Articles

 ਪੁੱਤ ਤੇ ਹੜੁਤ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਸਮਾਂ ਬਹੁਤ ਤੇਜ਼ੀ ਨਾਲ ਬਦਲਦਾ ਜਾ ਰਿਹਾ ਹੈ। ਪੰਜਾਬ ਵਿੱਚ ਤਾਂ ਕੁਝ ਜਿਆਦਾ ਹੀ ਤੇਜ਼ੀ ਨਾਲ ਬਦਲ ਰਿਹਾ ਹੈ। ਨਵੀਂ ਪੀੜ੍ਹੀ ਨੂੰ ਕਈ ਅਜਿਹੇ ਸ਼ਬਦਾਂ ਬਾਰੇ ਪਤਾ ਹੀ ਨਹੀਂ ਜੋ ਪੁਰਾਣੇ ਪੰਜਾਬ ਵਿੱਚ ਆਮ ਪ੍ਰਚੱਲਿਤ ਸਨ। ਮਿਸਾਲ ਦੇ ਤੌਰ ‘ਤੇ ਬੱਤਾ, ਲਟੈਣ, ਭੁੱਬਲ, ਲਗਰ, ਹਾਰਾ, ਕਾਹੜਨੀ, ਉੱਖਲੀ, ਉਕ, ਚੂਲੀ, ਮਨਾ, ਡਰਨਾ, ਘਾਣੀ, ਤਾਣਾ, ਘਣ, ਸੇਰ, ਮਣ, ਮੰਡਲੀ, ਖਲਪਾੜ, ਗਹੀਰਾ, ਭਰੀ, ਡੋਕਾ, ਸੰਨ੍ਹੀ, ਮਹਿਰੂ, ਗੋਕਾ, ਬੋਕ, ਭਲ, ਅੱਧ ਪਾ, ਤੋਕੜ, ਆੜ, ਡੰਡੀ, ਮੀਣਾ, ਸੂਲ, ਟੇਟੂਆ, ਚੂਲ, ਖੱਡੀ, ਅੱਡਾ, ਹਾਲੀ, ਪਾਲੀ, ਯੁਗਾਲੀ, ਦੇਹਲੀ, ਕਾਉਲਾ, ਮੋਘਾ, ਟਾਕੀ, ਠੁੱਲਾ, ਗਵਾੜ, ਭੂਰਾ, ਮੱਟ, ਬੋਦੀ, ਵਿੜ੍ਹੀ, ਵੱਗ, ਝਿੜ੍ਹੀ, ਛੰਨੇ, ਭੇਲੀ, ਡਲਾ, ਡਿਉੜੀ, ਸਲੰਘ, ਰਿੜਕਣਾ, ਤੌੜੀ, ਖੜਸੁੱਕ, ਫੋਟ, ਬਸਤਾ, ਸਲੇਟ, ਕਾਨੀ, ਫੱਟੀ, ਦਵਾਤ, ਪੈਂਦ, ਪਿੜ, ਕਿੜ, ਜਾਂਘੀਆ, ਠੇਡਾ, ਸੱੱਗੀ ਫੁੱਲ, ਕੋਕਰੂ, ਕੈਂਠੇ, ਨੱਤੀਆਂ, ਠੋਲਾ, ਪੌਲਾ, ਪਣ, ਰੀਣ, ਕੰਡ, ਢਾਂਗੀ, ਟੈਰਾਲੀਨ, ਬੋਸਕੀ, ਪੱਟ, ਤੌੜਾ, ਕੁੱਜਾ, ਮੱਟ, ਚਾਪੜ, ਚੌਂਤਰਾ, ਚੱਕੀ ਪੀਹਣਾ, ਬੈਠਕ, ਸਬਾਤ, ਛਮਕ, ਆਲੇ, ਭੌਣ, ਕੜੀਆਂ, ਬਾਲੇ, ਹੁੱਜ, ਜੂਲਾ, ਮੁੰਨਾ, ਦਾਤਰ, ਈਨੂੰ, ਭੱਤਾ ਅਤੇ ਦੱਭ (ਗੁਰਸੇਵਕ ਬੀੜ ਦੀ ਕਵਿਤਾ ਤੋਂ ਧੰਨਵਾਦ ਸਹਿਤ)  ਆਦਿ ਅਜਿਹੇ ਸੈਂਕੜੇ ਸ਼ਬਦ ਸਨ ਜੋ ਅੱਜ ਸਾਡੀ ਬੋਲੀ ‘ਚੋਂ ਅਲੋਪ ਹੋ ਚੁੱਕੇ ਹਨ।

ਇਸੇ ਤਰਾਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਦੁਹਾਜੂ ਔਰਤ ਦੇ ਨਾਲ ਪਿੱਛੋਂ ਆਏ ਬੱਚੇ ਨੂੰ ਪਿਛਲੱਗ ਜਾਂ ਹੜੁੱਤ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਪਿੰਡ ਇੱਕ ਥਾਣੇਦਾਰ ਚੋਰੀ ਦੇ ਕੇਸ ਦੀ ਤਫਤੀਸ਼ ਕਰਨ ਲਈ ਸੱਥ ਵਿੱਚ ਬੈਠਾ ਲੋਕਾਂ ਤੋਂ ਪੁੱਛ ਗਿੱਛ ਕਰ ਰਿਹਾ ਸੀ। ਮੁਫਤ ਦੀ ਸ਼ਰਾਬ ਅਤੇ ਮੁਰਗੇ ਪਾੜ ਪਾੜ ਕੇ ਉਸ ਦਾ ਢਿੱਡ ਢੋਲ ਵਾਂਗ ਪਾਟਣਾ ਆਇਆ ਪਿਆ ਸੀ। ਸ਼ਾਮ ਦਾ ਸਮਾਂ ਸੀ ਤੇ ਇੱਕ ਲੜਕਾ ਆਪਣੇ ਸੀਰੀ ਸਮੇਤ ਡੰਗਰਾਂ ਦਾ ਵੱਗ ਚਾਰ ਕੇ ਘਰ ਵੱਲ ਵਾਪਸ ਪਰਤ ਰਿਹਾ ਸੀ। ਜਦੋਂ ਉਹ ਸੱਥ ਲਾਗੋਂ ਲੰਘੇ ਤਾਂ ਥਾਣੇਦਾਰ ਦਾ ਢਿੱਡ ਵੇਖ ਕੇ ਲੜਕੇ ਦਾ ਹਾਸਾ ਨਿਕਲ ਗਿਆ। ਜਦੋਂ ਉਹ ਇਸ ਬਾਰੇ ਸੀਰੀ ਨੂੰ ਦੱਸਣ ਲੱਗਾ ਤਾਂ ਉਸ ਦੇ ਮੂੰਹੋਂ ਕੁਝ ਜਿਆਦਾ ਹੀ ਉੱਚੀ ਨਿਕਲ ਗਿਆ, “ਵੇਖ ਉਏ ਦੇਬਿਆ, ਕਿੰਨਾ ਮੋਟਾ ਬੰਦਾ ਬੈਠਾ ਆ।” ਸੁਣ ਕੇ ਸੱਥ ਵਿੱਚ ਬੈਠੇ ਲੋਕਾਂ ਵਿੱਚ ਹਾਸੜ ਮੱਚ ਗਿਆ। ਸ਼ਰੇਆਮ ਬੇਇੱਜ਼ਤੀ ਹੁੰਦੀ ਵੇਖ ਕੇ ਥਾਣੇਦਾਰ ਨੂੰ ਗੁੱਸਾ ਆ ਗਿਆ। ਉਸ ਨੇ ਕੱਸ ਕੇ ਦੋ ਤਿੰਨ ਚਪੇੜਾਂ ਲੜਕੇ ਨੂੰ ਮਾਰੀਆਂ ਤੇ ਕੋਲ ਬਿਠਾ ਲਿਆ ਕਿ ਜਦੋਂ ਇਸ ਦੇ ਘਰ ਵਾਲੇ ਛੁਡਾਉਣ ਵਾਸਤੇ ਆਉਣਗੇ ਤਾਂ ਉਨ੍ਹਾਂ ਨੂੰ ਇਸ ਦੀ ਕਰਤੂਤ ਬਾਰੇ ਦੱਸਾਂਗਾ। ਸਾਹੋ ਸਾਹੀ ਹੋਏ ਸੀਰੀ ਨੇ ਘਰ ਜਾ ਕੇ ਲੜਕੇ ਦੇ ਵੱਡੇ ਭਰਾ ਨੂੰ ਸਾਰੀ ਗੱਲ ਦੱਸ ਦਿੱਤੀ, ਪਿਉ ਕਿਤੇ ਬਾਹਰ ਗਿਆ ਹੋਇਆ ਸੀ।

ਉਹ ਵਿਚਾਰਾ ਡਰਦਾ ਡਰਦਾ ਸੱਥ ਵਿੱਚ ਪਹੁੰਚਿਆ ਤਾਂ ਥਾਣੇਦਾਰ ਨੇ ਉਸ ਦਾ ਦਬਕੇ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ। ਖਿਝ੍ਹੇ ਹੋਏ ਵੱਡੇ ਭਰਾ ਨੇ ਵੀ ਕੱਸ ਕੇ ਦੋ ਥੱਪੜ ਛੋਟੇ ਭਰਾ ਦੇ ਰਸੀਦ ਕੀਤੇ ਤੇ ਕੰਨ ਮਰੋੜ ਕੇ ਬੋਲਿਆ, “ਬੇਵਕੂਫਾ ਤੂੰ ਇਹ ਕੀ ਬਕਵਾਸ ਕਰ ਦਿੱਤੀ ਉਏ? ਬੰਦਾ ਕਬੰਦਾ ਤਾਂ ਵੇਖ ਲਿਆ ਕਰ। ਤੈਨੂੰ ਨਹੀਂ ਪਤਾ ਇਹ (ਕਰਾਰੀ ਜਿਹੀ ਗਾਲ੍ਹ ਕੱਢ ਕੇ) ਥਾਣੇਦਾਰ ਆ।” ਵੱਡੇ ਭਰਾ ਵੱਲੋਂ ਵੀ ਗਾਲ੍ਹ ਕੱਢੇ ਜਾਣ ਕਾਰਨ ਥਾਣੇਦਾਰ ਹੋਰ ਗੁੱਸੇ ਵਿੱਚ ਆ ਗਿਆ। ਉਸ ਨੇ ਉੱਠ ਕੇ ਵੱਡੇ ਭਰਾ ਨੂੰ ਵੀ ਦੋ ਤਿੰਨ ਬੈਂਤ ਠੋਕ ਦਿੱਤੇ। ਕੁਝ ਦੇਰ ਬਾਅਦ ਜਦੋਂ ਉਨ੍ਹਾਂ ਦਾ ਪਿਉ ਘਰ ਆਇਆ ਤਾਂ ਉਸ ਨੂੰ ਲੋਕਾਂ ਕੋਲੋਂ ਪਤਾ ਲੱਗ ਗਿਆ ਕਿ ਕਿ ਮੁੰਡਿਆਂ ਨੇ ਕੀ ਚੰਨ ਚਾੜ੍ਹ ਦਿੱਤਾ ਹੈ। ਇੱਕ ਨੇ ਥਾਣੇਦਾਰ ਨੂੰ ਮਖੌਲ ਕਰਨ ਦੀ ਹਿੰਮਤ ਕੀਤੀ ਤੇ ਦੂਸਰੇ ਨੇ ਤਾਂ ਅਣਜਾਣਪੁਣੇ ਵਿੱਚ ਗਾਲ੍ਹ ਹੀ ਕੱਢ ਦਿੱਤੀ ਹੈ। ਪਰ ਮਜ਼ਬੂਰੀ ਸੀ, ਜਾਣਾ ਤਾਂ ਪੈਣਾ ਸੀ। ਉਹ ਵੀ ਪੱਗ ਲਪੇਟਦਾ ਹੋਇਆ ਸੱਥ ਵੱਲ ਚੱਲ ਪਿਆ। ਜਾ ਕੇ ਉਸ ਨੇ ਥਣੇਦਾਰ ਨੂੰ ਫਤਿਹ ਗਜਾਈ ਤੇ ਮੁਲਜ਼ਮਾਂ ਵਾਂਗ ਖੜਾ ਹੋ ਗਿਆ। ਥਾਣੇਦਾਰ ਉਸ ਨੂੰ ਚਾਰੇ ਚੁੱਕ ਕੇ ਪੈ ਗਿਆ, “ਉਏ ਬੁੱਢਿਆ, ਇਹ ਤੇਰੇ ਮੁੰਡੇ ਆ? ਇਨ੍ਹਾਂ ਨੂੰ ਕੋਈ ਅਕਲ ਨਹੀਂ ਸਿਖਾਈ ਵੱਡੇ ਛੋਟੇ ਨਾਲ ਕਿਵੇਂ ਬੋਲੀਦਾ? ਮੈਂ ਬਣਾਉਣਾ ਇਨ੍ਹਾਂ ਨੂੰ ਬੰਦੇ ਥਾਣੇ ਲਿਜਾ ਕੇ।” ਪਿਉ ਘਬਰਾ ਗਿਆ, “ਨਹੀਂ ਸਰਦਾਰ ਜੀ ਗਲਤੀ ਹੋ ਗਈ। ਦੋਵੇਂ ਮੇਰੇ ਮੁੰਡੇ ਨਹੀਂ, ਛੋਟਾ ਮੇਰਾ ਪੁੱਤ ਆ ਤੇ ਵੱਡਾ ਹੜੁੱਤ ਆ।” ਥਾਣੇਦਾਰ ਸੋਚੀਂ ਪੈ ਗਿਆ, “ਉਏ ਇਹ ਹੜੁੱਤ ਕੀ ਬਲਾ ਹੁੰਦੀ ਆ?” ਭੋਲੇ ਜੱਟ ਨੇ ਸੋਚਿਆ ਕਿ ਹੁਣ ਇਸ ਨੂੰ ਕਿਵੇਂ ਸਮਝਾਵਾਂ ਕਿ ਹੜੁੱਤ ਕੀ ਹੁੰਦਾ ਹੈ? ਚਲੋ ਪ੍ਰੈਕਟੀਕਲੀ ਹੀ ਸਮਝਾ ਦਿੰਦਾ ਹਾਂ, “ਵੇਖੋ ਹਜ਼ੂਰ, ਜੇ ਤੁਹਾਡਾ ਪਿਉ ਮਰਜੇ ਤੇ ਤੁਹਾਡੀ ਮਾਂ ਮੇਰੇ ਨਾਲ ਵਿਆਹ ਕਰ ਲਵੇ ਤਾਂ ਤੁਸੀਂ ਮੇਰੇ ਹੜੁੱਤ ਹੋ ਗਏ। ਪਰ ਜਿਹੜਾ ਬੱਚਾ ਤੁਹਾਡੀ ਮਾਂ ਦੇ ਪੇਟੋਂ ਮੈਂ ਪੈਦਾ ਕਰਾਂਗਾ, ਉਹ ਮੇਰਾ ਪੁੱਤ ਹੋਵੇਗਾ।” ਸੱਥ ਵਿੱਚ ਬੈਠੇ ਪਿੰਡ ਵਾਸੀ ਹੱਸ ਹੱਸ ਕੇ ਮਰਨ ਵਾਲੇ ਹੋ ਗਏ। ਥਾਣੇਦਾਰ ਦੇ ਸਿਰ ‘ਚ ਸੌ ਘੜਾ ਪਾਣੀ ਪੈ ਗਿਆ। ਉਹ ਨਾ ਬੈਠਣ ਜੋਗਾ ਰਿਹਾ ਤੇ ਨਾ ਤੁਰਨ ਜੋਗਾ। ਉਸ ਨੇ ਸੋਚਿਆ ਕਿ ਜੇ ਇਸ ਟੱਬਰ ਨਾਲ ਜਿਆਦਾ ਪੰਗਾ ਲਿਆ ਤਾਂ ਪਤਾ ਨਹੀਂ ਹੋਰ ਕੀ ਸੁਣਨਾ ਪੈ ਜਾਵੇ, ਅੱਜ ਵਾਸਤੇ ਐਨੀ ਬੇਇੱਜ਼ਤੀ ਹੀ ਕਾਫੀ ਹੈ। ਥਾਣੇਦਾਰ ਨੇ ਮਰੀ ਜਿਹੀ ਅਵਾਜ਼ ਕੱਢੀ, “ਚੱਲ ਉਏ ਬੁੱਢਿਆ, ਲੈ ਕੇ ਦਫਾ ਹੋ ਜਾ ਇਨ੍ਹਾਂ ਜੂਠਾਂ ਨੂੰ। ‘ਗਾਂਹ ਤੋਂ ਧਿਆਨ ਨਾਲ ਬੋਲਿਉ।” ਉਸ ਨੇ ਤਫਤੀਸ਼ ਵਿੱਚੇ ਛੱਡ ਦਿੱਤੀ ਤੇ ਥਾਣੇ ਵੱਲ ਤੀਰ ਹੋ ਗਿਆ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin