Australia

ਆਸਟ੍ਰੇਲੀਅਨ ਫੈਡਰਲ ਚੋਣਾਂ 2022 ‘ਚ ਕਿਸੇ ਪਾਰਟੀ ਨੂੰ ਵੀ ਸਪੱਸ਼ਟ ਬਹੁਮਤ ਹਾਸਿਲ ਨਾ ਹੋਇਆ !

ਮੈਲਬੌਰਨ – ਆਸਟ੍ਰੇਲੀਆ ਦੇ ਵਿੱਚ ਕੱਲ੍ਹ 21 ਮਈ ਨੂੰ ਫੈਡਰਲ ਚੋਣਾਂ ਦੇ ਲਈ ਪਈਆਂ ਵੋਟਾਂ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਿਲਆ ਹੈ। ਕੱਲ੍ਹ ਵੋਟਾਂ ਪੈਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਤੇ ਹੁਣ ਤੱਕ ਦੀ ਹੋਈ ਗਿਣਤੀ ਦੇ ਵਿੱਚ ਲੇਬਰ ਪਾਰਟੀ ਨੂੰ 71, ਲਿਬਰਲ ਗਠਜੋੜ ਨੂੰ 52, ਗਰੀਨ ਪਾਰਟੀ ਨੂੰ 3 ਅਤੇ ਆਜਾਦ ਉਮੀਦਵਾਰਾਂ ਨੂੰ 12 ਸੀਟਾਂ ਮਿਲੀਆਂ ਹਨ। ਬਹੁਤ ਘੱਟ ਅੰਤਰ ਵਾਲੇ ਚੋਣ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ ਅਤੇ 3 ਜੂਨ ਨੂੰ ਪੋਸਟਲ ਵੋਟਾਂ ਮਿਲਣ ਦੇ ਆਖਰੀ ਦਿਨ ਵੋਟਾਂ ਦੀ ਗਿਣਤੀ ਮੁਕੰਮਲ ਹੋ ਜਾਵੇਗੀ।

ਆਸਟ੍ਰੇਲੀਅਨ ਫੈਡਰਲ ਸੀਟਾਂ ਦੀਆਂ ਕੁੱਲ 151 ਸੀਟਾਂ ਵਿੱਚੋਂ ਕਿਸੇ ਵੀ ਪਾਰਟੀ ਦੇ ਲਈ ਸਰਕਾਰ ਬਨਾਉਣ ਵਾਸਤੇ ਲੋੜੀਂਦਾ 76 ਸੀਟਾਂ ਦਾ ਬਹੁਮਤ ਜਰੂਰੀ ਹੈ ਪਰ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਹਾਸਲ ਨਹੀਂ ਹੋ ਸਕਿਆ ਹੈ। ਇਹਨਾਂ ਚੋਣਾਂ ਦੇ ਵਿੱਚ ਸਭ ਤੋਂ ਜਿਆਦਾ ਸੀਟਾਂ ਜਿੱਤਣ ਵਾਲੀ ਲੇਬਰ ਪਾਰਟੀ ਦੇ ਵਲੋਂ ਆਪਣੀ ਸਹਿਯੋਗੀ ਗਰੀਨ ਪਾਰਟੀ ਅਤੇ ਕੁੱਝ ਆਜ਼ਾਦ ਸੰਸਦ ਮੈਂਬਰਾਂ ਦੀ ਮੱਦਦ ਨਾਲ ਸਰਕਾਰ ਬਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਲੇਬਰ ਨੇਤਾ ਐਂਥਨੀ ਐਲਬਨੀਜ਼ੀ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣਗੇ ਅਤੇ ਉਹਨਾਂ ਦੀ ਅਗਵਾਈ ਹੇਠ ਨਵੀਂ ਸਰਕਾਰ ਦਾ ਗਠਨ ਹੋਵੇਗਾ।

ਇਸ ਵਾਰ ਦੀਆਂ ਫੈਡਰਲ ਚੋਣਾਂ ਦੇ ਵਿੱਚ 1624 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਿੱਤਰੇ ਹੋਏ ਸਨ। ਇਹਨਾਂ ਵਿੱਚੋਂ 1203 ਉਮੀਦਵਾਰਾਂ ਨੇ ਹਾਊਸ ਆਫ਼ ਰੀਪਰਜੈਂਟੇਟਿਵ ਦੇ ਲਈ ਜਦਕਿ 421 ਉਮੀਦਵਾਰਾਂ ਨੇ ਸੈਨੇਟ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਕੀਤੀ।

ਇਸ ਵਾਰ ਦੀਆਂ ਚੋਣਾਂ ਦੇ ਵਿੱਚ ਡੇਢ ਦਰਜਨ ਦੇ ਕਰੀਬ ਭਾਰਤੀ ਮੂਲ ਦੇ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਸਨ ਪਰ ਕਿਸੇ ਵੀ ਭਾਰਤੀ ਮੂਲ ਦੇ ਉਮੀਦਵਾਰ ਨੂੰ ਜਿੱਤ ਹਾਸਲ ਨਹੀਂ ਹੋ ਸਕੀ।

ਵਰਨਣਯੋਗ ਹੈ ਕਿ ਪਿਛਲੀਆਂ ਚੋਣਾਂ ਦੇ ਵਿੱਚ ਪਹਿਲੀ ਵਾਰ ਨਿਊ ਸਾਊਥ ਵੇਲਜ਼ ਦੀ ਵੈਂਟਵਰਥ ਤੋਂ ਲਿਬਰਲ ਪਾਰਟੀ ਦੀ ਸੀਟ ਤੋਂ ਚੋਣ ਜਿੱਤ ਕੇ ਪਾਰਲੀਮੈਂਟ ਪੁੱਜੇ ਭਾਰਤੀ ਮੂਲ ਦੇ ਇੱਕੋ-ਇੱਕ ਉਮੀਦਵਾਰ ਦੇਵ ਸ਼ਰਮਾ ਵੀ ਆਪਣੀ ਸੀਟ ਨੂੰ ਬਰਕਰਾਰ ਰੱਖਣ ਦੇ ਵਿੱਚ ਨਾਕਾਮਯਾਬ ਰਹੇ ਹਨ।

ਇਸ ਵਾਰ ਹੋਈਆਂ ਫੈਡਰਲ ਚੋਣਾਂ ਦੇ ਲਈ 17 ਮਿਲੀਅਨ 7 ਲੱਖ 93 ਹਜ਼ਾਰ 140 ਆਸਟ੍ਰੇਲੀਅਨ ਵੋਟ ਪਾਉਣ ਦੇ ਯੋਗ ਸਨ ਪਰ 5 ਲੱਖ 64 ਹਜ਼ਾਰ 240 ਯੋਗ ਵੋਟਰਾਂ ਦੇ ਵਲੋਂ ਵੋਟਾਂ ਪਾਉਣ ਸਬੰਧੀ ਕੋਈ ਦਿਲਚਸਪੀ ਨਹੀਂ ਦਿਖਾਈ ਗਈ। ਪਿਛਲੀ ਵਾਰ 16 ਮਿਲੀਅਨ 4 ਲੱਖ 19 ਹਜ਼ਾਰ 543 ਯੋਗ ਵੋਟਰ ਸਨ ਪਰ ਉਹਨਾਂ ਦੇ ਵਿੱਚੋਂ 15 ਮਿਲੀਅਨ 88 ਹਜ਼ਾਰ 616 ਵੋਟਰਾਂ ਵਲੋਂ ਹੀ ਵੋਟ ਪਾਈ ਗਈ ਜਦਕਿ 8 ਲੱਖ 35 ਹਜ਼ਾਰ 223 ਵੋਟਾਂ ਰੱਦ ਹੋ ਗਈਆਂ ਸਨ। ਇਸ ਵਾਰ ਦੀਆਂ ਚੋਣਾਂ ਨੂੰ ਨੇਪਰੇ ਚਾੜ੍ਹਨ ਦੇ ਲਈ 7,000 ਤੋਂ ਵੱਧ ਚੋਣ ਕੇਂਦਰ ਸਥਾਪਿਤ ਕੀਤੇ ਗਏ ਸਨ। ਇਸ ਵਾਰ ਦੀਆਂ ਚੋਣਾਂ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਇਹਨਾਂ ਚੋਣਾਂ ਦੇ ਵਿੱਚ 74 ਹਜ਼ਾਰ 255 ਕੋਵਿਡ-19 ਤੋਂ ਪਾਜ਼ੇਟਿਵ ਵੋਟਰਾਂ ਵਲੋਂ ਫੋਨ ਰਾਹੀਂ ਆਪਣੀ ਵੋਟ ਪਾਈ ਗਈ।

ਵਰਨਣਯੋਗ ਹੈ ਕਿ ਆਸਟ੍ਰੇਲੀਅਨ ਪਾਰਲੀਮੈਂਟ ਦੇ ਦੋ ਸਦਨ ਹਨ ਜਿਹਨਾਂ ਨੂੰ ਹਾਊਸ ਆਫ ਰੀਪ੍ਰੀਜੈਂਟੇਟਿਵ (ਹੇਠਲਾ ਸਦਨ) ਅਤੇ ਸੈਨੇਟ (ਉਪਰਲਾ ਸਦਨ) ਕਿਹਾ ਜਾਂਦਾ ਹੈ। ਹਾਊਸ ਆਫ ਰੀਪ੍ਰੀਜੈਂਟੇਟਿਵ ਦੀਆਂ ਕੁੱਲ 151 ਸੀਟਾਂ ਹਨ, ਜਦਕਿ ਸੈਨੇਟ ਦੀਆਂ 76 ਸੀਟਾਂ ਹਨ। ਆਸਟ੍ਰੇਲੀਆ ਦੇ ਕੁੱਲ 6 ਸੂਬੇ ਅਤੇ 2 ਯੂਨੀਅਨ ਟੈਰੀਟਰੀਜ਼ (ਕੇਂਦਰ ਸ਼ਾਸਤ ਪ੍ਰਦੇਸ਼) ਹਨ। ਹਰ ਇਕ ਸੂਬੇ ਤੋਂ 12 ਸੈਨੇਟਰ ਚੁਣੇ ਜਾਂਦੇ ਹਨ ਅਤੇ ਹਰੇਕ ਯੂਨੀਅਨ ਟੈਰੀਟਰੀ ਤੋਂ 2 ਸੈਨੇਟਰ ਚੁਣੇ ਜਾਂਦੇ ਹਨ। ਆਬਾਦੀ ਦੇ ਹਿਸਾਬ ਨਾਲ ਹਾਊਸ ਆਫ਼ ਰੀਪ੍ਰੀਜੈਂਟੇਟਿਵ ਲਈ ਸੰਸਦ ਮੈਂਬਰਾਂ ਦੀ ਗਿਣਤੀ ਘਟਦੀ-ਵਧਦੀ ਰਹਿੰਦੀ ਹੈ। ਇਸ ਵਾਰ ਵਿਕਟੋਰੀਆ ਲਈ ਹਾਊਸ ਆਫ ਰੀਪ੍ਰੀਜੈਂਟੇਟਿਵ ਦੀ ਇਕ ਸੀਟ ਵੱਧ ਗਈ ਹੈ ਜਦਕਿ ਸਾਊਥ ਆਸਟ੍ਰੇਲੀਆ ਦੀ ਇਕ ਸੀਟ ਘੱਟ ਹੋ ਗਈ ਹੈ। ਇਸ ਵੇਲੇ ਨਿਊ ਸਾਊਥ ਵੇਲਜ਼ ਸੂਬੇ ਤੋਂ 47, ਵਿਕਟੋਰੀਆ ਤੋਂ 38, ਕੁਈਨਜ਼ਲੈਂਡ ਤੋਂ 30, ਵੈਸਟਰਨ ਆਸਟ੍ਰੇਲੀਆ ਤੋਂ 16, ਸਾਊਥ ਆਸਟ੍ਰੇਲੀਆ ਤੋਂ 10, ਤਸਮਾਨੀਆ ਤੋਂ 5, ਕੈਨਬਰਾ ਤੋਂ 3 ਅਤੇ ਨਾਰਦਰਨ ਟੈਰੀਟਰੀ ਤੋਂ 2 ਸੀਟਾਂ ਹਾਊਸ ਆਫ਼ ਰੀਪ੍ਰੀਜੈਂਟੇਟਿਵ ਲਈ ਹਨ। ਪਿਛਲੀ ਵਾਰ ਲਿਬਰਲ-ਨੈਸ਼ਨਲ ਗਠਜੋੜ ਨੂੰ 77 (ਲਿਬਰਲ-44 – ਲਿਬਰਲ ਨੈਸ਼ਨਲ ਕੁਈਨਜ਼ਲੈਂਡ-23 ਅਤੇ ਨੈਸ਼ਨਲ-10), ਲੇਬਰ ਪਾਰਟੀ ਨੂੰ 68, ਗਰੀਨਜ਼ ਨੂੰ 1, ਕੈਟਰਜ਼ ਆਸਟ੍ਰੇਲੀਅਨ ਨੂੰ 1, ਸੈਂਟਰ ਅਲਾਇੰਸ ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ ਸਨ।

Related posts

ਨਿਊਜ਼ੀਲੈਂਡ ’ਚ ਘੱਟੋ-ਘੱਟ ਉਜਰਤ ਅਪ੍ਰੈਲ ਤੋਂ ਹੋ ਜਾਵੇਗੀ 14 ਡਾਲਰ ਪ੍ਰਤੀ ਘੰਟਾ

editor

ਨਿਊਜ਼ੀਲੈਂਡ ’ਚ ਸਿੱਖ ਦੀ ਲਾਸ਼ ਮਿਲੀ, ਗਲ ਵੱਢ ਕੇ ਕਤਲ ਕਰਨ ਦਾ ਖਦਸ਼ਾ

editor

ਆਸਟ੍ਰੇਲੀਆ ਗਏ ਭਾਰਤੀ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, 11 ਮਹੀਨੇ ਦੇ ਮਾਸੂਮ ਦੀ ਦਰਦਨਾਕ ਮੌਤ

editor