Articles Culture

ਧੀਆਂ ਦੀ ਲੋਹੜੀ

ਲੇਖਕ: ਗੁਰਜੀਤ ਕੌਰ “ਮੋਗਾ”

ਤਿਓਹਾਰ ਮੇਲੇ ਸਾਡੇ ਸਭਿਆਚਾਰ ਦਾ ਅਟੁੱਟ ਅੰਗ ਹਨ । ਅਸੀਂ ਆਪਣੇ ਸਭਿਆਚਾਰ  ਸਤਿਕਾਰ ਕਰਦੇ ਹੋਏ ਪੁਰਾਤਨ ਪ੍ਰੰਪਰਾਵਾਂ ਨੂੰ ਪੀੜੀ ਦਰ ਪੀੜੀ ਅੱਗੇ ਤੋਰਦੇ ਰਹੇ ਹਾਂ । ਵਕਤ ਬਦਲਣ ਨਾਲ ਇਨਾਂ ਤਿਉਹਾਰਾਂ ਨੂੰ ਮਨਾਉਣ ਦੇ ਢੰਗ ਤਰੀਕਿਆਂ ਵਿੱਚ ਬਦਲਾਅ ਵੀ ਨਵੇਂ ਸਭਿਆਚਾਰ ਨੂੰ ਜਨਮ ਦੇਣਾ ਹੈ । ਪੁਰਾਤਨ ਸਮਿਆਂ ਤੋਂ ਲੋਹੜੀ ਦਾ ਤਿਉਹਾਰ ਮੁੰਡੇ ਦੇ ਜੰਮਣ ਅਤੇ ਉਸਦੇ ਵਿਆਹ ਦੀ ਖੁਸ਼ੀ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਪਰ ਅਜੌਕੇ ਸਮੇਂ ਵਿੱਚ ਧੀਆਂ ਵੀ ਪੁੱਤਰਾਂ ਨਾਲੋਂ ਘੱਟ ਨਹੀਂ ਹਨ ।  ਜਦੋਂ ਅਸੀਂ ਘਰਾਂ ਵਿੱਚ ਧੀਆਂ ਦਾ ਜਨਮ ਦਿਨ ਮਨਾਉਂਦੇ ਹਾਂ , ਉਨਾਂ ਦੀ ਹਰ ਖਵਾਹਿਸ਼ ਪੂਰੀ ਕਰਦੇ ਹਾਂ  ਉਨਾਂ ਨੂੰ ਪੜ੍ਹਾ ਲਿਖਾ ਕੇ ਪੈਰਾ ਸਿਰ ਖੜੇ ਕਰਨ ਦਾ ਯਤਨ ਕਰਦੇ ਹਾਂ ਤਾਂ ਉਨਾਂ ਦੇ ਜਨਮ ਦੀ ਲੋਹੜੀ ਕਿਉ ਨਹੀਂ ਮਨਾਉਂਦੇ । ਸਮਾਜਿਕ ਤਾਣੇ-ਬਾਣੇ ਵਿੱਚ ਉਲਝਿਆ ਬੰਦਾ ਇਹੀ ਸੋਚ ਕੇ ਅੱਗੇ ਨਹੀਂ ਵਧਦਾ ਕਿ ਲੋਕ ਕੀ ਕਹਿਣਗੇ । ਸਿਆਣੇ ਕਹਿੰਦੇ ਨੇ  ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ  ਸਾਨੂੰ ਧੀਆਂ ਦੀ ਲੋਹੜੀ ਮਨਾ ਕੇ ਸਮਾਜ ਨੂੰ ਨਵੀਂ ਸੇਧ ਦੇਣੀ ਚਾਹੀਦੀ ਹੈ ਸਦੀਆਂ ਤੋਂ ਧੀ-ਪੁੱਤ ਦੇ ਵਿਤਕਰੇ ਵਾਲਾ ਕੋਹੜ ਵਢਣ ਲਈ ਰੂੜੀਵਾਦੀ ਸੋਚ ਤੋਂ ਉਪਰ ਉੱਠ ਕੇ ਅਗਾਂਹ-ਵਧੂ ਸੋਚ ਦੇ ਧਾਰਨੀ ਬਨਣਾ ਪਵੇਗਾ । ਲੋਹੜੀ ਵਰਗੇ ਮੌਕੇ ਸਾਨੂੰ ਅਜਾਈਂ ਨਹੀਂ ਗੁਆਉਣੇ ਚਾਹੀਦੇ ਸਗੋਂ ਧੀਆਂ ਦੀ ਲੋਹੜੀ ਮਨਾ ਕੇ ਧੀ-ਪੁੱਤ ਬਰਾਬਰ ਦਾ ਸੁਨੇਹਾ ਸਮਾਜ ਨੂੰ ਦੇਣਾ ਚਾਹੀਦਾ ਹੈ । ਤਾਂ ਜੋ ਧੀਆਂ ਵੀ ਆਪਣੇ ਮਾਪਿਆ ਤੇ ਫਕਰ ਮਹਿਸੂਸ ਕਰਨ ਤੇ ਆਪਣੇ ਆਪ ਨੂੰ ਮੁੰਡਿਆ ਤੋਂ ਘੱਟ ਨਾ ਸਮਝਣ । ਸ਼ੁਰੂ ਤੋਂ ਹੀ ਅਸੀਂ ਪੁੱਤਰਾਂ ਨੂੰ ਮਿੱਠੀ ਦਾਤ ਨਾਲ ਨਿਵਾਜਿਆ ਹੈ ਪਰ ਫਿਰ ਵੀ ਹੁਣ ਵਕਤ ਬਦਲ ਗਿਆ ਹੈ ਕਿਸੇ ਗੀਤਕਾਰ ਦੇ ਬੋਲ ਜੇ ਪੁੱਤ ਮਿਠੜੇ ਮੇਵੇਂ ਤਾਂ ਧੀਆਂ ਮਿਸਰੀ ਡਲੀਆਂ ਸਾਨੂੰ ਧੀਆਂ ਪ੍ਰਤੀ ਸੋਚ ਬਦਲਣ ਦਾ ਸੁਨੇਹਾ ਦਿੰਦੇ ਹਨ । ਘਰ ਦੇ ਕੰਮਾਂ ਵਿੱਚ ਧੀ ਪੁੱਤ ਨਾਲੋਂ ਵੱਧ ਮਾਂ ਦਾ ਹੱਥ ਵਟਾਉਂਦੀ ਹੈ । ਧੀਆਂ ਪੁੱਤਰਾਂ ਨਾਲੋਂ ਵੱਧ ਕੇ ਪਿਆਰਿਆਂ ਹੁੰਦੀਆਂ ਹਨ ਤੇ ਪੁੱਤਰਾਂ ਨਾਲੋਂ ਵੱਧ ਆਗਿਆਕਾਰੀ ਹੁੰਦੀਆਂ ਹਨ । ਮਾਪਿਆਂ ਦਾ ਮੁਢਲਾ ਫਰਜ ਬਣਦਾ ਹੈ ਕਿ ਧੀ ਦੀ ਲੋਹੜੀ ਮਨਾ ਕੇ ਉਸਨੂੰ ਵੀ ਪੁੱਤ ਦੇ ਬਰਾਬਰ ਦਾ ਹੱਕ ਦੇਈਏ । ਜੇ ਕੰਜਕਾਂ ਪੂਜ ਕੇ ਮੰਨਤਾ ਮਨਾਉਂਣ ਨਾਲ ਖੁਸ਼ੀ ਮਿਲਦੀ ਹੈ ਤਾਂ ਧੀਆਂ ਆਪਣੇ ਹਿੱਸੇ ਦੀ ਖੁਸ਼ੀ ਤੋਂ ਅਧੁਰੀਆਂ ਕਿਉਂ ਰਹਿਣ । ਧੀ ਵੀ ਰੱਬ ਦੀ ਦਿੱਤੀ ਮਿੱਠੀ ਦਾਤ ਹੈ । ਅੱਜ ਕਲ ਕੁੜੀਆਂ ਕਿਵੇਂ ਵੀ ਗਲੋਂ ਘੱਟ ਨਹੀਂ ਹਨ ਉਹ ਪੜ੍ਹਾਈ ਵਿੱਚ ਵੀ ਮੁੰਡੀਆਂ ਨਾਲੋਂ ਵੱਧ ਮੱਲਾਂ ਮਾਰਦੀਆਂ ਹਨ । ਮਾਪਿਆਂ ਦੇ ਸਹਿਯੋਗ ਸਦਕਾ ਹੀ ਉਹ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਬੁਲੰਦੀਆਂ ਨੂੰ ਛੋਹ ਰਹੀਆਂ ਹਨ । ਫਿਰ ਵੀ ਧੀ ਦੀ ਆਮਦ ਤੇ ਸੋਗ ਨਹੀਂ ਸਗੋਂ ਲੋਹੜੀ ਮਨਾ ਕੇ ਖੁਸ਼ੀ ਦੇ ਗੀਤ ਗਾਈਏ । ਦੋ-ਦੋ ਘਰ ਸੰਵਾਰਨ ਵਾਲੀ ਧੀ ਨਾਲ ਵਿਤਕਾਰਾ ਕਿਉ ? ਸਾਨੂੰ ਸਮਾਜਿਕ ਪਧੱਰ ਤੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ । ਪੁਰਾਤਨ ਕਾਲ ਤੋਂ ਅਜਿਹੇ ਅਵਸਰ, ਤਿਉਹਾਰ ਜਿਸਤੇ ਸਿਰਫ ਪੁੱਤਰਾਂ ਨੂੰ ਮੱਹਤਤਾ ਦਿੱਤੀ ਜਾਂਦੀ ਹੈ ਤੇ ਔਰਤ ਜਾਤੀ ਨੂੰ ਨੀਵਾਂ ਦਿਖਾਇਆ ਜਾਂਦਾ ਹੈ, ਮਨਾਏ ਜਾਂਦੇ ਹਨ । ਜੋ ਸਾਡੀ ਇਕ ਪਾਸੜ ਸੋਚ ਨੂੰ ਦਰਸਾਉਂਦੇ ਹਨ । ਧੀਆਂ ਦੇ ਅਧੂਰੇ ਹੋਣ ਦੇ ਅਹਿਸਾਸ ਨੂੰ ਆਪਾਂ ਨਵੇਂ ਉਪਰਾਲਿਆ ਤਹਿਤ ਬਰਾਬਰਤਾ ਦਾ ਹੱਕ ਦਿਵਾ ਸਕਦੇ ਹਾਂ । ਧੀਆਂ ਦੀ ਲੋਹੜੀ ਮਨਾ ਕੇ ਆਪਾਂ ਨਵੇਂ ਸਭਿਆਚਾਰ ਨੂੰ ਜਨਮ ਦੇ ਸਕਦੇ ਹਾਂ । ਧੀਆਂ ਧਿਆਣੀਆਂ ਨੂੰ ਹੀਣ-ਭਾਵਨਾ ਚੋਂ ਕੱਢਣ ਲਈ ਨਿਵੇਕਲੀਆਂ ਪੈੜਾਂ ਉਲੀਕਣਾਂ ਸਮੇਂ ਦੀ ਲੋੜ ਹੈ । ਆਪਣੇ ਗੁਰੂਆਂ ਦੀ ਸੋਚ ਤੇ ਪਹਿਰਾਂ ਦਿੰਦੇ ਹੋਏ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਣਾ ਚਾਹੀਦਾ ਹੈ । ਇਸ ਉਚ-ਨੀਚ ਦੀ ਦਲਦਲ ਚੋਂ ਬਾਹਰ ਨਿਕਲਣਾ ਚਾਹੀਦਾ ਹੈ । ਪਿਛਲੇ ਕਈ ਸਾਲਾਂ ਤੋਂ ਪ੍ਰਗਤੀਸ਼ੀਲ ਲੋਕਾਂ ਵਲੋਂ ਧੀਆਂ ਦੀ ਲੋਹੜੀ ਮਨਾਉਂਣੀ ਕਾਫੀ ਉਤਸ਼ਾਹਿਤ ਤੇ ਕਾਰਗਰ ਹੈ ਸਾਬਿਤ ਹੋ ਰਹੀ ਹੈ । ਕਈ ਸਮਾਜਿਕ ਸੰਸਥਾਵਾਂ ਵਲੋਂ ਨਵੀਂ ਜੰਮੀ ਧੀ ਤੇ ਮਾਂ ਦੋਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ । ਸੋ ਲੋੜ ਹੈ ਸਾਨੂੰ ਸਭ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਤੇ ਹਕੀਕਤ ਵਿੱਚ ਲਿੰਗ ਭੇਦ-ਭਾਵ ਨੂੰ ਖਤਮ ਕਰਨ ਦੀ ਆਉ ਲੋਹੜੀ ਵਰਗਾ ਪਵਿਤੱਰ ਤੇ ਖੁਸ਼ਹਾਲ ਤਿਉਹਾਰ ਹਰ ਨਵੇਂ ਜੰਮੇ ਬੱਚੇ ਦੇ ਨਾਲ ਮਨਾਈਏ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin