Articles

ਬਾਤ ਦਾ ਬਤੰਗੜ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਭਾਰਤੀ ਸਿਆਸਤ ਵਿੱਚ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਅਕਸਰ ਹੀ ਹੁੰਦੀ ਰਹਿੰਦੀ ਹੈ । ਸਿਆਸੀ ਵਿਰੋਧੀ ਪਾਰਟੀਆਂ ਆਪਸ ਵਿਚ ਬਿਨਾ ਸਿਰ ਪੈਰ ਦੀ ਇਲਜ਼ਾਮ ਤਰਾਸ਼ੀ ਕਰਦੀਆਂ ਰਹਿੰਦੀਆਂ ਹਨ, ਜਿਸ ਕਰਕੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਦਰਮਿਆਨ ਆਪਸੀ ਕੁੱਕੜ ਖੋਹੀ ਚਲਦੀ ਰਹਿੰਦੀ ਹੈ । ਇਹ ਵੀ ਆਮ ਦੇਖਿਆ ਗਿਆ ਹੈ ਕਿ ਬਹੁਤੀ ਵਾਰ ਬਾਤ ਦਾ ਬਤੰਗੜ ਜਾਂ ਫਿਰ ਬਤੰਗੜ ਦੀ ਬਾਤ ਬਣਾ ਦਿੱਤੀ ਜਾਂਦੀ ਹੈ । ਦੂਜੇ ਸ਼ਬਦਾਂ ਵਿੱਚ ਇਸ ਉਕਤ ਧਾਰਨਾ ਨੂੰ ਹੋਰ ਸ਼ਪੱਸ਼ਟ ਕਰਨ ਵਾਸਤੇ ਇੰਜ ਵੀ ਕਹਿ ਸਕਦੇ ਹਾਂ ਕਿ ਭਾਰਤੀ ਸਿਆਸਤ ਵਿੱਚ ਕਈ ਵਾਰ ਨਿੱਕੇ ਮੁੱਦੇ, ਪਾਸਕੂ ਮੀਡੀਏ ਦੀ ਸਹਾਇਤਾ ਨਾਲ ਰਾਸ਼ਟਰੀ ਪੱਧਰ ‘ਤੇ ਉਭਾਰ ਉਥਾਲ ਦਿੱਤੇ ਜਾਂਦੇ ਹਨ ਕੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਬਹੁਤ ਵੱਡੇ ਮੁੱਦੇ ਠੰਢੇ ਬਸਤੇ ਵਿੱਚ ਪਾ ਦਿੱਤੇ ਜਾਂਦੇ ਹਨ, ਜਿਹਨਾਂ ਦੀ ਫਿਰ ਸਾਲਾਂ ਦਰ ਸਾਲ ਧੁੱਸਕ ਤੱਕ ਵੀ ਨਹੀਂ ਨਿਕਲਣ ਦਿੱਤੀ ਜਾਂਦੀ ।
ਪੰਜ ਜਨਵਰੀ ਦਿਨ ਬੁੱਧਵਾਰ ਨੂੰ ਫ਼ਿਰੋਜ਼ਪੁਰ ਵਿਖੇ ਰੱਖੀ ਗਈ ਭਾਜਪਾ ਰੈਲੀ ਨੂੰ ਲੈ ਕੇ ਜੋ ਘਟਨਾ ਕ੍ਰਮ ਸਾਹਮਣੇ ਆਇਆ, ਉਸ ਦੀ ਤਹਿ ਤੱਕ ਜਾਣ ਵਾਸਤੇ ਬੇਸ਼ੱਕ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੇ ਤਿੰਨ ਮੈਂਬਰੀ ਜਾਂਚ ਕਮੇਟੀਆਂ ਗਠਿਤ ਕਰ ਦਿੱਤੀਆਂ ਹਨ, ਜੋ ਤੱਥਾਂ ਦੀ ਛਾਣਬੀਣ ਕਰਨ ਤੋਂ ਬਾਅਦ ਆਪੋ ਆਪਣੀਆ ਰਿਪੋਰਟਾਂ ਪੇਸ਼ ਕਰਨਗੀਆਂ । ਦੇਸ਼ ਦੀ ਸੁਪਰੀਮ ਕੋਰਟ ਵੀ ਇਸ ਸੰਬੰਧ ਚ ਕਾਰਵਾਈ ਕਰ ਰਹੀ ਹੈ, ਭਾਜਪਾ ਵਲੋ ਰਾਸ਼ਰਪਤੀ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ, ਪਰ ਇਹਨਾ ਉਕਤ ਕਾਰਵੀਆਂ ਦੇ ਬਾਵਜੂਦ ਵੀ ਪੂਰੇ ਦੇਸ਼ ਵਿੱਚ ਭਾਜਪਾ ਵੱਲੋਂ ਪੰਜਾਬ ਵਿਰੋਧੀ ਲਹਿਰ ਪੈਦਾ ਕੀਤੀ ਜਾ ਰਹੀ ਹੈ । ਪੰਜਾਬ ਵਾਸੀਆਂ ਨੂੰ ਇਕ ਵਾਰ ਫਿਰ ਉਸੇ ਤਰਜੇ ਭੰਡਿਆ ਜਾ ਰਿਹਾ ਹੈ ਜਿਸ ਤਰਜੇ 1984 ਚ ਇੰਦਰਾਗਾਂਧੀ ਦੀ ਹੱਤਿਆਤੋ ਪਹਿਲਾਂ ਤੇ ਬਾਅਦ ਚ ਭੰਡਿਆ ਗਿਆ ਸੀ ਤੇ ਹੁਣੇ ਜਿਹੇ ਸਮਾਪਤ ਹੋਏ ਸਾਲ ਭਰ ਚੱਲੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੂੰ ਅੱਤਵਾਦੀ, ਵੱਖਵਾਦੀ, ਮਾਓਵਾਦੀ ਤੇ ਖਾਲਿਸਤਾਨੀ ਆਦਿ ਕਹਿ ਕੇ ਭੰਡਿਆ ਗਿਆ ਸੀ ।
ਜਿੱਥੋਂ ਤੱਕ ਭਾਜਪਾ ਦੀ ਫ਼ਿਰੋਜ਼ਪੁਰ ਰੈਲੀ ਤੇ ਪਰਧਾਨਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਰੋਕੇ ਜਾਣ ਦਾ ਮਾਮਲਾ ਹੈ, ਦਰਅਸਲ ਇਹ ਦੋਵੇਂ ਅਲੱਗ ਅਲੱਗ ਮੁੱਦੇ ਹਨ । ਭਾਜਪਾ ਦੀ ਫ਼ਿਰੋਜ਼ਪੁਰ ਰੈਲੀ ਵਿੱਚ ਭੀੜ ਦਾ ਇਕੱਠਾ ਨਾ ਹੋਣ ਦੇ ਮੁੱਖ ਤੌਰ ਤੇ ਤਿੰਨ ਕਾਰਨ ਮੰਨੇ ਜਾ ਸਕਦੇ ਹਨ ਜਿਹਨਾ ‘ਚੋਂ ਪਹਿਲਾ ਕਾਰਨ ਖ਼ਰਾਬ ਮੌਸਮ, ਦੂਜਾ, ਕਿਸਾਨ ਅੰਦੋਲਨ ਪ੍ਰਤੀ ਪ੍ਰਧਾਨ ਮੰਤਰੀ ਦੀ ਬੇਰੁਖ਼ੀ, ਅੰਦੋਲਨ ਦੌਰਾਨ ਸੈਂਕੜੇ ਕਿਸਾਨਾਂ ਦੀਆ ਹੋਈਆ ਮੌਤਾਂ ਤੇ ਉਹਨਾਂ ਬਾਰੇ ਦੋ ਸ਼ਬਦ ਅਫਸੋਸ ਤੱਕ ਦੇ ਨਾ ਬੋਲਣਾ ਤੇ ਤੀਜਾ ਕਾਰਨ ਭਾਜਪਾ ਨਾਲ ਪ੍ਰੇਮ ਪੀਂਘਾਂ ਪਾ ਕੇ ਅਗਾਮੀ ਵਿਧਾਨ ਸਭਾ ਚੋਣਾਂ ਚ ਜਿੱਤ ਦੇ ਸੁਪਨੇ ਦੇਖ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ।
ਗੱਲ ਅੱਗੇ ਤੋਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਡੇ ਅਡੰਬਰ ਬਾਰੇ ਗੱਲ ਕਰਨੀ ਚਾਹੁੰਦਾ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਈ ਵੀ ਦੋਰਾ ਹੋਵੇ ਉਸ ਦਾ ਸਕੈਜਿਉਲ ਤੇ ਰੂਟ ਪਲਾਨ ਬਿਲਕੁਲ ਗੁਪਤ ਹੁੰਦਾ ਹੈ । ਇਸ ਦੇ ਬਾਰੇ ਸਿਰਫ ਦੇਸ਼ ਦੇ ਗ੍ਰਹਿ ਮੰਤਰਾਲੇ ਤੇ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਹੀ ਜਾਣਕਾਰੀ ਹੁੰਦੀ ਹੈ । ਪਰਧਾਨਮੰਤਰੀ ਦੀ ਸੁਰੱਖਿਆ ਦਾ ਜਿੰਮਾ ਮੁੱਖ ਤੌਰ ‘ਤੇ SPG ਕੋਲ ਹੁੰਦਾ ਹੈ ਜੋ ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਕਾਰਜ ਕਰਦੀ ਹੈ ।
ਅਗਲੀ ਗੱਲ ਇਹ ਕਿ ਪ੍ਰਧਾਨਮੰਤਰੀ ਦੇ ਦੌਰੇ ਨੂੰ ਪੂਰੀ ਤਰਾਂ ਗੁਪਤ ਰੱਖਕੇ ਤੇ ਉਸ ਨੂੰ ਸੁਰੱਖਿਅਤ ਰੱਖਣ ਵਾਸਤੇ ਬਹੁਤ ਪੁਖ਼ਤਾ ਪਰਬੰਧ ਕੀਤੇ ਗਏ ਹੁੰਦੇ ਹਨ । ਫ਼ਿਰੋਜ਼ਪੁਰ ਰੈਲੀ ਚ ਜਿਸ ਹੈਲੀਕਾਪਟਰ ਰਾਹੀਂ ਨਰਿੰਦਰ ਮੋਦੀ ਨੇ ਪਹੁੰਚਣਾ ਸੀ, ਮਿਲੀ ਜਾਣਕਾਰੀ ਮੁਤਾਬਿਕ ਉਹ ਇਕ ਅਜਿਹਾ ਚੌਪਰ ਹੈ ਜੋ ਬਣਾਇਆਂ ਹੀ ਖ਼ਰਾਬ ਮੌਸਮ ਵਿੱਚ ਚਲਾਉਣ ਵਾਸਤੇ ਹੈ । ਉਸ ਵਿੱਚ ਇਸ ਤਰਾਂ ਦੇ ਯੰਤਰ ਫਿੱਟ ਕੀਤੇ ਗਏ ਹਨ ਜੋ ਖ਼ਰਾਬ ਮੌਸਮ ਦੌਰਾਨ ਵੀ ਹੈਲੀਕਾਪਟਰ ਨੂੰ ਮੰਜਿਲ ਤੱਕ ਸਹੀ ਸਲਾਮਤ ਪਹੁੰਚਾਉਣ ਵਾਸਤੇ ਸਮਰੱਥ ਹਨ । ਦੂਜੀ ਗੱਲ ਇਹ ਹੈ ਕਿ ਜੇਕਰ ਮੌਸਮ ਖਰਾਬ ਸੀ, ਮੀਂਹ ਹਨੇਰੀ ਤੇ ਝਾਂਜੇ ਵਾਲਾ ਸੀ ਤਾਂ ਫਿਰ ਸੜਕੀ ਰਸਤਾ ਕਿਵੇਂ ਸੁਰੱਖਿਅਤ ਮੰਨਿਆ ਜਾ ਸਕਦਾ ਸੀ ? ਇਹ ਵੀ ਇਕ ਵੱਡਾ ਸਵਾਲ ਹੈ ਜਿਸ ਦਾ ਉੱਤਰ ਜਾਂਚ ਏਜੰਸੀਆਂ ਨੂੰ ਲੱਭਣਾ ਪਵੇਗਾ ।
ਮੀਡੀਏ ‘ਤੇ ਚੱਲ ਰਹੇ ਵੀਡੀਓ ਫੁਟੇਜਸ ਤੋ ਇਹ ਸਾਫ ਹੁੰਦਾ ਹੈ ਕਿ ਵਿਰੋਧ ਕਰਨ ਵਾਲੇ ਕਿਸਾਨ ਤਾਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੇ ਨੇੜੇ ਤੇੜੇ ਵੀ ਨਹੀਂ ਸਨ, ਹਾਂ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਪ੍ਰਧਾਨ ਮੰਤਰੀ ਦੇ ਬਿਲਕੁਲ ਨੇੜੇ ਹੋ ਕੇ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਹਰੇ ਲਗਾ ਰਹੇ ਸਨ । ਸਵਾਲ ਇਹ ਵੀ ਉਠਦਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਏਡਾ ਹੀ ਖਤਰਾ ਸੀ ਤਾਂ ਫਿਰ ਉੱਥੇ ਰਸਤੇ ਦੇ ਵਿਚਕਾਰ ਵੀਹ ਮਿੰਟ ਖੜੇ ਰਹਿਣ ਦਾ ਕੀ ਅਰਥ ਸੀ ? ਨੁਕਤਾ ਇਹ ਵੀ ਵਿਚਾਰਨਯੋਗ ਹੈ ਕਿ ਜਿਹਨਾ ਕਿਸਾਨਾ ਨੇ ਸਾਲ ਭਰ ਦਿੱਲੀ ਦੀਆ ਬਰੂਹਾਂ ‘ਤੇ ਸ਼ਾਂਤਮਈ ਸੰਘਰਸ਼ ਕੀਤਾ, ਆਪਣੇ ਸੈਂਕੜੇ ਸਾਥੀਆਂ ਦਾ ਬਲੀਦਾਨ ਦਿੱਤਾ ਪਰ ਸਬਰ ਦਾ ਪੱਲਾ ਫੜਕੇ ਕਿਸੇ ਨੂੰ ਆਂਚ ਨਹੀਂ ਆਉਣ ਦਿੱਤੀ ਤੇ ਨਾ ਹੀ ਕੋਈ ਹਿੰਸਾ ਕੀਤੀ, ਉਹਨਾ ਲੋਕਾਂ ਨੂੰ ਅੱਤਵਾਦੀ ਜਾਂ ਖ਼ਤਰਨਾਕ ਕਿਵੇਂ ਮੰਨਿਆ ਜਾ ਸਕਦਾ ਹੈ ?
ਇਸ ਸਾਰੇ ਘਟਨਾ ਕਰਮ ਨੂੰ ਜਦੋਂ ਨੀਝ ਨਾਲ ਦੇਖਿਆ ਜਾਂਦਾ ਹੈ ਤਾਂ ਇਹ ਸਭ ਬਣਾਈ ਹੋਈ ਘਟਨਾ ਵਜੋਂ ਸਾਹਮਣੇ ਆਉਂਦੀ ਹੈ । ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਉਸ ਵੇਲੇ ਨਰਿੰਦਰ ਮੋਦੀ ਦੀ ਜਾਨ ਜਾਂ ਫਿਰ ਦੇਸ਼ ਨੂੰ ਖਤਰਾ ਪੈਦਾ ਹੋ ਜਾਂਦਾ ਤੇ ਕੋਈ ਨਵਾਂ ਅਡੰਬਰ ਰਚਕੇ ਲੋਕਾਂ ਦੀ ਹਮਦਰਦੀ ਨੂੰ ਵੋਟਾਂ ਚ ਕੈਸ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਂਦੀ ਹੈ, ਪਰ ਇਸ ਵਾਰ ਦਾ ਅਡੰਬਰ ਦੋਹਰੇ ਮਕਸਦ ਨਾਲ ਕੀਤਾ ਗਿਆ ਜਾਪਦਾ ਹੈ । ਪਹਿਲਾ, ਇਸ ਨੂੰ ਪਾਰਟੀ ਦਾ ਸਿਆਸੀ ਡੈਮੇਜ ਕੰਟਰੋਲ ਤੇ ਦੂਸਰਾ ਰੈਲੀ ਚਲੋਕਾਂ ਦੀ ਗ਼ੈਰਹਾਜ਼ਰੀ ਕਾਰਨ ਹੋਣ ਵਾਲੀ ਬਦਨਾਮੀ ਤੋ ਬਚਣ ਦਾ ਢੰਗ ।
ਇਹ ਗੱਲ ਪੱਕੀ ਹੈ ਕਿ ਜੇਕਰ ਨਰਿੰਦਰ ਮੋਦੀ ਰੈਲੀ ਚ ਪਹੁੰਚਦਾ ਤਾਂ ਭੀੜ ਦੀ ਬਜਾਏ ਕੁੱਜ ਕੁ ਲੋਕਾਂ ਨੂੰ ਸੰਬੋਧਿਨ ਕਰਨ ਨਾਲ ਉਸ ਦੀ ਬਦਨਾਮੀ ਬਹੁਤ ਜ਼ਿਆਦਾ ਹੋਣੀ ਸੀ
, ਦਿਸ ਕਾਰਨ ਅਗਲੇ ਮਹੀਨੇ ਆ ਰਹੀਆ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ‘ਤੇ ਮਾੜਾ ਅਸਰ ਤਾਂ ਪੈਣਾ ਹੀ ਸੀ ਇਸ ਦੇ ਨਾਲ ਹੀ ਉਸ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਛਵੀ ਵੀ ਬਹੁਤ ਖ਼ਰਾਬ ਹੋਣੀ ਸੀ, ਜਿਸ ਦਾ ਤਤਵਕਤੀ ਸਿੱਧਾ ਫ਼ਾਇਦਾ ਪੰਜਾਬ ਦੀਆ ਦੂਜੀਆ ਸਿਆਸੀ ਪਾਰਟੀਆਂ ਨੂੰ ਮਿਲਣਾ ਸੀ । ਸੋ ਇਸ ਸਭ ਤੋਂ ਬਚਣ ਵਾਸਤੇ ਤੇ ਪੰਜਾਬ ਦੀ ਮੌਜੂਦਾ ਕਾਂਗਰਸ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਚ ਫ਼ੇਲ੍ਹ ਦੱਸਕੇ ਪੂਰੇ ਮੁਲਕ ਚ ਬਦਨਾਮ ਕਰਕੇ ਦਰਅਸਲ ਸਿਆਸੀ ਰੋਟੀਆਂ ਸੇਕਣ ਦਾ ਜੁਗਾੜ ਹੀ ਬਣਾਇਆਂ ਗਿਆ ਸੀ ਜਿਸ ਦਾ ਸਬੂਤ ਬਠਿੰਡਾ ਹਵਾਈ ਅੱਡੇ ‘ਤੇ ਪੱਤਰਕਾਰਾਂ ਨੂੰ ਸੰਬੋਧਿਨ ਕਰਕੇ ਬੋਲੇ ਗਏ ਪ੍ਰਧਾਨ ਮੰਤਰੀ ਦੇ ਇਹ ਬੋਲ ਹੀ ਕਾਫ਼ੀ ਹਨ ਕਿ, “ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਜਿੰਦਾ ਬਚਕੇ ਜਾ ਰਿਹਾ ਹਾਂ।”
ਉਹ ਉਕਤ ਬੋਲ ਦੇਸ਼ ਦੇ ਪ੍ਰਧਾਨ ਦੇ ਮੂੰਹੋਂ ਬਿਲਕੁਲ ਬਰਕਾਨਾ ਜਾਪਦੇ ਹਨ । ਇਹਨਾ ਬੋਲਾਂ ਤੋ ਇਸ ਤਰਾਂ ਦਾ ਅਹਿਸਾਸ ਪੈਦਾ ਹੋ ਰਿਹਾ ਜਿਵੇਂ ਦੇਸ਼ ਦਾ ਪਰਧਾਨਮੰਤਰੀ ਪੰਜਾਬ ਨੂੰ ਜਾਂ ਤਾਂ ਭਾਰਤ ਦਾ ਹਿੱਸਾ ਨਾ ਮੰਨਦਾ ਹੋਵੇ ਜਾਂ ਫਿਰ ਉਹ ਪੰਜਾਬ ਨੂੰ ਕੋਈ ਵਿਦੇਸ਼ੀ ਮੁਲਕ ਕਹਿ ਰਿਹਾ ਹੋਵੇ । ਖ਼ਾਸ ਕਰ ਉਕਤ ਬੋਲ ਉਸ ਨਰਿੰਦਰ ਮੋਦੀ ਦੇ ਮੂੰਹੋਂ ਹੋਰ ਵੀ ਅਟਪਟੇ ਜਾਪਦੇ ਹਨ ਜੋ ਸਾਰੇ ਪਰੋਟੋਕੋਲ ਤੋੜਕੇ ਬਿਨਾ ਵੀਜ਼ਾ ਤੇ ਬਿਨਾ ਕਿਸੇ ਨਾਲ ਸਲਾਹ ਮਸ਼ਵਰਾ ਕੀਤਿਆ ਕੁੱਜ ਸਾਲ ਪਹਿਲਾਂ ਲਾਹੌਰ ਮੀਆਂ ਨਿਵਾਜ ਸ਼ਰੀਫ ਦੇ ਕੇਕ ਤੇ ਵਰਿਆਣੀ ਖਾਣ ਜਾ ਪਹੁੰਚਾ ਹੋਵੇ ਜਾਂ ਜਿਸ ਨੇ ਦਿੱਲੀ ਦੀਆ ਸਰਹੱਦਾ ਤੇ ਆਪਣੀਆ ਹੱਕੀ ਮੰਗਾ ਦੀ ਪ੍ਰਾਪਤੀ ਵਾਸਤੇ ਸੰਘਰਸ਼ ਕਰ ਰਹੇ ਆਪਣੇ ਹੀ ਦੇਸ਼ ਦੇ ਸ਼ਹਿਰੀਆਂ ਵਾਸਤੇ ਸਾਲ ਭਰ ਕੰਨ, ਅੱਖਾਂ ਤੇ ਮੂੰਹ ‘ਤੇ ਪਲੱਸਤਰ ਚੇਪ ਲਿਆ ਹੋਵੇ ।
ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਭਾਰਤ ਚ ਲੋਕ-ਤੰਤਰ ਦੇ ਨਾਮ ‘ਤੇ ਹੋ ਰਹੀ ਘਟੀਆ ਦਰਜੇ ਦੀ ਸਿਆਸਤ ਇਸ ਸਮੇਂ ਬਹੁਤ ਹੱਦ ਦਰਜੇ ਤਕ ਗਰਕ ਚੁੱਕੀ ਹੈ । ਇਸ ਵਿਚ ਸਾਜਿਸ਼ੀ ਮਾਹੌਲ ਭਾਰੂ ਹੈ । ਕੁਰਸੀ ਦੀ ਲਾਲਸਾ ਪੂਰੀ ਕਰਨ ਤੇ ਪਦ ਬਣਾਈ ਰੱਖਣ ਵਾਸਤੇ ਇਥੋਂ ਦੇ ਬਹੁਤੇ ਨੇਤਾ (ਸਾਰੇ ਨਹੀਂ) ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਵੱਡੇ ਕਾਂਡ ਕਰਵਾ ਸਕਦੇ ਹਨ, ਫਿਰਕੂ ਦੰਗੇ ਭੜਕਾ ਸਕਦੇ ਹਨ, ਸਰਹੱਦਾ ਤੇ ਤਨਾਅ ਦਾ ਮਾਹੌਲ ਪੈਦਾ ਕਰਨ ਦਾ ਡਰਾਮਾ ਕਰ ਸਕਦੇ ਹਨ ਜਾਂ ਬੰਬ ਧਮਾਕੇ ਕਰਵਾ ਕੇ ਲੋਕ ਮਨਾਂ ਚ ਡਰ ਤੇ ਸਹਿਮ ਪੈਦਾ ਕਰ ਸਕਦੇ ਹਨ, ਪਰ ਹੁਣ ਇਹ ਵੀ ਸੱਚ ਹੈ ਕਿ ਦੇਸ਼ ਦੇ ਲੋਕਾਂ ਨੇ ਹੀ ਸੋਚਣਾ ਹੈ ਕਿ ਚੋਣਾ ਵੇਲੇ ਇਸ ਤਰਾਂ ਦੇ ਸਿਆਸੀ ਗੰਦ ਨੂੰ ਕਿਵੇਂ ਸਾਫ ਕਰਨਾ ਹੈ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin