Articles

ਚੁਣੇ ਗਏ ਵਿਧਾਇਕ ਨੂੰ ਸਮਾਜ ਦੇ ਸੁਧਾਰ ਲਈ ਕੰਮ ਕਰਨਾ ਚਾਹੀਦੈ !

ਲੇਖਕ: ਮੁਹੰਮਦ ਜਮੀਲ ਜੌੜਾ ਐਡਵੋਕੇਟ, ਕਿਲਾ ਰਹਿਮਤਗੜ੍ਹ, ਸੰਗਰੂਰ

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ । ਦੇਸ਼ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਨਿਰਪੱਖ ਚੋਣਾਂ ਕਰਵਾਉਣਾ ਵੀ ਲੋਕਤੰਤਰ ਦਾ ਹਿੱਸਾ ਹੁੰਦਾ ਹੈ ਪ੍ਰੰਤੂ ਕੁਝ ਸ਼ਾਤਿਰ ਆਗੂਆਂ ਨੇ ਲੋਕਤੰਤਰ ਅਤੇ ਚੋਣਾਂ ਦੇ ਅਰਥ ਹੀ ਬਦਲ ਦਿੱਤੇ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਕੁਰਾਹੇ ਪਾਇਆ ਹੋਇਆ ਹੈ। ਐਡਵਾਂਸ ਦੇਸ਼ਾਂ ਵਿੱਚ ਚੋਣਾਂ ਮੌਕੇ ਹਰ ਉਮੀਦਵਾਰ ਆਪਣੀ ਪਾਰਟੀ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਬਾਰੇ ਟੀਵੀ ਜਾਂ ਹੋਰ ਪ੍ਰਚਾਰ ਸਾਧਨਾਂ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੰਦਾ ਹੈ ਅਤੇ ਆਪਣੀ ਲੋਕਾਂ ਤੋਂ ਆਪਣੀ ਪਾਰਟੀ ਲਈ ਵੋਟ ਮੰਗਦਾ ਹੈ । ਚੋਣਾਂ ਹੋ ਜਾਣ ਤੋਂ ਬਾਦ ਕੋਈ ਇੱਕ ਪਾਰਟੀ ਜਿੱਤ ਕੇ ਸਰਕਾਰ ਬਣਾ ਲੈਂਦੀ ਹੈ ਅਤੇ ਜਿੱਤਣ ਵਾਲੇ ਉਮੀਦਵਾਰ ਅਪਣੇ-ਅਪਣੇ ਇਲਾਕੇ ਦੇ ਸਾਂਝੇ ਵਿਧਾਇਕ (ਰਹਿਬਰ) ਬਣਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਆਮ ਲੋਕਾਂ ਵਿੱਚ ਵਿਚਰਨ ਲੱਗ ਜਾਂਦੇ ਹਨ ਪ੍ਰੰਤੂ ਸਾਡੇ ਦੇਸ਼ ਵਿੱਚ ਸਿਆਸੀ ਲੋਕਾਂ ਨੇ ਜਨਤਾ ਦੇ ਦਿਲਾਂ ਵਿੱਚ ਐਨੀ ਨਫਰਤ ਅਤੇ ਕੁੜੱਤਣ ਭਰ ਦਿੱਤੀ ਹੈ ਕਿ ਨਾ ਤਾਂ ਲੋਕ ਹੀ ਚੋਣਾਂ ਦੇ ਭਿਆਨਕ ਹਾਦਸੇ ਨੂੰ ਭੁੱਲ ਪਾਉਂਦੇ ਹਨ ਅਤੇ ਨਾ ਹੀ ਸਿਆਸੀ ਆਗੂ ।

ਚੋਣਾਂ ਕਰਵਾਉਣ ਦਾ ਮੁੱਖ ਮੰਤਵ ਲੋਕਾਂ ਦੀ ਰਾਇ ਲੈਣਾ ਹੁੰਦਾ ਹੈ ਤਾਂ ਕਿ ਪਤਾ ਚੱਲੇ ਕਿ ਵੱਧ ਜਨਤਾ ਕਿਸ ਉਮੀਦਵਾਰ ਨੂੰ ਆਪਣਾ ਆਗੂ ਦੇਖਣਾ ਚਾਹੁੰਦੀ ਹੈ । ਆਖਿਰਕਾਰ ਜਿੱਤਣਾ ਤਾਂ ਇੱਕ ਉਮੀਦਵਾਰ ਨੇ ਹੀ ਹੁੰਦਾ ਹੈ । ਇਸ ਦਾ ਅਰਥ ਇਹ ਹਰਗਿਜ਼ ਨਹੀਂ ਹੈ ਕਿ ਹਾਰਨ ਵਾਲੇ ਉਮੀਦਵਾਰ ਚੰਗੇ ਨਹੀਂ ਹੁੰਦੇ । ਲੋਕਾਂ ਦੇ ਇਸ ਫੈਸਲੇ ਵਿੱਚ ਜਿੱਤਣ ਵਾਲੇ ਉਮੀਦਵਾਰ ਦੀ ਕਿਸਮਤ ਅਤੇ ਰੱਬ ਨੇ ਜਿਸ ਉਮੀਦਵਾਰ ਤੋਂ ਕੰਮ ਲੈਣਾ ਹੁੰਦਾ ਹੈ ਆਦਿ ਪੱਖਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਤਰ੍ਹਾਂ ਸਿਆਸਤ ਵਿੱਚ ਕਈ ਤਰ੍ਹਾ ਦੇ ਉਤਾਰ-ਚੜਾਅ ਆਉਂਦੇ ਰਹਿੰਦੇ ਹਨ ।

ਵਿਧਾਨ ਸਭਾ ਚੋਣਾਂ 2022 ਲਈ ਹਲਕਾ ਮਾਲੇਰਕੋਟਲਾ ਤੋਂ ਰਜ਼ੀਆ ਸੁਲਤਾਨਾ, ਨੁਸਰਤ ਅਲੀ ਖਾਨ, ਮੁਹੰਮਦ ਜਮੀਲ ਉਰ ਰਹਿਮਾਨ, ਫਰਜਾਨਾ ਆਲਮ ਵਿੱਚ ਚੌਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ । ਚਾਰੋਂ ਉਮੀਦਵਾਰਾਂ ਵਿੱਚੋਂ ਰੱਬ ਕਿਸ ਉਮੀਦਵਾਰ ਨੂੰ ਸਫਲ ਕਰਦਾ ਹੈ ਇਸ ਦਾ ਫੈਸਲਾ 10 ਮਾਰਚ ਨੂੰ ਹੋ ਜਾਵੇਗਾ । ਇਸ ਵਾਰ ਮਾਲੇਰਕੋਟਲਾ ਨਿਵਾਸੀਆਂ ਨੂੰ ਵੀ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰਨੀ ਚਾਹੀਦੀ ਹੈ । ਸਾਰੇ ਵਰਗਾਂ ਦੇ ਲੋਕ ਜਿੱਤਣ ਵਾਲੇ ਉਮੀਦਵਾਰ ਨੂੰ ਸੱਚੇ ਦਿਲੋਂ ਆਪਣਾ ਰਹਿਬਰ ਮੰਨ ਕੇ ਲੰਬੇ ਸਮੇਂ ਤੋਂ ਪੱਛੜੇ ਅਤੇ ਖਿੰਡੇ-ਖੱਪਰੇ ਹੋਏ ਹਲਕੇ ਦੇ ਵਿਕਾਸ ਲਈ ਮਿਲਜੁਲ ਕੇ  ਉਪਰਾਲੇ ਕਰਨੇ ਚਾਹੀਦੇ ਹਨ । ਇਸ ਗੱਲ ਦਾ ਅਹਿਦ ਨਵੇਂ ਚੁਣੇ ਗਏ ਵਿਧਾਇਕ ਨੂੰ ਵੀ ਕਰਨਾ ਚਾਹੀਦਾ ਹੈ ਕਿ ਉਹ ਵੀ ਪਾਰਟੀ, ਜਾਤ-ਪਾਤ, ਰੰਗ, ਨਸਲ, ਅਮੀਰ-ਗਰੀਬ ਦੇ ਭੇਦਭਾਵ ਛੱਡਕੇ ਹਲਕੇ ਦੇ ਸਰਵਪੱਖੀ ਵਿਕਾਸ ਅਤੇ ਮਲੇਰਕੋਟਲਾ ਨੂੰ ਇੱਕ ਮਾਡਲ ਹਲਕਾ ਬਣਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਨਾ ਕਿ ਪਿਛਲੇ ਹਾਕਮਾਂ ਦੀ ਤਰਜ ਤੇ ਬਦਲਾਖੋਰੀ ਦੀ ਨੀਯਤ ਨਾਲ ਮੁਲਾਜ਼ਮਾਂ ਦੀਆਂ ਬਦਲੀਆਂ, ਕੱਚੇ ਮੁਲਾਜ਼ਮਾਂ ਨੂੰ ਕੱਢ ਦੇਣਾ, ਵਿਰੋਧੀਆਂ ਦੀਆਂ ਪੈਨਸ਼ਨਾਂ ਅਤੇ ਰਾਸ਼ਨ ਬੰਦ ਕਰ ਦੇਣਾ ਵਗੈਰਾ ਵੱਲ ਧਿਆਨ ਦਿੱਤਾ ਜਾਵੇ । ਚੋਣਾਂ ‘ਚੋਂ ਜਿੱਤੇ ਹੋਏ ਉਮੀਦਵਾਰ ਦੀ ਉਦਾਹਰਣ ਉਸ ਇਤਰ ਦੀ ਤਰ੍ਹਾਂ ਹੈ ਜੋ ਵੱਖ-ਵੱਖ ਕਿਸਮ ਦੇ ਫੁੱਲਾਂ ਦੀਆਂ ਪੱਤੀਆਂ ਤੋਂ ਤਿਆਰ ਹੁੰਦਾ ਹੈ ਲੇਕਿਨ ਉਸਦੀ ਖੁਸ਼ਬੂ ਤੇ ਖੁਦ ਇਤਰ ਦਾ ਵੀ ਅਧਿਕਾਰ ਨਹੀਂ ਹੁੰਦਾ ਜੋ ਹਰ ਕਿਸਮ ਦੇ ਭੇਦਭਾਵ ਤੋਂ ਉੱਪਰ ਉੱਠਕੇ ਹਰ ਕਿਸੇ ਨੂੰ ਆਨੰਦਿਤ ਕਰਦੀ ਹੈ ।

ਹੁਣ ਅਸੀਂ ਇੱਕ ਝਾਤ ਮਾਰਦੇ ਹਾਂ ਪੰਜਾਬ ਦੇ ਇਤਿਹਾਸਕ ਸ਼ਹਿਰ “ਹਾਅ ਦਾ ਨਾਅਰਾ ਦੀ ਧਰਤੀ ਮਾਲੇਰਕੋਟਲਾ” ਤੇ । ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚ ਮਾਲੇਰਕੋਟਲਾ ਹੀ ਇੱਕੋ-ਇੱਕ ਮੁਸਲਿਮ ਬਹੁਗਿਣਤੀ ਵਾਲੀ ਸੀਟ ਹੈ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਵੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਇਥੋਂ ਦਾ ਪ੍ਰਤੀਨਿਧੀ ਮੁਸਲਿਮ ਭਾਈਚਾਰੇ ਵਿੱਚੋਂ ਦਿਤਾ ਜਾਵੇ ਤਾਂ ਕਿ ਸਦੀਆਂ ਤੋਂ ਪੱਛੜੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾਵੇ । ਬੀਤੇ ਸਾਢੇ ਸੱਤ ਦਹਾਕਿਆਂ ਦੌਰਾਨ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ ਪ੍ਰੰਤੂ ਇਥੋਂ ਦੇ ਲੋਕਾਂ ਦੇ ਆਰਥਿਕ, ਸਮਾਜਿਕ, ਵਿੱਦਿਅਕ ਅਤੇ ਕਾਰੋਬਾਰੀ ਜੀਵਨ ਵੱਲ ਕਿਸੇ ਸਰਕਾਰ ਅਤੇ  ਚੁਣੇ ਹੋਏ ਨੁਮਾਇੰਦੇ ਨੇ ਗੰਭੀਰਤਾ ਨਾਲ ਨਹੀਂ ਸੋਚਿਆ।

ਹਲਕਾ ਮਾਲੇਰਕੋਟਲਾ ਦੇ ਬੁਨਿਆਦੀ ਕੰਮਾਂ ਦਾ ਵੇਰਵਾ ਜੋ ਅਸੀਂ ਨਵੇਂ ਚੁਣੇ ਰਹਿਬਰ ਦੇ ਨਾਲ ਮਿਲਕੇ ਕਰਨੇ ਹਨ:-

  • ਮਾਲੇਰਕੋਟਲਾ ਦੀ ਵੱਡੀ ਅਬਾਦੀ ਦਾ ਜੀਵਨ ਕਿਸਾਨੀ ਅਤੇ ਸਬਜ਼ੀ ਮੰਡੀ ਨਾਲ ਜੁੜਿਆ ਹੋਇਆ ਹੈ । ਕਿਸਾਨ ਦਿਨ ਰਾਤ ਮਿਹਨਤ ਕਰਕੇ ਸਬਜ਼ੀ ਪੈਦਾ ਕਰਦਾ ਹੈ ਪ੍ਰੰਤੂ ਸਰਕਾਰ ਵੱਲੋਂ ਖਰੀਦ ਅਤੇ ਸਟੋਰ ਕਰਨ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਕਿਸਾਨ ਦੀਆਂ ਖੂਨ ਪਸੀਨਾ ਇੱਕ ਕਰਕੇ ਤਿਆਰ ਕੀਤੀਆਂ ਸਬਜ਼ੀਆਂ ਕੌਡੀਆਂ ਦੇ ਭਾਅ ਵਿਕਦੀਆਂ ਹਨ । ਸਰਕਾਰ ਨੂੰ ਪੰਜਾਬ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਤੋਂ ਸਬਜ਼ੀਆਂ ਐਕਸਪੋਰਟ ਕਰਨ ਜਾਂ ਦੂਜੇ ਰਾਜਾਂ ਨੂੰ ਭੇਜਣ ਦੇ ਵਿਸ਼ੇਸ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕਿਸਾਨ ਨੂੰ ਮਿਹਨਤ ਦਾ ਪੂਰਾ ਮੁੱਲ ਮਿਲ ਸਕੇ ।
  • ਮਾਲੇਰਕੋਟਲਾ ਦਾ ਸਰਕਾਰੀ ਹਸਪਤਾਲ ਵੱਡੀ ਬਿਲਡਿੰਗ ਅਤੇ ਕਈ ਕਨਾਲ ਰਕਬੇ ਵਿੱਚ ਬਣਿਆ ਹੋਇਆ ਹੈ । ਪ੍ਰੰਤੂ ਹਸਪਤਾਲ ਵਿੱਚ ਸਹੂਲਤਾਂ ਦਾ ਇਹ ਹਾਲ ਹੈ ਕਿ ਡਾਕਟਰਾਂ ਵੱਲੋਂ ਜ਼ਿਆਦਾਤਰ ਦਵਾਈਆਂ ਕਮਿਸ਼ਨ ਵਾਲੀਆਂ ਲਿਖੀਆਂ ਜਾਂਦੀਆਂ ਹਨ । ਲੱਖਾਂ ਦੀ ਸੰਘਣੀ ਅਬਾਦੀ ਹੋਣ ਦੇ ਬਾਵਜੂਦ ਵੀ ਇਥੇ ਸਕੈਨ ਤੱਕ ਦੀ ਸੁਵਿਧਾ ਨਹੀਂ ਹੈ ਸਬ ਸਕੈਨ ਦੇ ਨਾਮ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਕਿ ਡਾਕਟਰ ਤੋਂ ਲਿਖਵਾ ਕੇ ਬਾਹਰੋਂ ਮੁਫਤ ਹੋ ਜਾਵੇਗੀ ਜੋ ਨਹੀਂ ਹੁੰਦੀ । ਟੈਸਟ ਕਰਨ ਲਈ ਭਾਵੇਂ ਨਵੀਂ ਲੈਬ ਤਿਆਰ ਹੋ ਚੁੱਕੀ ਹੈ ਪਰੰਤੂ ਉਸ ਵਿੱਚ ਵੀ ਟੈਸਟ ਦੁਪਹਿਰ ਤੱਕ ਹੀ ਕੀਤੇ ਜਾਂਦੇ ਹਨ ਅਤੇ ਮਹਿੰਗੇ ਟੈਸਟਾਂ ਲਈ ਬਾਹਰ ਭੇਜਿਆ ਜਾਂਦਾ ਹੈ । ਜਿਸ ਕਾਰਣ ਆਰਥਿਕ ਪੱਖੋ ਕਮਜ਼ੋਰ ਲੋਕਾਂ ਦਾ ਖੁਨ ਚੂਸ ਕੇ ਪ੍ਰਾਈਵੇਟ ਸਕੈਨ ਸੈਂਟਰ ਅਤੇ ਲੈਬਾਰਟਰੀਆਂ ਵਾਲਿਆਂ ਨੇ ਆਲੀਸ਼ਾਨ ਮਹਿਲ ਬਣਾ ਲਏ ਹਨ । ਸਾਂਸਦ ਭਗਵੰਤ ਮਾਨ ਵੱਲੋਂ ਦਿਤੀਆਂ ਦੋ ਐਂਬੂਲੈਂਸਾਂ ਸਮੇਤ ਭਾਵੇਂ ਤਿੰਨ ਗੱਡੀਆਂ ਹਨ ਪ੍ਰੰਤੂ ਡਰਾਇਵਰ ਸਿਰਫ ਇੱਕ ਹੈ । ਹਸਪਤਾਲ ਵਿੱਚ ਆਧੁਨਿਕ ਮਸ਼ੀਨਾਂ ਅਤੇ ਵੱਖ-ਵੱਖ ਰੋਗਾਂ ਦੇ ਡਾਕਟਰਾਂ ਦੀ ਬਹੁਤ ਘਾਟ ਹੈ ਜਿਸ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨਾ ਸਾਡੇ ਵਿਧਾਇਕ ਦਾ ਫਰਜ਼ ਬਣਦਾ ਹੈ ਇਸ ਤੋਂ ਇਲਾਵਾ ਹਸਪਤਾਲ ਅੰਦਰ 24 ਘੰਟੇ ਟੈਸਟਿੰਗ ਲੈਬ, ਸਕੈਨ ਸੈਂਟਰ, ਬਲੱਡ ਬੈਂਕ, ਸਾਰੀਆਂ ਐਬੂਲੈਂਸ ਗੱਡੀਆਂ ਨੂੰ ਲੋਕਾਂ ਦੀ ਸੇਵਾ ਲਈ ਚਲਾਉਣ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ।
  • ਆਰਥਿਕ ਪੱਖੋਂ ਕਮਜ਼ੋਰ ਮਾਲੇਰਕੋਟਲਾ ਨਿਵਾਸੀ ਸਿੱਖਿਆ ਦੇ ਖੇਤਰ ਵਿੱਚ ਵੀ ਜ਼ਿਆਦਾ ਤਰੱਕੀ ਨਹੀਂ ਕਰ ਸਕੇ । ਸਰਕਾਰੀ ਸਕੂਲਾਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਲੁੱਟ ਖਸੁੱਟ ਕਰਵਾਉਣ ਲਈ ਮਜ਼ਬੂਰ ਨਾ ਹੋਣਾ ਪਵੇ । ਦੇਸ਼ ਅਜ਼ਾਦ ਹੋਣ ਤੋਂ 69 ਸਾਲ ਬਾਦ 2016 ‘ਚ ਮਾਲੇਰਕੋਟਲਾ ਸ਼ਹਿਰ ‘ਚ ਪਲੇਠਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਬਣਿਆ ਹੈ । ਮੁਕਾਬਲੇ ਦੇ ਯੁੱਗ ਵਿੱਚ ਮਾਲੇਰਕੋਟਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਕਈ ਹੋਰ ਸਰਕਾਰੀ, ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ, ਮੈਡੀਕਲ ਕਾਲਜ, ਪਾਲੀਟੈਕਨਿਕ ਕਾਲਜ, ਇੰਜਨੀਅਰਿੰਗ ਕਾਲਜ ਦੀ ਸਖਤ ਲੋੜ ਹੈ ਅਤੇ ਪਹਿਲਾਂ ਚੱਲ ਰਹੇ ਸਕੂਲਾਂ ਵਿੱਚ ਉਰਦੂ ਸਮੇਤ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਘਾਟ ਨੂੰ ਪੁਰਾ ਕਰਨ ਦੀ ਸਖਤ ਲੋੜ ਹੈ । ਸ਼ਹਿਰ ਵਿੱਚ ਲੜਕੀਆਂ ਲਈ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਸਤਾ ਹਾਲਤ ਇਮਾਰਤ ਵਿੱਚ ਚੱਲ ਰਿਹਾ ਹੈ, ਇਹ ਦੁਨੀਆਂ ਦਾ ਪਹਿਲਾ ਅਜਿਹਾ ਸਕੂਲ ਹੈ ਜਿਸ ਵਿੱਚ ਮੈਡੀਕਲ ਵਿਸ਼ਾ ਤਾਂ ਹੈ ਪਰੰਤੂ ਬਾਇਓ ਦਾ ਅਧਿਆਪਕ ਨਹੀਂ ਹੈ। ਬਿਲਡਿੰਗ ਦੀ ਘਾਟ ਮਹਿਸੂਸ ਹੋਣ ਕਾਰਣ ਦੋ ਸ਼ਿਫਟਾਂ ਚਾਲੂ ਕੀਤੀਆਂ ਗਈਆਂ ਹਨ । ਕੰਨਿਆ ਸਕੂਲ ਲਈ ਨਵੀਂ ਬਣ ਰਹੀ ਇਮਾਰਤ ਦੇ ਕੰਮ ਨੂੰ ਛੇਤੀ ਮੁਕੰਮਲ ਕਰਕੇ ਸਕੂਲ ਸ਼ਿਫਟ ਕੀਤਾ ਜਾਵੇ ਅਤੇ ਜੋ ਅਧਿਆਪਕਾਂ ਦੀ ਘਾਟ ਹੈ ਉਸ ਨੂੰ ਵੀ ਪੂਰਾ ਕੀਤਾ ਜਾਵੇ ।
  • ਹਲਕੇ ਦੇ ਹੋਣਹਾਰ ਲੋੜਵੰਦ ਵਿਦਿਆਰਥੀਆਂ ਲਈ ਭਾਵੇਂਕਿ ਉਰਦੁ ਅਕੈਡਮੀ ਵਿਖੇ ਲਾਇਬਰੇਰੀ ਬਣ ਚੁੱਕੀ ਹੈ ਪਰੰਤੂ ਆਈ.ਏ.ਐਸ., ਪੀ.ਸੀ.ਐਸ. ਦੀ ਕੋਚਿੰਗ ਲਈ ਮੁਫਤ ਕੋਚਿੰਗ ਦਾ ਪ੍ਰਬੰਧ ਕਰਨਾ ਸਮੇਂ ਦੀ ਮੁੱਖ ਜ਼ਰੂਰਤ ਹੈ ।
  • ਨਾਭਾ ਰੋਡ ਤੇ ਸਥਿਤ ਵਿਸ਼ਾਲ ਬਿਲਡਿੰਗ ਵਾਲਾ ਕਈ ਏਕੜ ‘ਚ ਬਣਿਆ ਆਈਟੀਆਈ ਕਾਲਜ ਸਿਰਫ ਚਿੱਟਾ ਹਾਥੀ ਹੀ ਸਾਬਿਤ ਹੋਇਆ ਹੈ । ਉਸ ਵਿੱਚ ਕੋਈ ਢੰਗ ਦਾ ਟਰੇਡ ਅੱਜ ਤੱਕ ਨਹੀਂ ਆਇਆ । ਸੋ ਲੋੜ ਹੈ ਕਿ ਆਈਟੀਆਈ ਵਿੱਚ ਚੰਗੇ ਟਰੇਡ ਅਤੇ ਸਟਾਫ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਬੱਚੇ ਕੋਰਸ ਕਰਕੇ ਸਵੈ ਰੋਜ਼ਗਾਰ ਲਈ ਤਿਆਰ ਹੋ ਸਕਣ ।
  • ਸ਼ਹਿਰ ਦੇ ਵਿਕਾਸ ਵਿੱਚ ਸੱਤ ਰੇਲਵੇ ਫਾਟਕਾਂ ਨੇ ਵੀ ਕਾਫੀ ਅੜਚਨ ਪਾਈ ਹੈ ਮਾਲੇਰਕੋਟਲਾ ਸ਼ਹਿਰ ਦੀ ਅੱਧੀ ਵਸੋਂ ਅਤੇ ਇੰਡਸਟਰੀ ਰੇਲਵੇ ਲਾਈਨ ਦੇ ਪਾਰ ਹੈ । 75 ਸਾਲਾਂ ਵਿੱਚ ਸ਼ਹਿਰ ਅੰਦਰਲੇ ਰੇਲਵੇ ਫਾਟਕਾਂ ਵਿੱਚੋਂ ਸਿਰਫ ਇੱਕ ਤੇ ਓਵਰ ਬ੍ਰਿਜ ਬਣਿਆ ਹੈ 6 ਫਾਟਕ ਅਜੇ ਬਾਕੀ ਹਨ । ਜੇਕਰ ਸ਼ਹਿਰ ਦੇ ਓਵਰ ਆਲ ਵਿਕਾਸ ਦੀ ਗੱਲ ਕਰੀਏ ਤਾਂ ਮਾਲੇਰਕੋਟਲਾ ਦੀ 50 ਪ੍ਰਤੀਸ਼ਤ ਅਬਾਦੀ ਡਿਜੀਟਲ ਇੰਡੀਆ ਦੇ ਆਧੁਨਿਕ ਦੌਰ ਵਿੱਚ ਵੀ ਬਿਨਾਂ ਸਟਰੀਟ ਲਾਈਟਾਂ, ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ, ਗਲੀਆਂ ਨਾਲੀਆਂ ਤੋਂ ਆਪਣਾ ਜੀਵਨ ਗੁਜਾਰ ਰਹੀ ਹੈ । ਜਿਸ ਵਿੱਚ ਸੰਘਣੀ ਆਬਾਦੀ ਵਾਲੇ ਇਲਾਕੇ 786 ਚੌਂਕ ਦੇ ਕੁਝ ਹਿੱਸੇ, ਸਰੌਦ ਰੋਡ, ਅਬਾਸਪੁਰਾ, ਨੌਧਰਾਣੀ ਰੇਲਵੇ ਫਾਟਕ ਤੋਂ ਬਾਹਰ ਦੇ ਇਲਾਕੇ ਗੋਬਿੰਦ ਨਗਰ, ਗਾਂਧੀ ਨਗਰ, ਮਦੇਵੀ ਰੋਡ ਰੇਲਵੇ ਫਾਟਕ ਦੇ ਬਾਹਰ ਦਾ ਇਲਾਕਾ, ਰਾਏਕੋਟ ਰੋਡ ਰੇਲਵੇ ਫਾਟਕ ਤੋਂ ਬਾਹਰ ਦੇ ਇਲਾਕੇ ਮਦੀਨਾ ਬਸਤੀ, ਪੀਲਕਾਂ ਆਦਿ, ਮਾਨਾ ਰੋਡ ਰੇਲਵੇ ਫਾਟਕ ਤੋਂ ਬਾਹਰ ਦਾ ਇਲਾਕਾ, ਇਮਾਮਗੜ੍ਹ ਰੋਡ ਤੇ ਸਥਿਤ ਮੁਸ਼ਤਾਕ ਬਸਤੀ, ਮਾਡਲ ਗਰਾਮ, ਘੁਮਾਰ ਬਸਤੀ ਆਦਿ, ਮਤੋਈ ਰੋਡ ਰੇਲਵੇ ਫਾਟਕ ਤੋਂ ਬਾਹਰ ਦਾ ਇਲਾਕੇ ਸ਼ਾਮਿਲ ਹਨ ਜਿੱਥੇ ਲੋਕ ਅਮ੍ਰਿਤ ਸਕੀਮ ‘ਚ ਸ਼ਾਮਲ ਮਾਲੇਰਕੋਟਲਾ ਸ਼ਹਿਰ ‘ਚ ਰਹਿੰਦੇ ਹੋਏ ਵੀ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ । ਇਨ੍ਹਾਂ ਇਲਾਕਿਆਂ ਵਿੱਚ ਨਾ ਕੋਈ ਸੀਵਰੇਜ ਅਤੇ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਕੋਈ ਪਾਣੀ ਦੇ ਨਿਕਾਸ ਦਾ । ਇਨਾਂ ਇਲਾਕਿਆਂ ਵਿੱਚ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ਲਈ ਸਟਰੀਟ ਲਾਈਟਾਂ, ਵਾਟਰ ਸਪਲਾਈ, ਸੀਵਰੇਜ ਅਤੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨਾ ਲਾਜ਼ਮੀ ਹੋਵੇਗਾ ।ਸ਼ਹਿਰ ਅੰਦਰ ਥਾਂ-ਥਾਂ ਤੇ ਟੁਟੀਆਂ ਸੜਕਾਂ ਦੀ ਮੁਰੱਮਤ ਦਾ ਕੰਮ ਵੀ ਵਧੀਆਂ ਕੁਆਲਟੀ ਮਟੀਰੀਅਲ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹਰ ਦੋ ਸਾਲ ਬਾਦ ਨਾ ਬਣਾਉਣੀਆਂ ਪੈਣ।
  • ਜੇਕਰ ਮੁਸਲਮਾਨਾਂ ਦੇ ਵੱਡੇ ਅਦਾਰੇ ਪੰਜਾਬ ਵਕਫ ਬੋਰਡ ਦੇ ਪੈਸੇ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਪੰਜਾਬ ਅੰਦਰ ਕੋਈ ਵੀ ਮੁਸਲਮਾਨ ਸਿੱਖਿਆ ਤੋਂ ਵਾਂਝਾ ਨਹੀਂ ਰਹਿ ਸਕਦਾ । ਪਿਛਲੇ ਸਮਿਆਂ ਦੌਰਾਨ ਪੰਜਾਬ ਵਕਫ ਬੋਰਡ ਵਿੱਚ ਹੋਏ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਵਾਕੇ ਦੋਸ਼ੀਆਂ ਤੇ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ । ਵਕਫ ਬੋਰਡ ਦੇ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਮਿਲਖ ਰੋਡ ਨੂੰ ਬਰਾਂਚਾਂ ਸਮੇਤ ਆਧੁਨਿਕ ਸਿੱਖਿਆ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ । ਵਕਫ ਬੋਰਡ ਦੇ ਅਧੀਨ ਚੱਲ ਰਹੇ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਵਧਾਉਣ ਦੀ ਕਰਨ ਦੀ ਸਖਤ ਲੋੜ ਹੈ । ਪੰਜਾਬ ਵਕਫ ਬੋਰਡ ਦੇ ਇੱਕੋ-ਇੱਕ ਹਸਪਤਾਲ ਹਜ਼ਰਤ ਹਲੀਮਾ ਜੋ ਕਿ ਪ੍ਰਾਈਵੇਟ ਹਸਪਤਾਲਾਂ ਵਾਂਗ ਫੀਸਾਂ ਵਸੂਲ ਕੇ ਲੋਕਾਂ ਦਾ ਇਲਾਜ ਕਰ ਰਿਹਾ ਹੈ ਜਦੋਕਿ ਇਹ ਵਕਫ ਬੋਰਡ ਦਾ ਅਦਾਰਾ ਹੈ ਇਸ ਦੀਆਂ ਫੀਸਾਂ ਘੱਟ ਕਰਕੇ ਲੋਕਾਂ ਨੂੰ ਇਲਾਜ ਵਿੱਚ ਰਾਹਤ ਦਿੱਤੀ ਜਾਵੇ ।

ਹਲਕਾ ਮਾਲੇਰਕੋਟਲਾ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਾਡੇ ਨਵੇਂ ਚੁਣੇ ਵਿਧਾਇਕ ਨੂੰ ਚਾਹੀਦਾ ਹੈ ਕਿ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਹਲਕੇ ਦੇ ਸਮੁੱਚੇ ਵਿਕਾਸ ਲਈ ਆਪਣੇ ਆਪ ਨੂੰ ਕੇਂਦਰਤ ਕਰੇ  ਅਤੇ ਉਪਰੋਕਤ ਇਲਾਕਿਆਂ ‘ਚ ਵਸਦੇ ਗਰੀਬ ਮਜ਼ਦੂਰ ਲੋਕਾਂ ਦੀ ਸਾਰ ਲੈਣੀ ਸਾਡੇ ਨੁਮਾਇੰਦੇ ਦਾ ਅਖਲਾਕੀ ਫਰਜ਼ ਵੀ ਹੈ ਅਤੇ ਜ਼ਿੰਮੇਦਾਰੀ ਵੀ, ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪ੍ਰੰਤੂ ਇਨਸਾਨੀਅਤ ਦੇ ਭਲੇ ਲਈ ਕੀਤੇ ਕੰਮ ਹਮੇਸ਼ਾ ਯਾਦ ਕੀਤੇ ਜਾਂਦੇ ਹਨ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin