Articles

ਚੋਣ ਡਿਊਟੀਆਂ ਦੇ ਤਲਖ ਤਜਰਬੇ।

ਲੇਖਕ: ਹਰਬੰਸ ਸਿੰਘ ਸੰਧੂ, ਰਿਟਾ. ਡੀ. ਪੀ. ਆਈ ਪੰਜਾਬ, ਮੈਲਬੌਰਨ

ਸਰਵਿਸ ਦੌਰਾਨ ਕਾਫੀ ਵਾਰ ਚੋਣ ਡਿਊਟੀਆਂ ਦਿੱਤੀਆਂ ਪਰ ਕੁਝ ਤਲਖ ਤਜਰਬਿਆਂ ਕਾਰਨ ਯਾਦ ਹਨ।1992 ਵਿਚ ਖਾੜਕੂਵਾਦ ਦੇ ਸਿਖਰ ਸਮੇ ਕੇਂਦਰ ਸਰਕਾਰ ਨੇ ਪੰਜਾਬ ਅਸੈਂਬਲੀ ਦੀਆਂ ਚੋਣਾ ਕਰਾਉਣ ਦਾ ਫੈਸਲਾ ਕੀਤਾ। ਮੇਰੀ ਡਿਉਟੀ ਬਤੌਰ ਪ੍ਜਾਈਡਿੰਗ ਅਫਸਰ ਬਹੁਤ ਹੀ ਸੰਵੇਦਨਸ਼ੀਲ ਮੇਰੇ ਜੱਦੀ ਪਿੰਡ ਜਗਾ ਰਾਮ ਤੀਰਥ (ਬਠਿੰਡਾ) ਵਿਖੇ ਲਗਾਈ ਗਈ। ਪਿੰਡ ਦੇ ਹੀ ਖਾੜਕੂ ਪਾਲਾ ਸਿੰਘ ਵੱਲੋ ਲੋਕਾਂ ਨੂੰ ਇਲੈਕਸ਼ਨ ਦਾ ਬਾਈਕਾਟ ਕਰਨ ਦੀ ਸਖ਼ਤ ਹਦਾਇਤ ਸੀ। ਚਾਰ ਪੋਲਿੰਗ ਬੂਥਾ ਦਾ ਸਟਾਫ, ਸੀ. ਆਰ .ਪੀ .ਦੀ ਨਿਗਰਾਨੀ ਹੇਠ ਸਕੂਲ ਪਹੁੰਚਿਆ। ਸਟਾਫ ਲਈ ਚਾਹ ਪਾਣੀ, ਖਾਣੇ ਅਤੇ ਮੰਜੇ ਬਿਸਤਰਿਆ ਦਾ ਕੋਈ ਪ੍ਰਬੰਧ ਨਹੀ ਸੀ। ਆਮ ਚੋਣਾਂ ਵਿੱਚ ਇਹ ਦਿਨ ਜਸ਼ਨ ਦਾ ਦਿਨ ਹੁੰਦਾ ਹੈ। ਇਥੇ ਹਰ ਇਕ ਨੂੰ ਜਾਨ ਦੇ ਲਾਲੇ ਪਏ ਹੋਏ ਸਨ। ਬਾਹਰ ਜਾਣ ਦੀ ਨਾ ਕੋਈ ਜੁਅਰਤ ਕਰਦਾ ਸੀ ਅਤੇ ਨਾ ਹੀ ਸੀ ਆਰ ਪੀ ਕਿਸੇ ਨੂੰ ਬਾਹਰ ਜਾਣ ਦਿੰਦੀ ਸੀ। ਆਪਣੇ ਖਾਣੇ ਵਿੱਚੋ ਹੀ ਸੀ ਆਰ ਪੀ ਨੇ ਸਟਾਫ ਨੂੰ ਖੁਆਇਆ। ਰਾਤ ਟਾਟਾਂ ‘ਤੇ ਸੌ ਕੇ ਕੱਟੀ। ਅਗਲੇ ਦਿਨ ਬੂਥ ਸਜਾ ਕੇ ਬੈਠ ਗਏ ਪਰ ਕੋਈ ਵੋਟ ਪਾਉਣ ਨਾ ਆਇਆ। ਕੁੱਝ ਦਿਨਾ ਬਾਅਦ ਕਾਂਗਰਸ ਸਰਕਾਰ ਬਣ ਗਈ।

ਪੰਜਾਬ ਵਿਚ ਸਰਕਾਰ ਬਣ ਜਾਣ ‘ਤੇ ਅਗਲਾ ਕੰਮ ਪੰਚਾਇਤ ਚੋਣਾ ਸੀ। ਇਸ ਵਾਰ ਫਿਰ ਮੇਰੀ ਡਿਊਟੀ ਬਹੁਤ ਹੀ ਸੰਵੇਦਨਸ਼ੀਲ ਪਿੰਡ ਰਾਮਸਰਾ (ਬਠਿੰਡਾ) ਲੱਗ ਗਈ। ਇਸ ਸਮੇ ਤੱਕ ਖਾੜਕੂਵਾਦ ਤੋ ਲੋਕਾਂ ਨੂੰ ਥੋੜੀ ਰਾਹਤ ਮਿਲ ਚੁੱਕੀ ਸੀ ਅਤੇ ਪੰਚਾਇਤ ਚੋਣਾ ਲਈ ਉਹਨਾ ਵਿਚ ਵੱਡਾ ਉਤਸ਼ਾਹ ਸੀ। ਸਰਪੰਚੀ ਲਈ ਕਾਂਗਰਸ ਅਤੇ ਅਕਾਲੀ ਦੋ ਉਮੀਦਵਾਰ ਚੋਣ ਲੜ ਰਹੇ ਸਨ। ਕਾਗਰਸੀ ਉਮੀਦਵਾਰ ਨੂੰ ਭੁਲੇਖਾ ਸੀ ਕਿ ਪੁਲਿਸ ਉਸ ਦੀ ਨਾਜਾਇਜ ਮੱਦਦ ਕਰੇਗੀ, ਅਕਾਲੀ ਉਮੀਦਵਾਰ ਨੂੰ ਪੈਸੇ ਦਾ ਘਮੰਡ ਸੀ। ਚੋਣ ਪ੍ਰਕਿਰਿਆ ਸ਼ੁਰੂ ਹੋਈ। ਏਜੰਟਾ ਨੇ ਤਰ੍ਹਾ ਤਰ੍ਹਾ ਦੇ ਇਤਰਾਜ ਲਗਾ ਕੇ ਕਈ ਵਾਰ ਚੋਣ ਪ੍ਰਕਿਰਿਆ ਰੁਕਵਾਈ। ਅਸੀ ਸਮਝਾ ਬੁਝਾ ਕੇ ਫਿਰ ਕੰਮ ਸੁਰੂ ਕਰਦੇ। ਵੋਟਿੰਗ ਦਾ ਕੰਮ ਖਤਮ ਹੁੰਦਿਆਂ ਹਨੇਰਾ ਹੋ ਚੁੱਕਿਆ ਸੀ। ਵੋਟਾਂ ਦੀ ਗਿਣਤੀ ਦਾ ਹੋਰ ਵੀ ਔਖਾ ਕੰਮ ਅਜੇ ਬਕਾਇਆ ਸੀ।
ਅਲਫਾਬੈਟਸ ਦੇ ਕ੍ਰਮ ਵਿੱਚ ਕਾਂਗਰਸ ਦੇ ਉਮੀਦਵਾਰ ਦਾ ਨਾਮ ਪਹਿਲਾਂ ਹੋਣ ਕਾਰਨ ਉਸ ਦੀ ਗਿਣਤੀ ਪਹਿਲਾਂ ਸ਼ੁਰੂ ਕੀਤੀ ਗਈ। ਗਿਣਤੀ ਤੋ ਬਾਅਦ ਕਾਂਗਰਸੀ ਉਮੀਦਵਾਰ ਨੇ ਕੁੱਲ ਭੁਗਤੀਆ ਵੋਟਾ ਤੋ ਉਸ ਦੀਆ ਵੋਟਾ ਅੱਧ ਤੋ ਘੱਟ ਹੋਣ ਦਾ ਹਿਸਾਬ ਲਗਾ ਕੇ ਅੰਦਾਜਾ ਲਗਾ ਲਿਆ ਕਿ ਉਹ ਹਾਰ ਚੁੱਕਾ ਹੈ। ਅਕਾਲੀ ਉਮੀਦਵਾਰ ਨੂੰ ਭੁਗਤੀਆਂ ਵੋਟਾ ਦੀ ਗਿਣਤੀ ਸ਼ੁਰੂ ਕੀਤੀ ਗਈ। ਕਾਂਗਰਸੀਆਂ ਨੇ ਬਣਾਈ ਸਕੀਮ ਅਨੁਸਾਰ ਜਿਸ ਟੇਬਲ ‘ਤੇ ਗਿਣਤੀ ਹੋ ਰਹੀ ਸੀ ਦੇ ਨੇੜੇ ਹੋ ਕੇ ਪਰਚੀਆਂ ‘ਤੇ ਝਪਟ ਪਏ ਅਤੇ ਪਰਚੀਆਂ ਪਾੜਨੀਆਂ ਸ਼ੁਰੂ ਕਰ ਦਿਤੀਆਂ। ਪੁਲਿਸ ਨੇ ਉਹਨਾ ਨੂੰ ਜਲਦੀ ਕਾਬੂ ਕਰ ਲਿਆ। ਰੋਲੇ ਰੱਪੇ ਦੋਰਾਨ ਮੈ ਉਚ ਅਧਿਕਾਰੀਆ ਨੂੰ ਸੂਚਿਤ ਕੀਤਾ। ਜਲਦੀ ਹੀ ਪੁਲਿਸ ਅਤੇ ਸਿਵਲ ਅਧਿਕਾਰੀਆ ਪਹੁੰਚ ਗਏ। ਅਧਿਕਾਰੀਆ ਨੇ ਮੈਨੂੰ ਠੀਕ ਪਰਚੀਆਂ ਗਿਣ ਕੇ ਨਤੀਜਾ ਸੁਣਾਉਣ ਲਈ ਕਿਹਾ। ਅਕਾਲੀ ਉਮੀਦਵਾਰ ਨੂੰ ਪੋਲ ਹੋਈਆ ਅਣਪਾਟੀਆਂ ਪਰਚੀਆਂ ਦੀ ਗਿਣਤੀ ਕਾਂਗਰਸੀ ਉਮੀਦਵਾਰ ਨੂੰ ਪੋਲ ਪਰਚੀਆਂ ਤੋ ਵੱਧ ਸੀ। ਨਤੀਜਾ ਸੁਣਾ ਦਿੱਤਾ ਗਿਆ। ਅੱਧੀ ਰਾਤ ਬੀਤ ਚੁੱਕੀ ਸੀ। ਬਾਹਰ ਦੋਹਾਂ ਪਾਰਟੀਆਂ ਦੇ ਸਮਰਥਕਾਂ ਦੀ ਗੋਲੀਬਾਰੀ ਚੱਲ ਰਹੀ ਸੀ। ਰਾਤ ਭੁੱਖਿਆਂ ਕੱਟਣੀ ਪਈ। ਸਮੇ ਦੀ ਨਿਜਾਕਤ ਸਮਝਦਿਆਂ ਹੋਇਆਂ ਉਸ ਸਮੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ। ਅਗਲੇ ਦਿਨ ਮੇਰੀ ਰਿਪੋਰਟ ਤੇ ਪਰਚਾ ਦਰਜ ਕਰ ਲਿਆ। ਜਮਾਨਤ ਤੇ ਆ ਕੇ ਕਾਂਗਰਸੀ ਵੀਰ ਨੇ ਮੇਰੇ ‘ਤੇ ਪਰਚਾ ਦਰਜ ਕਰਵਾ ਦਿੱਤਾ ਕਿ ਮਰੇ ਹੋਏ ਵੋਟਰਾ ਦੀਆਂ ਵੋਟਾ ਵਿਰੋਧੀ ਉਮੀਦਵਾਰ ਨੂੰ ਭੁਗਤਾ ਕੇ ਉਸ ਨੂੰ ਗਲਤ ਹਰਾਇਆ ਗਿਆ ਹੈ। ਉਸ ਸਮੇ ਰਾਹਤ ਮਿਲੀ ਜਦੋਂ ਅਦਾਲਤ ਨੇ ਸੀਲਡ ਰਿਕਾਰਡ ਖੋਲ ਕੇ ਫੈਸਲਾ ਦਿੱਤਾ ਕਿ ਕੋਈ ਵੀ ਮਰੇ ਹੋਏ ਦੀ ਵੋਟ ਨਹੀ ਭੁਗਤਾਈ ਗਈ ਸੀ।
ਡਿਊਟੀਆਂ ਦਾ ਆਖਰੀ ਤਲਖ ਤਜਰਬਾ ਮੈਨੂੰ ਪਿੰਡ ਭਲਾਈਆਣਾ (ਮਾਨਸਾ) ਦੇ ਪੰਚਾਇਤੀ ਚੋਣ ਸਮੇ ਹੋਇਆ। ਇਹਨਾ ਚੋਣਾ ਵਿੱਚ ਮੇਰੀ ਡਿਊਟੀ ਬਤੌਰ ਅਬਜ਼ਰਵਰ ਲੱਗੀ ਸੀ। ਪ੍ਰਸ਼ਾਸਨ ਵੱਲੋ ਅੱਠ ਦਸ ਪੋਲਿੰਗ ਬੂਥਾ ਦਾ ਕੰਮ ਦੇਖਣ ਲਈ ਇਕ ਸੁਪਰਵਾਈਜ਼ਰ ਲਗਾਇਆ ਗਿਆ। ਚਾਰ ਪੰਜ ਸੁਪਰਵਾਈਜ਼ਰਾ ਦਾ ਕੰਮ ਦੇਖਣ ਅਤੇ ਰਿਪੋਰਟ ਪ੍ਰਾਪਤ ਕਰਕੇ ਉਚ ਅਧਿਕਾਰੀਆ ਨੂੰ ਭੇਜਣ ਦੀ ਅਬਜ਼ਰਵਰ ਦੀ ਡਿਊਟੀ ਸੀ। ਸਾਰਾ ਦਿਨ ਚੋਣ ਪ੍ਰਕਿਰਿਆ ਠੀਕ ਚਲਦੀ ਰਹੀ। ਸ਼ਾਮ ਤੱਕ ਵੱਖ ਵੱਖ ਪਿੰਡਾ ਦੇ ਨਤੀਜੇ ਬੜੀ ਤੇਜੀ ਨਾਲ ਆ ਰਹੇ ਸਨ। ਮੇਰੇ ਅਧੀਨ  ਬੂਥਾ ਦੇ ਨਤੀਜੇ ਮੈਨੂੰ ਕਲੈਕਸ਼ਨ ਸੈਟਰ ਤੇ ਪਹੁੰਚ ਰਹੇ ਸਨ। ਭਲਾਈਆਣਾ ਪਿੰਡ ਦੇ ਨਤੀਜੇ ਵਿੱਚ ਦੇਰ ਹੋ ਰਹੀ ਸੀ। ਆਖੀਰ ਪ੍ਰੋਜਾਈਡਿੰਗ ਅਫਸਰ ਨੇ ਦੱਸਿਆ ਕਿ ਦੋ ਵਾਰ ਗਿਣਤੀ ਕਰਨ ਤੇ ਸਰਪੰਚੀ  ਦੀਆਂ ਅਕਾਲੀ ਅਤੇ ਕਾਗਰਸੀ ਉਮੀਦਵਾਰਾਂ ਦੀਆਂ ਪਰਚੀਆਂ ਬਰਾਬਰ ਨਿਕਲੀਆਂ ਹਨ। ਸੁਪਰਵਾਈਜ਼ਰ ਨੇ ਟਾਸ ਕਰਾਉਣ ਤੋ ਨਾਂਹ ਕਰ ਦਿੱਤੀ ਹੈ। ਦੋਹਾਂ ਪਾਰਟੀਆਂ ਵਿੱਚ ਗੋਲੀ ਚੱਲਣ ਦੇ ਹਾਲਾਤ ਬਣੇ ਹੋਏ ਹਨ। ਇਕੱਲੇ ਮੇਰੇ ਲਈ ਵੀ ਟਾਸ ਕਰਾਉਣਾ ਮੁਸ਼ਕਲ ਹੈ।ਸੁਪਰਵਾਈਜ਼ਰ ਨੇ ਫੋਨ ਬੰਦ ਕਰ ਲਿਆ ਅਤੇ ਗਾਇਬ ਹੋ ਗਿਆ। ਚੋਣ ਅਧਿਕਾਰੀ ਨਤੀਜੇ ਦੀ ਜਲਦੀ ਤੋ ਜਲਦੀ ਮੰਗ ਕਰ ਰਹੇ ਸਨ। ਸਾਰੀ ਸਥਿਤੀ ਦੱਸਣ ਦੇ ਬਾਵਜੂਦ ਉਹ ਕੁੱਝ ਵੀ ਕਰਨ ਪਰ ਜਲਦੀ ਨਤੀਜਾ ਦੇਣ ਲਈ ਕਹਿ ਰਹੇ ਸਨ। ਆਖਿਰ ਮੈ ਖੁਦ ਜਾ ਕੇ ਕਾਰਵਾਈ ਕਰਨ ਦਾ ਸੋਚਿਆ। ਮੈ ਪੁਲਿਸ ਸਕਿਊਰਟੀ ਦੀ ਮੰਗ ਕੀਤੀ। ਕਾਫੀ ਸਮਾਂ ਪੁਲਿਸ ਟਾਲਮਟੋਲ ਕਰਦੀ ਰਹੀ। ਮੈ ਆਪਣੇ ਵਿਭਾਗ ਦੇ ਸਾਥੀਆ ਨੂੰ ਲੈ ਕੇ ਚੱਲ ਪਿਆ। ਕਾਫੀ ਰਾਤ ਬੀਤ ਚੁੱਕੀ ਸੀ। ਪਿੰਡ ਪਹੁੰਚਣ ਤੱਕ ਡੀ.ਐਸ. ਪੀ.ਵੀ ਨਾਲ ਰਲ ਗਿਆ। ਬੜੀ ਮੁਸ਼ਕਿਲ ਨਾਲ ਹਨੇਰੀਆਂ ਗਲੀਆਂ ਵਿੱਚ ਸੁਨਾ ਪ੍ਰਾਇਮਰੀ ਸਕੂਲ ਲੱਭਿਆ। ਪਰਸਜਾਈਡਿੰਗ ਅਫਸਰ ਆਪਣੇ ਸਟਾਫ ਨਾਲ ਮੋਮਬੱਤੀਆਂ ਦੀ ਰੋਸ਼ਨੀ ਵਿੱਚ ਬੈਠਾ ਉਡੀਕ ਰਿਹਾ ਸੀ। ਸਾਰਾ ਸਮਾਨ ਸੀਲ ਕੀਤਾ ਹੋਇਆ ਸੀ। ਸਬੰਧਤ ਧਿਰਾਂ ਨੂੰ ਬਲਾਉਣ ਦਾ ਯਤਨ ਕੀਤਾ। ਕੋਈ ਸਕੂਲ ਆਉਣ ਲਈ ਤਿਆਰ ਨਹੀ ਸੀ। ਕਾਫੀ ਉਡੀਕ ਤੋ ਬਾਅਦ ਮੋਜੂਦ ਸਟਾਫ ਦੀ ਹਾਜਰੀ ਵਿਚ ਟਾਸ ਕੀਤਾ ਗਿਆ। ਨਤੀਜਾ ਚੋਣ ਅਧਿਕਾਰੀਆ ਨੂੰ ਦੱਸ ਕੇ ਅੱਧੀ ਰਾਤ ਨੂੰ ਘਰ ਲਈ ਰਵਾਨਗੀ ਪਾਈ।
ਇਸ ਤੋ ਬਿਨਾ ਚੋਣਾਂ ਵਿੱਚ ਤਲਖ ਤਜਰਬੇ ਜਿਲ੍ਹਾ / ਤਹਿਸੀਲ ਚੋਣ ਅਧਿਕਾਰੀਆ ਅਤੇ ਉਚ ਸਿੱਖਿਆ ਅਧਿਕਾਰੀਆ ਦੀਆਂ ਵਿਰੋਧਾਭਾਸੀ ਹਦਾਇਤ ਤੋ ਹੁੰਦਾ। ਜਿਲ੍ਹਾ/ਤਹਿਸੀਲ ਚੋਣ ਅਧਿਕਾਰੀ ਸਿਖਿਆ ਵਿਭਾਗ ਦੇ ਟੀਚਰਾਂ ਅਤੇ ਕਰਮਚਾਰੀਆਂ ਨੂੰ ਟ੍ਰੇਨਿੰਗ ਅਤੇ ਹੋਰ ਕੰਮਾਂ ਲਈ ਆਪਣੇ ਦਫਤਰ ਵਿੱਚ ਮਹੀਨਿਆਂ ਬੱਧੀ ਬਠਾਈ ਰੱਖਦੇ ਜਦੋ ਕਿ ਸ੍ਰੀ ਕ੍ਰਿਸ਼ਨ ਕੁਮਾਰ ਵਰਗੇ ਸਿਖਿਆ ਸਕੱਤਰ ਇਸ ਦੀ ਸੀਮਤ ਸਮੇ ਦੀ ਆਗਿਆ ਦਿੰਦੇ ਸਨ। ਇਸ ਕੰਮ ਵਿਚ ਸਿਖਿਆ ਵਰਗੇ ਅਹਿਮ ਮੁੱਦੇ ਦੀ ਅਣਦੇਖੀ ਬਹੁਤ ਰੜਕਦੀ ਸੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin