Articles

ਜੋਤਸ਼ੀ ਤੇ ਮਿੱਟੀ!

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਚੰਦਰਿਆਂ ਦਾ ਕੰਤਾ ਘਰ ਦੀ ਖਲਜਗਣ ਤੋਂ ਅੱਕਿਆ ਪਿਆ ਸੀ। ਉਸ ਦਾ ਕੋਈ ਕੰਮ ਸਿੱਧਾ ਨਹੀਂ ਸੀ ਪੈਂਦਾ, ਦੋ ਕਦਮ ਅੱਗੇ ਚੱਲਦਾ ਤਾਂ ਚਾਰ ਕਦਮ ਪਿੱਛੇ ਜਾ ਡਿੱਗਦਾ। ਮੁਸੀਬਤ ਵਿੱਚ ਫਸਿਆ ਆਦਮੀ ਵੈਸੇ ਹੀ ਵਹਿਮੀ ਹੋ ਜਾਂਦਾ ਹੈ ਤੇ ਜੋਤਸ਼ੀਆ ਅਤੇ ਤਾਂਤਰਿਕਾਂ ਵਰਗੇ ਪਾਖੰਡੀਆਂ ਦੇ ਚੱਕਰਾਂ ਵਿੱਚ ਫਸ ਜਾਂਦਾ ਹੈ। ਅੱਜ ਕਲ੍ਹ ਤਾਂ ਅਜਿਹੀਆਂ ਦੁਕਾਨਾਂ ਵੈਸੇ ਹੀ ਪੈਰ ਪੈਰ ‘ਤੇ ਖੁਲ੍ਹੀਆਂ ਹੋਈਆਂ ਹਨ। ਉਸ ਦੇ ਇਲਾਕੇ ਵਿੱਚ ਵੀ ਸੁਨਾਮ ਵਾਲੇ ਜੋਤਸ਼ੀ ਦੀਆਂ ਬਹੁਤ ਧੁੰਮਾਂ ਪਈਆਂ ਹੋਈਆਂ ਸਨ। ਉਹ ਗੱਲ ਅਲੱਗ ਹੈ ਕਿ ਕੁਝ ਮਹੀਨੇ ਪਹਿਲਾਂ ਉਸ ਮਹਾਨ ਜੋਤਸ਼ੀ ਨੂੰ ਆਪਣੇ ਹੀ ਘਰ ਪੈਣ ਵਾਲੇ ਇਨਕਮ ਟੈਕਸ ਵਾਲਿਆਂ ਦੇ ਛਾਪੇ ਬਾਰੇ ਭਵਿੱਖਬਾਣੀ ਨਹੀਂ ਸੀ ਹੋਈ ਤੇ ਉਸ ਦਾ ਲੋਕਾਂ ਨੂੰ ਮੂਰਖ ਬਣਾ ਕੇ ਕਮਾਇਆ ਹੋਇਆ ਦਸ ਕਰੋੜ ਦਾ ਕਾਲਾ ਧੰਨ ਪਕੜਿਆ ਗਿਆ ਸੀ। ਅਖਬਾਰਾਂ ਵਿੱਚ ਭਾਵੇਂ ਉਸ ਦੀ ਰੱਜ ਕੇ ਥੂਹ ਥੂਹ ਹੋਈ ਸੀ ਪਰ ਉਸ ਦੇ ਗਾਹਕਾਂ ‘ਤੇ ਕੋਈ ਬਹੁਤਾ ਅਸਰ ਨਹੀਂ ਸੀ ਪਿਆ। ਕਿਉਂਕਿ ਸ਼ਰਧਾਲੂਆਂ ਜੋਤਸ਼ੀ ਸਾਹਿਬ ਤਾਂ ਲੋਕਾਂ ਦਾ ਭਲਾ ਕਰਨ ਲਈ ਇਸ ਧਰਤੀ ‘ਤੇ ਪਧਾਰੇ ਹਨ, ਆਪਣੇ ਆਪ ਬਾਰੇ ਸੋਚਣ ਦਾ ਵਕਤ ਉਨ੍ਹਾਂ ਕੋਲ ਕਿੱਥੇ?
ਉਸ ਦਾ ਲੋਕਾਂ ਨੂੰ ਫਸਾਉਣ ਦਾ ਇੱਕ ਤਰੀਕਾ ਇਹ ਸੀ ਕਿ ਉਹ ਗਾਹਕ ਨੂੰ ਘਰ ਤੋਂ ਮਿੱਟੀ ਲਿਆਉਣ ਲਈ ਕਹਿੰਦਾ ਸੀ। ਮਿੱਟੀ ਹੱਥ ਵਿੱਚ ਫੜ੍ਹ ਕੇ ਐਵੇਂ ਝੂਠੇ ਸੱਚੇ ਮੰਤਰ ਪੜ੍ਹ ਕੇ ਗਾਹਕ ਨੂੰ ਐਨਾ ਡਰਾ ਦਿੰਦਾ ਸੀ ਕਿ ਗਾਹਕ ਵਿਚਾਰਾ ਉਪਾਉ ਕਰਾਉਣ ਦੇ ਨਾਮ ‘ਤੇ ਦਸ ਵੀਹ ਹਜ਼ਾਰ ਰੁਪਏ ਦੀ ਠੱਗੀ ਅਰਾਮ ਨਾਲ ਝੱਲ ਜਾਂਦਾ ਸੀ। ਕਿਸੇ ਚਮਤਕਾਰ ਦੀ ਆਸ ਵਿੱਚ ਕੰਤਾ ਵੀ ਇੱਕ ਦਿਨ ਜੋਤਸ਼ੀ ਕੋਲ ਜਾ ਪਹੁੰਚਿਆ ਤੇ ਜੋਤਸ਼ੀ ਨੇ ਮੋਟੀ ਮੁਰਗੀ ਵੇਖ ਕੇ ਉਸ ਨੂੰ ਵੀ ਘਰ ਦੀ ਮਿੱਟੀ ਲਿਆਉਣ ਲਈ ਕਹਿ ਦਿੱਤਾ। ਅਗਲੇ ਦਿਨ ਜਦੋਂ ਜੋਤਸ਼ੀ ਨੇ ਮਿੱਟੀ ਵੇਖ ਕੇ ਮੂੰਹ ਵਿੱਚ ਗੁਣ-ਗੁਣ ਕੀਤੀ ਤਾਂ ਉਸ ਦੇ ਮੱਥੇ ‘ਤੇ ਵੱਟ ਪੈ ਗਏ ਤੇ ਮੂੰਹ ਇਸ ਤਰਾਂ ਬਣਾ ਲਿਆ ਜਿਵੇਂ ਸ਼ਾਖਸ਼ਾਤ ਭੂਤ ਵੇਖ ਲਏ ਹੋਣ। ਉਹ ਕੰਤੇ ਨੂੰ ਪੈਰੋਂ ਕੱਢਣ ਲਈ ਬੋਲਿਆ, “ਜਜਮਾਨ ਤੇਰੇ ਤਾਂ ਗ੍ਰਹਿ ਹੀ ਬਹੁਤ ਮਾੜੇ ਚੱਲ ਰਹੇ ਹਨ। ਰਾਹੂ ਦੇ ਘਰ ਕੇਤੂ ਵੜਿਆ ਫਿਰਦਾ ਆ ਤੇ ਛਨੀ ਚੌਥੇ ਘਰ ਬੈਠਾ ਆ। ਜੇ ਤੇਰੇ ਵਿੱਚ ਹੌਂਸਲਾ ਹੈ ਤਾਂ ਸਾਰੀ ਰਾਮ ਕਹਾਣੀ ਦੱਸ ਦੇਨਾ ਆਂ।” ਕੰਤਾ ਪਹਿਲਾਂ ਤਾਂ ਡਰ ਗਿਆ ਪਰ ਫਿਰ ਦਿਲ ਕਰੜਾ ਜਿਹਾ ਕਰ ਕੇ ਬੋਲਿਆ, “ਮਹਾਰਾਜ ਗੱਲ ਈ ਕੋਈ ਨੀਂ, ਹੌਂਸਲਾ ਬਹੁਤ ਆ ਮੇਰੇ ‘ਚ। ਦੱਸੋ ਤੁਸੀਂ।” “ਤੇਰੇ ਘਰ ਵਿੱਚ ਕਿਸੇ ਦੁਸ਼ਮਣ ਨੇ ਬੰਗਾਲੀ ਬਾਬੇ ਤੋਂ ਕਰਵਾ ਕੇ ਬਹੁਤ ਹੀ ਕਰੜੇ ਤਵੀਤ ਦੱਬੇ ਹੋਏ ਨੇ। ਇਸ ਲਈ ਨਾ ਤੇਰੇ ਘਰੋਂ ਕਲੇਸ਼ ਖਤਮ ਹੋਣਾ ਆ ਤੇ ਨਾ ਹੀ ਲਕਸ਼ਮੀ ਆਉਣੀ ਆ। ਘਰਵਾਲੀ ਤੇਰੀ ਦਾ ਗੁਆਂਢੀ ਨਾਲ ਚੱਕਰ ਚੱਲ ਰਿਹਾ ਆ ਤੇ ਤੇਰੇ ਦੋਵੇਂ ਲੜਕੇ ਵੀ ਗੁਆਂਢੀ ਦੇ ਆ। ਉਸ ‘ਤੇ ਨਿਗ੍ਹਾ ਰੱਖੀਂ, ਦੋ ਚਾਰ ਦਿਨ ‘ਚ ਘਰ ਦੇ ਗਹਿਣੇ ਗੱਟੇ ਨੂੰ ਝਾੜੂ ਮਾਰ ਕੇ ਆਸ਼ਕ ਨਾਲ ਭੱਜਣ ਈ ਵਾਲੀ ਆ,” ਜੋਤਸ਼ੀ ਨੇ ਇੱਕ ਵਾਰ ਤਾਂ ਕੰਤੇ ਨੂੰ ਤਰੇਲੀਆਂ ਲਿਆ ਦਿੱਤੀਆਂ।
ਪਰ ਫਿਰ ਕੁਝ ਸੋਚ ਕੇ ਕੰਤਾ ਉੱਚੀ ਉੱਚੀ ਹੱਸਣ ਲੱਗ ਪਿਆ। ਇੱਕ ਵਾਰ ਤਾਂ ਜੋਤਸ਼ੀ ਕੰਬ ਗਿਆ ਕਿ ਮੈਂ ਕਿਤੇ ਠੱਗੀ ਮਾਰਨ ਦੇ ਚੱਕਰ ਵਿੱਚ ਇਸ ਨੂੰ ਕੁਝ ਜਿਆਦਾ ਹੀ ਤਾਂ ਨਹੀਂ ਡਰਾ ਦਿੱਤਾ, ਲੱਗਦਾ ਸਾਲਾ ਪਾਗਲ ਹੋ ਗਿਆ ਹੈ। ਉਸ ਨੇ ਕਾਰਨ ਪੁੱਛਿਆ ਤਾਂ ਕੰਤੇ ਨੇ ਟੇਢੀ ਜਿਹੀ ਮੁਸਕਾਨ ਨਾਲ ਜਵਾਬ ਦਿੱਤਾ, “ਮਹਾਰਾਜ ਜੀ ਮੈਂ ਤੁਹਾਡੇ ਬਚਨ ਸੁਣ ਲਏ ਹਨ। ਹੁਣ ਜੇ ਤੁਹਾਡਾ ਦਿਲ ਕਰੜਾ ਹੈ ਤਾਂ ਮੈਂ ਵੀ ਧਾਨੂੰ ਆਪਣੇ ਹਾਸੇ ਦਾ ਕਾਰਨ ਦੱਸ ਦੇਂਦਾ ਆਂ।” ਜੋਤਸ਼ੀ ਪੂਰੀ ਦਲੇਰੀ ਨਾਲ ਬੋਲਿਆ, “ਦੱਸ ਤੂੰ, ਦਿਲ ਪੂਰਾ ਕਾਇਮ ਆਂ ਮੇਰਾ।” ਆਪਣੀ ਵਾਰੀ ਦੀ ਉਡੀਕ ਵਿੱਚ ਬੈਠੇ ਜੋਤਸ਼ੀ ਦੇ ਬਾਕੀ ਗਾਹਕ ਅਤੇ ਸ਼ਰਧਾਲੂ ਦੋਵਾਂ ਦਾ ਵਾਰਤਾਲਾਪ ਪੂਰੇ ਧਿਆਨ ਨਾਲ ਸੁਣ ਰਹੇ ਸਨ ਤੇ ਕੰਤੇ ਬਾਰੇ ਜੋਤਸ਼ੀ ਦੀ ਭਵਿੱਖਬਾਣੀ ਸੁਣ ਕੇ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ। ਆਸੇ ਪਾਸੇ ਧਿਆਨ ਮਾਰ ਕੇ ਕੰਤੇ ਨੇ ਗੋਲਾ ਦਾਗਿਆ, “ਪਹਿਲੀ ਗੱਲ ਤਾਂ ਇਹ ਆ ਕਿ ਮੇਰੀ ਘਰਵਾਲੀ ਮਰੀ ਨੂੰ ਦੋ ਸਾਲ ਹੋ ਗਏ ਨੇ ਤੇ ਮੇਰੇ ਸਿਰਫ ਇੱਕ ਲੜਕੀ ਆ ਮੁੰਡਾ ਹੈ ਈ ਕੋਈ ਨਈਂ। ਦੂਸਰਾ ਇਹ ਕਿ ਮੈਂ ਸਵੇਰੇ ਆਉਣ ਲੱਗਿਆਂ ਕਾਹਲੀ ਕਾਰਨ ਆਪਣੇ ਘਰ ਦੀ ਮਿੱਟੀ ਲਿਆਉਣੀ ਭੁੱਲ ਗਿਆ ਤੇ ਤੇਰੇ ਵਿਹੜੇ ਦੀ ਮਿੱਟੀ ਚੁੱਕ ਲਿਆਇਆ ਸੀ। ਲੱਗਦਾ ਇਹ ਭਵਿੱਖਬਾਣੀ ਤੂੰ ਆਪਣੇ ਘਰ ਬਾਰੇ ਈ ਕਰਤੀ ਆ।” ਸੁਣ ਕੇ ਜੋਤਸ਼ੀ ਨੂੰ ਦਿਲ ਦਾ ਦੌਰਾ ਪੈਣ ਵਾਲਾ ਹੋ ਗਿਆ ਤੇ ਆਸ ਪਾਸ ਬੈਠੇ ਗਾਹਕ ਤਾੜੀਆਂ ਮਾਰ ਮਾਰ ਕੇ ਹੱਸਣ ਲੱਗ ਪਏ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin