਖਿੜੇ ਮੱਥੇ ਮੰਨਣਗੇ ਕਿਉਂਕਿ ਇਸ ਵਿਚ ਉਹਨਾਂ ਦੀ ਨੁਮਾਇੰਦਗੀ ਲਈ ਗਈ ਹੋਵੇਗੀ।
ਸਭਿਆਚਾਰ ਮਨੁੱਖੀ ਸਾਂਝ ਦਾ ਅਗਲਾ ਸਰੋਤ ਹੈ। ਅਸੀਂ ਵਿਸ਼ੇਸ਼ ਰਸਮਾਂ, ਰਿਵਾਜ਼ਾਂ ਅਤੇ ਰਵਾਇਤਾਂ ਵਿਚ ਬੱਝੇ ਹੋਏ ਆਪਣੀ ਸਮਾਜਿਕ ਅਤੇ ਪਰਿਵਾਰਕ ਜੀਵਨ ਬਸਰ ਕਰਦੇ ਹਾਂ। ਸਮਾਜ ਵਿਚ ਰਹਿੰਦੇ ਹੋਏ ਸਾਨੂੰ ਦੂਸਰਿਆਂ ਦੇ ਧਰਮ ਅਤੇ ਸਭਿਆਚਾਰ ਦੀ ਕਦਰ ਕਰਨੀ ਬਣਦੀ ਹੈ। ਆਪਣੀ ਆਜ਼ਾਦੀ ਮਾਣਦੇ ਹੋਏ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀ ਆਜ਼ਾਦੀ ਉਥੇ ਖਤਮ ਹੋ ਜਾਂਦੀ ਹੈ, ਜਿੱਥੇ ਦੂਜੇ ਦੀ ਆਜ਼ਾਦੀ ਸ਼ੁਰੂ ਹੁੰਦੀ ਹੈ। ਮੌਸਮ ਵੀ ਮਨੁੱਖੀ ਸਾਂਝ ਦਾ ਇਕ ਮੁੱਦਾ ਹੈ। ਪੂਰੀ ਧਰਤੀ ਤੇ ਇਕੋ ਸਮੇਂ ਕੁਝ ਲੋਕ ਗਰਮੀ ਦੇ ਮੌਸਮ ਨੂੰ ਮਾਣ ਰਹੇ ਹੁੰਦੇ ਹਨ, ਜਦੋਂ ਕਿ ਉਸੇ ਸਮੇਂ ਧਰਤੀ ਦੇ ਦੂਸਰੇ ਪਾਸੇ ਲੋਕ ਸਰਦੀਆਂ ਬਿਤਾਅ ਰਹੇ ਹੁੰਦੇ ਹਨ। ਧਰਤੀ ਦੇ ਕੁਝ ਭਾਗਾਂ ‘ਤੇ ਵਰਖਾ ਹੋ ਰਹੀ ਹੁੰਦੀ ਹੈ, ਜਦੋਂ ਕਿ ਦੂਸਰੇ ਪਾਸੇ ਬਸੰਤ ਰੁੱਤ ਚੱਲ ਰਹੀ ਹੁੰਦੀ ਹੈ। ਇਕੋ ਮੌਸਮ ਵਿਚ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਇਕ ਖਾਸ ਢੰਗ ਅਨੁਸਾਰ ਢਲਣਾ ਪੈਂਦਾ ਹੈ। ਵੱਖ-ਵੱਖ ਲੋਕਾਂ ਨੂੰ ਮੌਸਮ ਅਨੁਸਾਰ ਕੁਝ ਖਾਸ ਜੀਵਨ ਹਾਲਤਾਂ ਨੂੰ ਅਪਣਾਉਣਾ ਪੈਂਦਾ ਹੈ। ਸਾਰੇ ਲੋਕਾਂ ਨੂੰ ਵੱਖ-ਵੱਖ ਮੌਸਮਾਂ ਦੀ ਕਦਰ ਕਰਦੇ ਹੋਏ ਆਪਣੇ ਜੀਵਨ ਨੂੰ ਮੌਸਮ ਅਨੁਸਾਰ ਢਾਲਣਾ ਬਣਦਾ ਹੈ। ਇਹਨਾਂ ਮੌਸਮਾਂ ਵਿਚ ਜੀਵਨ ਨੂੰ ਸੁਖਮਈ ਬਣਾਉਣ ਲਈ ਬਨਾਵਟੀ ਢੰਗ ਤਰੀਕਿਆਂ ਤੋਂ ਗੁਰੇਜ਼ ਕਰਨਾ ਬਣਦਾ ਹੈ।
