Articles Automobile

ਜ਼ਰਾ ਬਚਕੇ ਮੋੜ ਤੋਂ . . . ਭਾਗ – 14

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ
ਜਿਵੇਂ ਕਿ ਕੱਲ੍ਹ ਗੱਲ ਕੀਤੀ ਸੀ ਕਿ ਟਾਇਰਾਂ ਉੱਤੇ ਲੱਗੀ ਹੋਈ ਇਕ ਛੋਟੀ ਜਿਹੀ ਝਰੀਟ ਨੂੰ ਲੈ ਕੇ ਵੀ ਕਈ ਵਾਰ ਵਾਹਨ ਦੇ ਟਾਇਰ ਬਦਲਣ ਵਾਸਤੇ ਗਰਾਹਕ ਨੂੰ ਮਕੈਨਿਕਾਂ ਜਾਂ ਗੈਰੇਜ ਵਾਲਿਆਂ ਵੱਲੋਂ ਸਲਾਹ ਦੇ ਦਿੱਤੀ ਜਾਂਦੀ ਹੈ ਤੇ ਉਸ ਸਮੱਸਿਆ ਦਾ ਢੁਕਵਾਂ ਹੱਲ ਕੀ ਹੋ ਸਕਦਾ ਹੈ, ਉਹ ਵੀ ਦੱਸਿਆ ਗਿਆ ਸੀ । ਅੱਜ ਦੀ ਚਰਚਾ ਵੀ ਟਾਇਰਾਂ ਦੇ ਮਸਲੇ ਨੂੰ ਲੈ ਕੇ ਹੀ ਕੀਤੀ ਜਾਵੇਗੀ ਕਿਉਂਕਿ ਜਿੱਥੇ ਟਾਇਰ ਕਿਸੇ ਵੀ ਵਾਹਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦੇ ਹਨ ਉੱਥੇ ਇਹ ਵਪਾਰੀਆਂ/ ਮਕੈਨਿਕਾਂ ਜਾਂ ਗੈਰੇਜਾਂ ਵਾਲਿਆਂ ਦੀ ਆਮਦਨ ਦਾ ਵੀ ਵਧੀਆ ਵਸੀਲਾ ਹੁੰਦੇ ਹਨ । ਆਪਣੀ ਉਕਤ ਧਾਰਨਾ ਨੂੰ ਸਿੱਧ ਕਰਨ ਵਾਸਤੇ ਇਕ ਹੱਡਬੀਤੀ ਉਦਾਹਰਣ ਦਿੱਤੀ ਜਾਣੀ ਇੱਥੇ ਬੜੀ ਸਾਰਥਿਕ ਤੇ ਜ਼ਰੂਰੀ ਜਾਪਦੀ ਹੈ ।
ਇਹ ਗੱਲ ਤਾਂ ਸਾਰੇ ਕਾਰਾਂ ਵਾਲੇ ਹੀ ਜਾਣਦੇ ਹਨ ਕਿ ਆਪਣੀਆ ਕਾਰਾ ਨੂੰ ਸਹੀ ਸਲਾਮਤ ਚੱਲਦੀਆਂ ਰੱਖਣ ਵਾਸਤੇ ਹਰ ਵਰ੍ਹੇ ਛਿਮਾਹੀ ਪੱਛਮੀ ਮੁਲਕਾਂ ਚ ਬਣੇ ਕਾਨੂੰਨਾਂ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਸਰਵਿਸ ਕਰਵਾਉਣੀ ਜ਼ਰੂਰੀ ਹੁੰਦੀ ਹੈ । ਇਸ ਸਰਵਿਸ ਦੌਰਾਨ ਜਿੱਥੇ ਗੈਰੇਜਾਂ ਵਾਲੇ ਮਕੈਨਿਕ ਕਾਰਾ ਦੇ ਇੰਜਨ ਦਾ ਤੇਲ ਅਤੇ ਫ਼ਿਲਟਰ ਬਦਲੀ ਕਰਦੇ ਹਨ, ਬਰੇਕ, ਸਟੇਰਿੰਗ ਤੇ ਕੂਲਿੰਗ ਵਾਟਰ ਚੈੱਕ ਕਰਕੇ ਟੌਪ ਅਪ ਕਰਦੇ ਹਨ ਜਾਂ ਗਰਾਹਕ ਨੂੰ ਉਹਨਾ ਨੂੰ ਬਦਲੀ ਕਰਨ ਦੀ ਸਲਾਹ ਦੇਂਦੇ ਹਨ ਉੱਥੇ ਇਸ ਦੇ ਨਾਲ ਹੀ ਟਾਇਰਾਂ ਸੰਬੰਧੀ ਉਹਨਾਂ ਦੀ ਕੰਡੀਸ਼ਨ, ਵੀਲ ਬੈਲੇਂਸ਼ਿੰਗ ਤੇ ਅਲਾਈਨਮੈਂਟ ਸੰਬੰਧੀ ਵੀ ਚੈੱਕ ਕਰਦੇ ਹਨ ਤੇ ਇਸ ਦੇ ਨਾਲ ਹੀ ਵਾਈਪਰ, ਇੰਡੀਕੇਟਰ, ਸੀਟ ਬੈਲਟਾਂ, ਹਾਰਨ, ਸਟੇਰਿੰਗ, ਸਸਪਿਨਸਨ ਆਦਿ ਵੀ ਚੈੱਕ ਕਰਕੇ ਪੂਰੀ ਰਿਪੋਰਟ ਤਿਆਰ ਕਰਕੇ ਗਰਾਹਕ ਨੂੰ ਦੇਂਦੇ ਹਨ, ਕਹਿਣ ਦਾ ਭਾਵ ਇਹ ਕਿ ਸਰਵਿਸ ਵੇਲੇ ਮਕੈਨਿਕ ਦੀ ਇਹ ਇਮਾਨਦਾਰਾਨਾ ਜ਼ੁੰਮੇਵਾਰੀ ਬਣ ਜਾਂਦੀ ਹੈ ਕਿ ਉਹ ਗਰਾਹਕ ਨੂੰ ਉਸ ਦੀ ਕਾਰ/ਵਾਹਨ ਬਾਰੇ ਸਹੀ ਸਹੀ ਜਾਣਕਾਰੀ ਦੇਵੇ ਤੇ ਬਹੁਤੇ ਮਕੈਨਿਕ ਇਸ ਤਰਾਂ ਕਰਕੇ ਆਪਣਾ ਫਰਜ ਬਾਖੂਬੀ ਨਿਭਾਉਂਦੇ ਵੀ ਹਨ, ਪਰ ਫਿਰ ਵੀ ਇਸ ਮੌਕੇ ‘ਤੇ ਗਰਾਹਕ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਮਕੈਨਿਕ/ ਗੈਰੇਜ ਵਾਲਿਆਂ ਦੀ ਇੱਥੇ ਵੀ ਇਹ ਇੰਟੈਂਸ਼ਨ ਹੋ ਸਕਦੀ ਹੈ ਕਿ ਗਰਾਹਕ ਦੀ ਜੇਬ ਵਿੱਚੋਂ ਕੁੱਜ ਵਾਧੂ ਪੈਸੇ ਉਗਰਾਹ ਲਏ ਜਾਣ । ਇਸ ਸੰਬੰਧੀ ਜੋ ਘਟਨਾ ਮੇਰੇ ਖ਼ੁਦ ਨਾਲ ਵਾਪਰੀ ਉਹ ਕੁੱਜ ਇਸ ਤਰਾਂ ਹੈ ।
ਮੈ ਆਪਣੀ ਕਾਰ ਇੰਟਰਮ ਸਰਵਿਸ ਭਾਵ ਛਿਮਾਹੀ ਸਰਵਿਸ ਵਾਸਤੇ ਯੂ ਕੇ ਦੇ ਇਕ ਬਹੁਤ ਹੀ ਵੱਡੇ ਗੈਰੇਜ ਵਾਸਤੇ ਬੁੱਕ ਕਰਵਾਈ, ਮਿੱਥੇ ਦਿਨ ਤੇ ਮਿਥੇ ਸਮੇਂ ਮੁਕਾਬਿਕ, ਕਾਰ ਉਸ ਗੈਰੇਜ ਚ ਸਰਵਿਸ ਵਾਸਤੇ ਸਵੇਰੇ ਸਵੇਰੇ ਛੱਡ ਆਇਆ ਤੇ ਵਾਪਸੀ ਸਮੇਂ ਗੈਰੇਜ ਵਾਲਿਆਂ ਤੋਂ ਕਾਰ ਵਾਪਸ ਵੈਣ ਦਾ ਅੰਦਾਜ਼ਨ ਸਮਾਂ ਪੁੱਛਕੇ ਵਾਪਸ ਆ ਗਿਆ । ਸ਼ਾਮ ਨੂੰ ਸਾਢੇ ਕੁ ਤਿੰਨ ਵਜੇ ਗੈਰੇਜ ਤੋਂ ਫ਼ੋਨ ਆਇਆ ਕਿ ਕਾਰ ਦੇ ਟਾਇਰਾਂ ਦੀ ਕੰਡੀਸ਼ਨ ਤਾਂ ਬਿਲਕੁਲ ਸਹੀ ਹੈ, ਪਰ ਵੀਲ ਬੈਲੇਂਸਿੰਗ ਤੇ ਵੀਲ ਅਵਾਈਨਮੈਂਟ ਕਰਵਾਏ ਜਾਣ ਦੀ ਜ਼ਰੂਰਤ ਹੈ, ਉਹਨਾ ਇਹ ਵੀ ਦੱਸਿਆ ਕਿ ਉਂਜ ਬਾਕੀ ਸਾਰੀ ਸਰਵਿਸ ਕਰ ਦਿੱਤੀ ਗਈ ਹੈ । ਜਦੋਂ ਉਹਨਾ ਨੂੰ ਉਕਤ ਸੰਬੰਧੀ ਖ਼ਰਚਾ ਪੁੱਛਿਆ ਤਾਂ ਉੱਕਾ ਪੁੱਕਾ ਸਣੇ ਟੈਕਸ £120.00 ਦੱਸਿਆ । ਮੈਂ ਫ਼ੋਨ ‘ਤੇ ਹੀ ਉਹਨਾ ਨੂੰ ਇਹ ਕਹਿੰਦਿਆਂ ਮਨ੍ਹਾ ਕਰ ਦਿੱਤਾ ਕਿ ਮੇਰੇ ਬਿੱਲ ਉੱਤੇ ਇਹ ਅਡਵਾਇਸਰੀ ਪਾ ਦਿੱਤੀ ਜਾਵੇ ਤੇ ਮੈ ਜਲਦੀ ਤੋਂ ਜਲਦੀ ਸਮਾਂ ਮਿਲਣ ‘ਤੇ ਉਸੇ ਗੈਰੇਜ ਜਾਂ ਕਿਸੇ ਹੋਰ ਗੈਰੇਜ ਤੋਂ ਉਹ ਦੋਵੇਂ ਨੁਕਸ ਦੂਰ ਕਰਵਾ ਲਵਾਂਗਾ । ਮੇਰੇ ਇਸ ਜਵਾਬ ਵਜੋਂ ਫ਼ੋਨ ਕਰਤਾ ਮਕੈਨਿਕ ਨੇਮੈਨੂੰ ਨਸੀਹਤ ਕੀਤੀ ਕਿ ਉਕਤ ਨੁਕਸ ਦੂਰ ਕਰਵਾਏ ਬਿਨਾ ਕਾਰ ਚਲਾਉਣਾ ਜਿੱਥੇ ਮੇਰੇ ਵਾਸਤਾ ਖ਼ਤਰਨਾਕ ਹੋ ਸਕਦਾ ਹੈ ਉਥੇ ਇਹ ਕਿਸੇ ਦੂਸਰੇ ਵਾਸਤੇ ਵੀ ਖਤਰਾ ਪੈਦਾ ਕਰ ਸਕਦਾ ਹੈ ਜੋ ਕਿ ਕਾਨੂੰਨੀ ਤੌਰ ‘ਤੇ ਸੇਫਟੀ ਨਿਯਮਾਂ ਦੀ ਸਿੱਧੇ ਤੌਰ ‘ਤੇ ਉਲੰਘਣਾ ਹੈ । ਖ਼ੈਰ ! ਮੈ ਦੁਬਾਰਾ ਫਿਰ ਓਹੀ ਕੁੱਜ ਦੁਹਰਾਇਆ ਕਿ ਮੇਰੇ ਬਿੱਲ ਉੱਤੇ ਐਡਵਾਇਸਰੀ ਪਾ ਦਿੱਤੀ ਜਾਵੇ ਤੇ ਇਸ ਤਰਾਂ ਕਰਨ ਨਾਲ ਗੈਰੇਜ ਕਿਸੇ ਵੀ ਤਰਾਂ ਦੀ ਕਾਨੂੰਨੀ ਅੜਚਨ ਤੋਂ ਮੁਕਤ ਹੋ ਜਾਵੇਗਾ ਤੇ ਸਾਰਾ ਰਿਸਕ ਮੇਰੇ ਸਿਰ ਆ ਜਾਵੇਗਾ । ਸੋ ਗੈਰੇਜ ਵਾਲਿਆਂ ਨੇ ਇਸੇ ਤਰਾਂ ਕੀਤਾ ਤੇ ਮੈ ਆਪਣੀ ਕਾਰ ਸ਼ਾਮ ਨੂੰ ਉਸ ਗੈਰੇਜ ਤੋਂ ਵਾਪਸ ਲੈ ਆਇਆ । ਦੋ ਕੁ ਦਿਨ ਬਾਅਦ ਮੈ ਕਾਰ ਕਿਸੇ ਦੂਸਰੇ ਅਜਿਹੇ ਗੈਰੇਜ ਚ ਲੈ ਗਿਆ ਜੋ ਸਿਰਫ ਨਵੇਂ ਟਾਇਰ ਪਾਉਣ, ਵੀਲ ਅਲਾਈਨਮੈਂਟ ਤੇ ਵੀਲ ਬੈਲੇਂਸਿੰਗ ਦਾ ਕੰਮ ਹੀ ਕਰਦੇ ਸਨ । ਜਦ ਉਸ ਗੈਰੇਜ ਵਾਲਿਆਂ ਵੀਲ ਅਲਾਈਨਮੈਂਟ ਚੈੱਕ ਕੀਤੀ ਤੇ ਉਹ ਬਿਲਕੁਲ ਸਹੀ ਨਿਕਲੀ, ਕਹਿਣ ਦਾ ਭਾਵ ਇਹ ਕਿ ਸਾਹਮਣੇ ਲੱਗੀ ਵੀਲ ਅਲਾਈਨਮੈਂਟ ਵਾਲੀ ਕੰਪਿਊਟਰ ਸਕਰੀਨ ਦੱਸ ਰਹੀ ਸੀ ਕਿ ਕਾਰ ਦੀ ਵੀਲ ਅਲਾਈਨਮੈਂਟ ਬਿਲਕੁਲ ਸਹੀ ਹੈ ਤੇ ਫਿਰ ਉਸ ਗੈਰੇਜ ਵਾਲਿਆਂ ਨੇ ਵੀਲ ਬੈਲੇਂਸਿੰਗ ਚੈੱਕ ਕੀਤੀ ਤਾਂ ਸਿਰਫ ਇਕ ਟਾਇਰ ਦੀ ਮਾਇਨਰ ਆਊਟ ਆਈ ਜੋ ਉਹਨਾਂ ਨੇ ਉਸ ਟਾਇਰ ਦੇ ਵੀਲ ਰਿਮ ਨੂੰ ਇਕ ਛੋਟਾ ਜਿਹਾ ਲੈੱਡ ਚੜ੍ਹਾ ਕੇ ਸਹੀ ਕਰ ਦਿੱਤੀ । ਗੱਲ ਰਹੀ ਆਏ ਕੁਲ ਖ਼ਰਚੇ ਦੀ ਤਾਂ ਇਸ ਸੰਬੰਧੀ ਮੇਰਾ ਕੁੱਲ ਖ਼ਰਚਾ £35.00 ਆਇਆ ਜਿਸ ਵਿੱਚ ਵੀਲ ਅਲਾਈਨਮੈਂਟ ਚੈੱਕ ਕਰਨ ਦੇ £10.00 ਅਤੇ ਵੀਲ ਬੈਲੇਸਿੰਗ ਕਰਨ ਦੇ £25.00 ਚਾਰਜ ਕੀਤੇ ਗਏ ਸਨ ਜਦ ਕਿ ਪਹਿਲੀ ਗੈਰੇਜ ਜਿਸ ਨੇ ਕਾਰ ਸਰਵਿਸ ਕੀਤੀ ਸੀ, ਉਹ ਇਕ ਤਾਂ ਉਕਤ ਦੋਵੇਂ ਕੰਮ ਕਰਨ ਦੇ £120.00 ਮੰਗ ਰਿਹਾ ਸੀ ਤੇ ਦੂਜਾ ਵੀਲ ਅਲਾਈਨਮੈਂਟ ਸਹੀ ਹੋਣ ਦੇ ਬਾਵਜੂਦ ਵੀ ਪੈਸੇ ਚਾਰਜ ਕਰ ਰਿਹਾ ਸੀ ।
ਇਸ ਤਰਾਂ ਥੋੜੀ ਜਿਹੀ ਸਾਵਧਾਨੀ ਨਾਲ ਹੋ ਰਹੀ ਲੁੱਟ ਤੋਂ ਛੁਟਕਾਰਾ ਵੀ ਪਾ ਲਿਆ ਤੇ ਕਾਰ ਸੰਬੰਧੀ ਉਕਤ ਦੋ ਨੁਕਸਾਂ ਦੇ ਪਾਏ ਗਏ ਭਰਮ ਭੁਲੇਖੇ ਤੋਂ ਮੁਕਤੀ ਵੀ ਪ੍ਰਾਪਤ ਕਰ ਲਈ ਤੇ ਇਸ ਦੇ ਨਾਲ ਪਹਿਲੀ ਗੈਰੇਜ ਵਾਲੇ ਦੀ ਲਿਖਤੀ ਗਲਤ ਐਡਵਾਇਸਰੀ ਨੂੰ ਚਨੌਤੀ ਦੇਣ ਵਾਸਤੇ ਉਹਨਾ ਨੂੰ ਇਕ ਨੋਟਿਸ ਇਸ਼ੂ ਕਰਕੇ ਸਥਿਤੀ ਸ਼ਪੱਸ਼ਟ ਕਰਨ ਦਾ ਦੋ ਹਫ਼ਤੇ ਨੋਟਿਸ ਭੇਜ ਕੇ ਜਾਣੂ ਵੀ ਕਰਵਾ ਦਿੱਤਾ ਗਿਆ ਕਿ ਉਹਨਾ ਨੇ ਗਰਾਹਕ ਨੂੰ ਗਲਤ ਅਡਵਾਇਸਰੀ ਦੇ ਕਿਹੜੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਜਿਸ ਨੋਟਿਸ ਦੇ ਜਵਾਬ ਵਜੋਂ ਪਹਿਲੇ ਗੈਰੇਜ ਨੇ ਇਕ ਹਫ਼ਤੇ ਦੇ ਅੰਦਰ ਅੰਦਰ ਬਿਨਾ ਸ਼ਰਤ ਮੁਆਫੀ ਮੰਗੀ ਤੇ ਕਾਰ ਦੀ ਅਗਲੀ ਸਰਵਿਸ ਫ੍ਰੀ ਕਰਨ ਵਾਸਤੇ ਵਾਅਦਾ ਕਰਦਿਆਂ ਇਕ ਕੂਪਨ ਵੀ ਜਵਾਬੀ ਪੱਤਰ ਨਾਲ ਅਟੈਚ ਕਰਕੇ ਭੇਜਿਆ ਤੇ ਇਸ ਦੇ ਨਾਲ ਹੀ ਅਜਿਹੀ ਗਲਤੀ ਦੁਬਾਰਾ ਨਾ ਹੋਣ ਸੰਬੰਧੀ ਭਰੋਸਾ ਵੀ ਦਿੱਤਾ ।
ਮੁੱਕਦੀ ਹੱਲ ਇਹ ਕਿ ਕਈ ਗੈਰੇਜ/ ਮਕੈਨਿਕ ਗਲਤੀ ਨਾਲ ਤੇ ਕਈ ਵਾਰ ਮਕੈਨਿਕ ਵੱਲੋਂ ਜਾਣ ਬੁੱਝਕੇ ਵੀ ਅਜਿਹਾ ਕੁੱਜ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਗਰਾਹਕ ਦੀ ਜੇਬ ਨੂੰ ਥੁੱਕ ਲੱਗ ਜਾਂਦਾ ਹੈ, ਪਰ ਇਸ ਸਮੇਂ ਵਰਤੀ ਗਈ ਥੋੜ੍ਹੀ ਜਿਹੀ ਸਾਵਧਾਨੀ ਨਾਲ ਸੱਪ ਵੀ ਮਾਰਿਆਂ ਜਾ ਸਕਦਾ ਹੈ ਤੇ ਲਾਠੀ ਵੀ ਬਚਾਈ ਜਾ ਸਕਦੀ ਹੈ । ਜੇਕਰ ਜਾਣਕਾਰੀ ਚੰਗੀ ਲੱਗੇ ਤਾਂ ਫ਼ੀਡਬੈਕ ਜ਼ਰੂਰ ਕਰਨ ਦੀ ਆਦਤ ਪਾਓ ਤੇ ਜੇਕਰ ਤੁਹਾਡੇ ਨਾਲ ਕੋਈ ਅਜਿਹੀ ਘਟਨਾ ਵਾਪਰੀ ਹੋਵੇ ਤਾਂ ਦੂਸਰਿਆਂ ਨਾਲ ਸਾਂਝੀ ਜ਼ਰੂਰ ਕਰੋ ਤਾਂ ਕਿ ਕਿਸੇ ਹੋਰ ਦੀ ਲੁੱਟ ਜਾਂ ਬਿਨਾ ਵਜ੍ਹਾ ਜੇਬ ਨਾ ਮੁੰਨੀ ਜਾ ਸਕੇ ।

. . . (ਚੱਲਦਾ)

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਇਲੈਕਟ੍ਰਿਕ ਵਾਹਨ ਖਰੀਦਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲ, ਕਾਰ ਨੂੰ ਨਹੀਂ ਲੱਗੇਗੀ ਅੱਗ!

editor

ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੀ ਚਿੰਤਾ ਖਤਮ, ਬਲੂ ਐਨਰਜੀ ਮੋਟਰਜ਼ LNG ਸੰਚਾਲਿਤ ਬਣਾਉਂਦੀ ਹੈ ਟਰੱਕ

editor