Articles

ਕਿਵੇਂ ਛੱਡੀਏ ਚਿੰਤਾ ਕਰਨੀ !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਕੋਈ ਵੀ ਕੰਮ ਤਾਂ ਹੀ ਸਿੱਖਿਆ ਜਾ ਸਕਦਾ ਹੈ, ਜੇਕਰ ਕਿਸੇ ਵਿੱਚ ਉਸ ਕੰਮ ਨੂੰ ਸਿੱਖਣ ਦੀ ਇੱਛਾ ਹੋਵੇਗੀ। ਬਿਨਾਂ ਇੱਛਾ ਤੋਂ ਜਬਰਦਸਤੀ ਅਸੀਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਗੁਣ ਧਾਰਣ ਨਹੀਂ ਕਰਵਾ ਸਕਦੇ। ਜਿੰਨੀ ਦੇਰ ਇੱਕ ਨਸ਼ੇੜੀ ਖੁਦ ਨਸ਼ਿਆ ਤੋਂ ਤੌਬਾ ਨਹੀਂ ਕਰੇਗਾ, ਉਨ੍ਹੀ ਦੇਰ ਕਿਸੇ ਵੀ ਤਰ੍ਹਾਂ ਦੀ ਪ੍ਕਿਰਿਆ, ਸਮਾਧਾਨ ਉਸਨੂੰ ਨਸ਼ਿਆ ਤੋਂ ਦੂਰ ਨਹੀਂ ਕਰ ਸਕਦਾ। ਇਸੇ ਕਰਕੇ ਬਹੁਤ ਸਾਰੇ ਨਸ਼ਿਆ ਦੇ ਆਦੀ ਨੌਜਵਾਨ ਨਸ਼ੇ ਛੁਡਾਊ ਕੇਂਦਰਾਂ ਵਿੱਚ ਰਹਿ ਕੇ ਵੀ ਇਸ ਕੋਹੜ ਤੋਂ ਖਹਿੜਾ ਨਹੀਂ ਛੁਡਵਾ ਸਕੇ। ਕੋਈ ਨਵੀਂ ਚੰਗੀ ਆਦਤ ਦੇ ਧਾਰਣੀ ਹੋਣਾ ਹੋਵੇ ਜਾਂ ਕੋਈ ਬੁਰੀ ਆਦਤ ਤੋਂ ਤੌਬਾ ਕਰਨਾ ਹੋਵੇ, ਉਹ ਉਨੀਂ ਦੇਰ ਸੰਭਵ ਨਹੀਂ ਜਿੰਨੀ ਦੇਰ ਸਾਹਮਣੇ ਵਾਲੇ ਵਿਅਕਤੀ ਦਾ ਮਨੋਬਲ ਉਸਦਾ ਸਾਥ ਨਹੀਂ ਦੇਵੇਗਾ।

ਜਿਸ ਸਮਾਜ ਵਿੱਚ ਅਸੀਂ ਅੱਜ ਜੀਅ ਰਹੇ ਹਾਂ, ਇਸ ਸਮਾਜ ਵਿੱਚ ਮਾਨਸਿਕ ਬਿਮਾਰੀਆਂ ਨੇ ਸਭ ਤੋਂ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਮਨ ਦੇ ਖੇੜੇ, ਚਿਹਰਿਆਂ ਦੇ ਹਾਸੇ, ਘਰਾਂ ਵਿੱਚ ਗੂੰਜਦੀਆਂ ਹਾਸੇ ਦੀਆਂ ਕਿਲਕਾਰੀਆਂ ਚਿੰਤਾਵਾਂ ਦੇ ਪਹਾੜ ਹੇਠਾਂ ਦੱਬ ਚੁੱਕੀਆਂ ਹਨ। ਜਿੱਧਰ ਵੇਖੋ ਚਿਹਰਿਆਂ ਤੋਂ ਰੌਣਕਾਂ ਉੱਡੀਆਂ ਹੋਈਆਂ, ਹਾਸਿਆਂ ਦੀ ਥਾਂ ਹੌਂਕਿਆਂ ਨੇ ਲਈ ਹੋਈ ਹੈ। ਪਿਆਰ ਹੁਲਾਰਿਆਂ , ਹਾਸਿਆਂ ਠੱਠਿਆਂ ਨੂੰ ਮਾਨਸਿਕ ਉਲਝਣਾਂ ਨੇ ਨਰੜ ਕੇ ਰੱਖਿਆ ਹੋਇਆ ਹੈ। ਅੱਜ ਦੇ ਮਨੁੱਖਾਂ ਦੀ ਸਭ ਤੋਂ ਭਿਆਨਕ ਬਿਮਾਰੀ ਚਿੰਤਾਂ ਹੈ ਅਤੇ ਚਿੰਤਾਂ ਹੀ ਸਾਰੇ ਮਾਨਸਿਕ ਰੋਗਾਂ ਦੀ ਜੜ੍ਹ ਹੈ। ਚਿੰਤਾਵਾਂ ਦੇ ਕਾਰਣ ਵੀ ਕੀ ਹਨ? ਪੈਸਾ, ਸੁੱਖ ਸਹੂਲਤਾਂ, ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਤਾਂਘ, ਅਸੰਤੁਸ਼ਟੀ, ਹਮੇਸ਼ਾ ਆਪਣੇ ਆਪ ਨੂੰ ਦੂਸਰਿਆਂ ਤੋਂ ਘੱਟ ਸਮਝਣਾ ਅਤੇ ਪਰਾਈ ਤਾਤ ਰੱਖਣੀ। ਹਾਂ ਮੈਂ ਮੰਨਦੀ ਹਾਂ ਕਿ ਤੁਸੀਂ ਬਹੁਤ ਸਾਰੀਆਂ ਚਿੰਤਾਵਾਂ ਸਹੇੜ ਚੁੱਕੇ ਹੋ ਅਤੇ ਮਾਨਸਿਕ ਰੋਗੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕੇ ਹੋ। ਪਰ ਹੁਣ ਸਾਨੂੰ ਇਹ ਦੇਖਣਾ ਪਵੇਗਾ ਕਿ ਇੱਕ ਮਾਨਸਿਕ ਰੋਗੀ ਜੋ ਹਮੇਸ਼ਾ ਚਿੰਤਾਵਾਂ ਵਿੱਚ ਘਿਰਿਆ ਰਹਿੰਦਾ ਹੈ, ਚਿੰਤਾਂ ਮੁਕਤ ਕਿਵੇਂ ਹੋ ਸਕਦਾ ਹੈ।
ਜਿਵੇਂ ਮੈਂ ਸ਼ੁਰੂਆਤ ਵਿੱਚ ਦੱਸਿਆ ਕਿ ਕੋਈ ਵੀ ਕੰਮ ਉਨੀਂ ਦੇਰ ਨਹੀਂ ਕੀਤਾ ਜਾ ਸਕਦਾ, ਜਿੰਨੀ ਦੇਰ ਉਸਨੂੰ ਕਰਨ ਵਾਲਾ ਜਾਂ ਸਿੱਖਣ ਵਾਲਾ ਆਪਣੇ ਆਪ ਤਿਆਰ ਨਹੀਂ ਹੈ। ਕੋਈ ਵੀ ਕੰਮ ਅਭਿਆਸ ਨਾਲ ਸਿੱਖਿਆ ਜਾਂਦਾ ਹੈ, ਸੋ ਚਿੰਤਾਂਵਾਨ ਨੂੰ ਸਭ ਤੋਂ ਪਹਿਲਾਂ ਚਿੰਤਾਂ ਦਾ ਅਭਿਆਸ ਕਰਨਾ ਬੰਦ ਕਰਨਾ ਪਵੇਗਾ ਅਤੇ ਚਿੰਤਾਂ ਨਾ ਕਰਨ ਦਾ ਅਭਿਆਸ ਸ਼ੁਰੂ ਕਰਨਾ ਪਵੇਗਾ। ਕੋਈ ਵੀ ਕੰਮ ਜਿਸਨੂੰ ਅਸੀਂ ਕਰਨਾ ਛੱਡ ਦੇਵਾਂਗੇ, ਉਸਨੂੰ ਹੋਲੀ ਹੋਲੀ ਅਸੀਂ ਕਰਨਾ ਭੁੱਲ ਜਾਵਾਂਗੇ। ਚਿੰਤਾਵਾਨ ਜਦੋਂ ਹਰ ਵੇਲੇ ਚਿੰਤਾਂ ਵਿੱਚ ਡੁੱਬਿਆ ਰਹਿੰਦਾ ਹੈ ਤਾਂ, ਇਹ ਨਿਸਚਿੰਤ ਹੋਣ ਦੀ ਪ੍ਕਿਰਿਆ ਵਿੱਚ ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ। ਇਹ ਵੀ ਮੰਨਣਾ ਪਵੇਗਾ ਕਿ ਚਿੰਤਾਵਾਨ ਦਾ ਕਹਿਣਾ ਹੁੰਦਾ ਹੈ ਕਿ ਉਸ ਕੋਲੋਂ ਚਿੰਤਾਂ ਕਰਨੀ ਛੱਡ ਨਹੀਂ ਹੁੰਦੀ, ਉਹ ਯਤਨ ਕਰਦਾ ਹੈ ਪਰ ਮੁੜ ਘੁੜ ਕੇ ਉਸਦੇ ਮਨ ਵਿੱਚ ਨਕਾਰਾਤਮਕ ਖਿਆਲ ਹੀ ਆਉਂਦੇ ਹਨ, ਅਜਿਹੇ ਵਿੱਚ ਚਿੰਤਾਵਾਨ ਮਨੁੱਖ ਦੇ ਪਰਿਵਾਰਿਕ ਮੈਂਬਰ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ, ਉਹ ਹਮੇਸ਼ਾ ਉਸ ਮਨੁੱਖ ਕੋਲ ਚੜਦੀਕਲਾ, ਸਕਾਰਾਤਮਕ ਊਰਜਾ ਨਾਲ ਭਰਭੂਰ ਗੱਲਾਂ ਕਰ ਸਕਦੇ ਹਨ। ਚਿੰਤਾਵਾਨ ਮਨੁੱਖ ਨੂੰ ਵੀ ਆਪਣੇ ਅੰਦਰ ਚੰਗੀਆਂ ਗੱਲਾਂ ਲਿਆਉਣ ਦਾ ਅਭਿਆਸ ਕਰਨਾ ਚਾਹੀਦਾ ਹੈ।
ਡਾਕਟਰ ਐੱਚ. ਐੱਲ ਹੌਲਿੰਗਵਰਥ ਲਿਖਦੇ ਹਨ ਕਿ ” ਚਿੰਤਾਵਾਨ ਮਨੁੱਖ ਨੂੰ ਉਸ ਦੀਆਂ ਤਕਲੀਫ਼ਾਂ ਦੇ ਕੇਵਲ ਕਾਰਨ ਦੱਸਣ ਦੀ ਲੋੜ ਹੁੰਦੀ ਹੈ। ਜੇ ਉਸ ਨੂੰ ਆਪਣੀਆਂ ਤਕਲੀਫ਼ਾਂ ਦੇ ਕਾਰਨਾਂ ਦਾ ਚਾਨਣ ਹੋ ਜਾਵੇ ਤਾਂ ਉਸਦੇ ਰਾਜ਼ੀ ਹੋਣ ਲਈ ਹੋਰ ਚੀਜ਼ ਦੀ ਲੋੜ ਨਹੀਂ ਰਹਿੰਦੀ। ਜਦੋਂ ਚਿੰਤਾਵਾਨ ਨੂੰ ਆਪਣੀਆਂ ਪਰੇਸ਼ਾਨੀਆਂ ਦੇ ਕਾਰਨਾਂ ਦਾ ਪਤਾ ਲੱਗ ਜਾਂਦਾ ਹੈ ਤਾਂ ਉਹ ਬਹੁਤ ਸਾਰੇ ਡਰ, ਭਊ ਤੋਂ ਰਹਿਤ ਹੋ ਜਾਂਦਾ ਹੈ। ਜਦੋਂ ਚਿੰਤਾਵਾਨ ਵਿੱਚ ਡਰ ਖਤਮ ਹੋ ਗਿਆ ਤਾਂ ਉਹ ਆਪਣੇ ਆਪ ਠੀਕ ਹੋ ਜਾਵੇਗਾ। “
ਇੱਕ ਹੋਰ ਪੱਛਮੀ ਲੇਖਕ ਆਪਣੀ ਕਿਤਾਬ The Game Of life and How play it ( ਜੀਵਨ ਖੇਡਾਂ) ਵਿੱਚ ਲਿਖਦੇ ਹਨ ਕਿ ” ਡਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਨਜ਼ਾਰੇ ਸਾਫ਼ ਸਾਫ਼ ਲੈ ਆਉਂਦਾ ਹੈ ਜਿੰਨਾਂ ਨੂੰ ਵੇਖਣੋਂ ਤੁਸੀਂ ਡਰਦੇ ਹੋ। ਸ਼ੇਰ ਆਪਣੀ ਨਿਡਰਤਾ ਅਤੇ ਖੁਨ ਖਾਰੀ ਤੁਹਾਡੇ ਡਰ ਤੋਂ ਪ੍ਰਾਪਤ ਕਰਦਾ ਹੈ, ਸ਼ੇਰ ਵੱਲ ਨਿਡਰ ਹੋਕੇ ਜਾਵੋ, ਉਹ ਭੱਜ ਜਾਵੇਗਾ, ਪਰ ਜੇ ਤੁਸੀਂ ਉਸ ਕੋਲੋਂ ਭੱਜੋਗੇ ਤਾਂ ਉਹ ਤੁਹਾਡੇ ਪਿੱਛੇ ਨੱਸੇਗਾ । ” ਇਹ ਕਥਨ ਉਹਨਾਂ ਲੋਕਾਂ ਤੇ ਬਿਲਕੁਲ ਢੁੱਕਵਾਂ ਹੈ ਜੋ ਹਰ ਚੀਜ਼ ਦੇ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਹੀ ਘਬਰਾਉਂਦੇ ਰਹਿੰਦੇ ਹਨ। ਡਰ ਦੇ ਅਧੀਨ ਹੋ ਆਪਣਾ ਆਪ ਉਸਨੂੰ ਸੌਂਪ ਦਿੰਦੇ ਹਨ ਅਤੇ ਫਿਰ ਮਾਨਸਿਕ ਪੀੜਾ ਸਹਿੰਦੇ ਰਹਿੰਦੇ ਹਨ।
ਸਾਨੂੰ ਇੱਕ ਗੱਲ ਸਮਝਣੀ ਪਵੇਗੀ ਕਿ ਕਿਸੇ ਵੀ ਮੁਸ਼ਕਿਲ ਦਾ ਹੱਲ ਚਿੰਤਾਂ ਕਰਨੀ ਨਹੀਂ ਹੋ ਸਕਦਾ। ਉਦਹਾਰਣ ਦੇ ਤੌਰ ਤੇ ਜੇਕਰ ਇੱਕ ਵਿਦਿਆਰਥੀ ਆਪਣੇ ਇਮਤਿਹਾਨਾਂ ਦੇ ਨਤੀਜਿਆਂ ਦੇ ਆਉਣ ਤੋਂ ਡਰ ਰਿਹਾ ਹੈ ਤਾਂ ਉਹ ਫਜ਼ੂਲ ਹੈ, ਕਿਉਂਕਿ ਨਤੀਜੇ ਉਸ ਦੁਆਰਾ ਕੀਤੇ ਪੇਪਰ ਦੇ ਹੀ ਆਉਣੇ ਹਨ, ਚਿੰਤਾਂ ਕਰਨ ਨਾਲ ਉਸਦਾ ਇਮਤਿਹਾਨ ਵਿੱਚ ਕੀਤਾ ਗਲਤ ਸਵਾਲ ਸਹੀ ਵਿੱਚ ਤਬਦੀਲ ਨਹੀਂ ਹੋ ਸਕਦਾ। ਹਾਂ ਇਹ ਜਰੂਰ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਸਨੂੰ ਸੁਚੱਜੇ ਢੰਗ ਨਾਲ ਕਿਵੇਂ ਕੀਤਾ ਜਾ ਸਕਦਾ ਹੈ, ਇਹ ਸੋਚਿਆ ਜਾ ਸਕਦਾ ਹੈ।
ਸੋ ਚਿੰਤਾਵਾਂ ਦੇ ਚੱਲਦੇ ਇਸ ਪਰਵਾਹ ਨੂੰ ਰੋਕਣ ਦਾ ਇੱਕ ਸਭ ਤੋਂ ਕਾਰਗਰ ਤਰੀਕਾ ਇਹ ਹੈ ਕਿ ਚਿੰਤਾਂ ਦਾ ਅਭਿਆਸ ਕਰਨਾ ਬੰਦ ਕੀਤਾ ਜਾਵੇ, ਆਪਣੇ ਆਪ ਨੂੰ ਚਿੰਤਾਂ ਮੁਕਤ ਕਰਨ ਲਈ ਆਪਣਾ ਮਨੋਬਲ ਵਧਾਇਆ ਜਾਵੇ , ਹਮੇਸ਼ਾ ਚੜਦੀਕਲਾ ਵਿੱਚ ਰਿਹਾ ਜਾਵੇ, ਚਿੰਤਾਵਾਨ ਦੇ ਪਰਿਵਾਰਿਕ ਜੀਅ ਕਦੇ ਵੀ ਚਿੰਤਾਵਾਨ ਕੋਲ ਢਹਿੰਦੀਕਲਾ ਦੀ ਗੱਲ ਨਾ ਕਰਨ, ਹਮੇਸ਼ਾ ਪੋ੍ਤਸਾਹਿਤ ਕੀਤਾ ਜਾਵੇ ਕਿ ਉਹ ਬਿਲਕੁਲ ਠੀਕ ਹੈ । ਹਮੇਸ਼ਾ ਮਾਨਸਿਕ ਰੋਗੀ ਨੂੰ ਸਕਾਰਾਤਮਕ ਤਰੰਗਾਂ ਹੀ ਦਿੱਤੀਆਂ ਜਾਣ। ਜਿੰਨਾਂ ਹੋ ਸਕੇ ਉਸ ਨਾਲ ਹਮਦਰਦੀ ਕਰਨ ਅਤੇ ਉਸ ਵੱਲ ਤਰਸ ਭਰੀਆਂ ਨਿਗਾਹਾਂ ਨਾਲ ਦੇਖਣਾ ਬੰਦ ਕੀਤਾ ਜਾਵੇ ਤਾਂ ਜੋ ਉਸ ਵਿੱਚ ਸਕਾਰਾਤਮਕ ਊਰਜਾ ਭਰੀ ਜਾਵੇ। ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਬਸ ਜਰੂਰਤ ਹੁੰਦੀ ਹੈ ਸਾਡੇ ਤਕੜੇ ਮਨੋਬਲ ਦੀ, ਜਰੂਰਤ ਹੁੰਦੀ ਹੈ ਹਮੇਸ਼ਾ ਚੜਦੀਕਲਾ ਵਿੱਚ ਰਹਿਣ ਦੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin