India

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਸ਼ੱਕੀ ਹਾਲਾਤ ’ਚ ਜ਼ਖ਼ਮੀ ਮਿਲੇ

ਪਟਨਾ – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ 70 ਸਾਲਾ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਨੂੰ ਵੀਰਵਾਰ ਸਵੇਰੇ ਆਪਣੇ ਕਮਰੇ ’ਚ ਸ਼ੱਕੀ ਹਾਲਾਤ ’ਚ ਜ਼ਖ਼ਮੀ ਪਾਇਆ ਗਿਆ। ਉਨ੍ਹਾਂ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ (ਪੀਐੱਮਸੀਐੱਚ) ’ਚ ਦਾਖ਼ਲ ਕਰਵਾਇਆ ਗਿਆ ਹੈ। ਗੰਭੀਰ ਰੂਪ ’ਚ ਜ਼ਖ਼ਮੀ ਹੈੱਡ ਗ੍ਰੰਥੀ ਨੂੰ ਸਾਹ ਲੈਣ ’ਚ ਤਕਲੀਫ਼ ਹੋਣ ਅਤੇ ਖਾਣੇ ਵਾਲੀ ਨਲੀ ਨੂੰ ਨੁਕਸਾਨ ਹੋਣ ਕਾਰਨ ਗਲੇ ਦਾ ਆਪ੍ਰੇਸ਼ਨ ਕਰ ਕੇ ਬਾਹਰੋਂ ਮਸਨੂਈ ਨਲੀ ਲਾਈ ਗਈ ਹੈ। ਡਾਕਟਰ ਅਗਲੇ 48 ਘੰਟੇ ਮਹੱਤਵਪੂਰਨ ਦੱਸ ਕੇ ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖ ਰਹੇ ਹਨ। ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਉਨ੍ਹਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾ ਕੇ ਕਿਸੇ ਦੂਜੇ ਵਿਅਕਤੀ ਨੂੰ ਨਿਯੁਕਤ ਕੀਤੇ ਜਾਣ ਦੀ ਕਾਰਵਾਈ ਤੋਂ ਬਾਅਦ ਹੋਏ ਝਗੜੇ ਤੇ ਤਣਾਅ ਨੂੰ ਘਟਨਾ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਘਟਨਾ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਫੋਨ ’ਤੇ ਦੱਸਿਆ ਕਿ ਉਹ ਦਿੱਲੀ ’ਚ ਹਨ। ਉਨ੍ਹਾਂ ਨੂੰ ਹੈੱਡ ਗ੍ਰੰਥੀ ਨਾਲ ਹੋਈ ਘਟਨਾ ਦੀ ਜਾਣਕਾਰੀ ਨਹੀਂ। ਉਧਰ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਫੋਨ ’ਤੇ ਦੱਸਿਆ ਕਿ ਉਹ ਜਮਸ਼ੇਦਪੁਰ ’ਚ ਹਨ। ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਹੈੱਡ ਗ੍ਰੰਥੀ ਨੇ ਖ਼ੁਦ ਹੀ ਕਿਰਪਾਨ ਨਾਲ ਗਲੇ ’ਤੇ ਵਾਰ ਕੀਤਾ ਹੈ। ਜਦਕਿ ਹੈੱਡ ਗ੍ਰੰਥੀ ਦੀ ਪਤਨੀ ਵੀਣਾ ਕੌਰ ਤੇ ਉਨ੍ਹਾਂ ਦੇ ਕੁੜਮ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਉਣ ਤੇ ਗੁਰਦੁਆਰਾ ਕੰਪਲੈਕਸ ਸਥਿਤ ਕਮਰਾ ਖ਼ਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਜਿਸ ਪਿੱਛੋਂ ਉਹ ਮਾਨਸਿਕ ਰੂਪ ’ਚ ਕਾਫ਼ੀ ਪਰੇਸ਼ਾਨ ਸਨ। ਪੂਰੇ ਮਾਮਲੇ ’ਤੇ ਪਟਨਾ ਸਿਟੀ ਦੇ ਚੌਕ ਥਾਣਾ ਮੁਖੀ ਗੌਰੀ ਸ਼ੰਕਰ ਗੁਪਤਾ ਨੇ ਕਿਹਾ ਕਿ ਘਟਨਾ ਸਬੰਧੀ ਕਿਸੇ ਨੇ ਲਿਖਤੀ ਤੌਰ ’ਤੇ ਕੁਝ ਨਹੀਂ ਦਿੱਤਾ। ਸ਼ਿਕਾਇਤ ਮਿਲਣ ’ਤੇ ਜਾਂਚ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਹੈੱਡ ਗ੍ਰੰਥੀ ਨੇ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਜਾਂ ਕਿਸੇ ਨੇ ਉਨ੍ਹਾਂ ’ਤੇ ਹਮਲਾ ਕੀਤਾ। ਫਿਲਹਾਲ ਹੈੱਡ ਗ੍ਰੰਥੀ ਦੇ ਗਲੇ ਦਾ ਆਪ੍ਰੇਸ਼ਨ ਹੋਣ ਕਾਰਨ ਉਹ ਬੋਲਣ ਦੀ ਹਾਲਤ ’ਚ ਨਹੀਂ ਹਨ।

ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਗੁਰਦੁਆਰਾ ਕੰਪਲੈਕਸ ਸਥਿਤ ਕਮਰਾ ਨੰਬਰ ਚਾਰ ’ਚ ਰਹਿੰਦੇ ਹਨ। ਕਮਰਾ ਨੰਬਰ ਪੰਜ ’ਚ ਉਨ੍ਹਾਂ ਦੇ ਪਰਿਵਾਰ ਦੇ ਹੋਰ ਜੀਅ ਰਹਿੰਦੇ ਹਨ। ਹੈੱਡ ਗ੍ਰੰਥੀ ਦੇ ਤਿੰਨ ਪੁੱਤਰ ਤੇ ਇਕ ਧੀਅ ਹੈ। ਛੋਟਾ ਪੁੱਤਰ ਦੀਪਕ ਸਿੰਘ ਜਦੋਂ ਸਵੇਰੇ ਚਾਹ ਲੈ ਕੇ ਉਨ੍ਹਾਂ ਦੇ ਕਮਰੇ ’ਚ ਗਿਆ ਤਾਂ ਉਹ ਆਪਣੇ ਬਿਸਤਰੇ ’ਤੇ ਡਿੱਗੇ ਹੋਏ ਸਨ। ਗਲੇ ’ਚੋਂ ਖ਼ੂਨ ਵਗ ਰਿਹਾ ਸੀ। ਕਾਹਲੀ-ਕਾਹਲੀ ਪਰਿਵਾਰ ਵਾਲੇ ਇਲਾਜ ਲਈ ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਦਰ ਹਸਪਤਾਲ ਲੈ ਕੇ ਪੁੱਜੇ। ਹਸਪਤਾਲ ਦੇ ਡਿਪਟੀ ਸੁਪਰਡੈਂਟ ਡਾ. ਅਖਿਲ ਪ੍ਰਸਾਦ ਨੇ ਦੱਸਿਆ ਕਿ ਹੈੱਡ ਗ੍ਰੰਥੀ ਦਾ ਗਲਾ ਕਿਰਪਾਨ ਨਾਲ ਕੱਟਿਆ ਹੋਇਆ ਸੀ। ਉਨ੍ਹਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋ ਰਹੀ ਸੀ। ਆਕਸੀਜਨ ਦੇਣ ਪਿੱਛੋਂ ਵੀ ਜਦੋਂ ਸਥਿਤੀ ਨਾ ਸੁਧਰੀ ਤਾਂ ਉਨ੍ਹਾਂ ਨੂੰ ਪੀਐੱਮਸੀਐੱਚ ਰੈਫਰ ਕਰ ਦਿੱਤਾ ਗਿਆ। 15 ਅਕਤੂਬਰ ਦੀ ਰਾਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਹੈੱਡ ਗ੍ਰੰਥੀ, ਸੁਪਰਡੈਂਟ ਸਮੇਤ ਹੋਰਨਾਂ ਨੂੰ ਸੇਵਾ ਮੁਕਤ ਕਰਨ ਦੇ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਕਰਦਿਆਂ ਹੀ ਵਿਰੋਧੀ ਧੜੇ ਵਿਚਾਲੇ ਧੱਕਾ-ਮੁੱਕੀ ਤੇ ਮਾਰਕੁੱਟ ਸ਼ੁਰੂ ਹੋ ਗਈ ਸੀ। ਪੁਲਿਸ ਬਲ ਤਾਇਨਾਤ ਕਰ ਕੇ ਸਥਿਤੀ ਨੂੰ ਕਾਬੂ ਹੇਠ ਕੀਤਾ ਗਿਆ ਸੀ। 22 ਅਕਤੂਬਰ ਨੂੰ ਰਾਸ਼ਟਰਪਤੀ ਦੇ ਤਖ਼ਤ ਸਾਹਿਬ ਆਗਮਨ ਦਾ ਪ੍ਰੋਗਰਾਮ ਪ੍ਰਸਤਾਵਿਤ ਸੀ। ਉਸ ਵੇਲੇ ਹੈੱਡ ਗ੍ਰੰਥੀ ਨੂੰ ਕਮਰਾ ਖ਼ਾਲੀ ਕਰਕੇ ਸਵਾ ਲੱਖ ਰੁਪਏ ਦਾ ਚੈੱਕ ਦੇਣ ਦੀ ਵੀ ਗੱਲ ਕਹੀ ਗਈ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਘਟਨਾ ਤੋਂ ਬਾਅਦ ਤੋਂ ਹੀ ਕਿਸੇ ਹੋਰ ਨੂੰ ਹੈੱਡ ਗ੍ਰੰਥੀ ਬਣਾਉਣ ਦਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਕੀਤਾ ਗਿਆ ਜਿਸ ਨਾਲ ਦੋਵਾਂ ਧੜਿਆਂ ਵੰਡੇ ਗਏ ਮੈਂਬਰਾਂ ਵਿਚਾਲੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।

Related posts

ਦਿੱਲੀ ਸ਼ਰਾਬ ਨੀਤੀ ਮਾਮਲਾ ਕੇਜਰੀਵਾਲ ਤੇ ਕਵਿਤਾ ਦਾ ਜੁਡੀਸ਼ਲ ਰਿਮਾਂਡ 7 ਮਈ ਤੱਕ ਵਧਾਇਆ

editor

ਟੋਂਕ ਦੇ ਉਨੀਆਰਾ ’ਚ ਇੱਕ ਜਨ ਸਭਾ ਨੂੰ ਪ੍ਰਧਾਨ ਮੰਤਰੀ ਵੱਲੋਂ ਸੰਬੋਧਨਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ: ਮੋਦੀ

editor

ਸੰਜੇ ਸਿੰਘ ਦਾ ਵੱਡਾ ਦੋਸ਼, ਜੇਲ੍ਹ ’ਚ ਬੰਦ ਕੇਜਰੀਵਾਲ ’ਤੇ 24 ਘੰਟੇ ਸੀ.ਸੀ.ਟੀ.ਵੀ. ਰਾਹੀਂ ਨਿਗਰਾਨੀ ਰੱਖ ਰਹੇ ਪ੍ਰਧਾਨ ਮੰਤਰੀ ਤੇ ਐਲ.ਜੀ

editor