Articles Automobile

ਜ਼ਰਾ ਬਚਕੇ ਮੋੜ ਤੋਂ . . . ਭਾਗ – 11

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ
ਬਰਤਾਨੀਆ ਦੁਨੀਆ ਦਾ ਵਾਹਦ ਇੱਕੋ ਇਕ ਮੁਲਕ ਹੈ ਜਿੱਥੇ ਯਾਤਾਯਾਤ ਨਿਯਮ ਬੜੀ ਸਖ਼ਤੀ ਨਾਲ ਲਾਗੂ ਕੀਤੇ ਜਾਂਦੇ ਹਨ ਤੇ ਵਾਹਨ ਚਾਲਕ ਉਹਨਾ ਨਿਯਮਾਂ ਦਾ ਪਾਲਣ ਵੀ ਪ੍ਰਕੀਬੱਧਤਾ ਨਾਲ ਕਰਦੇ ਹਨ, ਪਰ ਤਦ ਵੀ ਯਾਤਾਯਾਤ ਨਿਯਮਾਂ ਦੇ ਉਲੰਘਣਾ ਦੇ ਦੋਸ਼ਾਂ ਵਿੱਚ ਸਰਕਾਰ ਹਰ ਸਾਲ ਮਿਲੀਅਨ ਪੌਂਡ ਜੁਰਮਾਨੇ ਵਜੋਂ ਵਸੂਲਕੇ ਸਰਕਾਰੀ ਖ਼ਜ਼ਾਨੇ ਚ ਜਮਾਂ ਕਰਕੇ ਮੋਟੀ ਕਮਾਈ ਕਰਦੀ ਹੈ । ਇਹ ਜੁਰਮਾਨੇ ਮਿਥੀ ਸਪੀਡ ਤੋਂ ਵੱਧ ਸਪੀਡ ‘ਤੇ ਵਾਹਨ ਚਲਾਉਣ ਕਾਰਨ, ਨੋ ਐਂਟਰੀ ਰੋਡ ਚ ਦਾਖਲੇ ਕਾਰਨ, ਗਲਤ ਜਗਾ ‘ਤੇ ਵਾਹਨ ਦੀ ਪਾਰਕਿੰਗ ਕਰਨ ਜਾਂ ਫਿਰ ਡਿਸਏਬਲ ਪਾਰਕਿੰਗ ਦੀ ਗਲਤ ਵਰਤੋ ਕਰਨ ਆਦਿ ਕਾਰਨਾਂ ਕਰਕੇ ਲਗਾਏ ਤੇ ਵਸੂਲ ਕੀਤੇ ਜਾਂਦੇ ਹਨ । ਗਲਤੀ ਕਰਨ ਵਾਲੇ ਵਾਹਨ ਚਾਲਕਾਂ ਨੂੰ ਫੜਨ ਵਾਸਤੇ ਪੂਰੀ ਤਰਾਂ ਆਧੁਨਿਕ ਸਾਜੋ ਸਮਾਨ ਨਾਲ ਫਿੱਟ ਪੁਲਿਸ ਵਾਹਨ, ਥਾਂ ਪੁਰ ਥਾਂ ਸੜਕਾਂ ਦੇ ਕਿਨਾਰਿਆਂ ‘ਤੇ ਲੱਗੇ ਰਫ਼ਤਾਰ ਅਤੇ ਯਾਤਾਯਾਤ ‘ਤੇ ਹਰ ਵੇਲੇ ਕਰੜੀ ਨਿਗਾਹ ਰੱਖਣ ਵਾਲੇ ਕੈਮਰੇ ਚੌਵੀ ਘੰਟੇ ਕਾਰਜਸ਼ੀਲ ਰਹਿੰਦੇ ਹਨ । ਹੁਣ ਤਾਂ ਕਈ ਸੜਕਾਂ ਉੱਤੇ ਸਮਾਰਟ ਕੈਮਰੇ ਵੀ ਫਿੱਟ ਕਰ ਦਿੱਤੇ ਗਏ ਹਨ ਜੋ ਓਵਰ ਸਪੀਡ ਕਰਨ ਵਾਲੇ ਵਾਹਨ ਚਾਲਕਾਂ ਨੂੰ ਜੁਰਮਾਨੇ ਵੀ ਆਟੋਮੈਟਿਕ ਹੀ ਕਰਦੇ ਹਨ ਤੇ ਜੁਰਮਾਨੇ ਸੰਬੰਧੀ ਫੋਟੋ ‘ਤੇ ਪੈਨਾਲਿਟੀ ਪੱਤਰ ਵੀ ਡਾਕ ਰਾਹੀਂ ਆਟੋਮੈਟੀਕਲੀ ਭੇਜਦੇ ਹਨ ।
ਹੁਣ ਸਵਾਲ ਇਹ ਹੈ ਕਿ ਕੀ ਉਕਤ ਭਾਂਤ ਦੇ ਜੁਰਮਾਨਿਆਂ ਤੋਂ ਬਚਿਆ ਜਾ ਸਕਦਾ ਹੈ ਜਾਂ ਨਹੀਂ ਤਾਂ ਮੇਰਾ ਸਿੱਧਾ ਜਵਾਬ ਇਹ ਹੋਵੇਗਾ ਕਿ ਬੇਸ਼ੱਕ ਮੈਂ ਖ਼ੁਦ ਵੀ ਉਕਤ ਕਈ ਕਿਸਮ ਦੇ ਜੁਰਮਾਨੇ ਸਮੇਂ ਸਮੇਂ ਅਦਾ ਕਰ ਚੁੱਕਾ ਹਾਂ ਪਰ ਤਦ ਵੀ ਏਹੀ ਕਹਾਂਗਾ ਕਿ ਹਾਂ, ਬਿਲਕੁਲ ਬਚਿਆ ਜਾ ਸਕਦਾ ਹੈ । ਕਈ ਵਾਰ ਥੋੜ੍ਹੀ ਜਿਹੀ ਸਾਵਧਾਨੀ ਕਾਰਨ ਬਹੁਤ ਵੱਡੀ ਖੱਜਲ ਖ਼ਰਾਬੀ ਤੋਂ ਬਚਿਆ ਜਾ ਸਕਦਾ ਹੈ । ਯਾਤਾਯਾਤ ਨਿਯਮਾਂ ਸੰਬੰਧੀ ਸੜਕਾਂ ਕਿਨਾਰੇ ਲੱਗੇ ਬੋਰਡਾਂ ਨੂੰ ਧਿਆਨ ਨਾਲ ਦੇਖਣ ਤੇ ਸਮਝਣ ਨਾਲ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਂਦੀ ਹੈ । ਦੂਜੀ ਗੱਲ ਇਹ ਸਮਝਣੀ ਜ਼ਰੂਰੀ ਹੈ ਕਿ ਮਿੱਥੀ ਰਫ਼ਤਾਰ ਤੋਂ ਤੇਜ਼ ਰਫ਼ਤਾਰ ‘ਤੇ ਵਾਹਨ ਚਲਾਉਣ ਨਾਲ ਜਿੱਥੇ ਹਾਦਸੇ, ਜੁਰਮਾਨੇ ਤੇ ਕਿਸੇ ਤਰਾਂ ਦੇ ਜਾਨੀ ਨੁਕਸਾਨ ਦਾ ਖਤਰਾ ਵਧਦਾ ਹੈ, ਉੱਥੇ ਅਜਿਹਾ ਕਰਦੇ ਸਮੇਂ ਇਹ ਵੀ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਆਪਣੀ ਤੇ ਦੂਸਰਿਆਂ ਦੀ ਜਾਨ ਨੂੰ ਖ਼ਤਰੇ ਚ ਪਾ ਕੇ ਕੁੱਜ ਕੁ ਮਿੰਟ ਬਚਾਉਣ ਦਾ ਕੀ ਫ਼ਾਇਦਾ ! ਚਲੋ ਮੰਨ ਲੈਂਦੇ ਹਾਂ, ਇਕ ਦੋ ਵਾਰ ਅਸੀਂ ਵਾਹਨ ਮਿਥੀ ਰਫ਼ਤਾਰ ਤੋਂ ਤੇਜ਼ ਚਲਾ ਕੇ ਆਪਣੀ ਮੰਜਿਲ ਉੱਤੇ ਕੁੱਜ ਸਮਾਂ ਪਹਿਲਾਂ ਪਹੁੰਚ ਜਾਂਦੇ ਹਾਂ, ਪਰ ਯਾਦ ਰੱਖਣਾ ਚਾਹੀਦਾ ਹੈ ਕਿ ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਵੀ ਜ਼ਰੂਰ ਆਉਂਦਾ ਹੈ ਕਹਿਣ ਦਾ ਭਾਵ ਇਕ ਨ ਇਕ ਦਿਨ ਗਲਤੀ ਕਰਨ ਵਾਲੇ ਨੇ ਜਾਂ ਤਾਂ ਫੜਿਆ ਹੀ ਜਾਣਾ ਤੇ ਜਾਂ ਫੇਰ ਕਿਸੇ ਨ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਣਾ ਹੁੰਦਾ ਹੈ, ਸੋ ਸਮਝਦਾਰੀ ਤੋਂ ਕੰਮ ਲੈਣਾ ਤੇ ਯਾਤਾਯਾਤ ਨਿਯਮਾਂ ਦਾ ਪਾਲਣ ਕਰਨਾ ਅੰਤ ਚ ਵਾਹਨ ਚਾਲਕਾਂ ਦੇ ਹੀ ਭਲੇ ਚ ਜਾੰਦਾ ਹੈ ਜਿਸ ਕਰਕੇ ਇਸ ਸੰਬੰਧੀ ਬਣਾਏ ਗਏ ਨਿਯਮਾਂ ਦਾ ਪਾਲਣ ਕਰਨ ਚ ਹੀ ਭਲਾ ਹੁੰਦਾ ਹੈ ।
ਕਈ ਵਾਰ ਸਹੀ ਪਾਰਕਿੰਗ ਨਾ ਮਿਲਣ ਕਰਕੇ ਵਾਹਨ ਚਾਲਕ ਆਪਣਾ ਵਾਹਨ ਡਬਲ ਯੈਲੋ ਲੇਨ ‘ਤੇ ਪਾਰਕ ਕਰਨ ਦੀ ਗਲਤੀ ਕਰਦੇ ਹਨ । ਅਜਿਹੀ ਗਲਤੀ ਵਾਹ ਲੱਗਦਿਆਂ ਕਦੇ ਕਰਨੀ ਹੀ ਨਹੀਂ ਚਾਹੀਦੀ ਕਿਉਂਕਿ ਡਬਲ ਯੈਲੋ ਲੇਨ ਸਿਰਫ ਉਸੇ ਜਗਾ ‘ਤੇ ਲਗਾਈ ਹੁੰਦੀ ਹੈ ਜਿੱਥੇ ਯਾਤਾਯਾਤ ਚ ਰੁਕਾਵਟ ਪੈਣ ਜਾਂ ਫੇਰ ਕਿਸੇ ਹਾਦਸੇ ਦੇ ਵਾਪਰਨ ਦਾ ਵਧੇਰੇ ਖਤਰਾ ਹੋਵੇ, ਪਰ ਜੇਕਰ ਕਿਸੇ ਖ਼ਾਸ ਮਜਬੂਰੀ ਵੱਸ ਕਿਧਰੇ ਇਸ ਤਰਾਂ ਦੀ ਜਗਾ ‘ਤੇ ਪਾਰਕਿੰਗ ਕਰਨ ਦੀ ਜ਼ਰੂਰਤ ਪੈ ਹੀ ਜਾਵੇ ਤਾਂ ਅਜਿਹਾ ਕਰਨ ਵੇਲੇ ਹੈਜਰਡ ਲਾਇਟਾਂ ਆਨ ਕਰਨੀਆਂ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਤੇ ਇਸ ਦੇ ਨਾਲ ਹੀ ਘੱਟ ਤੋਂ ਘੱਟ ਸਮੇਂ ਵਾਸਤੇ ਹੀ ਅਜਿਹਾ ਕੀਤਾ ਜਾਣਾ ਚਾਹੀਦਾ ਹੈ । ਜੇਕਰ ਵਾਹਨ ਡਬਲ ਯੈਲੋ ਲੇਨ ‘ਤੇ ਪਾਰਕਡ ਹੈ ਤੇ ਹੈਜਰਡ ਲਾਇਟਾਂ ਫਲੈਸ਼ ਕਰ ਰਹੀਆਂ ਹਨ ਤਾਂ, ਪੁਲਿਸ ਜਾਂ ਟ੍ਰੈਫ਼ਿਕ ਵਾਰਡਨ ਜੁਰਮਾਨਾ ਕਰਨ ਤੋਂ ਪਹਿਲਾਂ ਕੁੱਜ ਕੁ ਮਿੰਟ ਵਾਹਨ ਚਾਲਕ ਦੀ ਇੰਤਜ਼ਾਰ ਕਰਨਗੇ ਤਾਂ ਕਿ ਉਹ ਜਲਦੀ ਤੋਂ ਜਲਦੀ ਆਪਣੇ ਵਾਹਨ ਨੂੰ ਉੱਥੋਂ ਹਟਾ ਲਵੇ ।ਚਾਰ ਪੰਜ ਮਿੰਟ ਦੀ ਇੰਤਜ਼ਾਰ ਤੋਂ ਬਾਅਦ ਉਹ ਜੁਰਮਾਨੇ ਵਾਲੀ ਟਿਕਟ ਵਿੰਡ ਸਕਰੀਨ ‘ਤੇ ਚਿਪਕਾ ਕੇ ਵਾਹਨ ਦੀਆ ਕੁੱਜ ਫੋਟੋ ਕਲਿੱਕ ਕਰਨਗੇ ਤੇ ਫਿਰ ਆਪਣੇ ਰਾਹ ਲੱਗਣਗੇ ।
ਇਸੇ ਤਰਾਂ ਕਈ ਵਾਰ ਡਿਸਏਬਲਡ ਪਾਰਕਿੰਗ ‘ਤੇ ਗਲਤੀ ਨਾਲ ਵਾਹਨ ਪਾਰਕ ਕਰ ਦਿੱਤੇ ਜਾਂਦੇ ਹਨ ਜੋ ਕਿ ਬਰਤਾਨੀਆ ਦੇ ਮੋਟਰਵੇ ਨਿਯਮਾਂ ਦੀ ਘੋਰ ਉਲੰਘਣਾ ਹੈ । ਅਜਿਹੇ ਸਥਾਨਾਂ ਉੱਤੇ ਪਾਰਕਿੰਗ ਲਿਰਫ ਡਿਸਏਬਲਡ ਬੈਜ ਵਾਲੇ ਵਾਹਨ ਚਾਲਕ ਹੀ ਕਰ ਸਕਦੇ ਹਨ ਤੇ ਇਹ ਬੈਜ ਉਹਨਾ ਨੂੰ ਲੋਕਲ ਗਵਰਨਮੈਂਟ ਵਲੋਂ ਜਾਰੀ ਕੀਤੇ ਜਾਂਦੇ ਹਨ ਜੋ ਉਹਨਾਂ ਦੇ ਵਾਹਨਾਂ ਉਤੇ ਚਿਪਕਾਏ ਹੁੰਦੇ ਹਨ । ਇਸ ਨਿਯਮ ਨੂੰ ਤੋੜਨ ਵਾਸਤੇ ਵੀ ਜੁਰਮਾਨੇ ਦੀ ਪ੍ਰਕਿਰਿਆ ਉਕਤ ਯੈਲੋ ਪਾਰਕਿੰਗ ਵਾਲੀ ਹੀ ਹੈ ਜਿਸ ਤੋਂ ਬਚਣ ਦਾ ਢੰਗ ਏਹੀ ਹੈ ਕਿ ਪਾਰਕ ਕਰਨ ਸਮੇਂ ਉਸ ਜਗਾ ਉੱਤੇ ਜਾਂ ਆਸ  ਪਾਸ ਇਕ ਵਾਰ ਨਿਗਾਹ ਮਾਰਕੇ ਪੀਲੇ ਜਾਂ ਚਿੱਟੇ ਅੱਖਰਾਂ ਚ ਓਨਲੀ ਫਾਰ ਡਿਸਏਬਲਡ ਲਿਖਿਆ ਹੋਇਆ ਜ਼ਰੂਰੀ ਪੜ੍ਹ ਲਿਆ ਜਾਵੇ । ਇਸ ਤਰਾਂ ਦੀ ਘਟਨਾ ਮੇਰੇ ਨਾਲ ਇਕ ਵਾਰ ਵਾਪਰ ਚੁੱਕੀ ਹੈ । ਲੈਸਟਰ ਦੇ ਸਿਟੀ ਸੈਂਟਰ ਚ ਸਥਿਤ ਇਕ ਦਫਤਰ ਚ ਕਿਸੇ ਨੂੰ ਮਿਲਣ ਜਾਣ ਦੀ ਕਾਹਲ ਚ ਮੈ ਬਿਨ ਦੇਖੇ ਹੀ ਇਕ ਪਾਰਕਿੰਗ ਚੌਖਟੇ ਚ ਆਪਣੀ ਕਾਰ ਪਾਰਕ ਕਰ ਗਿਆ । ਪੰਦਰਾ ਵੀਹ ਮਿੰਟ ਬਾਦ ਜਦ ਵਾਪਸ ਆਇਆ ਤਾਂ ਕਾਰ ਦੀ ਵਿੰਡ ਸਕਰੀਨ ਉਤੇ ਜੁਰਮਾਨੇ ਦਾ ਸਟਿਕਰ ਚਿਪਕਿਆ ਦੇਖ ਬੜੀ ਪਰੇਸ਼ਾਨੀ ਹੋਈ । ਖੈਰ ! ਸਟਿਕਰ ਉਤਾਰਿਆ ਤੇ ਪੜ੍ਹਕੇ ਪਤਾ ਲੱਗਾ ਕਿ ਮੈ ਆਪਣੀ ਕਾਰ ਡਿਸਏਬਲ ਪਾਰਕਿੰਗ ਦੇ ਚੌਖਟੇ ਚ ਪਾਰਕ ਕਰਨ ਦੀ ਗਲਤੀ ਕੀਤੀ ਹੋਈ ਸੀ । ਆਸ ਪਾਸ ਦੇਖਿਆ ਤਾਂ ਡਿਸਏਬਲਡ ਪਾਰਕਿੰਗ ਦਾ ਕੋਈ ਬੌਰਡ ਲੱਗਾ ਨਜਰੀ ਨਾ ਪਿਆ … ਆਪਣੀ ਕਾਰ ਉਸੇ ਜਗਾ ‘ਤੇ ਪਾਰਕ ਕੀਤੀ ਛੱਡਕੇ ਉਸ ਦੇ ਆਸ ਪਾਸ ਦੀਆ ਕੁਜ ਕੁ ਫੋਟੋ ਆਪਣੇ ਫੋਨ ਰਾਹੀ ਕਲਿੱਕ ਕੀਤੀਆਂ, ਫਿਰ ਕਾਰ ਉਸ ਜਗਾ ਤੋ ਪਰੇ ਕਰਕੇ ਉਸ ਜਗਾ “ਓਨਲੀ ਫਾਰ ਡਿਸਏਬਲਡ” ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਸੜਕ ‘ਤੇ ਕਿਧਰੇ ਵੀ ਸਾਫ ਤੇ ਸ਼ਪੱਸ਼ਟ ਤੌਰ ‘ਤੇ ਇਸ ਤਰਾਂ ਲਿਖਿਆ ਹੋਇਆ ਦੇਖਣ ਪੜ੍ਹਨ ਨੂੰ ਨਾ ਮਿਲਿਆ, ਹਾਂ, ਜਿਸ ਜਗਾ ਉਤੇ ਕਾਰ ਪਾਰਕ ਕੀਤੀ ਗਈ ਸੀ, ਉੱਥੇ ਇਸ ਤਰਾਂ ਕੁਜ ਕੁ ਜਰੂਰ ਲੱਗਾ ਕਿ ਜੋ ਵੀ ਕੁਜ ਉਥੇ ਲਿਖਿਆ ਹੋਵੇਗਾ, ਉਹ ਕਾਰਾਂ ਦੇ ਟਾਇਰਾਂ ਦੀ ਘਸਰਨ ਦਾਂ ਰਗੜ ਨਾਲ ਮਿਟ ਚੁੱਕਾ ਸੀ, ਸੋ ਉਸ ਜਗਾ ਦੀਆ ਇਕ ਦੋ ਫੋਟੋਆਂ ਵੀ ਖਿੱਚੀਆ ਤੇ ਵਾਪਸ ਘਰ ਪਰਤ ਆਇਆ ।
ਕੁੱਝ ਦਿਨ ਬਾਅਦ ਇਕ ਅਪੀਲ ਲੈਟਰ ਤਿਆਰ ਕੀਤਾ ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਮੇਰੇ ਵਾਹਨ ਉਤੇ ਡਿਸਏਬਲਡ ਕਾਰ ਪਾਰਕਿੰਗ ਦੀ ਉਲੰਘਣਾ ਨੂੰ ਲੈ ਕੇ ਜੋ ਜੁਰਮਾਨਾ ਕੀਤਾ ਗਿਆ ਹੈ, ਉਹ ਬਿਲਕੁਲ ਗੈਰਵਾਜਬ ਹੈ ਕਿਉਕਿ ਨਾ ਹੀ ਉਸ ਜਗਾ ਉਤੇ ਤੇ ਨਾ ਹੀ ਆਸਪਾਸ ਕਿਧਰੇ ਕੋਈ ਇਸ ਸੰਬੰਧੀ ਦਿਸ਼ਾ ਨਿਰਦੇਸ਼ ਦਾ ਸਾਈਨ ਦਿੱਤਾ ਗਿਆ ਹੈ, ਸਬੂਤ ਵਜੋ ਉਸ ਜਗਾ ਦੀਆ ਤੇ ਆਸਪਾਸ ਦੀਆ ਤਸਵੀਰਾਂ ਆਪ ਦੇ ਧਿਆਨ ਹਿਤ ਭੇਜੀਆ ਜਾ ਰਹੀਆ ਹਨ ਜੋ ਸਭ ਕੁਜ ਸ਼ਪੱਸ਼ਟ ਕਰਦੀਆ ਹਨ । ਇਸ ਪੱਤਰ ਵਿਚ ਉਕਤ ਹਵਾਲੇ ਨਾਲ ਜੁਰਮਾਨਾ ਟਿਕਟ ਨੂੰ ਚੁਨੌਤੀ ਦੇ ਕੇ ਸੰਬੰਧਿਤ ਅਥੌਰਿਟੀ ਨੂੰ ਜੁਰਮਾਨਾ ਵਾਪਸ ਲੈਣ ਦੀ ਬੇਨਤੀ ਕੀਤੀ ਗਈ ਸੀ । ਇਥੇ ਜਿਕਰਯੋਗ ਹੈ ਕਿ ਜੁਰਮਾਨੇ ਨੂੰ 50% ਛੋਟ ਨਾਲ ਅਦਾ ਕਰਨ ਦਾ ਸਮਾ ਪੰਦਰਾਂ ਦਿਨਾ ਦਾ ਅਤੇ ਪੂਰਾ ਜੁਰਮਾਨਾ ਅਦਾ ਕਰਨ ਦੀ ਸਮਾ ਚਾਰ ਕੁ ਹਫਤੇ ਦਾ ਹੁੰਦਾ ਹੈ ਤੇ ਜੇਕਰ ਕੋਈ ਜੁਰਮਾਨੇ ਨੂੰ ਤਟਫਟ ਚਨੌਤੀ ਦੇਣ ਦੀ ਅਪੀਲ ਕਰਦਾ ਹੈ ਤਾਂ ਸਮੇਂ ਦੀ ਇਹ ਪਾਬੰਦੀ ਅਪੀਲ ‘ਤੇ ਫੈਸਲਾ ਹੋਣ ਦੇ ਸਮੇ ਤੱਕ ਲਾਗੂ ਨਹੀ ਹੁੰਦੀ ।
ਮੇਰੀ ਉਕਤ ਅਪੀਲ ਦੇ ਜਵਾਬ ਚ ਪੰਦਰਾਂ ਕੁ ਦਿਨ ਬਾਅਦ ਲੋਕਲ ਗਵਰਨਮੈਂਟ ਦੀ ਚਿੱਠੀ ਮਿਲੀ ਜਿਸ ਵਿਚ ਉਹਨਾ ਨੇ ਮੇਰੀ ਅਪੀਲ ਨੂੰ ਜਾਇਜ਼ ਸਵੀਕਾਰ ਕਰਦਿਆ, ਕੀਤਾ ਹੋਇਆ ਸਾਰੇ ਦਾ ਸਾਰਾ ਜੁਰਮਾਨਾ £60.00 ਵਾਪਸ ਲੈ ਲਿਆ ਸੀ ਤੇ ਇਸ ਦੇ ਨਾਲ ਹੀ ਧਨਵਾਦ ਕਰਦਿਆਂ ਰੋਡ ਮਾਰਕਿੰਗ ਅਤੇ ਲੋੜੀਂਦਾ ਸਾਈਨ ਬੋਰਡ ਲਗਾਉਣ ਦਾ ਭਰੋਸਾ ਵੀ ਦੁਆਇਆ ਹੋਇਆ ਸੀ ।
ਮੁਕਦੀ ਗੱਲ ਇਹ ਕਿ ਯਾਤਾਯਾਤ ਨਿਯਮਾਂ ਦੀ ਅਣਦੇਖੀ ਕਰਨੀ ਆਪਣੀ ਜਾਨ ਅਤੇ ਜੇਬ ਦੋਹਾਂ ਵਿੱਚੋਂ ਕਿਸੇ ਇਕ ਜਾਂ ਦੋਹਾਂ ‘ਤੇ ਹੀ ਭਾਰੀ ਪੈ ਸਕਦੀ ਹੈ । ਇਹ ਵੀ ਹੈ ਕਿ ਕਈ ਵਾਰ ਅਣਜਾਣੇ ਚ ਕੀਤੀ ਗਈ ਗਲਤੀ ਤੋ ਹੋਏ ਜੁਰਮਾਨੇ ਤੋਂ ਬਚ ਨਿਕਲਣ ਦਾ ਰਸਤਾ ਵੀ ਥੋੜ੍ਹੀ ਸੂਝ ਵਰਤਣ ਨਾਲ ਮਿਲ ਜਾਂਦਾ ਹੈ । ਬਸ ਸਮਝਣ ਵਾਲੀ ਗੱਲ ਇਹ ਹੈ ਕਿ ਆਪਣੀ ਸੋਚ ਅਤੇ ਵਿਵਹਾਰ ਨੂੰ “ਬਚਕੇ ਮੋੜ ਤੋਂ” ਮੋਡ ‘ਤੇ ਲਗਾਉਣ ਦੀ ਲੋੜ ਹੁੰਦੀ ਹੈ ਕਿਉਕਿ ਇਹ ਹੀ ਉਹ ਢੰਗ ਹੈ ਜੋ ਸਾਨੂੰ ਵੱਧ ਤੋ ਵੱਧ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ । ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਸਾਡੇ ਵਿਚ ਸਹਿਜਤਾ ਦੀ ਬਿਰਤੀ ਦੇ ਨਾਲ ਨਾਲ ਬਚੋ ਤੇ ਬਚਾਓ ਵਾਲੀ ਭਾਵਨਾ ਹੋਵੇਗੀ । ਜੇਕਰ ਉਕਤ ਦੋਵੇ ਤਰਾ ਦੇ ਗੁਣ ਇਕ ਵਾਹਨ ਚਾਲਕ ਕੋਲ ਹਨ ਤਾਂ ਉਹ ਚਾਲਕ ਇਕ ਵਧੀਆ ਚਾਲਕ ਮੰਨਿਆ ਜਾਵੇਗਾ, ਵਧੇਰੇ ਸੁਰੱਖਿਅਤ ਹੋਵੇਗਾ ਤੇ ਦੂਸਰਿਆਂ ਦੀ ਸਰੱਖਿਆ ਦਾ ਹਮੇਸ਼ਾ ਖਿਆਲ ਰੱਖਦਿਆ ਹੋਇਆ ਨਾ ਹੀ ਗਲਤ ਪਾਰਕਿੰਗ ਕਰੇਗਾ, ਨਾ ਹੀ ਆਪਣਾ ਵਾਹਨ ਓਵਰ ਸਪੀਡ ਚਲਾਏਗਾ ਤੇ ਨਾ ਹੀ ਲਾਲ ਬੱਤੀਆ ਸੰਬੰਧੀ ਨਿਯਮਾਂ ਦੀ ਉਲੰਘਣਾ ਕਰੇਗਾ । ਹਾਦਸੇ ਵੀ ਘੱਟ ਹੋਣਗੇ, ਜਾਨਾਂ ਵੀ ਘੱਟ ਜਾਣਗੀਆ ਤੇ ਜੁਰਮਾਨੇ ਵੀ ਘੱਟ ਹੋਣਗੇ । ਸੋ ਹਰ ਵਾਹਨ ਚਾਲਕ ਨੂੰ ਉਕਤ ਬਾਰੇ ਜਰੂਰ ਹੀ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ ।

. . . (ਚੱਲਦਾ)

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਇਲੈਕਟ੍ਰਿਕ ਵਾਹਨ ਖਰੀਦਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲ, ਕਾਰ ਨੂੰ ਨਹੀਂ ਲੱਗੇਗੀ ਅੱਗ!

editor

ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੀ ਚਿੰਤਾ ਖਤਮ, ਬਲੂ ਐਨਰਜੀ ਮੋਟਰਜ਼ LNG ਸੰਚਾਲਿਤ ਬਣਾਉਂਦੀ ਹੈ ਟਰੱਕ

editor