Articles Religion

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 1670 ਨੂੰ ਜੰਮੂ ਦੇ ਜਿਲ੍ਹਾ ਪੁਣਛ  ਦੇ ਰਾਜੌਰੀ ਕਸਬੇ ਵਿਚ ਸ੍ਰੀ ਰਾਮ ਦੇਵ ਭਾਰਦਵਾਜ ਰਾਜਪੂਤ ਦੇ ਘਰ ਹੋਇਆ। ਉਹਨਾਂ ਦੇ ਜਨਮ ਦਾ ਨਾਮ ਲਛਮਣ ਦਾਸ ਰੱਖਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਜਾਨਕੀ ਦਾਸ ਵੈਰਾਗੀ ਸਾਧੂ ਪਾਸੋਂ ਰਾਜੌਰੀ ਵਿਚ ਅਤੇ ਸਾਧੂ ਰਾਮ ਦਾਸ ਪਾਸੋਂ ਰਾਮ ਧੰਮਣ ਜਿਲ੍ਹਾ ਲਾਹੌਰ ਵਿਚ ਉਪਦੇਸ਼ ਲਿਆ। ਇਸ ਤਰਾਂ ਹੀ ਜੋਗੀ ਔਗੜ ਨਾਥ ਪਾਸੋਂ ਨਾਸਿਕ ਵਿਖੇ  ਉਪਦੇਸ਼ ਲਿਆ ਫਿਰ ਸ੍ਰੀ ਗੁਰੂ ਗੋਬਿੰਦ ਜੀ ਪਾਸੋਂ ਨੰਦੇੜ ਦੱਖਣ ਵਿਚ ਉਪਦੇਸ਼ ਲਿਆ।

ਗੁਰੂ ਗੋਬਿੰਦ ਸਿੰਘ ਜੀ ਨੇ ਉਪਦੇਸ਼ ਦੇ ਕੇ ਅਤੇ ਅੰਮ੍ਰਿਤਪਾਨ ਕਰਵਾ ਕੇ ਬੰਦੇ ਤੋਂ ਬੰਦਾ ਸਿੰਘ ਬਹਾਦਰ ਬਣਾ ਦਿੱਤਾ। ਸਤਿਗੁਰੂ ਜੀ ਨੇ ਰਹਿਤ ਵਿਚ ਪੱਕੇ ਰਹਿਣ ਅਤੇ ਔਕੜ ਵੇਲੇ ਗੁਰੂ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਵਿਸ਼ੇਸ਼ ਹਦਾਇਤ ਕੀਤੀ।
1708 ਨੂੰ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਦੇੜ ਤੋਂ ਤਿਆਰ ਬਰ ਤਿਆਰ ਕਰਕੇ ਪੰਜ ਸਿੰਘਾਂ ਦੀ ਅਗਵਾਈ ਵਿਚ ਅਤੇ ਆਪਣੇ ਪੱਥੇ ਵਿਚੋਂ ਪੰਜ ਤੀਰ ਦੇ ਕੇ ਪੰਜਾਬ ਵੱਲ ਮੁਗਲਾਂ ਨਾਲ ਟੱਕਰ ਲੈਣ ਲਈ ਭੇਜਿਆ। ਉਸ ਟਾਇਮ ਵੀਹ ਕੁ ਸਿੰਘ ਨਾਲ ਹੋਰ ਵੀ ਭੇਜ ਦਿੱਤੇ ਸਨ।
