Articles Pollywood

‘ਨੀਂ ਮੈਂ ਸੱਸ ਕੱਟਣੀਂ’ ਦੀ ਨਾਇਕਾ ਬਣੀ ਤਨਵੀ ਨਾਗੀ

ਲੇਖਕ: ਸੁਰਜੀਤ ਜੱਸਲ

ਪੰਜਾਬੀ ਸੰਗੀਤਕ ਐਲਬਮਾਂ ਵਿੱਚ ਅਦਾਕਾਰੀ ਸਦਕਾ ਚੰਗੀ ਪਛਾਣ ਬਣਾ ਚੁੱਕੀ  ਤਨਵੀ ਨਾਗੀ ਨੇ ਹੁਣ ਪੰਜਾਬੀ ਫ਼ਿਲਮਾਂ ਵੱਲ ਕਦਮ ਵਧਾਇਆ ਹੈ। ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ ਵਿੱਚ  ਤਨਵੀ ਨਾਗੀ ਬਤੌਰ ਨਾਇਕਾ ਮਹਿਤਾਬ ਵਿਰਕ ਨਾਲ ਨਜ਼ਰ ਆਵੇਗੀ। ਨਾਗੀ ਨੇ ਦੱਸਿਆਂ ਕਿ ਬਤੌਰ ਹੀਰੋਇਨ ਇਹ ਉਸਦੀ ਪਹਿਲੀ ਫ਼ਿਲਮ ਹੈ ਜਿਸ ਵਿਚ ਉਸਨੇ ਸੀਰਤ ਨਾਂ ਦੀ ਮੈਡੀਕਲ ਦੀ ਪੜਾਈ ਕਰਦੀ ਕੁੜੀ ਦਾ ਕਿਰਦਾਰ ਨਿਭਾਂਇਆ ਹੈ ਜਿਸਨੂੰ ਆਪਣੇ ਨਾਲ ਪੜ੍ਹਦੇ ਮੁੁੰਡੇ ਮਹਿਤਾਬ ਵਿਰਕ ਨਾਲ ਪਿਆਰ ਹੋ ਜਾਂਦਾ ਹੈ। ਜਦ ਇਹ ਪਿਆਰ ਵਿਆਹੁਤਾ ਜ਼ਿੰਦਗੀ ਵਿੱਚ ਤਬਦੀਲ ਹੁੰਦਾ ਹੈ ਤਾਂ ਨੂੰਹ ਸੱਸ ਦਾ ਤਕਰਾਰ ਭਰਿਆ ਮੁਕਾਬਲਾ ਸੁਰੂ ਹੁੰਦਾ ਹੈ। ਇਹ ਫ਼ਿਲਮ ਜਿੱਥੇ ਦੋ ਦਿਲਾਂ ਵਿਚਲੇ ਪਿਆਰ ਦੀ ਕਹਾਣੀ ਹੈ ਉੱਥੇ ਨੂੰਹ ਸੱਸ ਦੀ ਖੱਟੀ ਮਿੱਠੀ ਨੋਕ ਝੋਕ ਵਾਲੀ ਪਰਿਵਾਰਕ ਕਾਮੇਡੀ ਦਾ ਵੀ ਸੁਮੇਲ ਹੈ। ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ  ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਫ਼ਿਲਮ  ਵਿੱਚ ਹਾਲਾਤ ਮੁਤਾਬਕ ਬਦਲਦੇ ਜਾ ਰਹੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ। ਪੀੜੀ ਦਰ ਪੀੜੀ ਰਿਸ਼ਤਿਆਂ ਵਿੱਚ ਆ ਰਹੇ ਬਦਲਾਅ ਇਸ ਫ਼ਿਲਮ ਦਾ ਅਹਿਮ ਧੁਰਾ ਹਨ। ਫ਼ਿਲਮ ਦਾ ਟਾਈਟਲ ਚਾਹੇ ਮਜੱਹੀਆ ਹੈ ਪਰ ਇਸ ਅੰਦਰ ਇਕ ਵੱਡਾ ਸੁਨੇਹਾ ਅਤੇ ਹਰ ਘਰ ਦੀ ਕਹਾਣੀ ਵੀ ਹੈ।
ਲੁਧਿਆਣਾ ਦੀ ਜੰਮਪਲ ਤਨਵੀ ਨਾਗੀ ਨੇ ਦੱਸਿਆ ਕਿ ਉਹ ਮੈਡੀਕਲ ਦੀ ਪੜ੍ਹਾਈ ਕਰਦਿਆਂ ਉਹ ਸ਼ੌਕ-ਸ਼ੌਕ ਵਿੱਚ ਹੀ ਮਾਡਲਿੰਗ ਦੇ ਖੇਤਰ ਵੱਲ ਆ ਗਈ। ਉਸਨੇ ਇਸ ਖੇਤਰ ਵਿੱਚ ਪ੍ਰਸਿੱਧੀ ਪਾਉਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਉਹ ਤਾਂ  ਡਾਕਟਰ ਬਣਨਾ ਚਾਹੁੰਦੀ ਸੀ। 18 ਸਾਲ ਦੀ ਉਮਰ ਵਿੱਚ ਉਸਨੇ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ। ਉਸਨੇ ਅਨੇਕਾਂ ਨਾਮੀਂ ਗਾਇਕਾਂ ਦੇ ਚਰਚਿਤ ਵੀਡਿਓਜ਼ ਵਿੱਚ ਅਦਾਕਾਰੀ ਕਰਕੇ ਵੱਖਰੀ ਪਛਾਣ ਬਣਾਈ। ਉਸਨੇ ਕੁਆਰੀ (ਮਨਕੀਰਤ ਔਲਖ), ਲੈਕਚਰ ਲਾ ਕੇ ਨਿੱਕਲੀ (ਨਛੱਤਰ ਗਿੱਲ), ਮੇਰੇ ਬਾਰੇ (ਗੈਰੀ ਸੰਧੂ), ਜੱਟਾਂ ਦਾ ਪੁੱਤ ਮਾੜਾ ਹੋ ਗਿਆ (ਨਿੰਜਾ), ਨੀਲੇ ਨੈਣ (ਫ਼ਿਰੋਜ਼ ਖਾਂਨ, ਕਮਾਲ ਖਾਂਨ, ਮਾਸ਼ਾ ਅਲੀ), ਨੌਟੀ ਮੁੰਡਾ (ਮਹਿਤਾਬ ਵਿਰਕ) ਆਦਿ ਗੀਤਾਂ ਵਿੱਚ ਕੰਮ ਕੀਤਾ। ਆਪਣੇ ਫ਼ਿਲਮੀ ਸਫ਼ਰ ਦੇ ਆਗਾਜ਼ ਬਾਰੇ ਉਸਨੇ ਦੱਸਿਆ ਕਿ ਉਹ ਇਸ ਖੇਤਰ ਵਿੱਚ ਇੱਕ ਵੱਖਰੀ ਪਛਾਣ ਬਣਾਉਣਾ ਚਾਹੁੰਦੀ ਹੈ ਜਿਸ ਲਈ ਉਸਨੇ ਬਕਾਇਦਾ ਐਕਟਿੰਗ ਦੀਆਂ ਬਾਰੀਕੀਆਂ ਨੂੰ ਸਿੱਖਿਆ ਹੈ। ਫ਼ਿਲਮ ਦੀ ਸੂਟਿੰਗ ਦੌਰਾਨ ਸਾਰੇ ਹੀ ਸੀਨੀਅਰ ਕਲਾਕਾਰਾਂ ਦਾ ਬਹੁਤ ਸਹਿਯੋਗ ਮਿਲਿਆ ਅਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ।  ਪਿਆਰ-ਵਿਆਹ ਚ ਬੱਝੀ ਰੁਮਾਂਟਿਕ ਲਾਇਫ਼ ਅਤੇ ਨੂੰਹ ਸੱਸ ਦੀ ਨੋਕ-ਝੋਕ ਅਧਾਰਤ ਇਸ ਫ਼ਿਲਮ ਵਿੱਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ,ਤਰਸੇਮ ਪੌਲ,ਦਿਲਾਵਰ ਸਿੱਧੂ,ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਉਸਨੂੰ ਆਸ ਹੈ ਕਿ ਮਿਊਜ਼ਿਕ ਵੀਡਿਓ ਵਾਂਗ ਫ਼ਿਲਮੀ ਪਰਦੇ ਤੇ ਵੀ ਦਰਸ਼ਕ ਉਸ ਭਰਵਾਂ ਪਿਆਰ ਦੇਣਗੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor