Articles Technology

ਬਰਤਾਨੀਆ ‘ਚ ਡਰੋਨ ਜਲਦੀ ਹੀ ਸੰਕਟ-ਕਾਲੀਨ ਸੇਵਾਵਾਂ ਦਾ ਹਿੱਸਾ ਬਣੇਗਾ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਭਾਰਤ ਵਿੱਚ ਅੱਜਕਲ ਜਿੱਥੇ ਪੰਜਾਬ ਨੇੜਲੀ ਪਾਕਿਸਤਾਨ ਦੀ ਸਰਹੱਦ ਦੇ ਆਸ ਪਾਸ ਕਥਿਤ ਪਾਕਿਸਤਾਨੀ “ਡਰੋਨਾਂ” ਦਾ ਤਹਿਲਕਾ ਹੈ, ਆਏ ਦਿਨ ਮੀਡੀਏ ‘ਤੇ ਖ਼ਬਰਾਂ ਛਾਇਆ ਹੁੰਦੀਆਂ ਹਨ ਕਿ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਦੇਖਿਆ ਗਿਆ, ਭਾਰਤੀ ਸੈਨਾ ਨੇ ਡਰੋਨ ਉੱਤੇ ਫਾਇਰੰਗ ਕੀਤੀ ਤੇ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ, ਭਾਰਤੀ ਏਜੰਸੀਆਂ, ਪਾਕਿਸਤਾਨ ਵੱਲੋਂ ਸਰਹੱਦ ‘ਤੇ ਛੱਡੇ ਜਾ ਰਹੇ ਡਰੋਨਾਂ ਦੀ ਤਫ਼ਤੀਸ਼ ਕਰ ਰਹੀਆ ਹਨ ਆਦਿ ਖ਼ਬਰਾਂ ਅਖ਼ਬਾਰੀ, ਬਿਜਲਈ ਤੇ ਸ਼ੋਸ਼ਲ ਮੀਡੀਏ ਚ ਆਮ ਹੀ ਸੁਰਖ਼ੀਆਂ ਬਣ ਰਹੀਆ ਹਨ, ਉੱਥੇ ਇਸੇ ਸਮੇਂ ਯੂਰਪੀਨ ਮੁਲਕ ਡਰੋਨ ਤਕਨੀਕ ਨੂੰ ਮਨੁੱਖੀ ਭਲਾਈ ਵਾਸਤੇ ਵਰਤਣ ਦੀਆਂ ਤਰਕੀਬਾਂ ਬਣਾ ਰਹੇ ਹਨ ।

ਗੱਲ ਅੱਗੇ ਤੋਰਨ ਤੋਂ ਪਹਿਲਾਂ ਡਰੋਨ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰ ਲੈਣੀ ਬਣਦੀ ਹੈ । ਦਰਅਸਲ ਡਰੋਨ ਇੱਕ ਉੱਡਣ ਵਾਲਾ ਰੋਬੋਟ ਹੈ ਜੋ ਇਸ ਦੇ ਏਮਬੇਡਡ ਸਿਸਟਮਾਂ ਵਿੱਚ ਸਾਫਟਵੇਅਰ-ਨਿਯੰਤਰਿਤ ਉਡਾਣ ਯੋਜਨਾਵਾਂ ਦੀ ਵਰਤੋਂ ਕਰਕੇ ਰਿਮੋਟਲੀ ਕੰਟਰੋਲ ਕੀਤਾ ਜਾ ਸਕਦਾ ਹੈ ਜਾਂ ਖੁਦਮੁਖਤਿਆਰੀ ਨਾਲ ਉੱਡ ਸਕਦਾ ਹੈ, ਜੋ ਕਿ ਆਨਬੋਰਡ ਸੈਂਸਰਾਂ ਅਤੇ ਇੱਕ ਗਲੋਬਲ ਪੋਜੀਸ਼ਨਿੰਗ ਸਿਸਟਮ (GPS) ਦੇ ਨਾਲ ਕੰਮ ਕਰਦਾ ਹੈ । ਇਹ ਉੱਡਣ ਵਾਲਾ ਯੰਤਰ ਬਹੁਤ ਸਾਰੇ ਕਾਰਜਾਂ ਜਿਵੇਂ ਕਿ ਜਲਵਾਯੂ ਪਰਿਵਰਤਨ ਦੀ ਨਿਗਰਾਨੀ ਕਰਨ ਤੋਂ ਲੈ ਕੇ ਕੁਦਰਤੀ ਆਫ਼ਤਾਂ ਤੋਂ ਬਾਅਦ ਖੋਜ ਕਾਰਜਾਂ ਨੂੰ ਪੂਰਾ ਕਰਨ, ਫੋਟੋਗ੍ਰਾਫੀ, ਫਿਲਮਾਂਕਣ ਅਤੇ ਸਮਾਨ ਦੀ ਢੋਆ ਢੁਆਈ ਕਰਨ ਤੱਕ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਪਰ ਇਸ ਤਕਨੀਕ ਦੀ ਸਭ ਤੋਂ ਵੱਧ ਤੇ ਮਹੱਤਵਪੂਰਨ ਵਰਤੋਂ ਫੌਜ ਦੁਆਰਾ ਖੋਜ, ਨਿਗਰਾਨੀ ਅਤੇ ਹਮਲਿਆਂ ਦੇ ਨਿਸ਼ਾਨੇ ਵਿੰਨ੍ਹਣ ਲਈ ਕੀਤੀ ਜਾਂਦੀ ਹੈ।

ਸੰਯੁਕਤ ਰਾਜ ਅਮਰੀਕਾ, ਚੀਨ ਅਤੇ ਇਜ਼ਰਾਈਲ ਡਰੋਨ ਦੇ ਸਭ ਤੋਂ ਵੱਡੇ ਉਤਪਾਦਕ ਅਤੇ ਵਿਕਰੇਤਾ ਹਨ। ਅਮਰੀਕਾ ਦਾ ਪ੍ਰਮੁੱਖ ਲੜਾਕੂ ਡਰੋਨ MQ9 ਰੀਪਰ ਹੈ, ਜੋ ਕਿ ਜਨਰਲ ਐਟੋਮਿਕਸ ਦੁਆਰਾ ਨਿਰਮਿਤ ਹੈ, ਜਿਸਦੀ ਵਰਤੋਂ ਉੱਥੋਂ ਦੀ ਹਵਾਈ ਸੈਨਾ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦੁਨੀਆ ਭਰ ਵਿੱਚ ਫ਼ੌਜੀ ਕਾਰਵਾਈਆਂ ਕਰਨ ਲਈ ਕੀਤੀ ਹੈ। ਇਸੇ ਤਰਾਂ ਚੀਨ ਨੇ ਵੀ ਬਹੁਤ ਕਿਸਮ ਦੇ ਹਥਿਆਰਬੰਦ ਡਰੋਨਾਂ ਦੇ ਉਤਪਾਦਨ ਦਾ ਜ਼ਖ਼ੀਰਾ ਕੀਤਾ ਹੋਇਆ ਹੈ ।

ਜਿਥੋਂ ਤੱਕ ਭਾਰਤ ਤੇ ਪਾਕਿਸਤਾਨ ਦੀ ਗੱਲ ਹੈ ਤਾਂ ਇਹ ਜਾਣਕਾਰੀ ਸਾਡੇ ਸਭਨਾ ਨੂੰ ਹੈਰਾਨ ਕਰਨ ਵਾਲੀ ਹੈ ਕਿ ਲਗਭਗ 75 ਪ੍ਰਤੀਸ਼ਤ ਡਰੋਨ ਭਾਰਤ ਦੁਆਰਾ ਬਣਾਏ ਜਾ ਰਹੇ ਹਨ। ਬੈਂਗਲੁਰੂ ਸਥਿਤ ਏਰੋਨਾਟਿਕਲ ਡਿਵੈਲਪਮੈਂਟ ਐਸਟੈਬਲਿਸ਼ਮੈਂਟ (ਏ.ਡੀ.ਈ.) ਦੁਆਰਾ ਵਿਕਸਿਤ ਕੀਤੇ ਗਏ ਤਾਪਸ-ਬੀ.ਐੱਚ.-201 ਨੇ ਹਾਲ ਹੀ ਵਿੱਚ 28,000 ਫੁੱਟ ਦੀ ਉਚਾਈ ਅਤੇ 18 ਘੰਟੇ ਦੀ ਲੰਮੀ ਉਡਾਨ ਹਾਸਲ ਕੀਤੀ ਹੈ। ਪਾਕਿਸਤਾਨ ਕੋਲ ਵੀ ਆਪਣੇ ਡਰੋਨ ਹਨ, ਮਾਰਚ 2015 ਵਿੱਚ, ਪਾਕਿਸਤਾਨ ਨੇ ਇਸ ਤੱਥ ਦਾ ਪ੍ਰਚਾਰ ਕੀਤਾ ਕਿ ਉਹ ਉੱਤਰੀ ਵਜ਼ੀਰਿਸਤਾਨ ਕਬਾਇਲੀ ਖੇਤਰ ਵਿੱਚ ਆਪਣੇ ਹੀ ਖੇਤਰ ਵਿੱਚ ਕੰਮ ਕਰ ਰਹੇ ਅੱਤਵਾਦੀਆਂ ਦੇ ਖਿਲਾਫ ਡਰੋਨ ਦੀ ਵਰਤੋਂ ਕਰ ਰਿਹਾ ਹੈ। ਇਸ ਵਿੱਚ ਘਰੇਲੂ ਬਣੇ ਬੁਰਰਾਕ ਡਰੋਨ ਦੀ ਵਰਤੋਂ ਕੀਤੀ ਗਈ ਜੋ ਹਵਾ ਤੋਂ ਸਤ੍ਹਾ, ਲੇਜ਼ਰ-ਗਾਈਡਿਡ ਮਿਜ਼ਾਈਲਾਂ ਨੂੰ ਅਗਵਾਈ ਦੇਣ ਵਾਸਤੇ ਵਰਤਿਆਂ ਜਾਂਦਾ ਹੈ ।

ਜੇਕਰ ਗੱਲ ਕਰੀਏ ਡਰੋਨ ਦੀ ਉਡਾਣ ਰੇਂਜ ਦੀ ਤਾਂ ਉੱਪਰ ਅਸੀਂ ਭਾਰਤ ਦੇ ਡਰੋਨ ਬਾਰੇ ਚਰਚਾ ਕਰ ਹੀ ਆਏ ਹਾਂ । ਇੱਕ ਖਿਡੌਣਾ ਡਰੋਨ ਆਮ ਤੌਰ ‘ਤੇ ਲਗਭਗ 100 ਫੁੱਟ ਘੇਰੇ ਦੀ ਰੇਂਜ ਚ ਆਪਣੀ ਬੈਟਰੀ ਤੇ ਉਪਕਰਨ ਦੀ ਸਮਰੱਥਾ ਮੁਤਾਬਕ ਉਡਾਣ ਭਰ ਸਕਦਾ ਹੈ, ਛੋਟੇ ਡਰੋਨਾਂ ਦੀ ਰੇਂਜ 700 ਤੋਂ 1,300 ਫੁੱਟ ਤੱਕ ਹੋ ਸਕਦੀ ਹੈ, ਜਦ ਕਿ ਮੱਧਮ ਡਰੋਨ 3.1 ਮੀਲ ਜਾਂ 5 ਕਿਲੋਮੀਟਰ ਤੱਕ ਹੋ ਸਕਦੇ ਹਨ ਤੇ ਵਪਾਰਕ ਤੌਰ ‘ਤੇ ਵਰਤੇ ਜਾਣ ਵਾਲੇ ਲੋੜ ਮੁਤਾਬਿਕ ਉਕਤ ਤੋਂ ਵਡੇਰੀ ਸਮਰੱਥਾ ਵਾਲੇ ਵੀ ਹੋ ਸਕਦੇ ਹਨ ।

ਬਰਤਾਨੀਆ ਵਿੱਚ ਅੱਜਕਲ ਡਰੋਨ ਰਾਹੀਂ ਵਿਆਹ ਸ਼ਾਦੀਆਂ ਤੇ ਹੋਰ ਖ਼ੁਸ਼ੀ ਦੇ ਮੌਕਿਆ ‘ਤੇ ਕੀਤੀ ਜਾ ਰਹੀ ਫੋਟੋਗ੍ਰਾਫੀ ਤੇ ਵੀਡੀਓ ਗ੍ਰਾਫੀ ਦਾ ਬੜਾ ਰਿਵਾਜ ਪ੍ਰਚਲਿਤ ਹੋ ਰਿਹਾ ਹੈ ।ਡਰੋਨ ਰਾਹੀਂ ਕੀਤੀ ਜਾ ਰਹੀ ਉਚ ਪਾਏ ਦੀ ਹਾਈ ਡੈਫੀਨੇਸ਼ਨ ਕਵਾਲਿਟੀ ਦੀ ਫੋਟੋ ਅਤੇ ਵੀਡੀਓਗਰਾਫੀ ਲੋਕਾਂ ਵਲੋ ਬਹੁਤ ਪਸੰਜ ਕੀਤੀ ਜਾ ਰਹੀ ਹੈ ।

ਡਰੋਨ ਜੋ ਕਿ ਇਕ ਚਾਲਕ ਰਹਿਤ ਹਵਾ ਚ ਉਡਣ ਵਾਲਾ ਯੰਤਰ ਹੈ ਤੇ ਜਿਸ ਨੂੰ ਰਿਮੋਟ ਨਾਲ ਕੰਟਰੋਲ ਕਰਕੇ ਅਪਰੇਟ ਕੀਤਾ ਜਾਦਾ ਹੈ, ਇਸ ਵਿਚ ਫੋਟੋ ਤੇ ਵੀਡੀਓ ਗਰਾਫੀ ਦੇ ਵੱਡੀ ਸਮਰੱਥਾ ਤੇ ਗੁਣਵੱਤਾ ਵਾਲੇ ਕੈਮਰੇ ਫਿੱਟ ਕੀਤੇ ਹੁੰਦੇ ਹਨ । ਇਹ ਯੰਤਰ ਵਾਯੁਮੰਡਲ ਚ ਕਾਫੀ ਉਚਾਈ ਤੋਂ ਧਰਤੀ ‘ਤੇ ਬਾਜ ਨਜਰ ਰੱਖਦਾ ਹੈ ਤੇ ਹੋ ਰਹੀਆਂ ਸਰਗਰਮੀਆ ਨੂੰ ਕੈਮਰੇ ਦੀ ਅੱਖ ਚ ਕੈਦ ਕਰਦਾ ਹੈ । ਵਿਸਵ ਦੇ ਕਈ ਮੁਲਕਾਂ ਦੀਆ ਸੁਰੱਖਿਆ ਏਜੰਸੀਆਂ ਇਸ ਨੂੰ ਆਪੋ ਆਪਣੇ ਮੁਲਕ ਦੀ ਸੁਰੱਖਿਆ ਵਾਸਤੇ ਸਰਹੱਦਾਂ ਦੇ ਆਸ ਪਾਸ ਵੀ ਵਰਤ ਰਹੀਆਂ ਹਨ । ਉਹ ਇਸ ਯੰਤਰ ਦੇ ਮਾਧਿਅਮ ਰਾਹੀਂ ਦੇਸ਼ ਦੇ ਦੁਸ਼ਮਣ ਅਤੇ ਸਮਾਜ ਵਿਰੋਧੀ ਤੱਤਾਂ ਦੀਆਂ ਕਾਰਵਾਈਆਂ ‘ਤੇ ਨਜਰ ਰੱਖਣ ਤੇ ਇਹਨਾਂ ਨੂੰ ਨੱਥ ਪਾਉਣ ਵਾਸਤੇ ਇਸ ਦੀ ਸਫਲ ਵਰਤੋਂ ਕਰ ਰਹੀਆਂ ਹਨ ।

ਹੁਣ ਬਰਤਾਨੀਆ ਦਾ ਸਿਹਤ ਵਿਭਾਗ (NHS) ਇਸ ਤਕਨੀਕ ਨੂੰ ਸਿਹਤ ਸਹੂਲਤਾਂ ਨੁੰ ਹੋਰ ਬੇਹਤਰ ਬਣਾਉਣ ਦੇ ਮਕਸਦ ਨਾਲ ਵਰਤ੍ਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਤਹਿਤ ਸੰਕਟਕਾਲੀਨ ਹਾਲਾਤਾਂ ਵਿਚ ਜੋ ਖੂਨ ਦੀ ਸਪਲਾਈ ਇਸ ਵੇਲੇ ਮੋਟਰਸਾਇਕਲਾਂ ਜਾਂ ਏਅਰ ਐਂਬੂਲੈਂਸ ਰਾਹੀ ਕੀਤੀ ਜਾ ਰਹੀ ਹੈ, ਹੁਣ ਛੋਤੀ ਹੀ ਇਹ ਕਾਰਜ ਡਰੋਨ ਰਾਹੀਂ ਸ਼ੁਰੂ ਕਰ ਦਿੱਤਾ ਜਾਵੇਗਾ ।ਇਹ ਫੈਸਲਾ ਬਰਤਾਨੀਆਂ ਸਰਕਾਰ ਵਲੋਂ ਇਸ ਕਰਕੇ ਲਿਆ ਜਾ ਰਿਹਾ ਹੈ ਕਿ ਡਰੋਨ, ਮੋਟਰਸਾਇਕਲ ਤੇ ਏਅਰ ਐਂਬੂਲੈਂਸ ਤੋਂ ਵਧੇਰੇ ਤੇਜ ਅਤੇ ਕਾਰਗਰ ਸਾਧਨ ਹੈ । ਜਿਥੇ ਮੋਟਸਾਇਕਲ ਕਈ ਵਾਰ ਸੜਕੀ ਭੀੜ ਭੜੱਕੇ ਚ ਹੀ ਫਸਕੇ ਰਹਿ ਜਾਂਦੇ ਹਨ, ਏਅਰ ਐਂਬੂਲੈਂਸ ਨੂੰ ਲੈਂਡ ਹੋਣ ਤੇ ਟੇਕ ਆਫ ਕਰਨ ਚ ਬਹੁਤ ਸਮਾ ਜਾਇਆ ਹੋ ਜਾਂਦਾ ਹੈ , ਉਥੇ ਡਰੋਨ ਨੂੰ ਨਾ ਹੀ ਟਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਾਇਜ ਵਿਚ ਛੋਟਾ ਹੋਣ ਕਾਰਨ ਘਟਨਾ ਸਥਾਨ ‘ਤੇ ਬਿਨਾ ਦੇਰੀ ਉਤਾਰਿਆ ਜਾ ਸਕਦਾ ਹੈ ਜਿਸ ਕਰਕੇ ਇਹ ਮਨੁੱਖੀ ਜਾਨਾਂ ਬਚਾਉਣ ਵਾਸਤੇ ਵਧੇਰੇ ਕਾਰਗਾਰ ਸਾਬਤ ਹੋ ਸਕਦਾ ਹੈ ।

ਇਸ ਦੇ ਨਾਲ ਹੀ ਡਰੋਨ ਤਕਨੀਕ ਦੀ ਵਰਤੋਂ ਘਰ ਘਰ ਡਿਲਵਰੀ ਪਹੁੰਚਾਉਣ ਵਾਸਤੇ ਵੀ ਜਲਦੀ ਹੀ ਸ਼ੁਰੂ ਹੋ ਜਾਵੇਗੀ ।ਪੀਜੇ ਬਰਗਰ ਤੇ ਹੋਰ ਖਾਧ ਖੁਰਾਕ ਦੇ ਆਰਡਰਾਂ ਸਮੇਤ ਆਨ ਲਾਇਨ ਕੀਤੇ ਜਾਣ ਵਾਲੇ ਹੋਰ ਬਹੁਤ ਪ੍ਰਕਾਰ ਦੇ ਆਰਡਰ ਇਕ ਨਿਸਚਤ ਭਾਰ ਹੱਦ ਤੱਕ ਡਰੋਨ ਰਾਹੀ ਹੀ ਡੋਰ ਟੂ ਡੋਰ ਡਿਲਵਰ ਕੀਤੇ ਜਾਇਆ ਕਰਨਗੇ । ਇਸ ਯੰਤਰ ਦੀ ਵਰਤੋ ਨਾਲ ਜਿੱਥੇ ਡਿਲਵਰੀ ਸਰਵਿਸ ਚ ਤੇਜ਼ੀ ਆਵੋਗੀ ਉੱਥੇ ਨਾਲ ਹੀ ਸੜਕਾਂ ਉੱਤੇ ਵੱਧ ਰਹੀ ਭੀੜ ਨੂੰ ਵੀ ਡੱਕਾ ਲੱਗੇਗਾ ਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਸਹਾਇਤਾ ਮਿਲੇਗੀ, ਪਰ ਇਸ ਦੇ ਨਾਲ ਹੀ ਸੋਚਣ ਤੇ ਚਿੰਤਾ ਵਾਲੀ ਗੱਲ ਇਹ ਵੀ ਹੋਵੇਗੀ ਕਿ ਅਸਮਾਨ ਚ ਡਰੋਨਾਂ ਦੀ ਭੀੜ ਨੂੰ ਤੇ ਉਹਨਾ ਦੇ ਹਾਦਸੇ ਰੋਕਣ ਵਾਸਤੇ ਵਿਗਿਆਨ ਨੂੰ ਕਿਸੇ ਅਸਰਦਾਰ ਨੈਵੀਗੇਸ਼ਨ ਤੇ ਹਾਦਸਾ ਨਿਰੋਧਕ ਯੰਤਰ ਦੀ ਖੋਜ ਵੀ ਕਰਨੀ ਪਵੇਗੀ । ਇਸ ਦੇ ਨਾਲ ਹੀ ਉਚੀਆਂ ਇਮਾਰਤਾਂ ਨਾਲ ਟਕਰਾਉਣ ਤੋ ਰੋਕਣ ਵਾਸਤੇ ਵੀ ਕੋਈ ਯੰਤਰ, ਡਰੋਨ ਚ ਫਿੱਟ ਕਰਨ ਦੀ ਜ਼ਰੂਰਤ ਪਵੇਗੀ ।

ਇਸ ਤਕਨੀਕ ਨੂੰ ਪੂਰੀ ਸਫਲਤਾ ਨਾਲ ਵਰਤਣ ਵਾਸਤੇ ਤੇ ਇਸ ਨਾਲ ਸੰਬੰਧਿਤ ਮੁਸ਼ਕਲਾਂ ਨੂੰ ਦੂਰ ਕਰਨ ਵਾਸਤੇ ਕਾਰਜ ਇਸ ਵੇਲੇ ਵੱਡੇ ਪੱਧਰ ‘ਤੇ ਚੱਲ ਰਿਹਾ ਹੈ ਤੇ ਪੂਰੀ ਆਸ ਹੈ ਕਿ ਜਲਦੀ ਹੀ ਡਰੋਨ ਬਰਤਾਨੀਆ ਦੇ ਅਸਮਾਨ ਵਿੱਚ ਉਡਾਰੀਆਂ ਲਾਉਂਦੇ ਹੋਏ ਮਨੁੱਖੀ ਸੇਵਾ ਵਾਸਤੇ ਤੇਜ਼ ਤੇ ਬੇਹਤਰ ਸੇਵਾਵਾਂ ਪ੍ਰਦਾਨ ਕਰਦੇ ਨਜ਼ਰ ਆਉਣਗੇ ਜੋ ਕਿ ਇੱਕੀਵੀਂ ਸਦੀ ਦੇ ਇਸ ਤੇਜ਼ ਤਰਾਰ ਯੁੱਗ ਦਾ ਨਿਸ਼ਚੇ ਹੀ ਇਕ ਨਵਾਂ ਹਾਸਿਲ ਹੋਵੇਗਾ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਗੂਗਲ ਹੈਂਗਆਊਟਸ ਯੂਜ਼ਰਜ਼ ਨੂੰ ਮਿਲੇਗੀ ਗੂਗਲ ਚੈਟ ਸਰਵਿਸ

editor

Reliance Jio ਦੇ 500 ਰੁਪਏ ਤਕ ਦੇ ਪ੍ਰੀਪੇਡ ਪਲਾਨ, ਮਿਲਣਗੇ 2GB ਪ੍ਰਤੀ ਦਿਨ ਡਾਟਾ ਸਣੇ ਕਈ ਫ਼ਾਇਦੇ

editor