Breaking News International Latest News News

ਤਾਲਿਬਾਨ ਦੇ ਆਉਣ ਤੋਂ ਬਾਅਦ ਪਾਏ ਹੋਏ ਕੱਪੜਿਆਂ ‘ਚ ਭੱਜੇ ਗਨੀ : ਰਿਪੋਰਟ

ਕਾਬੁਲ – ਅਫ਼ਗਾਨਿਸਤਾਨ ਦੇ ਹਟਾਏ ਗਏ ਰਾਸ਼ਟਰਪਤੀ ਅਸ਼ਰਫ਼ ਗਨੀ ਤਾਲਿਬਾਨ ਦੇ ਕਬਜ਼ੇ ਲਈ ਤਿਆਰ ਨਹੀਂ ਸਨ। ਬੀਤੇ ਐਤਵਾਰ ਨੂੰ ਉਹ ਸਿਰਫ਼ ਆਪਣੇ ਪਾਏ ਹੋਏ ਕੱਪੜਿਆਂ ‘ਚ ਹੀ ਭੱਜ ਗਏ ਸਨ। ਇਹ ਜਾਣਕਾਰੀ ਅਫ਼ਗਾਨਿਸਤਾਨ ਸਰਕਾਰ ਦੇ ਇਕ ਸਾਬਕਾ ਸੀਨੀਅਰ ਅਧਿਕਾਰੀ ਨੇ ਦਿੱਤੀ। ਹਾਲਾਂਕਿ ਰੂਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਅਸ਼ਰਫ਼ ਗਨੀ ਚਾਰ ਕਾਰਾਂ ਤੇ ਹੈਲੀਕਾਪਟਰ ‘ਚ ਪੈਸਾ ਭਰ ਕੇ ਦੇਸ਼ ਛੱਡ ਕੇ ਭੱਜ ਨਿਕਲੇ।

ਪਿਛਲੇ ਹਫ਼ਤੇ ਤਾਲਿਬਾਨ ਦੇ ਹੱਥੋਂ ਅਫ਼ਗਾਨਿਸਤਾਨ ਦੇ ਪਤਨ ਦੀਆਂ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਸਾਬਕਾ ਅਧਿਕਾਰੀਆਂ ਨੇ ਕਿਹਾ ਕਿ ਰਾਜਧਾਨੀ ਕਾਬੁਲ ‘ਤੇ ਤਾਲਿਬਾਨ ਦੀ ਚੜ੍ਹਾਈ ਦੀ ਰਫ਼ਤਾਰ ਤੋਂ ਸਾਰੇ ਹੈਰਾਨ ਰਹਿ ਗਏ। ਸੀਐੱਨਐੱਨ ਦੀ ਰਿਪੋਰਟ ਮੁਤਾਬਕ ਗਨੀ ਪ੍ਰਸ਼ਾਸਨ ਦੇ ਇਕ ਸੀਨੀਅਰ ਮੈਂਬਰ ਨੇ ਕਾਬੁਲ ‘ਚ ਤਾਲਿਬਾਨ ਤੇ ਅਲ ਕਾਇਦਾ ਨਾਲ ਸਬੰਧਤ ਇਕ ਸਮੂਹ ਦੇ ਇਕ ਪ੍ਰਮੁੱਖ ਮੈਂਬਰ ਨਾਲ ਮੁਲਾਕਾਤ ਕੀਤੀ ਸੀ, ਜਿਸ ਨੇ ਉਸ ਨੂੰ ਸਪਸ਼ਟ ਤੌਰ ‘ਤੇ ਕਿਹਾ ਕਿ ਸਰਕਾਰ ਨੂੰ ਆਤਮ ਸਮਰਪਨ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕਾਬੁਲ ‘ਚ ਤਾਲਿਬਾਨ ਦੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਅਸੀਂ ਇਕ ਮਿਲੀਜੁਲੀ ਸਰਕਾਰ ਨੂੰ ਸ਼ਾਂਤੀਪੂਰਨ ਸੱਤਾ ਸੌਂਪਣ ਤੇ ਰਾਸ਼ਟਰਪਤੀ ਗਨੀ ਦੇ ਅਸਤੀਫ਼ੇ ਲਈ ਅਮਰੀਕਾ ਨਾਲ ਇਕ ਸਮਝੌਤੇ ‘ਤੇ ਕੰਮ ਕਰ ਰਹੇ ਸੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਦੋਂ ਤਾਲਿਬਾਨ ਸ਼ਹਿਰ ‘ਚ ਵੜੇ ਤਾਂ ਇਹ ਗੱਲਬਾਤ ਚੱਲ ਰਹੀ ਸੀ। ਕਈ ਰਸਤਿਆਂ ਤੋਂ ਕਾਬੁਲ ਸ਼ਹਿਰ ‘ਚ ਵੜਨ ਵਾਲੇ ਤਾਲਿਬਾਨ ਨੂੰ ਸਾਡੀ ਖ਼ੁਫ਼ੀਆ ਏਜੰਸੀ ਨੇ ਗੰਭੀਰ ਖ਼ਤਰੇ ਦੇ ਰੂਪ ‘ਚ ਦੱਸਿਆ। ਅਧਿਕਾਰੀ ਨੇ ਕਿਹਾ ਕਿ ਸਾਨੂੰ ਇਕ ਸਾਲ ਤੋਂ ਵੱਧ ਸਮੇਂ ਤੋਂ ਖ਼ੁਫ਼ੀਆ ਜਾਣਕਾਰੀ ਮਿਲ ਰਹੀ ਸੀ ਕਿ ਤਾਲਿਬਾਨ ਦੇ ਜ਼ਬਰੀ ਸੱਤਾ ‘ਚ ਆਉਣ ਦੀ ਸਥਿਤੀ ‘ਚ ਰਾਸ਼ਟਰਪਤੀ ਨੂੰ ਮਾਰ ਦਿੱਤਾ ਜਾਵੇਗਾ।
ਅਧਿਕਾਰੀ ਮੁਤਾਬਕ ਐਤਵਾਰ ਸਵੇਰੇ ਅਫ਼ਗਾਨਿਸਤਾਨ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਪੰਜਸ਼ੀਰ ਘਾਟੀ ਭੱਜ ਗਏ।
ਰਾਸ਼ਟਰਪਤੀ ਭਵਨ ਕੰਪਲੈਕਸ ‘ਤੇ ਜਦੋਂ ਗੋਲ਼ੀਬਾਰੀ ਹੋਣ ਲੱਗੀ ਤਾਂ ਬਹੁਤੇ ਲੋਕ ਭੱਜ ਗਏ। ਸ਼ਹਿਰ ‘ਚ ਲੋਕ ਘਬਰਾ ਗਏ ਤੇ ਸੁਰੱਖਿਆ ਮੁਲਾਜ਼ਮ ਆਪਣੀਆਂ ਚੌਕੀਆਂ ਛੱਡ ਕੇ ਭੱਜ ਗਏ। ਉਸ ਸਮੇਂ ਸਾਡਾ ਟੀਚਾ ਸ਼ਹਿਰ ਤੇ ਉਸ ਦੇ ਨਾਗਰਿਕਾਂ ਨੂੰ ਸੜਕਾਂ ‘ਤੇ ਲੜਨ ਤੋਂ ਬਚਾਉਣਾ ਸੀ। ਜਿਸ ਸੌਦੇ ‘ਤੇ ਅਸੀਂ ਗੱਲਬਾਤ ਸ਼ੁਰੂ ਕੀਤੀ ਸੀ ਉਹ ਅੱਜ ਵੀ ਬਰਕਰਾਰ ਹੈ। ਅਸੀਂ ਸਾਬਕਾ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਤੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੰ ਸੱਤਾ ਸੌਂਪੇ ਜਾਣ ‘ਤੇ ਕੰਮ ਕਰ ਰਹੇ ਸੀ।
ਅਧਿਕਾਰੀ ਨੇ ਕਿਹਾ ਕਿ ਗਨੀ ਕਾਹਲੀ ‘ਚ ਨਿਕਲੇ। ਉਹ ਪਹਿਲਾਂ ਉਜ਼ਬੇਕਿਸਤਾਨ ਦੇ ਟਰਮੇਜ਼ ਗਏ। ਉੱਥੇ ਉਨ੍ਹਾਂ ਨੇ ਇਕ ਰਾਤ ਬਿਤਾਈ ਤੇ ਫਿਰ ਉੱਥੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਗਏ। ਉਨ੍ਹਾਂ ਕੋਲ ਕੋਈ ਪੈਸਾ ਨਹੀਂ ਸੀ। ਉਨ੍ਹਾਂ ਕੋਲ ਸਿਰਫ਼ ਉਹੀ ਕੱਪੜੇ ਸਨ ਜਿਹੜੇ ਉਨ੍ਹਾਂ ਨੇ ਪਾਏ ਹੋਏ ਸਨ। ਅਧਿਕਾਰੀ ਦੇ ਦਾਅਵੇ ਉਨ੍ਹਾਂ ਰਿਪੋਰਟਾਂ ਦੇ ਉਲਟ ਹਨ ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਗਨੀ ਲੱਖਾਂ ਡਾਲਰ ਨਾਲ ਕਾਬੁਲ ਛੱਡ ਕੇ ਭੱਜੇ ਹਨ। ਗਨੀ ਨੇ ਵੀ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਖੂਨ-ਖਰਾਬੇ ਤੋਂ ਬਚਣ ਲਈ ਦੇਸ਼ ਛੱਡ ਦਿੱਤਾ ਸੀ। ਕਾਹਲੀ ‘ਚ ਉਹ ਆਪਣੀਆਂ ਜੁੱਤੀਆਂ ਤਕ ਨਹੀਂ ਬਦਲ ਸਕੇ ਸਨ।

Related posts

ਦੋ ਕਰੋੜ ਦੇ ਸੋਨੇ ਦੀ ਚੋਰੀ ਦੇ ਮਾਮਲੇ ’ਚ ਏਅਰ ਕੈਨੇਡਾ ਦੇ ਦੋ ਪੰਜਾਬੀ ਕਰਮਚਾਰੀਆਂ ਸਮੇਤ ਛੇ ਗਿ੍ਰਫ਼ਤਾਰ

editor

ਅਮਰੀਕਾ ਵਿੱਚ ਲੱਖਾਂ ਲੋਕ ਗਰੀਨ ਕਾਰਡ ਦੀ ਉਡੀਕ ’ਚ, 12 ਲੱਖ ਭਾਰਤੀ ਵੀ ਸ਼ਾਮਲ

editor

ਬਿ੍ਰਟੇਨ ’ਚ ਮਹਿੰਗਾਈ ਸਤੰਬਰ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ

editor