Travel

ਧੌਲਾਧਾਰ ਨੇਚਰ ਪਾਰਕ ਦੇ ਦਿਲਕਸ਼ ਨਜ਼ਾਰੇ

ਹਿਮਾਚਲ ਪ੍ਰਦੇਸ਼ ਦੀ ਖ਼ੂਬਸੂਰਤੀ ਹਰ ਕਿਸੇ ਨੂੰ ਮੋਹ ਲੈਂਦੀ ਹੈ। ਜੂਨ ਵਿੱਚ ਅਸੀਂ ਕਾਂਗੜਾ ਘਾਟੀ ਵੱਲ ਨੂੰ ਨਿਕਲ ਤੁਰੇ। ਕਾਂਗੜਾ ਘਾਟੀ ਵਿੱਚ ਹੀ ਸਥਿਤ ਹੈ ਕੁਦਰਤ ਦਾ ਅਜ਼ੀਮ ਤੋਹਫ਼ਾ ਧੌਲਾਧਾਰ ਨੇਚਰ ਪਾਰਕ। ਇਸ ਨੇਚਰ ਪਾਰਕ ਅੰਦਰ ਅਨੇਕਾਂ ਜੰਗਲੀ ਜੀਵ ਤੇ ਪੰਛੀ ਦੇਖਣ ਨੂੰ ਮਿਲਦੇ ਹਨ। ਕਾਂਗੜੇ ਤੋਂ ਪਾਲਮਪੁਰ ਨੂੰ ਜਾਂਦਿਆਂ ਚਾਮੁੰਡਾ ਦੇਵੀ ਤੋਂ ਚਾਰ ਕਿਲੋਮੀਟਰ ਅੱਗੇ ਮੁੱਖ ਮਾਰਗ ਉੱਪਰ ਗੋਪਾਲਪੁਰ ਨਾਂ ਦਾ ਪਿੰਡ ਹੈ। ਇਹ ਛੋਟਾ ਜਿਹਾ ਪਿੰਡ ਬਹੁਤ ਹੀ ਰਮਣੀਕ ਤੇ ਖ਼ੂਬਸੂਰਤ ਜਗ੍ਹਾ ’ਤੇ ਵਸਿਆ ਹੋਇਆ ਹੈ। ਸੜਕ ਦੇ ਇੱਕ ਪਾਸੇ ਧੌਲਾਧਾਰ ਦੇ ਉੱਚੇ ਪਹਾੜ ਅਤੇ ਦੂਜੇ ਪਾਸੇ ਚਾਹ ਦੇ ਬਾਗ਼ ਸਫ਼ਰ ਨੂੰ ਸੁਹਾਵਣਾ ਬਣਾਉਂਦੇ ਹਨ। ਤਿੱਬਤੀ ਬੱਚਿਆਂ ਦਾ ਸਕੂਲ, ਬੋਧੀ ਮੱਠ ਅਤੇ ਗੁਰਦੁਆਰਾ ਬਾਬਾ ਨੰਦ ਸਿੰਘ ਆਦਿ ਇੱਥੋਂ ਦੇ ਦੇਖਣਯੋਗ ਸਥਾਨ ਹਨ। ਗੋਪਾਲਪੁਰ ਦਾ ਮੁੱਖ ਆਕਰਸ਼ਣ ਧੌਲਾਧਾਰ ਨੇਚਰ ਪਾਰਕ ਹੈ ਜੋ ਬੱਸ ਸਟੈਂਡ ਦੇ ਨਾਲ ਹੀ ਮੁੱਖ ਮਾਰਗ ਉੱਪਰ ਸਥਿਤ ਹੈ। ਸੜਕ ਦੇ ਉੱਪਰ ਹੀ ਇਸ ਦਾ ਮੁੱਖ ਗੇਟ ਹੈ। ਗੇਟ ਦੇ ਬਾਹਰ ਪਾਰਕਿੰਗ ਲਈ ਥੋੜ੍ਹੀ ਜਿਹੀ ਥਾਂ ਹੈ। ਗੇਟ ਦੇ ਬਾਹਰ ਇੱਕ ਪਾਸੇ ਬਣੇ ਟਿਕਟ ਕਾਊਂਟਰ ਤੋਂ ਟਿਕਟ ਲੈ ਕੇ ਅੰਦਰ ਜਾਇਆ ਜਾਂਦਾ ਹੈ। ਗੇਟ ਦੇ ਬਾਹਰ ਚਿੜੀਆਘਰ ਵਿੱਚ ਮਿਲਣ ਵਾਲੇ ਜਾਨਵਰਾਂ ਤੇ ਪੰਛੀਆਂ ਦੀਆਂ ਤਸਵੀਰਾਂ ਅਤੇ ਨਾਲ ਹੀ ਉਨ੍ਹਾਂ ਦੇ ਨਾਮ ਲਿਖੇ ਹੋਏ ਹਨ। ਅੰਦਰ ਦਾਖਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਅਸੀਂ ਕਾਲੇ ਰਿੱਛ ਦੇਖਣ ਲਈ ਖੱਬੇ ਹੱਥ ਲੱਗੇ ਤੀਰ ਦੇ ਨਿਸ਼ਾਨ ਵੱਲ ਮੁੜ ਗਏ। ਇੱਕ ਖੁੱਲ੍ਹੀ ਜਗ੍ਹਾ ਵਿੱਚ ਕਾਫ਼ੀ ਉੱਚੀ ਚਾਰਦੀਵਾਰੀ ਅੰਦਰ ਸੁਸਤਾ ਰਹੇ ਦੋ ਕਾਲੇ ਰਿੱਛ ਨਜ਼ਰ ਆਏ। ਇੱਕ ਵੱਡੇ ਪੱਥਰ ਦੀ ਛਾਵੇਂ ਇੱਕ ਰਿੱਛ ਆਰਾਮ ਕਰਦਾ ਦਿਸਿਆ। ਦੂਰ ਇੱਕ ਛੋਟਾ ਰਿੱਛ ਕੰਧ ਦੀ ਓਟ ਵਿੱਚ ਬੈਠਾ ਅਠਖੇਲੀਆਂ ਕਰ ਰਿਹਾ ਸੀ। ਪਿੱਛੇ ਤੋਂ ਆਉਣ ਵਾਲਾ ਇੱਕ ਛੋਟਾ ਜਿਹਾ ਨਾਲਾ ਰਿੱਛਾਂ ਦੇ ਇਸ ਘਰ ਵਿਚਕਾਰੋਂ ਗੁਜ਼ਰਦਾ ਹੈ ਜਿਸ ਤੋਂ ਇਹ ਰਿੱਛ ਅਤੇ ਪਾਰਕ ਦੇ ਹੋਰ ਅਨੇਕਾਂ ਜੀਵ ਆਪਣੀ ਪਿਆਸ ਬੁਝਾਉਂਦੇ ਹਨ। ਇਸ ਤੋਂ ਬਾਅਦ ਬੱਚਿਆਂ ਲਈ ਬਣੇ ਛੋਟੇ ਜਿਹੇ ਪਾਰਕ ਕੋਲੋਂ ਲੰਘ ਕੇ ਅਸੀਂ ਅੱਗੇ ਚਲੇ ਗਏ। ਇੱਕ ਛੋਟੇ ਜਿਹੇ ਖੱਡੇ ਵਿੱਚ ਕੱਛੂਕੁੰਮੇ ਦੇਖੇ ਅਤੇ ਕੱਛੂਕੁੰਮਿਆਂ ਤੋਂ ਅੱਗੇ ਜਾਲੀਨੁਮਾ ਕਮਰਿਆਂ ਵਿੱਚ ਅਫਰੀਕਨ ਤੋਤਾ, ਭੂਟਾਨੀ ਮੋਰ, ਚਾਹੜ, ਕਾਲੀ ਚੀਲ੍ਹ, ਲਾਲ ਜੰਗਲੀ ਮੁਰਗਾ, ਕਾਲਾ ਜੰਗਲੀ ਮੁਰਗਾ ਆਦਿ ਦੁਰਲੱਭ ਪੰਛੀਆਂ ਨੂੰ ਨੇੜਿਉਂ ਤੱਕਣ ਦਾ ਮੌਕਾ ਮਿਲਿਆ। ਹਰ ਇੱਕ ਜਾਨਵਰ ਜਾਂ ਪੰਛੀ ਦੀ ਰਿਹਾਇਸ਼ਗਾਹ ਅੱਗੇ ਇੱਕ ਬੋਰਡ ਲੱਗਿਆ ਹੋਇਆ ਹੈ ਜਿਸ ਉੱਪਰ ਉਸ ਦਾ ਨਾਂ, ਵਿਗਿਆਨਕ ਨਾਂ, ਦੁਨੀਆਂ ਵਿੱਚ ਉਸ ਦੇ ਰਹਿਣ ਦੇ ਸਥਾਨਾਂ, ਉਸ ਲਈ ਲੋੜੀਂਦੇ ਵਾਤਾਵਰਨ, ਉਸ ਦੀ ਔਸਤ ਉਮਰ ਆਦਿ ਲਿਖੇ ਹੋਏ ਹਨ। ਇੱਥੇ ਹੀ ਇੱਕ ਕਮਰੇ ਵਿੱਚ ਤੇਂਦੂਆ ਇੱਕ ਰੁੱਖ ਦੀ ਟਾਹਣੀ ’ਤੇ ਸੁਸਤਾ ਰਿਹਾ ਸੀ। ਨਾਲ ਹੀ ਮੋਰਾਂ ਦੀ ਕਿਆਊਂ ਕਿਆਊਂ ਫਿਜ਼ਾ ਵਿੱਚ ਮਧੁਰ ਸੰਗੀਤ ਘੋਲ ਰਹੀ ਸੀ। ਇੱਥੇ ਮੋਰ ਨੂੰ ਪੈਲ ਪਾ ਕੇ ਨੱਚਦਾ ਦੇਖਿਆ। ਨਾਲ ਹੀ ਇੱਕ ਹਿੱਸੇ ਵਿੱਚ ਗੋਰਲ ਤੇ ਦੂਜੇ ਵਿੱਚ ਬਾਰਕਿੰਗ ਡੀਅਰ ਇੱਧਰ-ਉੱਧਰ ਦੌੜ ਰਹੇ ਸਨ। ਖੁੱਲ੍ਹੀ ਹਵਾ ਵਿੱਚ ਰੁੱਖਾਂ ਉੱਤੇ ਟਪੂਸੀਆਂ ਮਾਰਦੇ ਬਾਂਦਰ ਇਉਂ ਪ੍ਰਤੀਤ ਹੋ ਰਹੇ ਸਨ ਜਿਵੇਂ ਚਿੜੀਆਘਰ ਦੇ ਬਾਕੀ ਜਾਨਵਰਾਂ ਨੂੰ ਚਿੜਾ ਰਹੇ ਹੋਣ। ਅੱਗੇ ਜਾਣ ਲਈ ਚੀੜ ਅਤੇ ਚਿਨਾਰ ਦੇ ਸੰਘਣੇ ਰੁੱਖਾਂ ਵਿੱਚੋਂ ਦੀ ਤੰਗ ਪਗਡੰਡੀਆਂ ਬਣੀਆਂ ਹੋਈਆਂ ਹਨ। ਪਗਡੰਡੀ ਦੇ ਨਾਲ ਜਾਲੀਨੁਮਾ ਵਾੜ ਬਣੀ ਹੋਈ ਹੈ ਅਤੇ ਵਾੜ ਅੰਦਰ ਵੱਖ ਵੱਖ ਜੰਗਲੀ ਜੀਵਾਂ ਦਾ ਵਾਸਾ ਹੈ। ਇਨ੍ਹਾਂ ਜਾਨਵਰਾਂ ਦੀ ਜ਼ਿੰਦਗੀ ਇਸ ਵਾੜ ਤਕ ਹੀ ਸੀਮਿਤ ਹੈ। ਅਜਿਹੀ ਹੀ ਇੱਕ ਵਾੜ ਅੰਦਰ ਇੱਕ ਤੇਂਦੂਆ ਦੇਖਿਆ ਜਿਸ ਦੀ ਲਾਚਾਰੀ ਸਾਫ਼ ਝਲਕ ਰਹੀ ਸੀ। ਦੂਜੇ ਪਾਸੇ ਵੱਡੇ ਵੱਡੇ ਈਮੂ ਝਾੜੀਆਂ ਵਿੱਚੋਂ ਕੁਝ ਖਾ ਰਹੇ ਸਨ। ਸੱਪ ਵਾਂਗ ਵਲ਼ ਖਾਂਦੀ ਅਤੇ ਚੜ੍ਹਾਈਆਂ ਉਤਰਾਈਆਂ ਤੋਂ ਹੁੰਦੀ ਹੋਈ ਪਗਡੰਡੀ ’ਤੇ ਤੁਰਦੇ ਅਸੀਂ ਨੇਚਰ ਪਾਰਕ ਦੇ ਵਿਚਕਾਰ ਬਣੇ ਇੱਕ ਉੱਚੇ ਟਾਵਰ ਕੋਲ ਪਹੁੰਚ ਗਏ। ਇਹ ਟਾਵਰ ਨੇਚਰ ਪਾਰਕ ਦੇ ਨਜ਼ਾਰਿਆਂ ਨੂੰ ਤੱਕਣ ਲਈ ਬਣਾਇਆ ਗਿਆ ਹੈ। ਅਸੀਂ ਘੁਮਾਅਦਾਰ ਪੌੜੀਆਂ ਚੜ੍ਹ ਕੇ ਟਾਵਰ ਦੇ ਉੱਪਰ ਪਹੁੰਚ ਗਏ। ਇਸ ਉੱਪਰੋਂ ਪੂਰੇ ਨੇਚਰ ਪਾਰਕ ਅਤੇ ਆਲੇ ਦੁਆਲੇ ਦੇ ਖ਼ੂਬਸੂਰਤ ਦ੍ਰਿਸ਼ ਨਜ਼ਰ ਆਉਂਦੇ ਹਨ। ਨੇਚਰ ਪਾਰਕ ਦੀ ਹਰਿਆਲੀ ਦੇ ਨਾਲ-ਨਾਲ ਧੌਲਾਧਾਰ ਦੀਆਂ ਬਰਫ਼ ਨਾਲ ਢਕੀਆਂ ਚੋਟੀਆਂ ਦਾ ਦ੍ਰਿਸ਼ ਹਰ ਕਿਸੇ ਨੂੰ ਮੰਤਰ ਮੁਗਧ ਕਰ ਦਿੰਦਾ ਹੈ। ਇੱਥੋਂ ਖੜ੍ਹ ਕੇ ਪੁਰਾਤਨ ਚਾਮੁੰਡਾ ਦੇਵੀ ਮੰਦਿਰ ਵਾਲਾ ਪਰਬਤ ਵੀ ਸਾਹਮਣੇ ਦਿਖਾਈ ਦਿੰਦਾ ਹੈ। ਟਾਵਰ ਤੋਂ ਹੇਠਾਂ ਉੱਤਰ ਕੇ ਤੁਰਦਿਆਂ ਸਾਂਭਰ ਦਾ ਘਰ ਆ ਗਿਆ। ਕਾਫ਼ੀ ਖੁੱਲ੍ਹੇ ਮੈਦਾਨ ਵਿੱਚ ਚਾਰ ਪੰਜ ਸਾਂਭਰ ਘਾਹ ਚਰ ਰਹੇ ਸਨ। ਇਸ ਤੋਂ ਅੱਗੇ ਸ਼ੇਰ ਦਾ ਘਰ ਸੀ, ਪਰ ਸਾਨੂੰ ਇਸ ਅੰਦਰ ਕਿਤੇ ਵੀ ਸ਼ੇਰ ਦਿਖਾਈ ਨਹੀਂ ਦਿੱਤਾ। ਅੱਗੇ ਨਾਲੇ ਉੱਪਰ ਬਣੇ ਲੱਕੜੀ ਦੇ ਪੁਲ਼ ਨੂੰ ਪਾਰ ਕਰਕੇ ਜੰਗਲੀ ਸੂਰਾਂ ਦਾ ਵਾੜਾ ਦੇਖਿਆ। ਇੱਥੇ ਹੀ ਇੱਕ ਰੂਸੀ ਜੋੜਾ ਮਿਲਿਆ ਜੋ ਬਿਲਕੁਲ ਇਕਾਂਤ ਵਿੱਚ ਬੈਠ ਕੇ ਕੁਦਰਤ ਦਾ ਮਜ਼ਾ ਲੈ ਰਿਹਾ ਸੀ। ਜੰਗਲੀ ਸੂਰ ਇਨਸਾਨਾਂ ਨੂੰ ਦੇਖ ਕੇ ਕੋਲ ਆ ਜਾਂਦੇ ਹਨ ਕਿ ਸ਼ਾਇਦ ਉਨ੍ਹਾਂ ਦੇ ਖਾਣ ਲਈ ਕੁਝ ਲੈ ਕੇ ਆਏ ਹੋਣ। ਇਸ ਤੋਂ ਅੱਗੇ ਚਿੜੀਆਘਰ ਦੀ ਹੱਦ ਖ਼ਤਮ ਹੋ ਗਈ। ਅਸੀਂ ਵਾਪਸ ਉਸੇ ਪਗਡੰਡੀ ’ਤੇ ਚੱਲ ਪਏ। ਵਾਪਸੀ ਉੱਤੇ ਹਿਮਾਲੀਅਨ ਗਿੱਧ, ਬਾਜ਼, ਤੱਕਲਿਆਂ ਵਾਲੀਆਂ ਸੇਹਾਂ ਤੇ ਖ਼ਰਗੋਸ਼ ਆਦਿ ਨੂੰ ਵੀ ਬਿਲਕੁਲ ਨੇੜਿਉਂ ਤੱਕਿਆ। ਇਨ੍ਹਾਂ ਤੋਂ ਇਲਾਵਾ ਹੋਰ ਵੀ ਸੈਂਕੜੇ ਕਿਸਮ ਦੇ ਪੰਛੀ ਧੌਲਾਧਾਰ ਨੇਚਰ ਪਾਰਕ ਵਿੱਚ ਘੁੰਮਦੇ ਹਨ। ਉੱਚੀਆਂ ਨੀਵੀਂਆਂ ਪਗਡੰਡੀਆਂ ’ਤੇ ਤੁਰਦਿਆਂ ਅਸੀਂ ਕਾਫੀ ਥੱਕ ਚੁੱਕੇ ਸਾਂ। ਇੱਥੋਂ ਦੀ ਕੰਟੀਨ ਵਿੱਚ ਚਾਹ ਪੀਣ ਮਗਰੋਂ ਕੁਝ ਚਿਰ ਆਰਾਮ ਕਰਕੇ ਅਸੀਂ ਆਪਣੇ ਸਫ਼ਰ ਦੇ ਅਗਲੇ ਪੜਾਅ ਪਾਲਮਪੁਰ ਨੂੰ ਚੱਲ ਪਏ।
-ਰਮਨਪ੍ਰੀਤ ਅਬਲੂ

Related posts

ਐਡਵੈਂਚਰ ਟਰਿੱਪ ਦਾ ਆਨੰਦ ਲੈਣ ਲਈ ਇਕ ਵਾਰ ਜ਼ਰੂਰ ਜਾਓ ‘ਸੁਸਾਈਡ ਪੁਆਇੰਟ’ ‘ਤੇ 

editor

ਕਸ਼ਮੀਰ ਦੀਆਂ ਘਾਟੀਆਂ ‘ਚ ਬਿਤਾਓ ਸਤੰਬਰ, ਅਕਤੂਬਰ ਦੀਆਂ ਛੁੱਟੀਆਂ, IRCTC ਲੈ ਕੇ ਆਇਆ ਹੈ ਇੱਕ ਵਧੀਆ ਮੌਕਾ

editor

ਘੱਟ ਬਜਟ ‘ਚ ਜੰਨਤ ਦੀ ਸੈਰ ਕਰਨ ਲਈ ਨੇਪਾਲ ਵਿੱਚ ਇਹਨਾਂ ਸਥਾਨਾਂ ਨੂੰ ਕਰੋ ਐਕਸਪਲੋਰ, ਰੂਹ ਹੋ ਜਾਵੇਗੀ ਖੁਸ਼

editor