Punjab

ਪੰਜਾਬ ਕਾਂਗਰਸ ’ਚ ਦਿੱਗਜਾਂ ਨੂੰ ਲੱਗ ਸਕਦਾ ਹੈ ਝਟਕਾ

ਚੰਡੀਗੜ੍ਹ – ਕਾਂਗਰਸ ਪਾਰਟੀ ਪੰਜਾਬ ’ਚ ਇਕ ਵਾਰ ਫਿਰ ਇਕ ਪਰਿਵਾਰ ’ਚੋਂ ਸਿਰਫ਼ ਇਕ ਨੂੰ ਹੀ ਟਿਕਟ ਦੇਵੇਗੀ ਅਤੇ ਇਸ ਫ਼ੈਸਲੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਕਈ ਸੀਨੀਅਰ ਮੰਤਰੀਆਂ ਅਤੇ ਆਗੂਟਾਂ ਨੂੰ ਝਟਕਾ ਲੱਗ ਸਕਦਾ ਹੈ। ਪਿਛਲੀਆਂ ਚੋਣਾਂ ’ਚ ਵੀ ਪਾਰਟੀ ਨੇ ਇਕ ਪਰਿਵਾਰ ’ਚੋਂ ਇਕ ਨੂੰ ਹੀ ਟਿਕਟ ਦਿੱਤੀ ਸੀ, ਪਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਵੱਖਰੀ ਪਾਰਟੀ ਬਣਾਉਣ ਨਾਲ ਇਹ ਦਬਾਅ ਵਧਦਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਪਾਰਟੀ ’ਚ ਨਾ ਜਾਣ, ਇਸ ਲਈ ਵੱਡੇ ਆਗੂਆਂ ਨੂੰ ਰੋਕਣ ਲਈ ਉਨ੍ਹਾਂ ਦੇ ਬੇਟਿਆਂ ਅਤੇ ਭਰਾਵਾਂ ਨੂੰ ਵੀ ਟਿਕਟ ਦਿੱਤੀ ਜਾਵੇ। ਇਕ ਪਰਿਵਾਰ ’ਚੋਂ ਇਕ ਮੈਂਬਰ ਨੂੰ ਟਿਕਟ ਦੇਣ ਦਾ ਫ਼ੈਸਲਾ ਨਵੀਂ ਦਿੱਲੀ ’ਚ ਹੋਈ ਸਕਰੀਨਿੰਗ ਕਮੇਟੀ ’ਚ ਲਿਆ। ਦੱਸਦੇ ਹਨ ਕਿ ਮੀਟਿੰਗ ’ਚ ਅਜੈ ਮਾਕਨ ਨੇ ਸਾਫ਼ ਕਰ ਦਿੱਤਾ ਕਿ ਹਾਈ ਕਮਾਨ ਦੇ ਨਿਰਦੇਸ਼ ਹਨ ਕਿ ਇਕ ਪਰਿਵਾਰ ਨੂੰ ਇਕ ਤੋਂ ਜ਼ਿਆਦਾ ਟਿਕਟ ਨਹੀਂ ਦਿੱਤੀ ਜਾਵੇਗੀ। ਇਹੀ ਨਹੀਂ, ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਕੋਈ ਵੀ ਵਿਧਾਇਕ ਆਪਣੀ ਸੀਟ ਨੂੰ ਬਦਲ ਕੇ ਦੂਜੀ ਸੀਟ ’ਤੇ ਨਹੀਂ ਜਾਵੇਗਾ। ਪਾਰਟੀ ਦੇ ਇਸ ਫ਼ੈਸਲੇ ਦਾ ਅਸਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਪਵੇਗਾ ਜਿਨ੍ਹਾਂ ਦੇ ਭਰਾ ਡਾ. ਮਨੋਹਰ ਸਿੰਘ ਬੱਸੀ ਪਠਾਣਾਂ ’ਚ ਇਨ੍ਹੀਂ ਦਿਨੀਂ ਸਰਗਰਮ ਨਜ਼ਰ ਆ ਰਹੇ ਸਨ।ਇਹੀ ਨਹੀਂ, ਉਨ੍ਹਾਂ ਨੇ ਹਾਲ ਹੀ ਵਿੱਚ ਖਰੜ ਹਸਪਤਾਲ ਦੇ ਐੱਸਐੱਮਓ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਸੀਟ ’ਤੇ ਫਿਲਹਾਲ ਗੁਰਪ੍ਰੀਤ ਸਿੰਘ ਜੀਪੀ ਵਿਧਾਇਕ ਹਨ, ਜਿਨ੍ਹਾਂ ਦੇ ਦਫ਼ਤਰ ਦਾ ਬੀਤੇ ਕੱਲ੍ਹ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਦਘਾਟਨ ਕਰਕੇ ਆਏ ਹਨ। ਪਟਿਆਲਾ ਸੀਟ ਕਿਉਂਕਿ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਕਾਰਨ ਖਾਲੀ ਹੋਈ ਹੈ, ਉਨ੍ਹਾਂ ਨੂੰ ਸਖ਼ਤ ਟੱਕਰ ਦੇਣ ਲਈ ਪਾਰਟੀ ਨੇ ਉੱਥੋਂ ਬ੍ਰਹਮ ਮੋਹਿੰਦਰਾ ਨੂੰ ਖੜ੍ਹਾ ਕਰਨ ਦੀ ਤਿਆਰੀ ਸ਼ੁਰੂ ਕੀਤੀ ਹੈ। ਕੈਪਟਨ ਵਰਗੇ ਮਜ਼ਬੂਤ ਉਮੀਦਵਾਰ ਨੂੰ ਟੱਕਰ ਦੇਣ ਦੇ ਬਦਲੇ ਮੋਹਿੰਦਰਾ ਆਪਣੇ ਬੇਟੇ ਲਈ ਪਟਿਆਲਾ 2 ਤੋਂ ਸੀਟ ਮੰਗ ਰਹੇ ਹਨ।ਦਿਹਾਤੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਫਤਹਿਗੜ੍ਹ ਚੂੜੀਆਂ ਤੋਂ ਇਲਾਵਾ ਆਪਣੇ ਬੇਟੇ ਲਈ ਬਟਾਲਾ ਤੋਂ ਸੀਟ ਮੰਗ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਇੱਥੇ ਅਸ਼ਵਨੀ ਸ਼ੇਖੜੀ ਨਾਲ ਪੇਚ ਫਸਿਆ ਹੋਇਆ ਹੈ। ਕਾਦੀਆਂ ਸੀਟ ਦੇ ਵਿਧਾਇਕ ਫਤੇਹਜੰਗ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਭਰਾ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਹੀ ਲੜਾਈ ਦੇ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਵੀ ਇਸ ਵਾਰ ਚੋਣ ਮੈਦਾਨ ’ਚ ਉੱਤਰਨਾ ਚਾਹੁੰਦੇ ਹਨ। ਉਹ ਵੀ ਬਟਾਲਾ ਸੀਟ ’ਤੇ ਚੱਕਰ ਲਾ ਰਹੇ ਹਨ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਲਈ ਵੀ ਇਹ ਫ਼ੈਸਲਾ ਮੁਸ਼ਕਲ ਭਰਿਆ ਹੋ ਸਕਦਾ ਹੈ, ਕਿਉਂਕਿ ਉਹ ਖ਼ੁਦ ਕਪੂਰਥਲਾ ਤੋਂ ਚੋਣ ਲੜਦੇ ਹਨ ਅਤੇ ਆਪਣੇ ਬੇਟੇ ਲਈ ਉਹ ਸੁਲਤਾਨਪੁਰ ਲੋਧੀ ਤੋਂ ਟਿਕਟ ਮੰਗ ਰਹੇ ਹਨ, ਜਿੱਥੋਂ ਕਾਂਗਰਸ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੋ ਵਾਰ ਲਗਾਤਾਰ ਵਿਧਾਇਕ ਰਹਿ ਚੁੱਕੇ ਹਨ। ਇੱਥੇ ਵੀ ਸਿੱਧੂ ਨੇ ਚੀਮਾ ਦਾ ਹੀ ਸਾਥ ਦਿੱਤਾ ਹੋਇਆ ਹੈ।

Related posts

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ

editor

ਪੰਜਾਬ ਦੇ ਹੱਕਾਂ ਲਈ ਸਿਰਫ਼ ਕਾਂਗਰਸ ਅਗਵਾਈ ਕਰ ਸਕਦੀ ਹੈ : ਰਾਜਾ ਵੜਿੰਗ

editor

ਤੇਜ਼ ਰਫ਼ਤਾਰ ਸਕੂਲੀ ਬੱਸ ਤੇ ਟਰੱਕ ਦੀ ਟੱਕਰ ’ਚ 14 ਬੱਚੇ ਜ਼ਖ਼ਮੀ

editor