26 ਨਵੰਬਰ 1709 ਨੂੰ ਸਭ ਤੋਂ ਪਹਿਲਾਂ ਇਹਨਾਂ ਸਮਾਣੇ ਤੇ ਧਾਵਾ ਬੋਲਿਆ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਾਤਲ ਸੱਯਦ ਜਲਾਲਦੀਨ ਅਤੇ ਛੋਟੇ ਸਾਹਿਬਜਾਦਿਆਂ ਦੇ ਕਾਤਲ ਸ਼ਾਸਲਬੇਗ ਬਾਸ਼ਲਬੇਗ ਰਹਿੰਦੇ ਸਨ ਫਿਰ ਘੁੜਾਮ,ਠਸਕਾ, ਸ਼ਾਹਾਬਾਦ, ਵਜ਼ੀਰ ਖਾਂ ਦਾ ਪਿੰਡ ਕੁੰਜਪੁਰਾ, ਮੁਸਤਫ਼ਾਬਾਦ, ਕਪੂਰੀ ਤੇ ਸਢੌਰੇ ਦੇ ਦੁਸਟਾਂ ਨੂੰ ਸੋਧਿਆ।12 ਮਈ 1710 ਨੂੰ ਚੱਪੜਚਿੜੀ ਦਾ ਮੈਦਾਨ ਅਤੇ 14 ਮਈ 1710 ਨੂੰ ਸਰਹੰਦ ਆਦਿ ਜਿੱਤਦੇ ਹੋਏ 1715 ਨੂੰ ਬਟਾਲਾ ਕਲਾਨੌਰ ਵੱਲ ਨਿੱਕਲ ਗਏ। ਉਹਨਾਂ ਅਖੀਰਲੀ ਲੜਾਈ ਲਾਹੌਰ ਦੇ ਸੂਬੇ ਅਬਦਲ ਸਮੁੱਦ ਖਾਂ ਨਾਲ ਗੁਰਦਾਸਪੁਰ ਤੋਂ ਚਾਰ ਕੁ ਮੀਲ ਪੱਛਮ ਵੱਲ ਪਿੰਡ ਗੁਰਦਾਸਪੁਰ ਨੰਗਲ ਦੇ ਦੁਨੀ ਚੰਦ ਦੀ ਗੜ੍ਹੀ ਨੁਮਾ ਹਵੇਲੀ ਵਿਚ  ਲੜੀ।
ਸ਼ਾਹੀ ਫੌਜ਼ਾਂ ਨੇ ਗੜ੍ਹੀ ਅੰਦਰ ਰਾਸ਼ਨ ਪਾਣੀ ਜਾਣਾ ਸਭ ਕੁਝ ਬੰਦ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘ ਅੰਦਰ ਕੱਚਾ ਮਾਲ ਖਾ ਕੇ ਗੁਜਾਰਾ ਕਰਦੇ ਰਹੇ। ਸ਼ਾਹੀ ਫੌਜ਼ਾਂ ਘੇਰਾ ਤੰਗ ਕਰਦੀਆਂ ਗਈਆਂ। ਅਖੀਰ ਬਾਬਾ ਜੀ ਅਤੇ ਸਿੱਖ ਭੁਖਣ ਭਾਣਿਆਂ ਨੂੰ ਅੱਠ ਮਹੀਨੇ ਦੀ ਲੜਾਈ ਤੋਂ ਬਾਅਦ 7 ਦਸੰਬਰ 1715 ਨੂੰ ਗ੍ਰਿਫ਼ਤਾਰ ਕਰ ਲਿਆ ਜਿੰਨਾ ਦੀ ਗਿਣਤੀ 740 ਸੀ। ਇਹਨਾਂ ਨੂੰ ਗੜ੍ਹੀ ਤੋ ਕੈਦ ਕਰਕੇ ਲਾਹੌਰ ਲਿਆਂਦਾ ਗਿਆ ਅਤੇ ਗਲੀਆਂ ਵਿਚ ਫੇਰ ਕੇ ਦਿੱਲੀ ਵੱਲ ਤੋਰਿਆ ਗਿਆ ਰਸਤੇ ਵਿਚ ਜੋ ਵੀ ਸਿੰਘ ਮਿਲਿਆ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਬਾ ਬੰਦਾ ਸਿੰਘ ਜੀ ਦੀ ਮਾਤਾ, ਸਪੁਤਨੀ ਅਤੇ ਉਹਨਾਂ  ਦੇ ਤਿੰਨ ਸਾਲ ਦੇ ਪੁੱਤਰ ਸ੍ਰੀ ਅਜੈ ਸਿੰਘ ਨੂੰ ਵੀ ਫੜ ਕੇ ਨਾਲ ਲਿਜਾ ਰਹੇ ਸਨ।
ਬਾਬਾ ਜੀ ਨੂੰ ਚਾਰ ਥਾਵਾਂ ਤੋਂ ਸੰਗਲਾਂ ਨਾਲ ਨੂੜ ਕੇ ਲੋਹੇ ਦੇ ਪਿੰਜਰ ਵਿਚ ਬੰਦ ਕਰਕੇ  ਹਾਥੀ ਉਪਰ ਰੱਖ ਕੇ ਚੰਗੀ ਤਰਾਂ ਬੰਨਿਆ ਹੋਇਆ ਸੀ। ਕੋਲ ਇਕ ਮੁਗਲ ਅਫ਼ਸਰ ਨੂੰ ਵੀ ਤਿਆਰ ਬਰ ਤਿਆਰ ਕਰਕੇ ਬਿਠਾਇਆ ਹੋਇਆ ਸੀ। ਜੇਕਰ ਬਾਬਾ ਜੀ ਕਿਸੇ ਕਰਾਮਾਤ ਕਰਕੇ ਨਿਕਲ ਕੇ ਭੱਜਣ ਲੱਗਣ ਤਾਂ ਢਿੱਡ ਵਿਚ ਇਕਦਮ ਛੁਰਾ ਖੋਬ ਦਿੱਤਾ ਜਾਵੇ। ਬਾਬਾ ਜੀ ਦੇ ਨਾਲ ਦੋ ਸੋ ਦੇ ਕਰੀਬ ਸਿੱਖਾਂ ਨੂੰ ਹੱਥ ਕੜੀਆਂ ਅਤੇ ਬੇੜੀਆਂ ਪਾ ਕੇ  ਖੋਤੇ ਖੱਚਰਾਂ ਉਤੇ ਬਿਠਾਇਆ ਹੋਇਆ ਸੀ।
ਬਾਬਾ ਜੀ ਦੇ ਮਗਰ ਕੈਦੀਆਂ ਦੀ ਗਿਣਤੀ 740 ਸੀ। ਨੇਜਿਆਂ ਉਪਰ ਟੰਗੇ ਗਏ ਸਿਰਾਂ ਦੀ ਗਿਣਤੀ 2000 ਸੀ ਜੋ ਸਭ ਤੋਂ ਅੱਗੇ ਹੋ ਕੇ ਚੱਲ ਰਹੇ ਸਨ।ਇਸ ਤੋਂ ਇਲਾਵਾ 700 ਗੱਡੇ ਸਿੱਖਾਂ ਦੇ ਬਿਨਾ ਸਿਰਾਂ ਤੋਂ ਭਰੇ ਹੋਏ ਸਨ। ਇਹ ਸਾਰਾ ਕਾਫ਼ਲਾ 28 ਫ਼ਰਵਰੀ 1716 ਨੂੰ ਦਿੱਲੀ ਪੁੱਜਾ।
ਜਦ ਇਹ ਕਾਫ਼ਲਾ ਦਿੱਲੀ ਪੁੱਜਾ ਤਾਂ ਬਾਦਸ਼ਾਹ ਫਰੁੱਖਸ਼ੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਬਾਝ ਸਿੰਘ ਬਾਬਾ ਕਾਨ੍ਹ ਸਿੰਘ ਭਾਈ ਫ਼ਤਿਹ ਸਿੰਘ ਆਦਿ ਮੋਹਰੀ ਸਿੱਖ ਸਰਦਾਰਾਂ ਨੂੰ ਅਲਹਿਦਾ ਕੈਦ ਵਿਚ ਰੱਖਿਆ ਗਿਆ। ਬਾਕੀ 694 ਸਿੱਖਾਂ ਨੂੰ ਸਰਬਰਾਹ ਖਾਂ ਕੋਤਵਾਲ ਦੇ ਸਪੁੱਰਦ ਕੀਤਾ ਗਿਆ ਤਾਂ ਕੇ ਇਹਨਾਂ ਦਾ  ਕਤਲ ਕਰ ਦਿੱਤਾ ਜਾਵੇ। ਬਾਬਾ ਜੀ ਦੇ ਪੁੱਤਰ ਅਜੈ ਸਿੰਘ ਇਸ ਦੀ ਮਾਤਾ ਅਤੇ ਦਾਦੀ ਜੀ ਨੂੰ ਦਰਬਾਰ ਖਾਂ ਨਾਜ਼ਮ ਦੇ ਹਰਮ ਜ਼ਨਾਨਾ ਖਾਨੇ ਵਿਚ ਰੱਖਿਆ ਗਿਆ।
ਕੈਦੀ ਸਿੱਖਾਂ ਦਾ ਕਤਲੇਆਮ 5 ਮਾਰਚ 1716 ਨੂੰ ਸ਼ੁਰੂ ਕੀਤਾ ਗਿਆ। ਹਰ ਰੋਜ ਇਕ ਸੌ ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ। ਇਹ ਸ਼ਹੀਦ ਕਰਨ ਦਾ ਕੰਮ ਸੱਤ ਦਿਨ ਤੱਕ ਜਾਰੀ ਰਿਹਾ। ਗੁਰੂ ਦੇ ਸਿੱਖਾਂ ਨੂੰ ਪਹਿਲਾਂ ਧਰਮ ਪਰੀਵਰਤਨ ਦਾ ਲਾਲਚ ਦਿੱਤਾ ਜਾਂਦਾ ਪਰ ਗੁਰੂ ਦੇ ਸਿੱਖ ਅਡੋਲ ਰਹਿੰਦੇ। ਕਿਸੇ ਨੇ ਵੀ ਧਰਮ ਪਰੀਵਰਤਨ ਨਾ ਕੀਤਾ ਪਰ ਸ਼ਹੀਦੀ ਦਾ ਜਾਮ ਪੀ ਗਏ।
ਬਾਬਾ ਬੰਦਾ ਸਿੰਘ ਬਹਾਦਰ ਅਤੇ  ਸਾਥੀਆਂ ਨੂੰ  ਤਿੰਨ ਮਹੀਨੇ ਬੰਦੀਖਾਨੇ ਵਿਚ ਸਖਤ ਤਸੀਹੇ ਦਿੱਤੇ ਗਏ ਤਾਂ ਕੇ ਉਹਨਾਂ ਤੋਂ ਖਜ਼ਾਨੇ ਦਾ ਭੇਤ ਲਗਾਇਆ ਜਾ ਸਕੇ। 9 ਜੂਨ 1716 ਨੂੰ ਬਾਬਾ ਜੀ ਨੂੰ ਸ਼ਹੀਦ ਕਰਨ ਦਾ ਦਿਨ ਰੱਖਿਆ ਗਿਆ।ਬਾਬਾ ਬੰਦਾ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਬਜ਼ਾਰ ਵਿਚ ਘੁਮਾਇਆ ਗਿਆ।
ਬਾਬਾ ਬੰਦਾ ਸਿੰਘ ਜੀ ਦੇ ਤਿੰਨ ਸਾਲ ਦੇ ਬੱਚੇ ਅਜੈ ਸਿੰਘ ਨੂੰ ਜਲਾਦ ਨੇ ਬਾਬਾ ਜੀ ਦੇ ਸਾਹਮਣੇ ਟੁਕੜੇ ਟੁਕੜੇ ਕਰ ਕੇ ਤੜਪਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਦੇ ਦਿੱਤਾ ਪਰ ਬਾਬਾ ਜੀ ਦਾ ਸਿਦਕ ਵੇਖ ਕੇ ਸਾਰੇ ਹੈਰਾਨ ਰਹਿ ਗਏ ਫਿਰ ਬਾਬਾ ਜੀ ਦਾ ਸਰੀਰ ਗਰਮ ਜਬੂਰਾਂ ਨਾਲ ਨੋਚਿਆ ਗਿਆ ਅਤੇ ਬਾਬਾ ਜੀ ਨੂੰ ਹੋਰ ਕਈ ਤਰਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਬਾਬਾ ਜੀ ਦੇ ਬਾਕੀ ਸਾਥੀਆਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸੀਹੇ ਭਰੀ ਕੁਰਬਾਨੀ ਵੇਖ ਕੇ ਹਰ ਇਕ ਇੰਨਸਾਨ ਦੀ ਰੂਹ ਕੰਬ ਜਾਂਦੀ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin