Articles Automobile

ਜ਼ਰਾ ਬਚਕੇ ਮੋੜ ਤੋਂ . . . ਭਾਗ – 15

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ
ਕਾਰ ਗੈਰੇਜਾਂ ਵਾਲੇ ਆਪਣੇ ਗਰਾਹਕਾਂ ਦੀਆ ਜੇਬਾਂ ਹੋਰ ਵੀ ਕਈ ਤਰੀਕਿਆਂ ਨਾਲ ਲੀਰੋ ਲੀਰ ਕਰਦੇ ਹਨ , ਮਸਲਨ ਗਰਾਹਕ ਦਾ ਪਹਿਰਾਵਾ ਦੇਖ ਕੇ ਵੀ ਪੈਸੇ ਵੱਧ ਘੱਟ ਝਾੜ ਲਏ ਜਾਂਦੇ ਹਨ ਤੇ ਕਾਰ ਦਾ ਮੇਕ ਤੇ ਮਾਡਲ ਦੇਖਕੇ ਵੀ ਰਗੜਾ ਲਗਾ ਦਿੱਤਾ ਜਾਂਦਾ ਹੈ । ਜੇਕਰ ਕਿਸੇ ਕੋਲ ਵਧੀਆ ਮੇਕ ਦੀ ਕਾਰ ਹੁੰਦੀ ਹੈ ਤਾਂ ਗੈਰੇਜ ਵਾਲਾ ਉਸ ਨੂੰ ਮੋਟੀ ਸਾਮੀ ਸਮਝਕੇ ਕਾਰ ਦੀ ਮੁਰੰਮਤ ਜਾਂ ਸਰਵਿਸ ਕਰਨ ਦਾ ਪਹਿਲਾਂ ਹੀ ਉੱਚਾ ਭਾਅ ਦੱਸਦਾ ਹੈ । ਇਹੀ ਤਰੀਕਾ ਕਾਰ ਦੇ ਕਿਸੇ ਪਾਰਟ ਨੂੰ ਬਦਲੀ ਕਰਨ ਵੇਲੇ ਵਰਤਿਆਂ ਜਾਂਦਾ ਹੈ । ਦੂਸਰੇ ਪਾਸੇ ਜੇਕਰ ਕਾਰ ਬੇਸ਼ੱਕ ਦਰਮਿਆਨੇ ਮੇਕ ਤੇ ਮਾਡਲ ਦੀ ਹੋਵੇ ਪਰ ਉਸ ਦੇ ਮਾਲਕ ਨੇ ਸੂਟ ਬੂਟ ਚੰਗਾ ਪਹਿਨਿਆ ਪਚਰਿਆ ਹੋਵੇ ਹੈ ਤਾਂ ਇਹ ਸਭ ਦੇਖ ਵੀ ਗੈਰੇਜ ਵਾਲੇ ਪੰਝੀ ਤੋਂ ਪੰਜਾਹ ਫੀਸਦੀ ਤੱਕ ਭਾਅ ਚੜ੍ਹਾ ਕੇ ਦੱਸਦੇ ਹਨ । ਕਈ ਗਰਾਹਕ ਜਦ ਇਕ ਗੈਰੇਜ ਤੋਂ ਹੀ ਕੰਮ ਕਰਾਉਣ ਦੇ ਆਦੀ ਹੋ ਜਾਂਦੇ ਹਨ ਤਾਂ ਗੈਰੇਜ ਵਾਲੇ ਉਸ ਗਰਾਹਕ ਦੇ ਭਰੋਸੇ ਦਾ ਨਾਜਾਇਜ਼ ਫ਼ਾਇਦਾ ਉਠਾਂਉਦੇ ਹੋਏ ਵੀ ਉਸ ਦੀ ਮਿੱਠੇ ਪਿਆਰੇ ਬਣਕੇ ਛਿੱਲ ਲਾਹੁੰਦੇ ਰਹਿੰਦੇ ਹਨ ਤੇ ਗਰਾਹਕ ਵੀ ਬੜੇ ਅਰਾਮ ਨਾਲ ਛਿੱਲ ਲੁਹਾਉਂਦਾ ਹੋਇਆ ਕਦੇ ਇਹ ਵੀ ਨਹੀਂ ਸੋਚਦਾ ਕਿ ਵਪਾਰ ਦਾ ਤੇ ਪਿਆਰ ਦਾ ਦੂਰ ਦਾ ਵੀ ਸੁਮੇਲ ਨਹੀਂ ਹੋ ਸਕਦਾ, ਵਪਾਰੀ ਨੇ ਤਾਂ ਆਪਣਾ ਵਪਾਰ ਚਲਾਉਣ ਵਾਸਤੇ ਸਾਰੇ ਦਾਅ ਪੇਚ ਵਰਤਣੇ ਹੁੰਦੇ ਹਨ ਪਰ ਗਰਾਹਕ ਕਈ ਵਾਰ ਵਪਾਰੀ ਦੇ ਇਹਨਾ ਦਾਅ ਪੇਚਾਂ ਵਾਲੇ ਚੁੰਗਲ ਵਿੱਚ ਏਨਾ ਕੁ ਫਸ ਜਾਂਦਾ ਹੈ ਕਿ ਕਈ ਵਾਰ ਤਾਂ ਗੈਰੇਜ ਨੂੰ ਆਪਣਾ ਹੀ ਸਮਝਣ ਦਾ ਮਾਣ ਮਹਿਸੂਸ ਕਰਦਾ ਹੋਇਆ ਆਪਣੇ ਆਸ ਪਾਸ ਦੇ ਹੋਰਨਾਂ ਮਿੱਤਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਉਸੇ ਗੈਰੇਜ ਤੋਂ ਤਸੱਲੀਖਸ਼ ਤੇ ਵਾਜਬ ਭਾਅ ‘ਤੇ ਕੰਮ ਕਰਾਉਣ ਦੀਆਂ ਸ਼ਿਫਾਰਸ਼ਾਂ ਵੀ ਕਰਨ ਲੱਗ ਪੈਂਦਾ ਹੈ ।ਇਹ ਇਕ ਬਹੁਤ ਸਮਝਣ ਤੇ ਲੜ ਬੰਨਣ ਵਾਵੀ ਗੱਲ ਹੈ ਕਿ ਇਕ ਗਰਾਹਕ ਦਾ ਇਕ ਦੁਕਾਨਦਾਰ ਨਾਲ ਵਪਾਰਕ ਰਿਸਤੇ ਤੋ ਅੱਗੇ ਦਾ ਕੋਈ ਰਿਸ਼ਤਾ ਕਦੇ ਹੁੰਦਾ ਹੀ ਨਹੀ । ਇਸ ਕਰਕੱ ਗਰਾਹਕ ਨੂੰ ਹਮੇਸ਼ਾ ਕੋਈ ਚੀਜ ਖਰੀਦਣ ਵੇਲੇ ਦਾਂ ਕਿਸੇ ਗੈਰੇਦ ਵਗੈਰਾ ਤੋ ਸਰਵਿਸ ਪਰਾਪਤ ਕਰਨ ਵੇਲੇ ਸਭ ਤੋਂ ਪਹਿਲਾਂ ਠੋਕ ਵਜਾ ਕੇ ਦੇਖਣਾ ਚਾਹੀਦਾ ਹੈ, ਬਜਾਰ ਚੋਂ ਭਾਅ ਭੱਤਾ ਪਤਾ ਕਰਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ । ਕਾਰ ਦੀ ਸਰਵਿਸ ਕਰਵਾਉਣ ਵੇਲੇ ਜੇਕਰ ਇਕ ਸ਼ਹਿਰ ਚ ਪੰਜ ਗੈਰੇਜਾਂ ਹਨ ਤਾਂ ਘੱਟੋ ਘੱਟ ਚਾਰ ਕੁ ਗੈਰੇਜਾਂ ਕੋਲੋਂ ਪੁੱਛ ਗਿਛ ਕਰਨ ਨਾਲ ਕਾਫੀ ਹੈਰਾਨੀਜਨਕ ਜਾਣਕਾਰੀ ਪਰਾਪਤ ਹੋ ਸਕਦੀ ਹੈ, ਜੋ ਜੇਬ ਨੂੰ ਚੂਨਾ ਲੱਗਣ ਤੋ ਬਚਾਉਣ ਚ ਕਾਫੀ ਸਹਾਈ ਹੋ ਸਕਦੀ ਹੈ , ਪਰ ਗੱਲ ਇਹ ਹੈ ਕਿ ਅਜਿਹਾ ਕੁਜ ਜਾਨਣ ਵਾਸਤੇ ਹਿੰਮਤ ਤਾਂ ਆਪ ਹੀ ਕਰਨੀ ਪਵੇਗੀ ਤੇ ਅਸੀ ਜਾਣਦੇ ਹਾਂ ਲੱਛਮੀ ਤੇ ਹਿੰਮਤ ਦੀ ਗੂੜ੍ਹੀ ਸਾਂਝ ਹੈ ਜਦ ਕਿ ਦਲਿਦਰੀ ਬੰਦਾ ਤਾਂ ਵੈਸੇ ਵੀ ਨੁਕਸਾਨ ਤੇ ਘਾਟੇ ਦਾ ਚੰਗਾ ਦੋਸਤ ਹੁੰਦਾ ਹੈ ।
ਹੁਣ ਤੱਕ ਦੇ ਉਕਤ ਅਨੁਮਾਨ ਤਹਿਤ ਲਿਖੇ ਕਾਲਮ ਵਿਚ ਇਕ ਹੀ ਨੁਕਤਾ ਵਾਰ ਵਾਰ ਸ਼ਪੱਸ਼ਟ ਕਰਨ ਦੀ ਗੱਲ ਕੀਤੀ ਗਈ ਹੈ ਤੇ ਉਹ ਹੈ ਕਿ ਧੋਖਾਧੜੀ ਵਾਲੇ ਮੋੜ ਕੋ ਬਚਕੇ ਕਿਵੇਂ ਵਿਚਰਨਾ ਹੈ । ਬੇਸ਼ੱਕ ਇਸ ਕਾਲਮ ਤਹਿਤ ਚਰਚਾ ਕਾਰ ਗੈਰੇਜਾਂ ਜਾਂ ਮਕੈਨਿਕਾਂ ਨੂੰ ਕੇਂਦਰ ਬਿੰਦੂੂ ਚ ਰੱਖਕੇ ਹੀ ਕੀਤੀ ਗਈ ਹੈ, ਪਰ ਇਹ ਚਰਚਾ ਜੀਵਨ ਦੀਆਂ ਦੂਜੀਆ ਲੋੜਾਂ ਦੀ ਖਰੀਦਦਾਰੀ ਨਾਲ ਮੇਚ ਕੇ ਵੀ ਵਰਤੋ ਵਿਚ ਲਿਆਂਦੀ ਜਾ ਸਕਦੀ ਹੈ । ਸਮਝਣ ਵਾਲਾ ਨੁਕਤਾ ਇਹੀ ਹੈ ਰਿ ਇਹ ਗਰਾਹਕ ਨੂੰ ਚੰਗਾ ਗਰਾਹਕ ਬਣਨ ਦੀ ਲੋੜ ਹੈ, ਵਪਾਰੀ ‘ਤੇ ਭਰੋਸਾ ਕਰਨ ਦੀ ਬਜਾਏ ਅੱਖਾਂ ਖੁਲ੍ਹੀਆ ਰੱਖਕੇ ਖਰੀਦਦਾਰੀ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ , ਲੋੜ ਪੈਣ ‘ਤੇ ਗਰਾਹਕ ਨੁੰ ਆਪਣੇ ਅਧਿਕਾਰਾ ਦੀ ਵਰਤੋ ਕਰਨ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਕਿ ਕਾਨੂੰਨੀ ਤੌਰ ‘ਤੇ ਆਪਣਾ ਬਣਦਾ ਹੱਕ ਪਰਾਪਤ ਕੀਤਾ ਜਾ ਸਕੇ ।
ਆਪਣੀ ਗੱਲ ਸਮਾਪਤ ਕਰਨ ਤੋ ਪਹਿਲਾ ਇਥੇ ਇਕ ਉਦਾਹਰਣ ਦੇਣੀ ਚਾਹਾਂਗਾ । ਇਹ ਉਦਾਹਰਣ ਇਸ ਵਾਰ ਬੇਸ਼ਕ ਕਾਰਾਂ ਦੀ ਮੁਰਮੰਤ ਨਾਲ ਸੰਬੰਧਿਤ ਤਾਂ ਨਹੀ ਹੈ ਪਰ ਜਰਾ ਬਚਕੇ ਮੋੜਤੋ ਵਾਲੇ ਨੁਕਤੇ ਨੂੰ ਸ਼ਪੱਸ਼ਟ ਕਰਨ ਲਈ ਕਾਫੀ ਢੁਕਵੀ ਜਰੂਰ ਹੈ ।
ਕੁਜ ਸਮਾ ਪਹਿਲਾ ਦੀ ਗੱਲ ਹੈ ਕਿ ਇਕ ਡੀਡ ਪੋਲ ਤਿਆਰ ਕਰਵਾਉਣੀ ਸੀ । ਉਸ ਡੀਡ ਪੋਲ ਦੀ ਲਿਖਿਤ ਮੈ ਖੁਦ ਤਿਆਰ ਕੀਤੀ ਤੇ ਉਸ ਉਤੇ ਕਿਸੱ ਨੌਟਰੀ ਪਬਲਿਕ ਜਾਂ ਸੋਲੀਸਿਟਰ ਦੇ ਸਾਈਨ ਕਰਵਾਉਣ ਵਾਸਤੇ ਫੋਨ ਰਾਹੀ ਕਈਆ ਨਾ ਰਾਬਤਾ ਕੀਤਾ ਤਾਂ ਉਹਨਾ ਨੇ ਆਪੋ ਆਪਣੇ ਫੀਸ ਰੇਟ ਦੱਸੇ । ਕਿਸੇ ਨੇ ਪੰਜਾਹ, ਪਜੰਤਰ ਤੇ ਸੌ ਦੱਸਿਆ ਤੇ ਇਕ ਨੇ ਸਮੱਤ ਟੈਕਸ ਇਕ ਸੌ ਵੀਹ ਪੌਂਡ ਵੀ ਦੱਸੇ । ਸੋਲਿਸਟਰ ਆਮ ਕਰਕੇ ਆਪਣੇ ਸਮੇ ਦੇ ਹਿਸਾਬ ਨਾਲ ਫੀਸ ਲੈਂਦੇ ਹਨ, ਜਿਸ ਕਰਕੇ ਮੇਰੇ ਵਲੋ ਸਭਨਾ ਨੂੰ ਪਹਿਲਾਂ ਹੀ ਇਹ ਦੱਸਿਆ ਗਿਆ ਕਿ ਡੀਡ ਬਿਲਕੁਲ ਤਿਆਰ ਹੈ, ਲੋੜ ਸਿਰਫ ਸਾਈਨ ਆਫ ਕਰਨ ਦੀ ਹੈ, ਪਰ ਉਹਨਾ ਦਾ ਇਕ ਹੀ ਉਤਰ ਸੀ ਕਿ ਇਸ ਨਾਲ ਕੋਈ ਫਰਕ ਨਹੀ ਪੈਂਦਾ, ਇਹ ਫੀਸ ਰੇਟ ਇਸ ਤਰਾਂ ਦੇ ਪੇਪਰ ਨੂੰ ਸਾਈਨ ਕਰਨ ਵਾਸਤੇ ਫਿਕਸ ਸਨ ।
ਅਗਲੇ ਦਿਨ ਫਿਰ ਕੁਜ ਫੋਨ ਕੀਤੇ ਪਰ ਗੱਲ ਨਾ ਬਣੀ । ਮੇਰੀ ਇਕ ਆਦਤ ਹੈ ਕਿ ਜਿਸ ਕੰਪਨੀ ਜਾਂ ਅਦਾਰੇ ਨੂੰ ਉਕਤ ਕਿਸਮ ਦੀ ਇਨਕਆਰੀ ਕਰਨ ਵਾਸਤੇ ਫੋਨ ਕਰ ਲਵਾ, ਉਸ ਨੂੰ ਦੁਬਾਰਾ ਨਾ ਕਰਨ ਲਈ ਯਕੀਨੀ ਬਣਾਉਣ ਵਾਸਤੇ ਡਾਇਰੀ ਚ ਨੋਟ ਕਰ ਲੈਂਦਾ ਹਾਂ । ਖੈਰ ! ਤੀਸਰੇ ਦਿਨ ਫਿਰ ਕੋਸ਼ਿਸ਼ ਕੀਤੀ ਤਾਂ ਪਹਿਲੀ ਕਾਲ ਕਰਨ ‘ਤੇ ਹੀ ਇਕ ਸੋਲਿਸਟਰ ਕੰਪਨੀ ਨੇ ਮੇਰੀ ਉਹ ਡੀਡ ਪੋਲ ਪੰਜ ਪੌਂਡ ਵਿਚ ਸਾਈਨ ਕਰਨ ਦੀ ਸਹਿਮਤੀ ਦੇਂਦਿਆ ਨਾਲ ਹੀ ਇਹ ਵੀ ਕਿਹਾ ਕਿ ਤੁਸੀਂ ਸਾਡੇ ਦਫਤਰ ਦੇ ਵਰਕਿੰਗ ਸਮੇ ਦੌਰਾਨ ਕਦੇ ਵੀ ਆ ਸਕਦੇ ਹੋ ਤੇ ਸਾਡਾ ਕੋਈ ਸੋਲਿਸਟਰ ਤੁਹਾਡੀ ਡੀਡ ਪੋਲ ਸਾਇਨ ਕਰ ਦੇਵੇਗਾ ਪਰ ਸਾਡੇ ਦਫਤਰ ਆਉਦੇ ਸਮੇ ਆਪਣਾ ਫੋਟੋ ਸ਼ਨਾਖਤੀ ਕਾਰਡ/ ਸਬੂਤ ਤੇ ਘਰ ਦਾ ਕੋਈ ਯੁਟਿਲਟੀ ਬਿਲ ਨਾਲ ਜਰੂਰ ਲੈ ਕੇ ਆਉਣਾ । ਮੈ ਉਸ ਸੋਲਿਸਟਰ ਕੰਪਨੀ ਦੇ ਦਫਤਰ ਉਸੇ ਦਿਨ ਦੋ ਕੁ ਘੰਟੇ ਬਾਅਦ ਚਲੇ ਗਿਆ ਤੇ ਉਹ ਡੀਡ ਪੋਲ ਪੰਜ ਪੌਂਡ ਵਿਚ ਲਾਈਨ ਕਰਾਕੇ ਵਾਪਸ ਆ ਗਿਆ ।
ਗੱਲ ਕੀ ਕਿ ਕੁਜ ਫੋਨ ਕਰਨ ਨਾਲ ਇਕ ਸੌ ਤੋ ਵੱਧ ਪੌਂਡ ਦਾ ਫਾਇਦਾ ਹੋ ਗਿਆ । ਓਹੀ ਕਾਗਜ ਜੋ ਦੂਸਰਿਆ ਨੇ ਪੰਜਾਹ ਤੋਂ ਇਕ ਸੌ ਵੀਹ ਪੌਂਡ ਤੱਕ ਦੀ ਫੀਸ ਨਾਲ ਸਾਈਨ ਕਰਨਾ ਸੀ, ਸਿਰਫ ਪੰਜ ਪੌਂਡ ਚ ਤਿਆਰ ਹੋ ਗਿਆ । ਲੋੜ ਸਿਰਫ ਬਜਾਰ ਵਿਚੋ ਗੁਜਰ ਕੇ ਭਾਅ ਦਾ ਪਤਾ ਕਰਨ ਦੀ ਹੈ ਤੇ ਇਹ ਕੰਮ ਇਕ ਚੰਗੇ ਗਰਾਹਕ ਦਾ ਹੁੰਦਾ ਹੈ । ਸਾਨੁੰ ਸਭਨਾ ਨੁੰ ਚੰਗੇ ਗਰਾਹਕ ਬਣਨਾ ਚਾਹੀਦਾ ਹੈ ।

. . . (ਚੱਲਦਾ)

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਇਲੈਕਟ੍ਰਿਕ ਵਾਹਨ ਖਰੀਦਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲ, ਕਾਰ ਨੂੰ ਨਹੀਂ ਲੱਗੇਗੀ ਅੱਗ!

editor

ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੀ ਚਿੰਤਾ ਖਤਮ, ਬਲੂ ਐਨਰਜੀ ਮੋਟਰਜ਼ LNG ਸੰਚਾਲਿਤ ਬਣਾਉਂਦੀ ਹੈ ਟਰੱਕ

editor