Articles

ਕੁੱਝ ਵੀ ਹੈ, ਪਰ ਮੰਨਣਾ ਪਊ ਕਿ ਬੰਦੇ ‘ਚ ਦਮ ਵੀ ਹੈ ਤੇ ਗੈਰਤ ਵੀ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਚਲੋ ਮੰਨ ਲਿਆ ਕਿ ਬੰਦਾ ਬਹੁਤ ਮਾੜਾ, ਚੁੱਪ ਰਹਿਣ ਵਕਤ ਬੋਲਦਾ ਤੇ ਬੋਲਣ ਵਕਤ ਚੁੱਪ ਰਹਿੰਦਾ, ਪਾਰਟੀਆਂ ਬਦਲਦਾ, ਕਦੀ ਭਾਜਪਾ, ਅਕਾਲੀ ਤੇ ਕਦੀ ਕਾਂਗਰਸ, ਗੱਲ ਗੱਲ ‘ਤੇ ਭੁੜਕਦਾ, ਭਾਵੁਕ ਹੁੰਦਾ, ਕਦੀ ਰਾਜ ਸਭਾ, ਕਦੀ ਕੈਬਨਿਟ ਮਨਿਸਟਰੀ ਤੇ ਕਦੀ ਪ੍ਰਧਾਨਗੀ ਦੀ ਕੁਰਸੀ ਨੂੰ ਠੋਕਰ ਮਾਰਦਾ, ਪਰ ਕੋਈ ਗੱਲ ਤਾਂ ਜਰੂਰ ਹੈ ਉਸ ਦੇ ਅੰਦਰ ਜਿਹੜੀ ਉਸ ਬੰਦੇ ਨੂੰ ਟਿਕਣ ਨਹੀਂ ਦਿੰਦੀ । ਉਂਜ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ, ਦੋਸ਼ ਲਾਉਣੇ ਅਸਾਨ ਹੁੰਦੇ ਹਨ, ਤੁਰਿਆਂ ਜਾਂਦਿਆਂ ਉੰਗਲੀ ਉਠਾ ਕਿ ਕਿਸੇ ਨੂੰ ਵੀ ਕੁੱਜ ਬੋਲ ਦੇਣਾ, ਬਦਨਾਮ ਕਰ ਦੇਣਾ ਬੜਾ ਸੌਖਾ, ਪਰ ਕੁਰਲੀ ਨੂੰ ਠੋਕਰ ਮਾਰਕੇ ਇਹ ਕਹਿਣਾ ਕਿ “ਮੈਂਨੂੰ ਇਹਨਾਂ ਦੀ ਪ੍ਰਵਾਹ ਨਹੀਂ, ਜਿਸ ਕੁਰਸੀ ‘ਤੇ ਬੈਠਣ ਨਾਲ ਮੇਰਾ ਦਮ ਘੁੱਟਦਾ ਹੋਵੇ, ਲੋਕਾਂ ਦਾ ਹਿੱਤ ਕਰਨ ਤੋਂ ਹੱਥ ਬੰਨ੍ਹ ਦਿੱਤੇ ਜਾਣ, ਉਸ ਕੁਰਸੀ ‘ਤੇ ਬੈਠਣਾ ਤਾਂ ਕੀ ਸਗੋਂ ਉਸ ਦੇ ਨੇੜੇ ਖੜ੍ਹਨਾ ਵੀ ਮੇਰੇ ਵਾਸਤੇ ਧਿਰਕਾਰ ਹੈ ।” ਬੜਾ ਔਖਾ ਤੇ ਜੌਖਮ ਭਰਿਆ ਕਾਰਜ ਹੈ ।
ਹਾਂ, ਮੈ ਗੱਲ ਕਰ ਰਿਹਾਂ, ਨਵਜੋਤ ਸਿੰਘ ਸਿੱਧੂ ਦੀ, ਕੋਈ ਉਸ ਨੂੰ ਕੁੱਜ ਵੀ ਸਮਝੇ, ਪਰ ਇਕ ਗੱਲ ਮੰਨਣੀ ਪਊ ਕਿ ਬੰਦੇ ਚ ਦਮ ਵੀ ਹੈ ਤੇ ਅਣਖ ਵੀ । ਸਹੀ ਮਾਨਿਆ ਚ ਉਸ ਦੀਆ ਰਗਾਂ ਚ ਸੁਤੰਤਰਤਾ ਸੰਗਰਾਮੀਆਂ ਦਾ ਲਹੂ ਦੌੜ ਰਿਹਾ ਹੈ, ਜਿਸ ਕਾਰਨ ਜਦ ਵੀ ਕਿਧਰੇ ਕੁੱਜ ਗਲਤ ਹੁੰਦਾ ਹੁੰਦਾ ਨਜ਼ਰ ਆਉਂਦਾ ਹੈ, ਲੋਕਾਂ ਦੇ ਹਿਤਾਂ ਦਾ ਘਾਣ ਹੁੰਦਾ ਹੈ ਤਾਂ ਉਸ ਦੀ ਰੂਹ ਤੜਪਦੀ ਹੈ ਤੇ ਉਹ ਗਲਤ ਕਰਨ ਵਾਲੇ ਨੂੰ ਜਾ ਲਲਕਾਰਦਾ ਹੈ ।
ਵਿਰੋਧੀ ਸਿਆਸੀ ਪਾਰਟੀਆਂ ਦੇ ਨੇਤਾ ਉਸ ਨੂੰ ਮਿਸ ਗਾਈਡਡ ਮਿਸਾਈਲ ਕਹਿੰਦੇ ਹਨ, ਕੋਈ ਉਸ ਨੂੰ ਦੇਸੀ ਪਿਸਤੌਲ ਕਹਿੰਦਾ ਹੈ, ਉਸ ਨੂੰ ਗੁਆਂਢੀ ਮੁਲਕ ਦੇ ਪ੍ਰਧਾਨ ਮੰਤਰੀ ਦਾ ਮਿੱਤਰ ਹੋਣ ਕਾਰਨ ਮੁਲਕ ਵਾਸਤੇ ਖ਼ਤਰਨਾਕ ਹੋਣ ਦਾ ਟੈਗ ਦਿੱਤਾ ਜਾਂਦਾ ਹੈ, ਉਸ ਦੀ ਆਪਣੀ ਪਾਰਟੀ ਦਾ ਸਾਬਕਾ ਮੁੱਖ ਮੰਤਰੀ ਜਿਸ ਨੇ ਪਿਛਲੇ ਸਾਢੇ ਚਾਰ ਕੁ ਸਾਲਾਂ ਚ ਡੱਕਾ ਤੋੜਕੇ ਦੋਹਰਾ ਨਹੀਂ ਕੀਤਾ, ਉਸ ਨੂੰ “ਅਨਫਿਟ ਵਾਰ ਦੀ ਪੌਲਟਿਕਸ ਕਹਿੰਦਾ” ਹੈ ।
ਜਦ ਕਿ ਸੱਚ ਇਹ ਹੈ ਕਿ ਕਰਤਾਰ ਪੁਰ ਲਾਂਘੇ ਦਾ ਜੋ ਕੰਮ ਕਿਸੇ ਹੋਰ ਤੋਂ 72 ਸਾਲ ਤੱਕ ਨਹੀਂ ਹੋਇਆ, ਉਹ ਉਸਨੇ ਆਪਣੇ ਰਸੂਖ਼ ਸਦਕਾ ਇਕ ਸਾਲ ਚ ਪੂਰਾ ਕਰਵਾ ਦਿੱਤਾ, ਹੁਣ ਕਹਿਣ ਨੂੰ ਕੋਈ ਬੇਸ਼ੱਕ ਕੁੱਜ ਵੀ ਕਹੀ ਜਾਵੇ ਕਿ ਉਸ ਦਾ ਕੀ ਯੋਗਦਾਨ ਹੈ, ਪਰ ਇਸ  ਪੱਖੋਂ ਤਾਰੀਖ਼ ਚ ਉਸ ਦਾ ਨਾਮ ਹਮੇਸ਼ਾ ਵਾਸਤੇ ਸੁਨਿਹਰੀ ਅੱਖਰਾਂ ਚ ਲਿਖਿਆ ਜਾ ਚੁੱਕਾ ਹੈ । ਪੰਜਾਬ ਚ ਨੀਲੇ ਚਿੱਟਿਆਂ ਦੀ ਪਿਛਲੇ ਪੰਜ ਛੇ ਦਹਾਕਿਆਂ ਤੋ ਜੋ ਢਕੀ ਰਿਝ ਰਹੀ ਸੀ, ਉਤਰ ਕਾਟੋ ਹੁਣ ਮੇਰੀ ਵਾਰੀ ਦਾ ਖੇਡ ਚੱਲ ਰਿਹਾ ਸੀ, 75/25 ਦੇ ਹਿਸਾਬ ਕਿਤਾਬ ਵਾਲੀ ਨੂਰਾ ਕੁਸ਼ਤੀ ਚੱਲ ਰਹੀ ਸੀ, ਉਸ ਨੂੰ ਨੰਗਾ ਸਿਰਫ ਤੇ ਸਿਰਫ ਨਵਜੋਤ ਸਿੱਧੂ ਹੀ ਕਰ ਸਕਿਆ ਹੈ, ਦੂਜਾ ਕੋਈ ਨਹੀਂ । ਕੈਪਟਨ ਦੀਆਂ ਗੋਟੀਆਂ ਮੂਹਦੀਆਂ ਮਾਰਕੇ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਸਿਆਸਤ ਚ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਤੇ ਉਸ ਨੂੰ ਅੰਡਰ ਐਸਟੀਮੇਟ ਕਰਨ ਵਾਲੇ ਕਦੇ ਵੀ ਮੂਹਦੇ ਮੂੰਹ ਡਿਗ ਸਕਦੇ ਹਨ ਜਾਂ ਸੁੱਟੇ ਜਾ ਸਕਦੇ ਹਨ ।
ਮਨੁੱਖ ਗਲਤੀਆਂ ਦਾ ਪੁਤਲਾ ਹੈ, ਇਸ ਸੰਸਾਰ ਚ ਦੁੱਧ ਧੋਤਾ ਕੋਈ ਵੀ ਨਹੀਂ, ਨਵਜੋਤ ਸਿੱਧੂ ਨੇ ਬਹੁਤੀਆਂ ਗਲਤੀਆਂ ਕੀਤੀਆਂ ਹੋਣਗੀਆਂ, ਉਹ ਮੇਰਾ ਕੋਈ ਸਕਾ ਨਹੀਂ ਨਾ ਹੀ ਮੇਰਾ ਕੋਈ ਰਿਸ਼ਤੇਦਾਰ ਮਾਸੀ, ਭੂਆ ਦਾ ਪੁੱਤ ਹੈ, ਪਰ ਜਿੱਥੇ ਕੋਈ ਸਹੀ ਹੋਵੇ, ਉੱਥੇ ਉਸ ਦੇ ਹੱਕ ਚ ਡਟਕੇ ਖੜ੍ਹਨਾ ਅਣਖ ਤੇ ਜਾਗਦੀ ਜ਼ਮੀਰ ਵਾਲੇ ਬੰਦੇ ਦਾ ਪਹਿਲਾ ਕੰਮ ਹੁੰਦਾ ਹੈ, ਗ਼ੈਰ ਜਮੀਰੇ, ਵਿਕੇ ਹੋਏ ਜਾਂ ਮਰੀ ਹੋਈ ਜ਼ਮੀਰ ਵਾਲੇ ਇਹ ਕੰਮ ਕਦੇ ਵੀ ਨਹੀਂ ਕਰ ਸਕਦੇ ਤੇ ਨਾ ਹੀ ਉਹਨਾ ਤੋਂ ਅਜਿਹੀ ਕੋਈ ਆਸ ਹੀ ਰੱਖੀ ਜਾ ਸਕਦੀ ਹੈ । ਗੱਲ ਪਾਰਟੀ ਦੀ ਨਹੀਂ, ਬੰਦੇ ਦੀ ਹੋ ਰਹੀ ਹੈ, ਕਾਂਗਰਸ ਪਾਰਟੀ ਨੇ ਬੀਤੇ ਚ ਬਹੁਤ ਗਲਤ ਕੰਮ ਕੀਤੇ ਹੋਣਗੇ, ਪਰ ਸੱਚ ਤਾਂ ਇਹ ਵੀ ਹੈ ਕਿ ਬਾਕੀ ਸਿਆਸੀ ਪਾਰਟੀਆਂ ਕਿਹੜੀਆਂ ਦੁੱਧ ਧੋਤੀਆਂ, ਹੁਣਵੀ ਭਾਜਪਾ ਸਰਕਾਰ ਵਰਗੀ ਲੋਕ-ਤੰਤਰ ਦੇ ਨਾਮ ‘ਤੇ ਤਾਨਾਸ਼ਾਹ ਸਰਕਾਰ ਨੇ ਹੁਣ ਤੱਕ ਕਿਹੜਾ ਚੰਗਾ ਕੰਮ ਕੀਤਾ, ਪਿਛਲੇ ਇਕ ਸਾਲ ਤੋਂ ਸੜਕਾਂ ‘ਤੇ ਰੁਲ਼ ਰਹੇ ਕਿਸਾਨਾ ਦੀਆ ਮੰਗਾਂ ਤਾਂ ਕੀ ਮੰਨਣੀਆਂ, ਉਹਨਾਂ ਵਿੱਚੋਂ ਸਾਢੇ ਕੁ ਸੱਤ ਸੌ ਦੀਆ ਹੋ ਚੁੱਕੀਆਂ ਮੌਤਾਂ ‘ਤੇ ਅਫ਼ਸੋਸ ਦੇ ਦੋ ਲਫ਼ਜ਼ ਵੀ ਪ੍ਰਧਾਨਮੰਤਰੀ ਨੇ ਨਹੀਂ ਉਚਰੇ । ਲਖੀਮ ਪੁਰ ਵਾਲੇ ਕਤਲੇਆਮ ‘ਤੇ ਸਰਕਾਰਾਂ ਦਾ ਵਤੀਰਾ ਸਾਡੇ ਸਾਹਮਣੰ ਹੈ । ਸ਼ਰੇਆਮ ਕਾਨੂੰਨ ਨੂੰ ਠੁੱਠ ਦਿਖਾ ਕੇ ਦੋਹਰੇ ਮਾਪਦੰਡ ਵਰਤੇ ਜਾ ਰਹੇ ਹਨ ਜੋ ਕਿਰਤੀ/ਗਰੀਬ ਵਾਸਤੇ ਹੋਰ ਤੇ ਅਮੀਰ ਵਾਸਤੇ ਹੋਰ ਹਨ । ਮੰਤਰੀ ਦੇ ਖੂਨੀ ਪੁੱਤਰ ਨੂੰ ਬਚਾਉਣ ਦੀਆ ਤਰਕੀਬਾ ਹੋ ਰਹੀਆਂ ਹਨ ਭਾਵੇ ਕਿ ਦੇਸ ਦੀ ਸੁਪਰੀਮ ਕੋਰਟ ਨੇ ਵੀ ਹੁਣ ਆਪਣੇ ਤੌਰ ‘ਤੇ ਸਖਤ ਐਕਸਨ ਲੈ ਲਿਆ ਹੈ । ਕਹਿਣ ਦਾ ਭਾਵ ਜਮਾਨਾ ਇੱਕੀਵੀਂ ਸਦੀ ਦਾ ਤੇ ਸੱਚ ਨੂੰ ਫਾਂਸੀ ਸ਼ੁਕਰਾਤ ਦੇ ਵੇਲੇ ਵੀ ਸੀ ਤੇ ਅੱਜ ਵੀ ਹੈ ।
ਗੱਲ ਸਿੱਧੂ ਦੀ ਹੋ ਰਹੀ ਸੀ, ਲਖੀਮ ਪੁਰ ਮਾਮਲੇ ਤੇ ਉਸ ਨੇ ਜੋ ਸਟੈਂਡ ਲਿਆ ਹੈ, ਬੇਸ਼ੱਕ ਇਸ ਨੂੰ ਸਿਆਸੀ ਦਾਅ ਪੇਚ ਜਾਂ ਪੈਂਤਰੇਬਾਜੀ ਹੀ ਕਿਹਾ ਜਾਵੇ, ਪਰ ਦੋਸ਼ੀਆ ‘ਤੇ ਜਿੰਨਾ ਚਿਰ ਠੋਸ ਕਾਰਵਾਈ ਨਹੀਂ ਹੁੰਦੀ, ਉੰਨਾ ਚਿਰ ਭੁੱਖ ਹੜਤਾਲ ਅਤੇ ਮੋਨ ਵਰਤ ‘ਤੇ ਬੈਠਣਾ, ਸਮੇਂ ਦੀ ਨਜਾਕਤ ਮੁਤਾਬਿਕ ਉਸ ਦੁਆਰਾ ਚੁੱਕਿਆ ਗਿਆ ਇਕ ਬਹੁਤ ਹੀ ਢੁਕਵਾਂ ਤੇ ਸਹੀ ਫੈਸਲਾ ਹੈ, ਜਿਸ ਦੀ ਤਾਰੀਫ ਉਸ ਦੀ ਪਾਰਟੀ ਵਾਲੇ ਤਾਂ ਕਰਨਗੇ ਹੀ ਸਗੋਂ ਆਮ ਲੋਕ ਵੀ ਕਰ ਰਹੇ ਹਨ । ਦਰਅਸਲ ਇਹ ਉਕਤ ਫੈਸਲਾ ਲੈ ਕੇ ਸਿੱਧੂ ਨੇ ਕਈਆ ਤੋਂ ਸਿਆਸੀ ਮੁੱਦਾ ਖੋਹ ਲਿਆ ਹੈ ਤੇ ਕਈ ਉਹਨਾ ਲੋਕਾਂ ਦੀ ਜੁਬਾਨ ਤਾਲੂ ਨੂੰ ਲਗਾ ਦਿੱਤੀ ਹੈ, ਜੋ ਸੁੱਤਿਆਂ ਜਾਗਦਿਆਂ ਹਰ ਸਮੇਂ ਉਸ ਦੇ ਵਿਰੁੱਧ ਬੋਲਕੇ ਨਫਰਤੀ ਜਹਿਰ ਉਗਲਦੇ ਰਹਿੰਦੇ ਸਨ ।
ਪਰਦੇਸ ਪ੍ਰਧਾਨ ਦੀ ਕੁਰਸੀ ਤੋਂ ਅਸਤੀਫਾ ਦੇਣ ਦੇ ਬਾਵਜੂਦ
ਵੀ ਪਾਰਟੀ ਨੁੰ ਲਖੀਮਪੁਰ ਚ ਅਗਵਾਈ ਦੇਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ । ਇਸ ਤੋਂ ਸਾਫ ਹੋ ਜਾਂਦਾ ਹੈ ਕਿ ਸਿੱਧੂ ਤੋਂ ਪਾਰਟੀ ਨੂੰ ਬਹੁਤ ਆਸਾਂ ਹਨ, ਦੂਜੀ ਗੱਲ ਇਹ ਕਿ ਸਿੱਧੂ ਵੀ ਸਿਆਸਤ ਰਾਹੀਂ ਲੋਕ ਭਲੇ ਹਿੱਤ ਕੁਜ ਨ ਕੁੱਜ ਚੰਗਾ ਕਰਨਾ ਚਾਹੁੰਦਾ ਹੈ, ਪਰ ਬੰਨ੍ਹੇ ਹੋਏ ਹੱਥਾਂ ਨਾਲ ਜਾਂ ਕਿਸੱ ਦੇ ਇਸ਼ਾਰਿਆ ‘ਤੇ ਤਾਲ ਮੇਲਕੇ ਨਹੀ ਸਗੋਂ ਫਰੀ ਹੈਂਡ ਹੋ ਕੇ ਕਰਨਾ ਚਾਹੁਦਾ ਹੈ । ਸ਼ਾਇਦ
ਕਾਂਗਰਸ ਹਾਈ ਕਮਾਂਡ ਉਸ ਦੀ ਇਸ ਭਾਵਨਾ ਨੁੰ ਕਿਸੇ ਹੱਦ ਤੱਕ ਹੁਣ ਸਮਝ ਚੁੱਕੀ ਹੈ, ਲਖੀਮ ਪੁਰ ਖੀਰੀ ਮਸਲੇ ‘ਤੇ ਹਾਈ ਕਮਾਂਡ ਵਲੋਂ ਸਿੱਧੂ ਨੂੰ ਸੌਂਪੀ ਗਈ ਅਗਵਾਈ ਤਾਂ ਕੁੱਜ ਇਸੇ ਤਰਾਂ ਦੇ ਸੰਕੇਤ ਦੇ ਰਹੀ ਹੈ । ਕੁੱਜ ਵੀ ਹੈ, ਮੰਨਣਾ ਪਊ ਕਿ ਬੰਦੇ ਚ ਦਮ ਵੀ ਹੈ ਤੇ ਅਣਖ ਤੇ ਗ਼ੈਰਤ ਵੀ । ਇਹ ਇਕ ਤਲਖ ਹਕੀਕਤ ਹੈ ਕਿ ਅੱਜ ਦੇ ਜ਼ਮਾਨੇ ਚ ਸਾਡੇ ‘ਚੋਂ ਬਹੁਤੇ ਅਜਿਹੇ ਹਨ ਜਿਹਨਾਂ ਚੋਂ ਇਹ ਉਕਤ ਭਾਵਨਾਵਾਂ ਗ਼ੈਰਹਾਜ਼ਰ ਹਨ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin