Punjab

ਭਗਵੰਤ ਮਾਨ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਮੁੱਲਾਂਪੁਰ ਵਿਖੇ ਬੱਚਿਆਂ ਦਾ ਕੈਂਸਰ ਇਲਾਜ ਤੇ ਲੁਕੀਮੀਆ ਮਰੀਜ਼ਾਂ ਦਾ ਇਲਾਜ ਕੇਂਦਰ ਮਨਜ਼ੂਰ ਕਰਨ ਦਾ ਮਸਲਾ ਭਾਰਤ ਸਰਕਾਰ ਕੋਲ ਉਠਾਉਣ ਦਾ ਭਰੋਸਾ

ਚੰਡੀਗੜ – ਨਿਊ ਚੰਡੀਗੜ ਦੇ ਮੁੱਲਾਂਪੁਰ ਵਿਖੇ ਮੈਡੀਸਿਟੀ ਵਿੱਚ ਬਣ ਰਹੇ 300 ਬਿਸਤਰਿਆਂ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਵਿੱਚ ਬੱਚਿਆਂ ਦੇ ਕੈਂਸਰ ਦੇ ਇਲਾਜ ਅਤੇ ਲੁਕੀਮੀਆ ਪੀੜਤਾਂ ਦੇ ਇਲਾਜ ਲਈ ਆਧੁਨਿਕ ਸਹੂਲਤਾਂ ਵਾਲਾ ਕੇਂਦਰ ਸ਼ੁਰੂ ਕਰਨ ਦੀ ਟਾਟਾ ਮੈਮੋਰੀਅਲ ਸੈਂਟਰ ਦੀ ਤਜਵੀਜ਼ ਨੂੰ ਮੰਨਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਭਰੋਸਾ ਦਿੱਤਾ ਕਿ ਇਸ ਦੀ ਛੇਤੀ ਮਨਜ਼ੂਰੀ ਲਈ ਉਹ ਨਿੱਜੀ ਤੌਰ ਉਤੇ ਇਹ ਮਸਲਾ ਭਾਰਤ ਸਰਕਾਰ ਕੋਲ ਉਠਾਉਣਗੇ।
ਭਗਵੰਤ ਮਾਨ ਨੇ ਡਾਇਰੈਕਟਰ ਡਾ. ਰਾਜਿੰਦਰ ਬੜਵੇ ਦੀ ਅਗਵਾਈ ਹੇਠਲੇ ਟਾਟਾ ਮੈਮੋਰੀਅਲ ਸੈਂਟਰ (ਟੀ.ਐਮ.ਸੀ.) ਦੇ ਵਫ਼ਦ ਨੂੰ ਇਹ ਭਰੋਸਾ ਆਪਣੇ ਸਰਕਾਰੀ ਆਵਾਸ ਉਤੇ ਮੁਲਾਕਾਤ ਦੌਰਾਨ ਦਿੱਤਾ।
ਟੀ.ਐਮ.ਸੀ. ਦੀ ਇਸ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ, ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉੱਤਰੀ ਭਾਰਤ ਦੇ ਆਪਣੀ ਤਰਾਂ ਦੇ ਇਸ ਪਹਿਲੇ ਕੈਂਸਰ ਪੀੜਤ ਬੱਚਿਆਂ ਅਤੇ ਲੁਕੀਮੀਆ ਪੀੜਤਾਂ ਦੇ ਇਲਾਜ ਲਈ ਅਤਿ-ਆਧੁਨਿਕ ਸਹੂਲਤ ਵਾਲੇ ਕੇਂਦਰ ਦੀ ਸ਼ੁਰੂਆਤ ਨਾਲ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਨੂੰ ਮਿਆਰੀ ਇਲਾਜ ਸਹੂਲਤਾਂ ਮਿਲਣਗੀਆਂ।
ਇਸ ਵੱਕਾਰੀ ਪ੍ਰਾਜੈਕਟ ਦੇ ਨਿਰਮਾਣ ਦੀ ਸਥਿਤੀ ਤੋਂ ਮੁੱਖ ਮੰਤਰੀ ਨੂੰ ਜਾਣੂੰ ਕਰਵਾਉਂਦਿਆਂ ਡਾ. ਬੜਵੇ ਨੇ ਕਿਹਾ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ, ਮੁੱਲਾਂਪੁਰ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਇਸ ਦੇ ਇਸ ਵਰੇ ਅਗਸਤ ਤੱਕ ਪੂਰੀ ਤਰਾਂ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ। ਉਨਾਂ ਇਹ ਵੀ ਦੱਸਿਆ ਕਿ ਆਧੁਨਿਕ ਕੈਂਸਰ ਇਲਾਜ ਸਹੂਲਤਾਂ ਵਾਲਾ 120 ਬਿਸਤਰਿਆਂ ਵਾਲਾ ਹੋਮੀ ਭਾਬਾ ਕੈਂਸਰ ਹਸਪਤਾਲ, ਸੰਗਰੂਰ ਪੂਰੀ ਤਰਾਂ ਕਾਰਜਸ਼ੀਲ ਹੈ ਅਤੇ ਦੱਖਣੀ ਪੰਜਾਬ ਦੇ ਨਾਲ-ਨਾਲ ਰਾਜਸਥਾਨ ਤੇ ਹਰਿਆਣਾ ਦੇ ਨੇੜਲੇ ਇਲਾਕਿਆਂ ਦੇ ਵਾਸੀਆਂ ਨੂੰ ਇਲਾਜ ਸਹੂਲਤਾਂ ਮੁਹੱਈਆ ਕਰ ਰਿਹਾ ਹੈ।
ਮੁੱਖ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਡਾ. ਬੜਵੇ ਨੇ ਅਪੀਲ ਕੀਤੀ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ (ਐਚ.ਬੀ.ਸੀ.ਐਚ.ਆਰ.ਸੀ.), ਮੁੱਲਾਂਪੁਰ ਦੇ ਰਹਿੰਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਾਲ-ਨਾਲ ਸੀਨੀਅਰ ਫੈਕਲਟੀ ਲਈ ਉਦੋਂ ਤੱਕ ਵਾਸਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇ, ਜਦੋਂ ਤੱਕ ਉਨਾਂ ਲਈ ਖ਼ੁਦ ਦਾ ਰਿਹਾਇਸ਼ੀ ਕੰਪਲੈਕਸ ਤਿਆਰ ਨਹੀਂ ਹੋ ਜਾਂਦਾ, ਜਿਸ ਵਿੱਚ ਘੱਟੋ-ਘੱਟ ਦੋ ਤੋਂ ਤਿੰਨ ਸਾਲ ਦਾ ਸਮਾਂ ਲੱਗ ਸਕਦਾ ਹੈ।
ਡਾ. ਬੜਵੇ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਸਾਡੀ ਮੈਨੇਜਮੈਂਟ ਨੇ ਮੁੱਲਾਂਪੁਰ ਹਸਪਤਾਲ ਦੀ ਫੌਰੀ ਸ਼ੁਰੂਆਤ ਦੀ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਦਫ਼ਤਰ ਨੂੰ ਪਹਿਲਾਂ ਹੀ ਅਪੀਲ ਕੀਤੀ ਹੋਈ ਹੈ। ਉਨਾਂ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਛੇਤੀ ਮਨਜ਼ੂਰੀ ਦਾ ਕੇਸ ਅੱਗੇ ਵਧਾਉਣ ਲਈ ਇਹ ਮਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨਾਂ ਕੋਲ ਪਰਮਾਣੂ ਊਰਜਾ ਮੰਤਰਾਲਾ ਵੀ ਹੈ, ਨਾਲ ਉਠਾਇਆ ਜਾਵੇ।
ਡਾ. ਬੜਵੇ ਦੀ ਅਪੀਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਬਿਨਾਂ ਕਿਸੇ ਹੋਰ ਦੇਰੀ ਤੋਂ ਇਹ ਹਸਪਤਾਲ ਮੁਕੰਮਲ ਕਰਨ ਲਈ ਇਹ ਮਸਲਾ ਨਿੱਜੀ ਤੌਰ ਉਤੇ ਸਬੰਧਤ ਅਧਿਕਾਰੀਆਂ ਕੋਲ ਚੁੱਕਣ ਅਤੇ ਹਸਪਤਾਲ ਦੇ ਸਟਾਫ਼ ਲਈ ਲੋੜੀਂਦੀ ਰਿਹਾਇਸ਼ ਦੇ ਪ੍ਰਬੰਧ ਲਈ ਗਮਾਡਾ ਨਾਲ ਤਾਲਮੇਲ ਕਰਨ ਵਾਸਤੇ ਆਪਣੇ ਵਧੀਕ ਮੁੱਖ ਸਕੱਤਰ ਨੂੰ ਕਿਹਾ। ਮੁੱਖ ਮੰਤਰੀ ਨੇ ਵਫ਼ਦ ਨੂੰ ਇਹ ਵੀ ਭਰੋਸਾ ਦਿੱਤਾ ਕਿ ਛੇਤੀ ਮਨਜ਼ੂਰੀ ਲਈ ਉਹ ਇਹ ਮਸਲਾ ਜਲਦੀ ਪ੍ਰਧਾਨ ਮੰਤਰੀ ਕੋਲ ਉਠਾਉਣਗੇ।
ਆਪਣੀ ਸਰਕਾਰ ਦੀ ਦਿ੍ਰੜ ਵਚਨਬੱਧਤਾ ਦੁਹਰਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੁਹੱਲਾ ਕਲੀਨਿਕ ਸਥਾਪਤ ਕਰਨ ਤੋਂ ਇਲਾਵਾ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਮੌਜੂਦਾ ਮੈਡੀਕਲ ਤੇ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਵਰਗੇ ਕਈ ਲੋਕ ਪੱਖੀ ਕਦਮਾਂ ਨਾਲ ਪੰਜਾਬ ਵਾਸੀਆਂ ਨੂੰ ਸਾਰੀਆਂ ਸੰਭਵ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਲਾਮਿਸਾਲ ਕਦਮ ਚੁੱਕੇ ਗਏ ਹਨ।
ਜ਼ਿਕਰਯੋਗ ਹੈ ਕਿ ਪਰਮਾਣੂ ਊਰਜਾ ਮੰਤਰਾਲੇ ਅਧੀਨ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦਾ ਇਹ ਆਧੁਨਿਕ ਕੈਂਸਰ ਕੇਅਰ ਤੇ ਰਿਸਰਚ ਪ੍ਰਾਜੈਕਟ ਮੁੱਲਾਂਪੁਰ ਵਿਖੇ 40,545 ਵਰਗ ਮੀਟਰ ਥਾਂ ਵਿੱਚ 664 ਕਰੋੜ ਰੁਪਏ ਦੀ ਪ੍ਰਵਾਨਤ ਲਾਗਤ ਨਾਲ ਬਣ ਰਿਹਾ ਹੈ, ਜਿਸ ਲਈ 50 ਏਕੜ ਜਗਾ ਪੰਜਾਬ ਸਰਕਾਰ ਨੇ ਮੁਫ਼ਤ ਦਿੱਤੀ ਹੈ।
ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਹੁਸਨ ਲਾਲ ਤੋਂ ਇਲਾਵਾ ਡਾਇਰੈਕਟਰ ਐਚ.ਬੀ.ਸੀ.ਐਚ.ਆਰ.ਸੀ ਮੁੱਲਾਂਪੁਰ ਦੇ ਡਾਇਰੈਕਟਰ ਡਾ. ਡਿਵੀਟੀਆ, ਡਿਪਟੀ ਐਡਮਿਨ ਅਫ਼ਸਰ ਟੀ.ਐਮ.ਸੀ. ਬੀ.ਡੀ ਨਿਗਾਸੁਰ ਅਤੇ ਸਲਾਹਕਾਰ ਟੀ.ਐਮ.ਸੀ. ਨਿਸ਼ੂ ਸਿੰਘ ਗੋਇਲ ਹਾਜ਼ਰ ਸਨ।

Related posts

ਪਿੰਡ ਸੰਜਰਪੁਰ ਵਿੱਚ ਗੁਟਕਾ ਸਾਹਿਬ ਤੇ ਹਿੰਦੂ ਮੱਤ ਦੀਆਂ ਪੁਸਤਕਾਂ ਦੀ ਹੋਈ ਬੇਅਦਬੀ

editor

ਮਾਨ ਨੇ ‘ਆਪ’ ਦੇ 13 ਲੋਕ ਸਭਾ ਉਮੀਦਵਾਰਾਂ ਦੀ ਪੰਜਾਬ ਦੇ ਲੋਕਾਂ ਨਾਲ ਕਰਵਾਈ ਜਾਣ-ਪਛਾਣ , ਕਿਹਾ-ਇਹ ਸੰਸਦ ‘ਚ ਤੁਹਾਡੀ ਆਵਾਜ਼ ਬਣਨਗੇ

editor

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

editor