ਕੁਦਰਤ ਮਨੁੱਖੀ ਸਾਂਝ ਦਾ ਮੁੱਖ ਮੁੱਦਾ ਹੈ। ਸਾਨੂੰ ਕੁਦਰਤ ਦੀ ਕਦਰ ਕਰਦੇ ਹੋਏ ਜੀਵਨ ਬਤੀਤ ਕਰਨਾ ਬਣਦਾ ਹੈ। ਸਵਾਰਥ ਦੀ ਅੰਨ੍ਹੀ ਦੌੜ ਦੌੜਦੇ ਹੋਏ ਮਨੁੱਖ ਨੇ ਕੁਦਰਤ ਨਾਲ ਵੱਡੇ ਪੱਧਰ ‘ਤੇ ਖਿਲਵਾੜ ਕੀਤਾ ਹੈ। ਉਸ ਨੇ ਆਪਣੀਆਂ ਲੋੜਾਂ ਲਈ ਜੰਗਲ ਨਸ਼ਟ ਕਰ ਦਿੱਤੇ ਹਨ। ਜੰਗਲ ਵਿਚ ਰਹਿਣ ਵਾਲੇ ਜੀਵ ਜੰਤੂਆਂ ਬਾਰੇ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ, ਜਿਸ ਕਾਰਨ ਅਨੇਕਾਂ ਜੀਵ ਧਰਤੀ ਤੋਂ ਖਤਮ ਹੋ ਗਏ ਹਨ। ਅਸੀਂ ਵਾਯੂਮੰਡਲ ਪਾਣੀ ਅਤੇ ਮਿੱਟੀ ਨੂੰ ਬਰਬਾਦ ਕੀਤਾ ਹੈ। ਅੱਜ ਮਨੁੱਖ ਅਤੇ ਦੂਜੇ ਜੀਵਾਂ ਕੋਲ ਪੀਣ ਲਈ ਸ਼ੁੱਧ ਪਾਣੀ ਨਹੀਂ, ਸਾਹ ਲੈਣ ਲਈ ਸ਼ੁੱਧ ਹਵਾ ਨਹੀਂ ਅਤੇ ਖਾਣ ਲਈ ਸ਼ੁੱਧ ਖੁਰਾਕ ਨਹੀਂ। ਇਸ ਹਾਲਤ ਵਿਚ ਰਹਿੰਦਾ ਹੋਇਆ ਮਨੁੱਖ ਅਤੇ ਦੂਸਰੇ ਜੀਵ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਏ ਹਨ। ਮਨੁੱਖ ਵੱਲੋਂ ਕੀਤੀ ਗਈ ਕਮਾਈ ਬਿਮਾਰੀਆਂ ਦੇ ਇਲਾਜ ਤੇ ਖਰਚ ਹੋ ਰਹੀ ਹੈ। ਆਖਿਰ ਕੁਦਰਤ ਨੇ ਆਪਣਾ ਰੰਗ ਦਿਖਾਉਂਦੇ ਹੋਏ ਸਾਨੂੰ ਕਰੋਨਾ ਵਰਗੇ ਭਿਆਨਕ ਦੈਂਤਾਂ ਦਾ ਸ਼ਿਕਾਰ ਬਣਾਇਆ ਹੈ। ਅਸੀਂ ਸਾਰੇ ਕੁਦਰਤ ਨੂੰ ਪਿਆਰ ਕਰੀਏ। ਕੋਈ ਵੀ ਅਜਿਹਾ ਕਾਰਨਾਮਾ ਨਾ ਕਰੀਏ ਜਿਸ ਨਾਲ ਕੁਦਰਤੀ ਸੰਤੁਲਨ ਵਿਗੜਦਾ ਹੋਵੇ। ਮਨੁੱਖ ਨੂੰ ਹਰ ਸਾਲ ਕੁਦਰਤੀ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਇਕ ਹਫਤਾ ਚੱਲ ਰਹੇ ਮੌਜੂਦਾ ਲਾਕਡਾਊਨ ਦੀ ਤਰ੍ਹਾਂ ਸੰਸਾਰ ਪੱਧਰ ਤੇ ਲਾਕਡਾਊਨ ਹਫਤਾ ਮਨਾਉਣਾ ਚਾਹੀਦਾ ਹੈ। ਇਸ ਨਾਲ ਵਿਗੜ ਚੁੱਕੇ ਵਾਤਾਵਰਣ ਵਿਚ ਚੰਗਾ ਸੁਧਾਰ ਹੋਵੇਗਾ। ਜੇਕਰ ਅਸੀਂ ਕੁਦਰਤ ਦਾ ਖਿਆਲ ਰੱਖਾਂਗੇ ਤਾਂ ਕੁਦਰਤ ਸਾਨੂੰ ਆਪਣੇ ਖਜ਼ਾਨਿਆਂ ਵਿਚੋਂ ਬੇਅੰਤ ਬਰਕਤਾਂ ਬਖਸ਼ਦੀ ਰਹੇਗੀ। ਕੁਦਰਤੀ ਸਾਧਨਾਂ ਦੀ ਸੁਯੋਗ ਵੰਡ ਮਨੁੱਖਤਾ ਵਿਚ ਪਿਆਰ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰੇਗੀ। ਕੁਦਰਤੀ ਸਾਧਨਾਂ ਦੀ ਕਾਣੀ ਵੰਡ ਮਨੁੱਖ ਵਿਚ ਨਫ਼ਰਤ ਅਤੇ ਫਿਰਕੂਪੁਣਾ ਪੈਦਾ ਕਰੇਗੀ, ਜਿਸ ਨਾਲ ਸਮਾਜ ਸਦਾ ਖੁਰਦਾ ਰਹੇਗਾ। ਪੰਜੇ ਉਂਗਲਾਂ ਕਦੀ ਬਰਾਬਰ ਨਹੀਂ ਹੋ ਸਕਦੀਆਂ। ਯੋਗਤਾ ਅਤੇ ਲੋੜਾਂ ਅਨੁਸਾਰ ਸਾਧਨਾਂ ਦੀ ਵੰਡ ਨਾਲ ਹੀ ਸਮਾਜ ਵਿਚ ਪਿਆਰ ਭਾਵਨਾ ਦਾ ਸੋਮਾ ਪੈਦਾ ਕੀਤਾ ਜਾ ਸਕਦਾ ਹੈ ਜੋ ਅੰਤ ਵਿਚ ਸੰਸਾਰ ਪੱਧਰ `ਤੇ ਵਿਕਾਸ ਲਈ ਲਾਹੇਵੰਦ ਹੋਵੇਗਾ। ਕੁੱਝ ਖਾਸ ਲਈ ਕੁਦਰਤੀ ਸੋਮਿਆਂ ਨੂੰ ਲੁੱਟਣ ਦੀ ਪ੍ਰਕਿਰਿਆ ਮਨੁੱਖ ਲਈ ਆਤਮਘਾਤੀ ਸਾਬਤ ਹੋਵੇਗੀ।
ਜੇਕਰ ਅਸੀਂ ਉਕਤ ਅਨੁਸਾਰ ਮੁੱਢਲਾ ਢਾਂਚਾ ਖੜ੍ਹਾ ਕਰ ਲਿਆ ਤਾਂ ਮਨੁੱਖ ਕਈ ਹੋਰ ਢੰਗ ਨਾਲ ਆਪਸੀ ਸਾਂਝ ਬਣਾ ਕੇ ਕਾਰਜਸ਼ੀਲ ਸਮਾਜ ਸਿਰਜ ਲਵੇਗਾ। ਕਰੋਨਾ ਮਹਾਂਮਾਰੀ ਨੂੰ ਮਨੁੱਖ ਲਈ ਚਿਤਾਵਨੀ ਸਮਝਦੇ ਹੋਏ ਸਾਨੂੰ ਨਵੇਂ ਸਿਰੇ ਤੋਂ ਨਵਾਂ ਸਮਾਜ ਸਿਰਜਣਾ ਹੋਵੇਗਾ। ਇਸ ਤਰ੍ਹਾਂ ਸਿਰਜੇ ਸਮਾਜ ਵਿਚ ਰਹਿ ਕੇ ਹੀ ਮਨੁੱਖ, ਮਨੁੱਖੀ ਭਲਾਈ ਲਈ ਕਾਰਜਸ਼ੀਲ ਹੋ ਸਕੇਗਾ। ਜੇਕਰ ਅਜੇ ਵੀ ਅਸੀਂ ਕੋਈ ਸਬਕ ਨਾ ਲਿਆ ਤਾਂ ਹੋ ਸਕਦਾ ਹੈ ਆਉਣ ਵਾਲਾ ਸਮਾਂ ਮਨੁੱਖ ਲਈ ਇਸ ਤੋਂ ਵੀ ਵੱਡੀਆਂ ਅਲਾਮਤਾਂ ਲੈ ਆਵੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin