Articles Religion

ਪਿਤਰਾਂ ਦੇ ਉਧਾਰ ਲਈ ਫਾਰਮੂਲਾ !

ਲੇਖਕ: ਐਡਵੋਕੇਟ ਸੁਰਿੰਦਰ ਸਿੰਘ ਕੰਵਰ, ਮੈਲਬੌਰਨ

ਗੁਰਬਾਣੀ ਇਕ ਆਦਰਸ਼ਕ ਜੀਵਨ ਜੀਊਣ ਦਾ ਰਾਹ ਦਸਦੀ ਹੈ। ਮੁਸ਼ਕਲ ਇਹ ਹੈ ਕਿ ਬਹੁਤ ਕਰਕੇ ਗੁਰਬਾਣੀ ਦੀ ਗਲਤ ਵਿਅਖਿਆ ਕੀਤੀ ਜਾਂਦੀ ਹੈ ਜਿਸ ਕਰਕੇ ਬਹੁਤ ਸਾਰੇ ਭੁਲੇਖੇ ਪੈ ਜਾਂਦੇ ਹਨ। ਗੁਰਬਾਣੀ ਵਿਚ ਸ਼ਬਦਾਵਲੀ ਤਾਂ ਉਸ ਸਮੇਂ ਦੀ ਪ੍ਰਚੱਲਤ ਸ਼ਬਦਾਵਲੀ ਹੀ ਵਰਤੀ ਗਈ ਹੈ ਪਰ ਉਸ ਦੀ ਪ੍ਰਭਾਸ਼ਾ ਸਾਰਥਕ ਜੀਵਨ ਜੀਊਣ ਦੇ ਉਦੇਸ਼ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੇ ਉਦੇਸ਼ ਨੂੰ ਮੁੱਖ ਰੱਖ ਕੇ ਕੀਤੀ ਜਾਵੇ। ਗੁਰਬਾਣੀ ਦੀ ਵਿਆਖਿਆ ਤੋਂ ਇਹ ਸਮਝ ਆਉਣੀ ਜ਼ਰੂਰੀ ਹੈ ਕਿ ਜੀਵਨ ਸੁਧਾਰ ਵਾਸਤੇ ਇਸ ਰਾਹੀਂ ਸੁਨੇਹਾ ਕੀ ਦਿੱਤਾ ਗਿਆ ਹੈ। ਕਿਉਂਕਿ ਗੁਰਬਾਣੀ ਦੀ ਹਰ ਪੰਗਤੀ ਵਿਚੋਂ ਜੀਵਨ ਸੁਧਾਰ ਦਾ ਸੁਨੇਹਾ ਮਿਲਦਾ ਹੈ ਇਸ ਲਈ ਸਮਝਣਾ ਇਹ ਹੁੰਦਾ ਹੈ ਕਿ ਕਿਸੇ ਵੀ ਪੰਗਤੀ ਵਿਚ ਕਿਸ ਪੱਖ ਤੋਂ ਜੀਵਨ ਸੁਧਾਰ ਦੀ ਗੱਲ ਕੀਤੀ ਗਈ ਹੈ।
ਉਪਰੋਕਤ ਭੂਮਕਾ ਦਾ ਵਰਨਣ ਇਸ ਲਈ ਕੀਤਾ ਗਿਆ ਹੈ ਕਿਉਂਕਿ ਗੱਲ ਪਿਤਰਾਂ ਦੀ ਕੀਤੀ ਜਾਣੀ ਹੈ। ਬ੍ਰਾਹਮਣੀ ਸਮਾਜ ਨੇ ਪਿਤਰਾਂ ਦਾ ਸੰਕਲਪ ਆਪਣੀ ਰੋਜ਼ੀ-ਰੋਟੀ ਨੂੰ ਮੁੱਖ ਰੱਖ ਕੇ ਪ੍ਰਸਤੁਤ ਕਰ ਰੱਖਿਆ ਹੈ। ਬਰਾਹਮਣੀ ਵਿਚਾਰਧਾਰਾ ਅਨੁਸਾਰ ਜੋ ਵੱਡੇ ਵਡੇਰੇ ਗੁਜ਼ਰ ਚੁਕੇ ਹੁੰਦੇ ਹਨ, ਉਨ੍ਹਾਂ ਦੇ ਉਧਾਰ ਵਾਸਤੇ ਭਾਵ ਉਨ੍ਹਾਂ ਦੇ ਕਲਿਆਨ ਵਾਸਤੇ ਹਰ ਸਾਲ ਸਰਾਧ ਕੀਤੇ ਜਾਂਦੇ ਹਨ। ਭੋਲੀ ਭਾਲੀ ਜਨਤਾ ਨੂੰ ਇਹ ਦ੍ਰਿੜ ਕਰਵਾ ਰੱਖਿਆ ਹੈ ਕਿ ਉਨ੍ਹਾਂ ਦੇ ਵੱਡ ਵਡੇਰਿਆਂ ਪਾਸੋਂ ਕਈ ਤਰ੍ਹਾਂ ਦੇ ਪਾਪ ਹੋ ਜਾਂਦੇ ਹਨ ਅਤੇ ਮਰਨ ਉਪਰੰਤ ਉਹ ਕਈ ਤਰ੍ਹਾਂ ਦੀਆਂ ਸਜ਼ਾਵਾਂ ਭੁਗਤ ਰਹੇ ਹੁੰਦੇ ਹਨ। ਫਿਰ ਇਹ ਵਿਸ਼ਵਾਸ ਦਿਵਾ ਦਿੱਤਾ ਜਾਂਦਾ ਹੈ ਕਿ ਬ੍ਰਾਹਮਣ ਦੀ ਸੇਵਾ ਕਰਨ ਨਾਲ ਉਨ੍ਹਾਂ ਦੇ ਪਿਤਰਾਂ ਦੇ ਪਾਪ ਧੁਲ ਜਾਂਦੇ ਹਨ ਅਤੇ ਉਨ੍ਹਾਂ ਦੀ ਸਜ਼ਾ ਵੀ ਘਟ ਜਾਂਦੀ ਹੈ। ਇਸੇ ਲਈ ਸਰਾਧਾਂ ਦੇ ਦਿਨਾਂ ਵਿਚ ਇਹ ਕਿਹਾ ਜਾਂਦਾ ਹੈ ਕਿ ਬ੍ਰਾਹਮਣਾ ਦੀ ਸੇਵਾ ਕੀਤੀ ਜਾਵੇ, ਉਨ੍ਹਾਂ ਨੂੰ ਭੋਜਣ ਕਰਾਇਆ ਜਾਵੇ ਅਤੇ ਨਾਲ ਸਾਜ਼ੋ-ਸਮਾਨ ਵੀ ਦਿੱਤਾ ਜਾਵੇ। ਇਸ ਤਰ੍ਹਾਂ ਇਹ ਸਮਝਾਇਆ ਜਾਂਦਾ ਹੈ ਕਿ ਇਸ ਸਾਜ਼ੋ ਸਮਾਨ ਦਾ ਸੁਖ ਉਸ ਪ੍ਰਾਣੀ ਦੇ ਪਿਤਰਾਂ ਨੂੰ ਮਿਲਦਾ ਹੈ। ਗ਼ਜ਼ਬ ਤਾਂ ਇਹ ਹੈ ਕਿ ਇਸ ਵਿਗਿਆਨਕ ਯੁੱਗ ਵਿਚ ਵੀ ਲੋਕ ਇਸ ਧਾਰਨਾ ਉੱਤੇ ਵਿਸ਼ਵਾਸ਼ ਕਰੀ ਜਾ ਰਹੇ ਹਨ ਅਤੇ ਆਪਣੇ ਪਿਤਰਾਂ ਦੇ ਪਾਪ ਧੋਣ ਵਾਸਤੇ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਬ੍ਰਾਹਮਣਾ ਦੀ ਸੇਵਾ ਵੀ ਕਰੀ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦਾ ਸਾਜ਼ੋ-ਸਮਾਨ ਵੀ ਦਈ ਜਾਂਦੇ ਹਨ। ਇਹ ਤਾਂ ਹੁਣ ਹਰ ਵਿਅਕਤੀ ਨੂੰ ਆਪ ਹੀ ਸੋਚਣਾ ਪਵੇਗਾ ਕਿ ਉਸ ਨੇ ਆਪਣਾ ਅਤੇ ਆਪਣੇ ਪਿਤਰਾਂ ਦਾ ਉਧਾਰ ਕਿਵੇਂ ਕਰਨਾ ਹੈ?
ਗੁਰੂ ਸਾਹਿਬਾਨ ਨੇ ਪਿਤਰਾਂ ਦੇ ਉਧਾਰ ਵਾਸਤੇ ਬ੍ਰਾਹਮਣ ਦੁਆਰਾ ਕੀਤੇ ਗਏ ਢੰਗ ਨੂੰ ਪਰਖਿਆ ਅਤੇ ਪਿਤਰਾਂ ਦੇ ਉਧਾਰ ਵਾਸਤੇ ਸੁਚੱਜਾ ਢੰਗ ਵੀ ਦੱਸਿਆ ਹੈ। ਗੁਰਬਾਣੀ ਦਾ ਫ਼ਰਮਾਨ ਹੈ:

“ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥

ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ॥

ਪੂਤਾ ਮਾਤਾ ਕੀ ਆਸੀਸ॥

ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥” (ਗ:ਗ:ਸ: ਪੰਨਾ-496)

ਇਸ ਸ਼ਬਦ ਰਾਹੀਂ ਇਕ ਅਸੀਸ ਦਿੱਤੀ ਗਈ ਹੈ। ਇਹ ਇਕ ਸੁਝਾਓ ਵੀ ਹੈ ਅਤੇ ਇਕ ਢੰਗ ਹੈ ਜਿਸ ਰਾਹੀਂ ਆਪਣੇ ਪਿਤਰਾਂ ਦਾ ਉਧਾਰ ਕੀਤਾ ਜਾ ਸਕਦਾ ਹੈ। ਇਹ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ-496 ’ਤੇ ਅੰਕਿਤ ਹੈ ਇਸ ਦਾ ਉਚਾਰਨ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਜਿਵੇਂ ਕਿਸੇ ਬੱਚੇ ਦਾ ਜਨਮ ਦਿਨ ਮਨਾਇਆ ਜਾਵੇ ਅਤੇ ਉਸ ਨੂੰ ਅਸੀਸ ਦਿੱਤੀ ਜਾਂਦੀ ਹੈ ਜਿਸ ਰਾਹੀਂ ਇਕ ਸਿਖਿਆ ਵੀ ਦਿੱਤਾ ਜਾਂਦੀ ਹੈ। ਅਸੀਸ ਦਿੰਦਿਆਂ ਬੱਚੇ ਦੀ ਭਲਾਈ ਦੀ ਕਾਮਨਾ ਕੀਤੀ ਜਾਂਦੀ ਹੈ ਅਤੇ ਉਸ ਨੂੰ ਜੀਵਨ ਜੀਊਣ ਦੀ ਸੋਝੀ ਵੀ ਦਿੱਤਾ ਗਈ ਹੈ। ਅਸਲ ਵਿਚ ਇਹ ਤਾਂ ਹਰ ਪ੍ਰਾਣੀ ਲਈ ਇਕ ਸੁਝਾਓ ਹੈ ਜੋ ਇਸ ਤਰਾਂ ਹੈ:

“ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ॥

ਪੂਤਾ ਮਾਤਾ ਕੀ ਆਸੀਸ॥

ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥”

ਭਾਵ ਇਹ ਕਿ ਹੇ ਪ੍ਰਾਣੀ ਤੂੰ ਸਦਾ ਉਸ ਪਰਮਾਤਮਾ ਦਾ ਜਾਪ ਕਰ ਜਿਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਤੂੰ ਉਸ ਨੂੰ ਹਮੇਸ਼ਾਂ ਯਾਦ ਰੱਖ। ਇਸ ਦਾ ਭਾਵ ਅਰਥ ਇਹ ਹੈ ਕਿ ਹੇ ਪ੍ਰਾਣੀ ਤੂੰ ਉਸ ਪਰਮਾਤਮਾ (ਜੋ ਗੁਣੀ ਨਿਧਾਨੁ ਹੈ- “ਗੁਰਬਾਣੀ ਵਿਚ ਪਰਮਾਤਮਾ ਨੂੰ ਗੁਣਾ ਦਾ ਖ਼ਜ਼ਾਨਾ ਦਰਸਾਇਆ ਗਿਆ ਹੈ”) ਇਸ ਤਰ੍ਹਾਂ ਇਹ ਸਮਝਾਇਆ ਗਿਆ ਹੈ ਕਿ ਹੇ ਪ੍ਰਾਣੀ ਤੂੰ ਪਰਮਾਤਮਾ ਦੇ ਦੈਵੀ ਗੁਣਾ ਨੂੰ, ਸੁਚੱਜੇ ਗੁਣਾਂ ਨੂੰ ਅਪਣਾ ਕੇ ਉਨ੍ਹਾਂ ਸੁਚੱਜੇ ਗੁਣਾ ਅਨੁਸਾਰ ਆਪਣਾ ਜੀਵਨ ਜੀਅ। ਹਰ ਦੰਮ ਸੁਚੱਜੇ ਗੁਣ ਤੇਰੇ ਨਾਲ ਹੋਣ ਅਤੇ ਤੂੰ ਉਹਨ੍ਹਾਂ ਗੁਣਾਂ ਅਨੁਸਾਰ ਵਿਚਰੇਂ। ਤੇਰਾ ਹਰ ਕਰਮ ਉਨ੍ਹਾਂ ਗੁਣਾ ’ਤੇ ਪੂਰਾ ਉਤਰੇ। ਇਸ ਤਰ੍ਹਾਂ ਕਰਨ ਨਾਲ

“ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥”

ਸਭ ਤਰ੍ਹਾਂ ਦੇ ਪਾਪਾਂ ਦਾ ਭਾਵ ਬੁਰੇ ਵਿਚਾਰਾਂ ਦਾ ਅਤੇ ਬੁਰੇ ਕਰਮ ਕਰਨ ਵਾਲੀ ਬਿਰਤੀ ਦਾ ਨਾਸ ਹੋ ਜਾਂਦਾ ਹੈ। ਇਸ ਦਾ ਅਰਥ ਇਹ ਨਿਕਲਦਾ ਹੈ ਕਿ ਜਦੋਂ ਤੂੰ ਗੁਣਕਾਰੀ ਜੀਵਨ ਜੀਵੇਂਗਾ ਤਾਂ ਤੇਰੇ ਪਿਤਰਾਂ ਦਾ ਉਧਾਰ ਵੀ ਹੋ ਜਾਵੇਗਾ। ਇਥੇ ਇਹ ਸਮਝਣਾ ਹੈ ਕਿ ਪ੍ਰਾਣੀ ਦੇ ਗੁਣਕਾਰੀ ਜੀਵਨ ਨਾਲ ਪਿਤਰਾਂ ਦਾ ਉਧਾਰ ਕਿਵੇਂ ਹੁੰਦਾ ਹੈ? ਜੋ ਵਿਅਕਤੀ ਗੁਣਕਾਰੀ ਹੁੰਦਾ ਹੈ ਉਹ ਸਭ ਲੋਕਾਂ ਦਾ ਭਲਾ ਕਰਦਾ ਹੈ, ਕਿਸੇ ਨਾਲ ਬੁਰਾ ਨਹੀਂ ਕਰਦਾ ਜਿਸ ਕਾਰਨ ਹਰ ਕੋਈ ਉਸ ਦੀ ਸ਼ੋਭਾ ਕਰਦਾ ਹੈ। ਜਦੋਂ ਐਸੇ ਗੁਣਵਾਨ ਅਤੇ ਕਲਿਆਨਕਾਰੀ ਵਿਅਕਤੀ ਦੀ ਸ਼ੋਭਾ ਕੀਤੀ ਜਾਂਦੀ ਹੈ ਤਾਂ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਗੁਣਵਾਨ ਵਿਅਕਤੀ ਫਲਾਣੇ ਵਿਅਕਤੀ ਦੀ ਉਲਾਦ ਹੈ, ਜਾਂ ਇਹ ਗੁਣਵਾਨ ਵਿਅਕਤੀ ਫਲਾਣੀ ਕੁਲ ਦਾ ਹੈ। ਇਸ ਤਰ੍ਹਾਂ ਦੀ ਸ਼ੋਭਾ ਨਾਲ ਗੁਜ਼ਰ ਚੁਕੇ ਵਿਅਕਤੀਆਂ ਦੀ ਵੀ ਸ਼ੋਭਾ ਹੋ ਜਾਂਦੀ ਹੈ। ਇਹ ਤਾਂ ਆਮ ਕਹਾਵਤ ਹੈ ਕਿ ਜਦੋਂ ਕਿਸੇ ਦਾ ਕੋਈ ਭਲਾ ਕਰਦਾ ਹੈ ਤਾਂ ਅਗਲਾ ਵਿਅਕਤੀ ਇਹ ਆਖਦਾ ਹੈ: “ਭਲਾ ਹੋਵੇ ਤੇਰੇ ਜੰਮਣ ਵਾਲੀ ਦਾ” ਇਹ ਵੀ ਕਿਹਾ ਜਾਂਦਾ ਹੈ ਕਿ ਮਾਪਿਆਂ ਨੇ ਕਿਤਨੇ ਚੰਗੇ ਸੰਸਕਾਰ ਦਿੱਤੇ ਹਨ। ਇਸ ਤਰ੍ਹਾਂ ਮਾਪਿਆਂ ਦੀ ਜਾਂ ਬਜ਼ੁਰਗਾਂ ਦੀ ਜੋ ਸ਼ੋਭਾ ਹੁੰਦੀ ਹੈ ਇਹ ਹੀ ਅਸਲ ਵਿਚ ਪਿਤਰਾਂ ਦਾ ਉਧਾਰ ਹੁੰਦਾ ਹੈ। ਇਹ ਹੀ ਨਹੀਂ ਸਗੋਂ ਜੇਕਰ ਗੁਜ਼ਰ ਚੁੱਕੇ ਵਿਅਕਤੀ ਪਾਸੋਂ ਕੋਈ ਗਲਤੀ ਵੀ ਹੋਈ ਹੁੰਦੀ ਹੈ ਜਿਸ ਗਲਤੀ ਨੂੰ ਪਾਪ ਕਿਹਾ ਜਾਂਦਾ ਹੈ, ਐਸੀ ਗਲਤੀ ਨੂੰ ਵੀ ਅਨਗੋਲਿਆਂ ਕਰ ਦਿੱਤਾ ਜਾਂਦਾ ਹੈ। ਇਹ ਠੀਕ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕਿਸੇ ਦੇ ਪਾਪ ਧੁਲ ਜਾਦੇ ਹੋਣ। ਇਹ ਹੀ ਹੈ ਅਸਲ ਵਿਚ ਪਿਤਰਾਂ ਦਾ ਉਧਾਰ। ਇਸ ਅਨੁਸਾਰ ਪਿਤਰਾਂ ਦੇ ਉਧਾਰ ਲਈ ਸੋਖਾ ਫਾਰਮੂਲਾ ਤਾਂ ਇਹ ਹੈ ਕਿ ਜੋ ਕੋਈ ਵੀ ਰੱਬੀ ਗੁਣ ਅਪਣਾ ਕੇ ਸੁਚੱਜੀ ਮੱਤ ਵਾਲਾ, ਗੁਣਕਾਰੀ, ਲੋਕ ਭਲਾਈ ਵਾਲਾ, ਜੀਵਨ ਜੀਉਂਦਾ ਹੈ, ਉਸ ਦੇ ਪਿਤਰਾਂ ਦਾ ਉਧਾਰ ਆਪਣੇ ਆਪ ਹੋ ਜਾਂਦਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin