Punjab

ਇਨਸਾਨੀਅਤ ਅਤੇ ਸਰਬ ਧਰਮ ਸਾਂਝ ਦਾ ਤੀਰਥ ਬਣ ਚੁੱਕੈ “ਕਿਸਾਨ ਅੰਦੋਲਨ”

ਮਲੇਰਕੋਟਲਾ, (ਅਬੂ ਅਨਸ) – ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਸਿੰਘੂ, ਟਿਕਰੀ, ਗਾਜ਼ੀਪੁਰ ਆਦਿ ਬਾਰਡਰਾਂ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਕਿਸਾਨ ਪਿਛਲੇ 10 ਮਹੀਨੇ ਤੋਂ ਧਰਨੇ ਲਗਾ ਕੇ ਬੈਠੇ ਹਨ । ਕਿਸਾਨ ਅੰਦੋਲਨ ਦੀ ਇਹ ਵਿਸ਼ੇਸਤਾ ਹੈ ਕਿ ਜਿੱਥੇ ਇਹ ਵਿਸ਼ਵ ਵਿਆਪੀ ਬਣ ਚੁੱਕਾ ਹੈ ਉਥੇ ਹੀ ਆਮ ਲੋਕਾਂ ਲਈ ਸ਼ਰਧਾ ਦਾ ਕੇਂਦਰ ਬਣ ਚੁੱਕਾ ਹੈ, ਦੇਸ਼ ਦੀ ਜਨਤਾ ਇਸ ਨੂੰ ਇੱਕ ਤੀਰਥ ਦੇ ਤੌਰ ਤੇ ਵੇਖਣ ਲੱਗੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਦੇ ਸਿੰਘੂ ਮੋਰਚੇ ਤੇ ਸੇਵਾ ਨਿਭਾ ਰਹੇ ਹਾਜੀ ਮੁਹੰਮਦ ਅਨਵਾਰ, ਹਾਜੀ ਮੁਹੰਮਦ ਹੁਸੈਨ, ਸ਼ਮਸ਼ਾਦ ਅਲੀ ਸਕੀਮੀ ਅਤੇ ਐਡਵੋਕੇਟ ਮੁਹੰਮਦ ਜਮੀਲ ਨੇ ਸਾਡੇ ਪੱਤਰਕਾਰ ਨਾਲ ਵਿਸ਼ੇਸ ਮੁਲਾਕਾਤ ਦੌਰਾਨ ਕੀਤਾ । ਉਨਾਂ ਦੱਸਿਆ ਕਿ ਪਿਛਲੇ 10 ਮਹੀਨੇ ਤੋਂ ਮਲੇਰਕੋਟਲਾ ਤੋਂ ਵੱਖ-ਵੱਖ ਮੁਸਲਿਮ ਸਮਾਜਸੇਵੀ ਸੰਸਥਾਵਾਂ ਦੇ ਮੈਂਬਰ ਸਮੂਹ ਮੁਸਲਿਮ ਭਾਈਚਾਰਾ ਮਲੇਰਕੋਟਲਾ ਦੇ ਲੰਗਰ ਸਮੇਤ ਅਲਗ-ਅਲਗ ਲੰਗਰਾਂ ਵਿੱਚ ਸੇਵਾ ਲਈ ਲਗਾਤਾਰ ਜਾ ਰਹੇ ਹਨ ਅਤੇ ਕਿਸਾਨ ਭਰਾਵਾਂ ਨਾਲ ਚੱਟਾਨ ਦੀ ਤਰ੍ਹਾਂ ਮੋਢੇ ਨਾਲ ਮੋਢਾ ਲਗਾ ਕੇ ਖੜੇ ਹਨ ਅਤੇ ਸਮੇਂ-ਸਮੇਂ ‘ਤੇ ਕਿਸਾਨ ਆਗੂਆਂ ਵੱਲੋਂ ਜਾਰੀ ਕੀਤੇ ਜਾਂਦੇ ਹੁਕਮਾਂ ਦੀ ਪਾਲਣਾ ਕਰਦੇ ਹਨ । ਇਤਿਹਾਸ ਗਵਾਹ ਹੈ ਕਿ ਅੱਜ ਤੱਕ ਜਿੰਨੇ ਵੀ ਅੰਦੋਲਨ ਹੋਏ ਉਨਾਂ ਨੂੰ ਸਿਆਸਤ ਜਾਂ ਧਰਮ-ਜਾਤ ਦਾ ਰੰਗ ਦੇ ਕੇ ਖਤਮ ਕਰ ਦਿੱਤਾ ਗਿਆ ਪਰੰਤੂ ਅਜੋਕਾ ਕਿਸਾਨ ਅੰਦੋਲਨ ਇਨ੍ਹਾਂ ਬਿਮਾਰੀਆਂ ਤੋਂ ਕੋਹਾਂ ਦੂਰ ਰਿਹਾ ਹੈ । ਭਾਰਤ ਅੰਦਰ ਚੱਲ ਰਿਹਾ ਕਿਸਾਨ ਅੰਦੋਲਨ ਵਿਸ਼ਵ ਦਾ ਪਹਿਲਾ ਅੰਦੋਲਨ ਹੈ ਜੋ ਕੁਝ ਕਿਸਾਨ ਸੰਗਠਨਾਂ ਨੇ ਸ਼ੁਰੂ ਕੀਤਾ ਅਤੇ ਆਮ ਲੋਕਾਂ ਨੇ ਸੰਭਾਲ ਲਿਆ ।ਅੱਜ ਇਹ ਅੰਦੋਲਨ ਕਿਸੇ ਆਗੂ ਦੇ ਹੱਥ ਨਹੀਂ ਰਿਹਾ ਬਲਿਕ ਜਨ ਅੰਦੋਲਨ ਬਣਕੇ ਸਿੱਧਾ ਲੋਕਾਂ ਦੇ ਹੱਥਾਂ ਚ’ ਆ ਚੁੱਕਾ ਹੈ । ਇਹ ਪਹਿਲੀ ਵਾਰ ਹੈ ਜਦੋਂ ਕੋਈ ਅੰਦੋਲਨ ਬਿਨ੍ਹਾਂ ਕਿਸੇ ਰਾਜਨੀਤਿਕ ਅਗਵਾਈ ਤੋਂ ਚੱਲ ਰਿਹਾ ਹੈ ਅਤੇ ਸਿਆਸੀ ਆਗੂਆਂ ਨੂੰ ਸਟੇਜ ਦੇ ਨੇੜੇ-ਤੇੜੇ ਫੜਕਣ ਵੀ ਨਹੀਂ ਦਿਤਾ ਜਾਂਦਾ ।
ਉਨਾਂ ਕਿਹਾ ਕਿ ਕਿਸਾਨ ਅੰਦੋਲਨ ਧਰਮਾਂ ਦੇ ਨਾਮ ਤੇ ਸਮਾਜ ਨੂੰ ਵੰਡਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਸਾਬਿਤ ਹੋਇਆ ਹੈ । ਕਿਸਾਨ ਮੋਰਚੇ ਵਿੱਚ ਧਰਮ, ਜਾਤ-ਪਾਤ, ਰੰਗ, ਨਸਲ, ਭਾਸ਼ਾ ਜਾਂ ਖੇਤਰੀ ਵਖਰੇਵੇਂ ਦਾ ਨਾਮੋ-ਨਿਸ਼ਾਨ ਨਹੀਂ ਹੈ।ਕਿਸਾਨ ਅੰਦੋਲਨ ਬਜ਼ੁਰਗਾਂ ਦੀ ਦੇਖ-ਰੇਖ ‘ਚ ਨੌਜਵਾਨ ਪੂਰੇ ਉਤਸ਼ਾਹ ਅਤੇ ਸ਼ਾਂਤਮਈ ਢੰਗ ਨਾਲ ਆਪਣੀਆਂ ਜ਼ਿੰਮੇਦਾਰੀਆਂ ਨਿਭਾ ਰਹੇ ਹਨ । 10 ਮਹੀਨੇ ਤੋਂ ਚੱਲ ਰਹੇ ਇਸ ਮੋਰਚੇ ‘ਚ ਕਿਸਾਨਾਂ ਵੱਲੋਂ ਕਿਸੇ ਸਰਕਾਰੀ ਜਾਂ ਨਿੱਜੀ ਸੰਪਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਤੇ ਨਾ ਹੀ ਕੋਈ ਆਪਸੀ ਲੜਾਈ ਜਾਂ ਵਖਰੇਵਾਂ ਦੇਖਣ ਨੂੰ ਮਿਲਿਆ। ਕਿਸਾਨ ਅੰਦੋਲਨ ਵਿਸ਼ਵ ਦਾ ਪਹਿਲਾ ਅੰਦੋਲਨ ਹੈ ਜਿਸ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਸਪਸ਼ਟ ਰੂਪ ‘ਚ ਖੁਦ ਸਰਕਾਰੀ ਅਤੇ ਨਿੱਜੀ ਸੰਪਤੀਆਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਜਿਵੇਂ ਰਾਸ਼ਟਰੀ ਰਾਜ ਮਾਰਗਾਂ ਨੂੰ ਕੰਕਰੀਟ ਦੀਆਂ ਮਜ਼ਬੂਤ ਦੀਵਾਰਾਂ ਬਣਾ ਕੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਰੋਕਣ ਲਈ ਅੜਿਕੇ ਲਗਾਏ ਗਏ ਹਨ, ਸੜਕਾਂ ਨੂੰ ਰੋਕਣ ਲਈ ਵੱਡੀ ਗਿਣਤੀ ‘ਚ ਸਰਕਾਰੀ ਅਤੇ ਗੈਰ ਸਰਕਾਰੀ ਵਾਹਨ ਵਰਤੇ ਗਏ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਕਿਸੇ ਦੁਸ਼ਮਣ ਮੁਲਕ ਦੀ ਸੀਮਾ ਤੇ ਆ ਗਏ ਹੋਈਏ । ਅੰਦੋਲਨਕਾਰੀਆਂ ਨੇ ਕੋਈ ਕਾਨੂੰਨ ਨਹੀਂ ਤੋੜਿਆ ਪਰੰਤੂ ਸਰਕਾਰ ਵਾਰ-ਵਾਰ ਕਾਨੂੰਨ ਛਿੱਕੇ ਟੰਗ ਕੇ ਅਵੈਧ ਕਾਰਵਾਈਆਂ ਕਰ ਰਹੀ ਹੈ । ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੇ ਹਜ਼ਾਰਾਂ ਦੀ ਗਿਣਤੀ ‘ਚ ਟਰੈਕਟਰ ਟਰਾਲੀਆਂ ਅਤੇ ਹੋਰ ਖੇਤੀ ਦੇ ਸੰਦ ਲੈ ਕੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਏ ਹਨ। ਮੋਰਚੇ ਦੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਅੰਦੋਲਨਕਾਰੀਆਂ ਵੱਲੋਂ ਖਾਣ-ਪੀਣ ਤੋਂ ਲੈ ਕੇ ਵਾਸ਼ਿਗ ਮਸ਼ੀਨ, ਮੋਬਾਈਲ ਚਾਰਜਿੰਗ ਦੀ ਸਹੂਲਤ, ਗਰਮ ਕੱਪੜੇ, ਟੁੱਥ ਪੇਸਟ, ਸ਼ੇਵਿੰਗ ਅਤੇ ਰੰਗਾਈ ਤੋਂ ਲੈ ਕੇ ਦੰਦਾਂ ਦੀ ਜਾਂਚ, ਜਿੰਮ, ਬਜ਼ੁਰਗਾਂ ਦੀਆਂ ਲੱਤਾਂ ਘੁੱਟਣ ਲਈ ਮਸ਼ੀਨਾਂ ਤੱਕ ਇੱਕ ਹੀ ਥਾਂ ਤੇ ਪ੍ਰਬੰਧ ਕੀਤਾ ਗਿਆ ਹੈ ।
1947 ਤੋਂ ਬਾਦ ਪਹਿਲੀ ਵਾਰ ਦੇਸ਼ ਭਰ ਦੇ ਲਗਭਗ 500 ਕਿਸਾਨ ਸੰਗਠਨ ਇਕੱਠੇ ਹੋ ਕੇ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ । ਹਜ਼ਾਰਾਂ ਧਾਰਮਿਕ, ਸਮਾਜਿਕ ਸੰਗਠਨ, ਸੰਤ, ਟ੍ਰੇਡ ਯੂਨੀਅਨ, ਫਿਲਮ ਨਿਰਮਾਤਾ, ਕਲਾਕਾਰ, ਗੀਤਕਾਰ, ਲੇਖਕ, ਅਦਾਕਾਰ, ਪੱਤਰਕਾਰ, ਦੁਕਾਨਦਾਰ, ਫੈਕਟਰੀ ਮਾਲਕ, ਵਿਦਿਆਰਥੀ, ਸਰਕਾਰੀ ਅਤੇ ਗੈਰ ਸਰਕਾਰੀ ਕਰਮਚਾਰੀ, ਦਰਜੀ, ਪੈਂਚਰੀ, ਨਾਈ ਸਾਰੇ ਧਰਮਾਂ ਅਤੇ ਖੇਤਰਾਂ ਦੇ ਲੋਕ ਇਸ ਅੰਦੋਲਨ ‘ਚ ਸ਼ਾਮਲ ਹਨ ।
ਉਨਾਂ ਦੱਸਿਆ ਕਿ ਨਿਹੰਗ ਸਿੰਘਾਂ (ਗੁਰੂ ਸਾਹਿਬ ਦੀ ਲਾਡਲੀ ਫੌਜ) ਨੇ ਅੰਦੋਲਨਕਾਰੀਆਂ ਦੀ ਸੁਰੱਖਿਆ ਲਈ ਦੇਸ਼ ਦੀਆਂ ਸੁਰੱਖਿਆ ਫੋਰਸਾਂ ਦੇ ਦੋਨੋਂ ਤਰਫ ਆਪਣੀ ਛਾਉਣੀ ਪਾਈ ਹੈ ਅਤੇ ਹਰ ਸਮੇਂ ਕਿਸਾਨਾਂ ਦਾ ਹੌਸਲਾ ਵਧਾਉਂਦੇ ਹਨ । ਇਸ ਅੰਦੋਲਨ ਸਾਹਮਣੇ ਹਿੰਦੂ-ਮੁਸਲਿਮ, ਹਿੰਦੂ-ਸਿੱਖ ਨਫਰਤ ਫੈਲਾਉਣ ਦਾ ਸਰਕਾਰਾਂ ਦਾ ਫਾਰਮੂਲਾ ਫੇਲ ਹੋ ਚੁੱਕਾ ਹੈ । ਸੋਸ਼ਲ ਮੀਡੀਆ ਦੇ ਛੋਟੇ ਯੂਟਿਊਬਰਾਂ ਨੇ ਦੇਸ਼ ਦੇ ਰਾਸ਼ਟਰੀ ਮੀਡੀਆ ਨੂੰ ਪਟਕਣੀ ਦੇ ਕੇ ਉਨਾਂ ਵੱਲੋਂ ਫੈਲਾਏ ਜਾਂਦੇ ਝੂਠ, ਦੁਸ਼ਪ੍ਰਚਾਰ ਦਾ ਪਰਦਾਫਾਸ਼ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ ਤੇ ਗੋਦੀ ਮੀਡੀਆ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ । ਮੋਰਚੇ ਵਿੱਚ ਵੱਖ-ਵੱਖ ਸਮਾਜਸੇਵੀ ਜੱਥੇਬੰਦੀਆਂ ਵੱਲੋਂ ਲੱਖਾਂ ਲੋਕਾਂ ਲਈ ਲੰਗਰ ਪਰੋਸਿਆ ਜਾਂਦਾ ਹੈ ਜਿਸ ਨਾਲ ਆਸ-ਪਾਸ ਦੇ ਸਥਾਨਕ ਗਰੀਬ ਲੋਕ ਵੱਡੀ ਗਿਣਤੀ ‘ਚ ਆ ਕੇ ਰੋਜ਼ਾਨਾ ਆਪਣਾ ਪੇਟ ਭਰਦੇ ਹਨ । ਉਨਾਂ ਅਰਦਾਸ ਕੀਤੀ ਕਿ ਅੱਲ੍ਹਾ ਅੰਦੋਲਨ ਨੂੰ ਸਬਰ, ਸਾਹਸ ਅਤੇ ਸੱਚਾਈ ਨਾਲ ਜਿੱਤ ਹਾਸਲ ਹੋਣ ਤੱਕ ਲੜਣ ਦੀ ਸ਼ਕਤੀ ਦੇਵੇ ਅਤੇ ਭਵਿੱਖ ਵਿੱਚ ਵੀ ਦੇਸ਼ ਦੀ ਜਨਤਾ ਨੂੰ ਇਸੇ ਤਰ੍ਹਾਂ ਮਿਲਕੇ ਰਹਿਣ ਦੀ ਤੌਫੀਕ ਦੇਵੇ ।

Related posts

ਕਿਸਾਨ ਜਥੇਬੰਦੀਆਂ ਨੇ ਸ਼ੰਭੂ ਰੇਲ ਟ੍ਰੈਕ ਅਣਮਿਥੇ ਸਮੇਂ ਲਈ ਕੀਤਾ ਬੰਦ

editor

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

editor

ਸਰਕਾਰੇ ਸਾਡੇ ਤਿੰਨ ਨੋਜਵਾਨਾਂ ਨੂੰ ਛੱਡ ਦਿਉ,ਅਸੀ ਸੰਭੂ ਰੇਲਵੇ ਟਰੈਕ ਛੱਡ ਦਿਆਂਗੇ -ਆਗੂ

editor