International

ਨਿਊਜ਼ੀਲੈਂਡ ਤੋਂ ਭਾਰਤ ਪਹੁੰਚੇਗੀ ਗੁਰਦਾਸਪੁਰ ਦੇ ਪਿੰਡ ਬਰਿਆਰ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਦੀ ਲਾਸ਼

ਆਕਲੈਂਡ – ਨਿਊਜ਼ੀਲੈਂਡ ਦੇ ਸਾਊਥ ਆਈਲੈਂਡ `ਚ ਪੈਂਦੇ ਕ੍ਰਾਈਸਚਰਚ ਸ਼ਹਿਰ ‘ਚ ਪਿਛਲੇ ਦਿਨੀਂ ਸੜਕ ਹਾਦਸੇ ਦੀ ਭੇਟ ਚੜ੍ਹੇ 31 ਸਾਲਾ ਪੰਜਾਬੀ ਨੌਜਵਾਨ ਸਿਕੰਦਰਪਾਲ ਸਿੰਘ ਦੀ ਦੇਹ ਵੀਰਵਾਰ ਨੂੰ ਭਾਰਤ ਲਈ ਰਵਾਨਾ ਕੀਤੀ ਜਾਵੇਗੀ। ਉਸਦੇ ਮਾਪੇ ਸ਼ੁੱਕਰਵਾਰ ਨੂੰ ਦਿੱਲੀ ਏਅਪੋਰਟ `ਤੇ ਆਪਣੇ ਪੁੱਤ ਦਾ ਮੂੰਹ ਵੇਖ ਸਕਣਗੇ। ਇਮੀਗਰੇਸ਼ਨ ਦੇ ਲੋੜੀਂਦੇ ਕਾਗਜ਼ਾਤ ਮੁਕੰਮਲ ਕਰਨ ਅਤੇ ਪੋਸਟ ਮਾਰਟਮ ਪਿੱਛੋਂ ਉਦੋਂ ਤਕ ਦੇਹ-ਸੰਭਾਲ ਕੇਂਦਰ ‘ਚ ਸੰਭਾਲ ਦਿੱਤੀ ਗਈ ਹੈ।ਕ੍ਰਾਈਸਚਰਚ ਸਿਟੀ ਤੋਂ ਲੇਬਰ ਪਾਰਟੀ ਅਤੇ ਪੰਜਾਬੀ ਕਮਿਊਨਿਟੀ ਲੀਡਰ ਨਰਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਪੋਸਟ ਮਾਰਟਮ ਪਿੱਛੋਂ ਸਿਕੰਦਰਪਾਲ ਦੀ ਲਾਸ਼ ਭਾਰਤ ਭੇਜਣ ਲਈ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਜਿਸਨੂੰ ਸਿੰਘਾਪੁਰ ਏਅਰਲਾਈਨ ਦੇ ਕਾਰਗੋ ਜਹਾਜ਼ ਰਾਹੀਂ 27 ਜਨਵਰੀ ਵੀਰਵਾਰ ਨੂੰ ਕ੍ਰਾਈਸਚਰਚ ਏਅਰਪੋਰਟ ਤੋਂ ਦੁਪਹਿਰੇ 12 ਵਜੇ ਰਵਾਨਾ ਕੀਤਾ ਜਾਵੇਗਾ, ਜੋ 28 ਜਨਵਰੀ ਸ਼ੁੱਕਰਵਾਰ ਨੂੰ ਸ਼ਾਮ 7:45 ‘ਤੇ ਨਵੀਂ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚ ਜਾਵੇਗੀ। ਜਿੱਥੋਂ ਪਰਿਵਾਰਕ ਮੈਂਬਰ ਲਾਸ਼ ਨੂੰ ਪੰਜਾਬ ਲੈ ਜਾਣਗੇ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਰਿਆਰ (ਪੋਸਟ ਆਫਿਸ ਰਣਜੀਤ ਬਾਗ਼) ਦੇ ਵਾਸੀ ਹਰਦਿਆਲ ਸਿੰਘ ਅਤੇ ਕੁਲਦੀਪ ਕੌਰ ਦਾ ਪੁੱਤਰ ਸਿਕੰਦਰਪਾਲ ਸਿੰਘ ਸਾਲ 2018 ‘ਚ ਨਿਊਜ਼ੀਲੈਂਡ ਆਇਆ ਸੀ। ਉਹ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। 17 ਜਨਵਰੀ ਸੋਮਵਾਰ ਨੂੰ ਸਵੇਰੇ ਘਰੋਂ ਨਿਕਲਣ ਤੋਂ ਬਾਅਦ ਰੋਲਸਟਨ ‘ਚ ਮੇਨ ਸਾਊਥ ਰੋਡ (ਸਟੇਟ ਹਾਈਵੇਅ 1) ਅਤੇ ਰੋਲਸਟਨ ਡਰਾਈਵ ਦੇ ਇੰਟਰਸੈਕਸ਼ਨ ‘ਤੇ ਹਾਦਸਾ ਵਾਪਰਿਆ ਸੀ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਸਿਕੰਦਰਪਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜੋ ਕਿ ਉਸ ਵੇਲੇ ਟਰੱਕ ‘ਚ ਇਕੱਲਾ ਹੀ ਸੀ।ਵਰਨਣਯੋਗ ਹੈ ਕਿ ਘਟਨਾ ਤੋਂ ਪਿੱਛੋਂ ਸਿਕੰਦਰਪਾਲ ਦੇ ਦੋਸਤਾਂ ਅਤੇ ਕਮਿਊਨਿਟੀ ਆਗੂ ਨਰਿੰਦਰ ਸਿੰਘ ਵੜੈਚ ਨੇ ਉਸਦੀ ਦੇਹ ਨੂੰ ਭਾਰਤ ਭੇਜਣ ਲਈ ਭਾਰਤੀ ਹਾਈ ਕਮਿਸ਼ਨ ਵਾਲੰਗਿਟਨ ਨੂੰ ਸੂਚਿਤ ਕਰਕੇ ਲਾਸ਼ ਪੰਜਾਬ ਭੇਜਣ ਦੀ ਜ਼ਿੰਮੇਵਾਰੀ ਸੰਭਾਲੀ ਸੀ।

Related posts

ਗੀਤਾ ਸੱਭਰਵਾਲ ਇੰਡੋਨੇਸ਼ੀਆ ’ਚ ਸੰਯੁਕਤ ਰਾਸ਼ਟਰ ਦੀ ਰੈਜ਼ੀਡੈਂਟ ਕੋਆਰਡੀਨੇਟਰ ਨਿਯੁਕਤ

editor

ਰੂਸ ਅਤੇ ਚੀਨ ਨੇ ਦੁਵੱਲੇ ਵਪਾਰ ’ਚ ਬੰਦ ਕੀਤੀ ਡਾਲਰ ਦੀ ਵਰਤੋਂ

editor

ਜਗਮੀਤ ਸਿੰਘ ਦੇ ਫ਼ੈਸਲੇ ਨਾਲ ਟਰੂਡੋ ਸਰਕਾਰ ’ਤੇ ਮੰਡਰਾਉਣ ਲੱਗੇ ਖ਼ਤਰੇ ਦੇ ਬੱਦਲ

editor