Articles

ਤਰੱਕੀ ਦੇ ਨਾਂਅ ‘ਤੇ ਹੋਈ ਘਾਤਕ ਤਬਾਹੀ ਦੇ ਅੰਜਾਮ 

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਭੌਤਿਕਵਾਦ ਦੇ ਇਸ ਯੁੱਗ ਵਿੱਚ ਹਰੇਕ ਇਨਸਾਨ ਆਪਣੇ ਅਤੇ ਆਪਣੇ ਪਰਿਵਾਰ  ਲਈ ਹਰ ਸੁੱਖ ਸਹੂਲਤ ਚਾਹੁੰਦਾ ਹੈ। ਇਸਦੇ ਲਈ ਉਸਨੂੰ ਕਿੰਨੀ ਵੀ ਭਾਰੀ ਕੀਮਤ ਕਿਉਂ ਨਾ ਚਕਾਉਣੀ  ਪਵੇ। ਲੋਕਾਂ ਕੋਲ ਧਨ ਦੌਲਤ ਦੀ ਕਮੀ ਤਾਂ ਨਹੀਂ ਪਰ ਮਾਇਆ ਨਾਲ ਸੁਖ ਸ਼ਾਂਤੀ ਨਹੀਂ ਖਰੀਦੀ ਜਾ ਸਕਦੀ। ਸਾਂਝੇ ਪਰਿਵਾਰ ਬਿਖਰ ਰਹੇ ਹਨ। ਨਵੀਆਂ ਕਲੋਨੀਆਂ ਦਾ ਨਿਰਮਾਣ ਦਾ ਜਿਵੇਂ ਹੜ੍ਹ ਆ ਗਿਆ ਹੈ। ਇਸ ਵਿੱਚ ਕਾਨੂੰਨ ਵੀ ਕੋਈ ਅੜਚਨ ਨਹੀਂ ਬਣ ਰਿਹਾ, ਬਲਕਿ ਆਪ ਕਾਨੂੰਨ ਰੁੱਖਾਂ ਨੂੰ ਕੱਟ ਕੇ ਸ਼ਹਿਰਾਂ ਦਾ ਨਿਰਮਾਣ ਅਤੇ ਵਿਕਾਸ ਕਰ ਰਿਹਾ ਹੈ।

ਬਿਨਾਂ ਸ਼ੱਕ ਜਿੰਦਗੀ ਦੇ ਹਰ ਇੱਕ ਖੇਤਰ ਵਿੱਚ ਵੱਧ ਤੋਂ ਵੱਧ ਤਰੱਕੀ ਅਸੀਂ ਕਰ ਲਈ  ਹੈ। ਪਰ ਜੀਵ ਜੰਤੂਆਂ , ਪੇੜ ਪੌਦਿਆਂ ਅਤੇ ਮਨੁੱਖਾਂ ਨੂੰ ਨਿਗਲਦਾ  ਹੋਇਆ ਵਿਕਾਸ ਕਿਸ ਕੰਮ ਦਾ? ਸਮੇਂ ਦੇ ਨਾਲ ਨਾਲ ਤਬਦੀਲੀ ਆਉਣਾ ਸੁਭਾਵਿਕ ਹੈ, ਪਰ ਅਜਿਹੀ ਤਬਦੀਲੀ ਜੋ ਵਾਤਾਵਰਣ ਦੇ ਕਿਰਿਆ ਚੱਕਰ ਵਿੱਚ ਵਿਘਨ ਪਾਵੇ ਸਾਰਥਿਕ ਤਬਦੀਲੀ ਨਹੀਂ ਮੰਨੀ ਜਾ ਸਕਦੀ।
ਸ਼ੁਰੂਆਤ ਸ਼ਹਿਰੀਕਰਨ ਦੇ ਵਿਕਾਸ ਤੋਂ ਕਰਨਾ ਚਾਹਾਂਗੀ, ਪਿੰਡਾਂ ਵਿੱਚ ਸੀਮਤ ਸਿਹਤ,ਸਿੱਖਿਆ ਅਤੇ ਆਵਾਜਾਈ ਦੀਆਂ ਸਹੂਲਤਾਂ ਹੋਣ ਕਰਕੇ ਪਿੰਡਾਂ ਦੇ ਲੋਕਾਂ ਦੇ ਇੱਕ ਵੱਡੇ ਵਕਫੇ ਨੂੰ ਸ਼ਹਿਰਾਂ ਦੀ ਚਹਿਲ ਪਹਿਲ, ਅਤੇ ਰੁਜ਼ਗਾਰ ਦੇ ਵਧੇਰੇ ਮੌਕਿਆਂ ਨੇ ਆਪਣੇ ਵੱਲ ਆਕਰਸ਼ਿਤ ਕੀਤਾ। ਲੋਕ ਸ਼ਹਿਰਾਂ ਵੱਲ ਨੂੰ ਕੂਚ ਕਰਨ ਲੱਗੇ ਅਤੇ ਜੰਗਲਾਂ ਦੀ ਕਟਾਈ ਸ਼ੁਰੂ ਹੋਈ, ਸ਼ਹਿਰਾਂ ਦਾ ਵਿਕਾਸ ਹੋਣ ਲੱਗਾ । ਸਰਕਾਰਾਂ ਦੁਆਰਾ ਵੀ ਪੰਜਾਬ ਨੂੰ ਕਨੈਡਾ, ਅਮਰੀਕਾ ਵਰਗਾ ਬਣਾਉਣ ਦੇ ਸੁਪਨੇ ਦਿਖਾਏ ਜਾਣ ਲੱਗੇ। ਅਸੀਂ ਰੁੱਖ ਲਗਾਏ ਘੱਟ ਅਤੇ ਕੱਟੇ ਵੱਧ। ਸ਼ਹਿਰਾਂ ਦੀਆਂ ਉੱਚੀਆਂ ਉੱਚੀਆਂ ਇਮਾਰਤਾਂ ਵਿਚੋਂ ਸਾਨੂੰ ਵਿਕਾਸਸ਼ੀਲ ਦੇਸ਼ ਦੀ ਝਲਕ ਦਿਖਾਈ  ਦੇਣ ਲੱਗੀ। ਪਰ ਕੁਦਰਤੀ ਸੁੰਤਲਨ  ਵਿੱਚ ਆ ਰਹੇ ਬਦਲਾਅ ਬਾਰੇ ਕਿਸੇ ਨੇ ਨਹੀਂ ਸੋਚਿਆ।
ਕਾਰਖਾਨਿਆਂ ਫੈਕਟਰੀਆਂ ਦਾ ਧੂੰਆਂ ਅਤੇ ਉਹਨਾਂ ਤੋਂ ਨਿਕਲਣ ਵਾਲਾ ਗੰਦਾ ਪਾਣੀ, ਨਿਕਲਣ ਵਾਲੇ ਵਿਅਰਥ ਪਦਾਰਥਾਂ ਦੇ ਸਹੀ ਨਿਕਾਸ ਨਾ ਹੋਣ ਕਰਕੇ ਸਾਡੇ ਵਾਤਾਵਰਣ ਉੱਪਰ ਬੁਰਾ ਪ੍ਰਭਾਵ ਪੈਣ ਲੱਗਾ। ਅਸੀਂ ਕੁਦਰਤ ਨਾਲ ਛੇੜ ਛਾੜ ਕੀਤੀ, ਕੁਦਰਤ ਨੇ ਗਲੋਬਲ ਵਾਰਮਿੰਗ ਦੇ ਰਾਹੀਂ ਅਜੀਬੋ ਗਰੀਬ ਤਬਦੀਲੀ ਲਿਆਂਦੀ ਅਤੇ ਮਨੁੱਖ ਨੂੰ ਸੰਭਲਣ ਦੇ ਸੰਕੇਤ ਦਿੱਤੇ। ਇਸ ਤੋਂ ਇਲਾਵਾ ਕਦੇ ਕਹਿਰ ਦੀ ਗਰਮੀ ਅਤੇ ਸਰਦੀ ਕਿਤੇ ਸੋਕਾ ਅਤੇ ਕਿਤੇ ਹੜ੍ਹ ਕੁਦਰਤ ਨਾਲ ਕੀਤੀ ਛੇੜਛਾੜ ਦੀਆਂ ਮੂੰਹੋ ਬੋਲਦੀਆਂ ਉਦਹਾਰਣਾਂ ਹਨ।
ਕੁਦਰਤ ਦੇ ਕੰਮ ਵਿੱਚ ਦਖਲਅੰਦਾਜੀ ਕਰਨ ਦਾ ਨਤੀਜਾ 15,16 ਜੂਨ,2013 ਨੂੰ ਉਤਰਾਖੰਡ ਰਾਜ ਵਿੱਚ ਹਿਮਾਲੀਅਨ ਸੁਨਾਮੀ ਦੇ ਸੈਲਾਬ ਵਿੱਚ ਬੇਹਿਸਾਬਾ ਤਬਾਹੀ ਹੋਈ ਸੀ। ਕੁਝ ਅਜਿਹੀ ਤ੍ਰਾਸਦੀ 2018 ਵਿੱਚ ਕੇਰਲ ਰਾਜ ਵਿੱਚ ਹੜ੍ਹ ਦੇ ਰੂਪ ਵਿੱਚ ਦੇਖਣ ਨੂੰ ਮਿਲੀ। ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ। ਆਪਣਿਆਂ ਤੋਂ ਵਿਛੜਣ ਦਾ ਦੁੱਖ ਆਪਣੀਆਂ ਅੱਖਾਂ ਦੇ ਮੂਹਰੇ, ਆਪਣਿਆਂ ਨੂੰ ਮੌਤ ਦੇ ਆਗੋਸ਼ ਵਿੱਚ ਸਮਾਉਂਦੇ ਵੇਖਣ ਦਾ ਦਰਦ ਕੋਈ ਕਿਵੇਂ ਭੁੱਲ ਸਕਦਾ ਹੈ। ਅੱਜ ਤੋਂ ਤਿੰਨ ਮਹੀਨੇ ਪਹਿਲਾਂ ਉਤਰਾਖੰਡ ਵਿੱਚ ਗਲੇਸ਼ੀਅਰ ਦੇ ਪਿਘਲਣ ਨਾਲ ਆਏ ਹੜ੍ਹ ਵਰਗੀ ਦਾਸਤਾਨ ਸਭ ਕੁਦਰਤ ਨਾਲ ਕੀਤੇ ਦੁਰਵਿਵਹਾਰ ਦਾ ਨਤੀਜਾ ਹੈ। ਜੇ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਪਹਿਲੀ ਵਾਰ ਹੋਇਆ ਹੈ ਕਿ ਮਨੁੱਖ ਸਾਹ ਲਈ ਵਿਲਕ ਰਹੇ ਹਨ। ਵੱਡੇ ਵੱਡੇ ਸਾਹੂਕਾਰ ਬਣਾਉਟੀ ਸਾਹ ਖਰੀਦਣ ਲਈ ਮੂੰਹ ਮੰਗੀ ਕੀਮਤ ਦੇਣ ਲਈ ਤਿਆਰ ਹਨ, ਦੁਨੀਆਂ ਵਿਲਕ ਰਹੀ ਹੈ, ਹਸਪਤਾਲ ਮਰੀਜ਼ਾਂ ਨਾਲ ਖਚਾ ਖਚ ਭਰੇ ਹੋਏ ਹਨ। ਲੋਕ ਇਲਾਜ਼ ਲਈ ਤਰਸ ਰਹੇ ਹਨ ਪਰ ਕੋਈ ਬਾਹ ਨਹੀਂ ਫੜ੍ਹ ਰਿਹਾ।
ਤਰੱਕੀ ਦੇ ਨਾਮ ਉੱਪਰ ਜੋ ਮਨੱਖ ਨੇ ਤਬਾਹੀ ਮਚਾਈ ਸੀ, ਇਹ ਉਸਦਾ ਅੰਜਾਮ ਹੀ ਭੁਗਤ ਰਿਹਾ ਹੈ।
ਮਨੁੱਖ ਨੂੰ ਸਾਹਾਂ ਲਈ ਵਿਲਕਦਾ ਵੇਖ ਮੈਨੂੰ ਕਦੇ ਕਦੇ ਏਦਾਂ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਰੁੱਖ ਦੀ ਬਦਦੁਆ ਮਨੁੱਖੀ ਨਸਲ ਨੂੰ ਲੱਗੀ ਹੋਵੇ
ਜਿਵੇਂ ਕਿਸੇ ਰੁੱਖ ਨੇ ਕਿਹਾ ਹੋਵੇ ” ਹੇ ਮਨੁੱਖ ਵੇਖੀ ਤੂੰ ਅੱਜ ਮੈਨੂੰ ਵੱਢ ਰਿਹਾ ਹੈਂ, ਕਿਸੇ ਦਿਨ ਤੂੰ ਵੀ ਸਾਹਾਂ ਲਈ ਤੜਫੇਗਾਂ। “
ਦੋਸਤੋਂ ਹਾਲੇ ਵੀ ਸਮਾਂ ਹੈ, ਸਮਝੀਏ, ਕੁਦਰਤ ਵੱਲੋਂ ਮਿਲ ਰਹੇ ਸੰਕੇਤਾਂ ਨੂੰ ਸਮਝਣ ਦਾ ਯਤਨ ਕਰੀਏ। ਕਹਿੰਦੇ ਨੇ ਕਿ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ। ਭਵਿੱਖ ਵਿੱਚ ਅਜਿਹੀ ਦੁੱਖ ਦੀ ਘੜੀ ਨਾ ਦੇਖਣੀ ਪਵੇ। ਇਸ ਲਈ ਇਸ ਖੌਫ਼ਨਾਕ ਹਾਦਸੇ ਤੋਂ ਸਿੱਖਿਆ ਲੈਂਦੇ ਹੋਏ ਸਰਕਾਰਾਂ ਅਜਿਹਾ ਵਿਕਾਸ ਕਦੇ ਵੀ ਨਾ ਕਰਨ ਜਿਸ ਦਾ ਰਾਹ ਵਿਨਾਸ਼ ਵੱਲ ਜਾਂਦਾ ਹੋਵੇ ਅਤੇ ਜਿੱਥੇ ਮਨੁੱਖ ਸਾਹਾਂ ਲਈ ਵਿਲਕਦਾ ਫਿਰੇ।
ਮੈਂ ਮੰਨਦੀ ਹਾਂ ਕਿ ਵਿਕਾਸ ਜ਼ਰੂਰੀ ਹੈ ਪਰ ਇਨਸਾਨਾਂ ਦੀਆਂ ਕੀਮਤਾਂ ਤੇ ਨਹੀਂ। ਕੁਦਰਤ ਨਾਲ ਛੇੜਛਾੜ ਜੇ ਜਾਰੀ ਰਹੀ ਤਾਂ ਕੁਦਰਤ ਦੇ ਕਹਿਰ ਤੋਂ ਬਚਣਾ ਵੀ ਮੁਸ਼ਕਿਲ ਹੋ ਜਾਵੇਗਾ। ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਜੋ ਅੱਜ ਜਿਸ ਮੁਸ਼ਕਿਲ ਦੀ ਘੜੀ ਦਾ ਸਾਹਮਣਾ ਕਰ ਰਹੇ ਹਾਂ ਦੁਬਾਰਾ ਨਾ ਕਰਨਾ ਪਵੇ।
ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਇਨਸਾਨਾਂ ਦੀਆਂ ਕੀਮਤਾਂ ਅਤੇ ਕੁਦਰਤ ਦੇ ਚੱਕਰ ਵਿੱਚ ਅੜਚਨ ਪਾ ਕੇ ਕੀਤਾ ਵਿਕਾਸ ਸਾਨੂੰ ਤਬਾਹੀ ਵੱਲ ਲੈ ਜਾਵੇਗਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin