Story

ਪਿਓ-ਪੁੱਤ  !

ਲੇਖਕ: ਮਨਦੀਪ ਖਾਨਪੁਰੀ

ਚੁੱਲ੍ਹਾ ਮੱਚ ਰਿਹਾ ਸੀ ਅੱਗ ਦੀਆਂ ਲਪਟਾਂ  ਇਸ ਤਰ੍ਹਾਂ ਲੱਗ ਰਹੀਆਂ ਸੀ, ਜਿਵੇਂ “ਅਗਨ ਦੇਵੀ” ਪ੍ਰਗਟ ਹੋਣ ਵਾਲੀ ਹੁੰਦੀ ਹੈ।  ਧੰਨ ਕੌਰ ਸਬਜ਼ੀ ਵਾਲੇ ਪਤੀਲੇ ਵਿਚ ਕੜਛੀ ਨੂੰ ਘੁਮਾ ਰਹੀ ਸੀ, ਜਿਵੇਂ ਕੋਈ ਮਲਾਹ ਕਿਸ਼ਤੀ ਤੇ ਬੈਠਾ ਪਾਣੀ ਚ ਚੱਪੂ ਚਲਾਉਂਦਾ ਹੈ ।  ਨਾਲ ਬੈਠਾ ਧਰਮਾ ਜੋ ਧੰਨ ਕੌਰ ਦਾ ਘਰਵਾਲਾ ਹੈ,  ਡੂੰਘੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਹੈ।  ਲੀਡਰਾਂ ਦੇ ਦਿਲ ਵਾਂਗੂੰ ਅੱਜ ਮੌਸਮ ਵੀ ਖ਼ਰਾਬ ਹੋਇਆ ਪਿਆ ਏ,  ਪਹੁ ਫੁਟਾਲੇ ਤੋਂ ਹੀ  ਹਲਕੇ ਹਲਕੇ ਮੀਂਹ ਦਾ ਤੇ ਸਰਦ ਹਵਾਵਾਂ ਦਾ ਜ਼ੋਰ ਸੀ।

ਇੰਨੇ ਨੂੰ ਘਰ ਘਰ ਜਾ ਕੇ  ਵੋਟਾਂ ਮੰਗ ਰਹੇ ਕਿਸੇ ਦਲ ਦੇ ਪੰਜ- ਸੱਤ ਬੰਦੇ ਉਨ੍ਹਾਂ ਦੇ ਚੌਂਕੇ ਵਿੱਚ ਆ ਖੜੋਤੇ।  ਆਪਣੇ ਚੋਣ ਨਿਸ਼ਾਨ ਦਾ ਕਾਗਜ਼  ਧਰਮੇ ਦੇ ਹੱਥ ਵਿੱਚ ਫੜਾ ਕੇ  ਹੱਥ ਜੋੜ ਕੇ ਖੜ੍ਹੇ ਸੀ , ਅਖੇ ਬਜ਼ੁਰਗੋ ਏਸ ਵਾਰ ਸਾਡੀ ਪਾਰਟੀ ਨੂੰ ਜਿਤਾਉਣਾ ਏ।  ਸਾਨੂੰ ਤੁਹਾਡੀ ਬੜੀ ਲੋੜ ਹੈ,  ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ।   ਏਹ ਹੋਣ ਵਾਲੇ ਸਾਡੇ  ਐੱਮ ਐੱਲ ਏ ਸਾਹਿਬ  ਦਾ ਬੇਟਾ ਹੈ  ਸਚਿਨ,ਇੰਨੇ ਨੂੰ ਉਹ ਆਪ ਬੋਲ ਪਿਆ  ਇਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦੇਵੋ  ਅਸੀਂ ਬਜ਼ੁਰਗਾਂ ਲਈ ਖਾਸ ਸਹੂਲਤਾਂ ਲੈ ਕੇ ਆਵਾਂਗੇ ਬਾਪੂ ਜੀ ਤੁਸੀ ਮੈਨੂੰ ਆਪਣਾ ਹੀ ਪੁੱਤ ਸਮਝੋ  ॥
ਚਲੋ ਵਕਤ ਪਿਆ ਵੋਟਾਂ ਲੰਘ ਗਈਆ , ਉਹ ਪਾਰਟੀ ਵੀ ਜਿੱਤ ਗਈ  ਕੁਝ ਕੁ ਸਮੇਂ ਬਾਅਦ ਆਪਣੀ ਕਿਸੇ ਜ਼ਮੀਨੀ ਕੰਮ ਨੂੰ ਲੈ ਕੇ  ਉਸ ਪਾਰਟੀ ਦੇ ਐੱਮ ਐੱਲ ਏ  ਕੋਲ ਗਿਆ।  ਪਹਿਲਾਂ ਤਾਂ ਉਸ ਨੂੰ ਮਿਲਣ ਹੀ ਨਹੀਂ ਦਿੱਤਾ ਗਿਆ,  ਕਾਫ਼ੀ ਵਾਰ ਖਾਲੀ ਹੱਥ ਹੀ ਮੁੜਦਾ ਰਿਹਾ , ਇੱਕ ਵਾਰੀ ਕਿਸੇ ਪਿੰਡ ਵਿਚ ਐੱਮ ਐੱਲ ਦਾ ਸਮਾਰੋਹ ਸੀ , ਧਰਮਾ ਵੀ ਉਥੇ ਪਹੁੰਚ ਗਿਆ  ਸਟੇਜ ਦੇ ਲਾਗੇ ਜਾ ਕੇ  ਬਾਰ ਬਾਰ ਜਦੋਂ ਮਿਲਣ ਦੀ ਜ਼ਿੱਦ ਕੀਤੀ  ਉਸ ਨੂੰ ਉਪਰ ਬੁਲਾ ਲਿਆ ਗਿਆ।
ਲੋਕਾਂ ਅੱਗੇ ਨੰਬਰ ਬਣਾਉਂਦੇ ਹੋਏ ਐੱਮ ਐੱਲ ਏ ਨੇ ਕਿਹਾ ,ਬਜ਼ੁਰਗੋ ਦੱਸੋ ਸਾਡੇ ਲਾਇਕ ਕੀ ਸੇਵਾ ਹੈ।  ਧਰਮੇ ਨੇ  ਉਸ ਦੇ ਲਾਗੇ ਖੜ੍ਹੇ ਉਸ ਦੇ ਪੁੱਤਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ,  ਜਦੋਂ ਵੋਟਾਂ ਲੈਣੀਆਂ ਸੀ ਤੁਹਾਡਾ ਪੁੱਤ ਸਚਿਨ  ਸਾਡੇ ਘਰੇ ਆਇਆ ਸੀ। ਕਹਿੰਦਾ ਸੀ ਮੈਂ ਤੁਹਾਡਾ ਪੁੱਤਰ ਹਾਂ, ਮੈ ਸਿਰਫ਼ ਏਨਾ ਪੁੱਛਣ ਆਇਆ ਹਾਂ  “ਜੇ ਇਹ ਮੇਰਾ ਪੁੱਤ ਹੈ ਤੇ ਆਪਣੇ ਪਿਓ ਨੂੰ ਮਿਲਦਾ ਕਿਉਂ ਨਹੀਂ ਸੀ ਕਿਉਂ ਮੇਰੇ ਵਾਰ ਵਾਰ ਗੇੜੇ ਲਵਾਈ ਜਾਂਦਾ ਸੀ।
ਸਚਿਨ ਦੇ ਨੇੜੇ ਜਾ ਕੇ ਉਸ ਨੇ ਆਪਣੇ ਹੱਥ ਵਿਚ ਫੜਿਆ,  ਫੁੱਲਾਂ ਵਾਲਾ ਹਾਰ ਉਸ ਦੇ ਗਲੇ ਵਿਚ ਪਾ ਦਿੱਤਾ  ਤੇ ਬੋਲਿਆ, ਕਾਕਾ ਜੀ  ” ਪੁੱਤ ਕਪੁੱਤ ਹੋ ਜਾਂਦੇ ਨੇ ਪਰ ਮਾਪੇ ਕੁਮਾਪੇ ਨਹੀਂ ਬਣਦੇ ”  ਇੰਨਾ ਸੁਣਦੇ ਹੀ ਸਾਰਾ ਪੰਡਾਲ ਹੱਸਣ ਲੱਗ ਪਿਆ  ਨੇਤਾ ਜੀ ਕੰਨ ਝਾੜਦੇ ਹੋਏ ਆਪਣੀਆਂ ਸਰਕਾਰੀ ਗੱਡੀਆਂ ਚ ਵਹਿੰਦੇ ਹੋਏ ਨੌੰ ਦੋ ਗਿਆਰਾਂ ਹੋ ਗਏ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin