Story

ਤੂੰ ਕੌਣ ਤੇ ਮੈਂ ਕੌਣ !

ਲੇਖਕ: ਮਨਦੀਪ ਖਾਨਪੁਰੀ

ਇਕ ਪਿੰਡ ਵਿਚ ਇਕ ਫਕੀਰ ਆਇਆ । ਉਸ ਦੀ ਮਿੱਠੀ ਆਵਾਜ਼ ਵਿੱਚ ਬੋਲਿਆ ਸਲੋਕ “ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ! ਔਖੇ ਵੇਲੇ ਕੰਮ ਆਊਗਾ” ਇਕ ਅਵੱਲਾ ਸਰੂਰ ਦੇ ਰਿਹਾ ਸੀ ।  ਉਸ ਦੇ ਹੱਥੋਂ ਵੱਜ ਰਹੀ ਡਫਲੀ ਦੀ ਧੁਨ  ਸੁਣਨ ਵਾਲੇ ਦਾ ਲੂੰ ਲੂੰ ਖੜ੍ਹਾ ਕਰ ਰਹੀ  ਸੀ।  ਫ਼ਕੀਰ ਦੇ ਗਲ ਘਸਮੈਲੇ  ਬਸਤਰ  ਅਤੇ  ਓਪਰਾ ਜਿਹਾ ਚਿਹਰਾ ਦੇਖ ਕੇ  ਪਿੰਡ ਦੇ ਸਾਰੇ ਕੁੱਤੇ  ਸਵਾਗਤ ਦੇ ਤੌਰ ਤੇ ਮੂੰਹ ਅੱਡ ਅੱਡ ਭੌਂਕ ਰਹੇ ਸਨ । ਫ਼ਕੀਰ ਦੇ ਡੰਡਾ ਖੜਕਾਉਣ ਤੇ  ਸਾਰੀ ਕਤੀੜ ਕਿੱਧਰ   ਖਿੰਡ ਗਈ ਕੁਝ ਪਤਾ ਨਹੀਂ ਲੱਗਾ । ਸੱਥ ਤੇ  ਬੈਠੇ  ਬੰਦਿਆਂ ਨੇ  ਹਾਸੇ -ਠੱਠੇ ਵਜੋਂ ਫ਼ਕੀਰ ਨੂੰ ਹਾਕ ਮਾਰ ਲਈ।  ਉਸ ਨਾਲ ਨੀਵੇਂ -ਖੀਂਵੇਂ ਲੈਣ ਲੱਗੇ , ਫਕੀਰ ਵੀ ਬੜਾ ਪਹੁੰਚਿਆ ਹੋਇਆ ਫ਼ਕੀਰ ਸੀ ।  ਤਾਸ਼ ਦਾ ਪੱਤਾ ਹੇਠਾਂ ਸੁੱਟਦੇ ਹੋਏ ਗੁਰਨਾਮੇੇ ਨੇ ਕਿਹਾ  ਬਾਬਾ, ਅਸੀਂ ਤੈਨੂੰ ਖ਼ੈਰ ਤਾਂ ਪਾਵਾਂਗੇ ਪਰ ਇਹ ਦੱਸ ਸਾਨੂੰ ਪੁੰਨ ਵਿੱਚ ਕੀ ਮਿਲੇਗਾ ? ਫ਼ਕੀਰ ਮੁਸਕਰਾਇਆ ਤੇ ਬੋਲਿਆ, ਅਸੀਂ ਜਦ ਵੀ ਕੋਈ ਕਰਮ ਕਰਦੇ ਹਾਂ ਉਹਦਾ ਕੀ ਫਲ ਮਿਲਣਾ? ਇਹ ਵੀ ਰੱਬ ਵੱਲੋਂ ਸਾਡੇ ਲਈ ਇੱਕ ਸਰਪ੍ਰਾਈਜ਼ ਹੀ ਹੁੰਦਾ ਏ, ਜਿਸ ਦੇ ਬਾਰੇ ਸਿਰਫ ਰੱਬ ਜਾਣਦਾ ਏ ।  ਹੱਸਦੇ -ਹੱਸਦੇ ਹੋਏ ਕਰਤਾਰੇ ਨੇ ਕਿਹਾ, ਬਾਬਾ !ਜੇ ਮੈਂ ਅੱਜ ਤੈਨੂੰ  ਆਪਣੇ ਘਰ ਭੋਜਨ ਕਰਾਵਾਂ, ਤੇਰੀ ਰੱਜ ਕੇ ਸੇਵਾ ਕਰਾਂ  ਮੈਨੂੰ ਬਦਲੇ ਵਿੱਚ ਕੀ ਦੇਵੇਂਗਾ  ।

ਫਕੀਰ ਬੋਲਿਆ, ਤੈਨੂੰ   ਕਦੇ ਵੀ ਮੌਤ ਨਹੀਂ ਆਵੇਗੀ, ਤੇਰੇ ਘਰ ਕਦੇ ਵੀ  ਦਾਣੇ ਫੱਕੇ ਦੀ ਕਮੀ ਨਹੀਂ ਆਵੇਗੀ, ਹਰ ਦਿਨ ਤੇਰੇ ਘਰ ਸੋਨੇ ਦਾ ਸਿੱਕਾ  ਤੈਨੂੰ ਤੇਰੇ ਸਿਰਹਾਣੇ ਹੇਠੋਂ ਮਿਲੇਗਾ  । ਤੈਨੂੰ ਇੰਨਾ ਜ਼ਿਆਦਾ ਧਨ ਮਿਲੇਗਾ, ਰੱਖਣ ਲਈ ਥਾਂ ਵੀ ਥੋੜ੍ਹੀ ਪੈ ਜਾਣੀ ਆ। ਕਰਤਾਰਾ ਬੜਾ ਖੁਸ਼ ਹੋਇਆ  ਆਪਣੇ ਨਾਲ ਫ਼ਕੀਰ ਨੂੰ ਲੈ ਗਿਆ ਤੇ ਰੱਜ ਕੇ ਸੇਵਾ ਕੀਤੀ, । ਤੇਰਾ ਭਲਾ ਹੋਵੇ !  ਇਹ ਕਹਿ ਕੇ ਫ਼ਕੀਰ ਉੱਥੋਂ ਚਲਾ ਗਿਆ।  ਕੁਝ ਮਹੀਨਿਆਂ ਬਾਅਦ ਫ਼ਕੀਰ ਉਸ ਪਿੰਡ ਫੇਰ ਆਇਆ  । ਪਿੰਡ ਦੇ ਬੰਦਿਆਂ ਨੇ ਫ਼ਕੀਰ ਨੂੰ ਘੇਰਿਆ ਤੇ ਬੜਾ ਮਾੜਾ ਚੰਗਾ ਬੋਲਿਆ ਅਤੇ ਉਸ ਦੇ ਕੱਪੜੇ ਪਾੜਨ ਤਕ ਹੀ ਉਤਰ ਆਏ,  ਕਹਿੰਦੇ ਜਿਹੜੇ ਤੂੰ ਬੰਦੇ ਬਾਰੇ  ਕਹਿ ਕੇ ਗਿਆ ਸੀ ਉਹਦੇ ਕੋਲ ਧਨ ਦੀ ਕਮੀ ਨਹੀਂ ਰਹੇਗੀ ਓ ਤਾਂ ਰੋਟੀ ਨੂੰ ਵੀ ਤਰਸ ਰਿਹਾ ਏ, ਉਸ ਦੇ ਤਾਂ  ਹਾਲਾਤ ਹੀ ਬੜੇ ਮਾੜੇ ਹੋਏ ਪਏ ਨੇ । ਤੂੰ  ਸਾਨੂੰ ਝੂਠ ਕਿਉਂ ਬੋਲ ਕੇ ਗਿਆ ਸੀ? ਫ਼ਕੀਰ ਹੱਸਿਆ ਤੇ ਬੋਲਿਆ,  ਕਹਿੰਦਾ ਮੈਂ ਤਾਂ ਸਿਰਫ਼ “ਐਲਾਨ “ਕਰਕੇ ਗਿਆ ਸੀ  ਜਿਵੇਂ ਤੁਹਾਡੇ ਹੁਣ ਮੰਤਰੀ ਸਾਹਿਬ  ! ਕਰ ਰਹੇ ਨੇ  ਦੇਣਾ ਲੈਣਾ ਕੁਝ ਨ੍ਹੀਂ ਬੱਸ ਗੱਲਾਂ ਦਾ ਕੜਾਹ ਬਣਾਉਣਾ ਏ, ਜਦੋਂ ਤੁਸੀਂ ਵੋਟਾਂ ਪਾ ਦਿੱਤੀਆਂ “ਤੂੰ ਕੌਣ ਤੇ ਮੈਂ ਕੌਣ”  ?

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin