Articles

ਭਾਰਤੀ ਹਾਕੀ ਦਾ ਵਿਸਾਰਿਆ ਸਰਤਾਜ-ਬਲਬੀਰ ਸਿੰਘ ਦੁਸਾਂਝ ! 

ਲੇਖਕ: ਅਸ਼ੋਕ ਸੋਨੀ, ਹਿੰਦੀ ਟੀਚਰ
ਖੂਈ ਖੇੜਾ, ਫਾਜ਼ਿਲਕਾ

ਆਹ ਕਹਾਣੀ ਏ ਸਦੀ ਦੇ ਇੱਕ ਮਹਾਨਾਇਕ ਦੀ, ਉਹ ਹੀਰੋ ਜਿਸ ਨੂੰ ਲਗਭਗ ਵਿਸਾਰ ਈ ਦਿੱਤਾ ਗਿਆ ਏ। 10 ਅਕਤੂਬਰ 1924 ਨੂੰ ਜਨਮੇ, ਇਸ ਯੋਧੇ ਦੀ ਸਾਰੀ ਕਹਾਣੀ ਜਾਣ ਕੇ, ਜਿੱਥੇ ਤੁਹਾਡਾ ਸਿਰ ਇਸ ਜਰਨੈਲ ਦੇ ਸਨਮਾਨ ਚ ਝੁੱਕ ਜਾਵੇਗਾ।

ਬਰਲਿਨ ਓਲੰਪਿਕ 1936 ਹਾਕੀ ਫਾਈਨਲ , ਮੇਜਰ ਧਿਆਨ ਚੰਦ ਭਾਰਤ ਦੇ ਕਪਤਾਨ ਵੱਲੋਂ ਗੋਲਾਂ ਦੀ ਹੈਟ੍ਰਿਕ ਨਾਲ, ਭਾਰਤ ਜਰਮਨੀ ਨੂੰ 8-1ਦੇ ਫਰਕ ਨਾਲ ਹਰਾ ਕੇ, ਗੋਲਡ ਮੈਡਲ ਜਿੱਤਿਆ, ਆਹ ਖਬਰ ਜਦੋਂ ਜਲੰਧਰ ਜਿਲੇ ਚ ਪਿੰਡ ਹਰਿਪੁਰ ਖਾਲਸਾ ਦੇ ਅਜਾਦੀ ਘੁਲਾਟੀਏ ਦਲੀਪ ਸਿੰਘ ਦੁਸਾਂਝ ਤੇ ਮਾਤਾ ਕਰਮ ਕੌਰ ਦਾ 12 ਸਾਲਾਂ ਦਾ ਜੁਝਾਰੂ ਮੁੰਡਾ, ਜੋ ਆਪਣੇ ਸਕੂਲ ਦੀ ਟੀਮ ਦਾ ਗੋਲਕੀਪਰ ਏ, ਸੁਣਦਾ ਹੈ ਤਾਂ ਉਸੇ ਦਿਨ ਤੋਂ ਈ ਸੈਂਟਰ ਫਾਰਵਰਡ ਖੇਡਣਾ ਸ਼ੁਰੂ ਕਰਕੇ, ਹਾਕੀ ਨੂੰ ਸਮਰਪਿਤ ਹੋ ਜਾਂਦਾ ਏ, ਨਾਮ ਏ ‘ਬਲਬੀਰ ਸਿੰਘ ਦੁਸਾਂਝ’। ਜੀ ਹਾਂ ,ਬਲਬੀਰ ਸਿੰਘ ‘ਸੀਨੀਅਰ’, ਸੀਨੀਅਰ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਇੱਕ ਸਮੇਂ ਭਾਰਤੀ ਹਾਕੀ ਟੀਮ ਚ ਚਾਰ ਬਲਬੀਰ ਸਿੰਘ ਖੇਡ ਰਹੇ ਸਨ ਤਾਂ ਪਛਾਣ ਲਈ ਉਹਨਾਂ ਨੂੰ ਸੀਨੀਅਰ ਕਿਹਾ ਜਾਂਦਾ ਸੀ। 10 ਅਕਤੂਬਰ 1924 ਨੂੰ ਜਨਮ ਲੈਣ ਵਾਲੇ ਇਸ ਮਹਾਨ ਹਾਕੀ ਖਿਲਾੜੀ ਨੂੰ ਤਰਾਸ਼ਣ ਵਾਲਾ, ਕੋਚ ‘ਹਰਬੈਲ ਸਿੰਘ’ ਉਹ ਜੋਹਰੀ ਸੀ ,ਜਿਸਨੇ ਇਸ ਕੋਹਿਨੂਰ ਹੀਰੇ ਦੀ ਪਛਾਣ ਕੀਤੀ ਤੇ ਬਲਬੀਰ ਸਿੰਘ ਦੀ ਦਿਸ਼ਾ ਤੇ ਦਸ਼ਾ ਬਦਲ , ਦੇਸ਼ ਨੂੰ ਦੂਜਾ ਧਿਆਨ ਚੰਦ ਦਿੱਤਾ। ਹਰਬੈਲ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ ਚ, ਹਾਕੀ ਕੋਚ ਸੀ ਜਦਕਿ ਬਲਬੀਰ ਸਿੰਘ ਸਿਖ ਨੈਸ਼ਨਲ ਕਾਲਜ ਲਾਹੌਰ ਪੜ੍ਹਦਾ ਸੀ, ਇਕ ਦਿਨ ਹਰਬੈਲ ਸਿੰਘ ਦੀ ਨਜ਼ਰ ਲਾਹੌਰ ਕਾਲਜ ਚ ਹਾਕੀ ਖੇਡਦੇ ਬਲਬੀਰ ਤੇ ਪੈ ਗਈ, ਹਰਬੈਲ ਸਿੰਘ , ਬਲਬੀਰ ਸਿੰਘ ਦੀ ਖੇਡ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਬਲਬੀਰ ਸਿੰਘ ਨੂੰ, ਖਾਲਸਾ ਕਾਲਜ ਅੰਮ੍ਰਿਤਸਰ ਦਾਖਲ ਹੋਣ ਦਾ ਸੱਦਾ ਕੀਤਾ , ਬਲਬੀਰ ਸਿੰਘ ਨੇ ਔਖੇ-ਸੌਖੇ ਘਰਦਿਆਂ ਨੂੰ ਮਨਾ ਲਿਆ ਤੇ ਆ ਗਿਆ, ਅੰਮ੍ਰਿਤਸਰ।
ਬਲਬੀਰ ਸਿੰਘ ਬਚਪਨ ਤੋਂ ਹੀ ਸਖਤ ਮਿਹਨਤੀ, ਸਿਰੜੀ ਤੇ ਬੁਲੰਦ ਹੌਂਸਲੇ ਦਾ ਮਾਲਕ ਸੀ, ਹਰਬੈਲ ਸਿੰਘ ਵਰਗਾ ਮਹਾਨ ਕੋਚ ਮਿਲਣ ਨਾਲ ਉਸਦੀ ਜਿੰਦਗੀ ਬਦਲ ਗਈ, ਉਹ 1942 ਚ ਪੰਜਾਬ ਯੂਨੀਵਰਸਿਟੀ ਹਾਕੀ ਟੀਮ ਦਾ ਕੈਪਟਨ ਬਣਿਆ ਤੇ ਲਗਾਤਾਰ ਤਿੰਨ ਸਾਲ ਆਲ ਇੰਡੀਆ ਯੂਨੀਵਰਸਿਟੀ ਟਾਈਟਲ ਜਿੱਤਿਆ। ਪੰਜਾਬ ਪੁਲਿਸ ਚ ਲੁਧਿਆਣੇ ਨੌਕਰੀ ਮਿਲ ਗਈ, ਪਰ ਸਾਂਝੇ ਪੰਜਾਬ ਦੀ ਟੀਮ ਚ ਸਿਲੈਕਟ ਹੋ ਜਬਰਦਸਤ ਖੇਡ ਨਾਲ ਸੈਂਟਰ ਫਾਰਵਰਡ ਵਜੋਂ, ਮਸ਼ਹੂਰ ਹੋਣ ਲੱਗ ਗਿਆ, 1946 ਚ ਕਲਕੱਤਾ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਤੇ ਲਾਹੌਰ ਵਿਖੇ ਪੰਜਾਬ ਦੀ ਟੀਮ ਦਾ ਸ਼ਾਨਦਾਰ ਸਨਮਾਨ ਹੋਇਆ ਤੇ ਇਸੇ ਸਾਲ ਬਲਬੀਰ ਸਿੰਘ ਨੇ ਮਾਡਲ ਟਾਊਨ ਲਾਹੌਰ ਦੀ ਸੁਸ਼ੀਲ ਨਾਲ ਵਿਆਹ ਕਰਵਾ ਲਿਆ। ਵੱਡੇ ਸੰਘਰਸ਼ ਤੋਂ ਬਾਅਦ ਦੇਸ਼ ਅਜ਼ਾਦ ਹੋ ਗਿਆ ਪਰ ਇਸ ਦੇ ਨਾਲ ਹੀ ਪੰਜਾਬ ਵੰਡਿਆ ਗਿਆ ਤੇ ਸ਼ੁਰੂ ਹੋ ਗਈ ਅੰਨ੍ਹੀ ਕਤਲੋਗਾਰਤ, ਬਲਬੀਰ ਸਿੰਘ ਵੀ ਸੁਸ਼ੀਲ ਨੂੰ ਲੈ ਕੇ ਲੁਧਿਆਣੇ ਪੁਲਿਸ ਕੁਆਟਰ ਚ ਰਹਿਣ ਲੱਗ ਪਏ।
1948 ਲੰਡਨ ਓਲੰਪਿਕਸ, ਭਾਰਤ ਦੀ ਟੀਮ ਚ ਸਿਲੈਕਟ ਹੋਏ ਬਲਬੀਰ ਸਿੰਘ ਨੂੰ ਪਹਿਲੇ ਮੈਚ ਚ ਮੌਕਾ ਨਾਂ ਮਿਲਿਆ, ਦੂਜਾ ਮੈਚ ਅਰਜਨਟਾਈਨਾ ਖਿਲਾਫ, ਬਲਬੀਰ ਸਿੰਘ ਅੱਜ ਟੀਮ ਚ ਸੀ, ਇਸ ਸੂਰਮੇ ਨੇ ਆਪਣੇ ਪਹਿਲੇ ਮੈਚ ਚ ਈ 6 ਗੋਲ ਕਰਕੇ ਵਰਲਡ ਰਿਕਾਰਡ ਬਣਾਇਆ, ਭਾਰਤ 9-1 ਤੋਂ ਜਿੱਤਿਆ ਪਰ ਅਗਲੇ ਦੋ ਮੈਚਾਂ ਚ ਬਲਬੀਰ ਸਿੰਘ ਨੂੰ ਪਤਾ ਨਹੀਂ ਕਿਉਂ, ਮੌਕਾ ਨਹੀਂ ਮਿਲਿਆ ਤੇ ਉਹ ਬਾਹਰ ਬੈਂਚ ਤੇ ਬੈਠਾ ਰਿਹਾ, ਪਰ ਉਸਦੀ ਗੈਰਹਾਜ਼ਰੀ ਚ ਟੀਮ ਵੀ ਮੁਸ਼ਕਿਲ ਨਾਲ ਈ ਜਿੱਤੀ ਤਾਂ ਫੇਰ ਬਲਬੀਰ ਸਿੰਘ ਨੂੰ ਮੌਕਾ ਦਿੱਤਾ ਗਿਆ, ਪੂਰੀ ਟੀਮ ਦੇ ਸ਼ਾਨਦਾਰ ਖੇਡ ਨਾਲ ਭਾਰਤ ਫਾਈਨਲ ਚ ਆ ਗਿਆ, ਮੁਕਾਬਲਾ ਗ੍ਰੇਟ ਬ੍ਰਿਟੇਨ ਨਾਲ।
ਜਰਾ ਸੋਚੋ, ਜਿਸ ਦੇਸ਼ ਤੋ 100 ਸਾਲ ਬਾਅਦ ਆਜ਼ਾਦੀ ਮਿਲੀ ਸੀ, ਉਸੇ ਇੰਗਲੈਂਡ ਨਾਲ ਅਗਲੇ ਹੀ ਸਾਲ ਇਹ ਮਹਾਮੁਕਾਬਲਾ,  ਪੂਰੇ ਦੇਸ਼ ਦੀਆਂ ਭਾਵਨਾਵਾਂ ਚਰਮ ਤੇ, ਫਾਈਨਲ ਮੈਚ ਸ਼ੁਰੂ , ਬੂੰਦਾਬਾਂਦੀ ਹੋ ਰਹੀ ਸੀ, ਬਲਬੀਰ ਸਿੰਘ ਨੇ ਲਗਾਤਾਰ 2 ਗੋਲ ਕਰਕੇ ਇੰਗਲੈਂਡ ਦੀ ਟੀਮ ਦਾ ਲੱਕ ਤੋੜ ਕੇ ਰੱਖਤਾ,ਪੂਰੀ ਟੀਮ ਦੀ ਬੇਹਤਰੀਨ ਖੇਡ, ਸਮਾਂ ਖਤਮ ਭਾਰਤ 4-0 ਦੇ ਫਰਕ ਨਾਲ ਗੋਲਡ ਮੈਡਲ ਜੇਤੂ, ਸਿਰਫ ਟੀਮ ਹੀ ਨਹੀਂ , ਪੂਰਾ ਦੇਸ਼ ਜੋਸ਼ ਤੇ ਭਾਵੁਕਤਾ ਚ , ਸਾਰਿਆਂ ਦੀਆਂ ਅੱਖਾਂ ਚ ਸਵੈਮਾਣ ਦੇ ਹੰਝੂ, ਜੋਸ਼ ਦਾ ਨਮੂਨਾ ਵੇਖੋ , ਇੰਗਲੈਂਡ ਚ ਭਾਰਤੀ ਉੱਚਾਯੁਕਤ ਕੇ ਮੇਨਨ ਸਾਰੇ ਪ੍ਰੋਟੋਕਾਲ ਤੋੜ ਮੈਦਾਨ ਚ ਜਾ ਕੇ ਭਾਰਤੀ ਟੀਮ ਦੇ ਜੱਫੀ ਪਾ ਕੇ ਰੌਣ ਲੱਗ ਪੈਂਦਾ ਏ, ਪਹਿਲੀ ਵਾਰ ਭਾਰਤ ਦਾ ਤਿਰੰਗਾ ਲਹਿਰਾ ਕੇ ਜਦੋਂ ਸਾਡਾ ਰਾਸ਼ਟਰੀ ਗਾਨ ਲੰਡਨ ਚ ਵਜਾਇਆ ਜਾਂਦਾ ਹੈ ਤਾਂ ਪੂਰੇ ਦੇਸ਼ ਨੂੰ ਇੰਝ ਜਾਪਦਾ ਏ ਕਿ 100 ਸਾਲ ਦੀ ਗੁਲਾਮੀ ਦਾ ਬਦਲਾ ਲੈ ਲਿਆ ਗਿਆ ਏ।
1952 ਹੇਲਸਿੰਕੀ ਓਲੰਪਿਕ ਬਲਬੀਰ ਸਿੰਘ
 ਨੂੰ ਭਾਰਤੀ ਟੀਮ ਦਾ ਉੱਪਕਪਤਾਨ ਬਣਾਇਆ ਗਿਆ , ਭਾਰਤ ਦਾ ਬ੍ਰਿਟੇਨ ਨਾਲ ਸੈਮੀਫਾਈਨਲ ਤੇ ਬਲਬੀਰ ਸਿੰਘ ਨੇ ਗੋਲਾਂ ਦੀ ਹੈਟ੍ਰਿਕ ਠੋਕ ਇੰਗਲੈਂਡ ਨੂੰ ਜਹਾਜ ਚਾੜ ਦਿੱਤਾ , ਨੀਦਰਲੈਂਡ ਨਾਲ ਫਾਈਨਲ ਮੁਕਾਬਲਾ, ਬਲਬੀਰ ਸਿੰਘ ਦੁਸਾਂਝ ਜਬਰਦਸਤ ਰੰਗ ਚ, ਬਲਬੀਰ ਸਿੰਘ ਨੇ ਓਲੰਪਿਕ ਫਾਈਨਲ ਚ 5 ਗੋਲ ਕਰਕੇ ਵਰਲਡ ਰਿਕਾਰਡ ਬਣਾ ਦਿੱਤਾ ਜੋ 70 ਸਾਲ ਬਾਅਦ ਅੱਜ ਵੀ ਕਾਇਮ ਏ, ਭਾਰਤ ਫੇਰ 6-1 ਨਾਲ ਗੋਲਡ ਮੈਡਲ ਜੇਤੂ।
1956 ਮੈਲਬੋਰਨ ਓਲੰਪਿਕ ਬਲਬੀਰ ਸਿੰਘ ਦੁਸਾਂਝ
 ਭਾਰਤੀ ਟੀਮ ਦੇ ਕਪਤਾਨ , ਪਹਿਲਾ ਮੈਚ ਅਫਗਾਨਿਸਤਾਨ ਨਾਲ ਭਾਰਤ 11-1 ਨਾਲ ਜੇਤੂ, ਬਲਬੀਰ ਸਿੰਘ ਨੇ 5 ਗੋਲ ਕੀਤੇ ਪਰ ਬਲਬੀਰ ਸਿੰਘ ਦੀ ਸੱਜੇ ਹੱਥ ਦੀ ਉਂਗਲ ਟੁੱਟ ਜਾਂਦੀ ਏ। ਟੀਮ ਮੈਨੇਜਮੈਂਟ ਦੀ ਮੀਟਿੰਗ ਚ ਇਹ ਫੈਸਲਾ ਲਿਆ ਜਾਂਦਾ ਏ ਕਿ ਇਹ ਗੱਲ ਗੁਪਤ ਰੱਖੀ ਜਾਵੇਗੀ ਤੇ ਬਲਬੀਰ ਸਿੰਘ ਨੂੰ ਸਿਰਫ ਸੈਮੀਫਾਈਨਲ ਤੇ ਫਾਈਨਲ ਚ ਉਤਾਰਿਆ ਜਾਵੇਗਾ, ਅਸਲ ਚ ਬਲਬੀਰ ਸਿੰਘ ਦੇ ਨਾਮ ਤੋਂ ਈ ਦੂਜੀ ਟੀਮ ਦੇ ਹੌਂਸਲੇ ਪਸਤ ਹੋ ਜਾਂਦੇ ਸਨ। ਫਾਈਨਲ ਮੈਚ ਮੁਕਾਬਲਾ ਪਾਕਿਸਤਾਨ ਨਾਲ, ਪਾਕਿਸਤਾਨ ਕੋਲ ਗਵਾਉਣ ਲਈ ਕੁੱਝ ਵੀ ਨਹੀਂ ਪਰ ਭਾਰਤ ਲਈ ਜਿੱਤ ਤੋਂ ਘੱਟ ਕੁਝ ਵੀ ਸ਼ਰਮਨਾਕ ਹੋਣਾ ਸੀ, ਉਂਗਲ ਤੇ ਪਲੱਸਤਰ ਨਾਲ ਇਹ ਸੂਰਮਾ ਦੋ ਟੀਕੇ ਲਵਾ ਮੈਦਾਨ ਚ ਉਤਰਦਾ ਏ ਤੇ ਇਕ ਵਾਰ ਫੇਰ ਭਾਰਤ 1-0 ਨਾਲ ਗੋਲਡ ਮੈਡਲ ਜਿੱਤਣ ਚ ਕਾਮਯਾਬ ਹੋ ਜਾਂਦਾ ਏ। ਭਾਰਤੀ ਕਪਤਾਨ ਬਲਬੀਰ ਸਿੰਘ ਦੁਸਾਂਝ ਨੂੰ ‘ਪਦਮ ਸ਼੍ਰੀ’ ਅਵਾਰਡ ਨਾਲ ਨਿਵਾਜਿਆ ਜਾਂਦਾ ਹੈ, ਉਹ ਪਹਿਲੇ ਖਿਲਾੜੀ ਸਨ ਜਿਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਸੀ।

ਕੋਚ ਤੇ ਮੈਨੇਜਰ ਦੇ ਰੂਪ ਚ ਵੀ ਇਹਨਾਂ ਭਾਰਤੀ ਹਾਕੀ ਦੀ ਬਹੁਤ ਸੇਵਾ ਕੀਤੀ, ਵਰਲਡ ਕੱਪ ਟੀਮ ਲਈ ਬਲਬੀਰ ਸਿੰਘ ਮੁੱਖ ਕੋਚ ਤੇ ਚੋਣਕਰਤਾ ਸਨ, ਉਹਨਾਂ ਟੀਮ ਦੀ ਚੋਣ ਚ ਸਿਰਫ ਖੇਡ ਨੂੰ ਮੁੱਖ ਰੱਖਿਆ, ਨਾਂ ਤਾ ਕਿਸੇ ਦਾ ਖੇਤਰ ਦੇਖਿਆ ਤੇ ਨਾਂ ਧਰਮ, ਜਬਰਦਸਤ ਟੀਮ ਚੁਣੀ ਤੇ ਟ੍ਰੇਨਿੰਗ ਕੈਂਪ ਸ਼ੁਰੂ ਪਰ ਪਹਿਲੇ ਹਫਤੇ ਹੀ ਬਲਬੀਰ ਸਿੰਘ ਦੇ ਪਿਤਾ ਦਾ ਦੇਹਾਂਤ ਪਰ ਇਸ ਦੇਸ਼ਭਗਤ ਯੋਧੇ ਨੇ ਸੰਸਕਾਰ ਤੋਂ ਬਾਅਦ ਦੀਆਂ ਸਾਰੀਆਂ ਰਸਮਾਂ, ਟੀਮ ਨੂੰ ਵਰਲਡ ਕੱਪ ਜਿਤਾਉਣ ਤੋਂ ਬਾਅਦ ਦੇਸ਼ ਵਾਪਸ ਆ ਕੇ ਕੀਤੀਆਂ। ਇਹਨਾਂ ਦੇ ਸਨਮਾਨ ਚ ਡੋਮਿਨਿਕਲ ਰਿਪਬਲਿਕ ਨੇ ਡਾਕ ਟਿਕਟ ਵੀ ਜਾਰੀ ਕੀਤਾ ਸੀ। ਉੱਚਾਈ ਤੇ ਪਹੁੰਚ ਕੇ ਵੀ ਨਿਮਾਣਾ ਬਣ ਕੇ ਰਹਿਣ ਵਾਲੇ ਬਲਬੀਰ ਸਿੰਘ ਦੁਸਾਂਝ ਜੀ ਵਰਗੇ ਅਸਾਧਾਰਨ ਮਹਾਨਾਇਕ ਘੱਟ ਹੀ ਹੁੰਦੇ ਨੇ।
1985 ਚ ਸਾਈ ( ਸਪੋਰਟਸ ਅਥਾਰਟੀ ਆਫ ਇੰਡੀਆ ) ਦੇ ਅਧਿਕਾਰੀਆਂ ਨੇ ਬਲਬੀਰ ਸਿੰਘ ਦੁਸਾਂਝ ਨੂੰ ਕਿਹਾ ਕਿ ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਸਟੇਡੀਅਮ ਚ ਮਿਊਜ਼ੀਅਮ ਆਫ ਸਪੋਰਟਸ ਬਣਾ ਰਹੇ ਹਾਂ, ਜਿਸ ਵਿੱਚ ਤੁਹਾਡੀਆਂ ਇਤਿਹਾਸਕ ਵਸਤਾਂ ਸਾਂਭੀਆਂ ਜਾਣਗੀਆਂ ਤਾਂ ਬਲਬੀਰ ਸਿੰਘ ਦੁਸਾਂਝ ਨੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਤੇ ਪਦਮ ਸ਼੍ਰੀ ਤੋਂ ਬਿਨਾਂ ਸਾਰੇ ਮੈਡਲ ਸਮੇਤ ਏਸ਼ੀਯਾਡ ਗੋਲਡ, 1956 ਓਲੰਪਿਕ ਬਲੈਜਰ, 100 ਤੋਂ ਉਪਰ ਇਤਿਹਾਸਕ ਤਸਵੀਰਾਂ ਆਦਿ ਸਮਾਨ ਖੁਸ਼ੀ-ਖੁਸ਼ੀ ਸੋਂਪ ਦਿੱਤਾ, ਜਿਸ ਨੂੰ ਉਹਨਾਂ ਨੇ, ਪਤਾ ਨਹੀਂ ਕਿਸ ਖੂਹ ਚ ਸੁੱਟ ਦਿੱਤਾ, ਜਾਂ ਕਿਹੜਾ ਜਾਨਵਰ ਚੱਟ ਕਰ ਗਿਆ, ਇਹ ਅੱਜ ਤੱਕ ਪਤਾ ਈ ਨ੍ਹੀਂ ਲੱਗਾ। ਸਾਈ ਦਾ ਸ਼ਰਮਨਾਕ ਕਾਰਾ ਤੇ ਨਲਾਇਕੀ ਕਦੇ ਵੀ ਸਾਡੇ ਸਾਹਮਣੇ ਨਹੀਂ ਆਉਂਦੀ, ਜੇਕਰ 2012 ਚ ਲੰਡਨ ਚ ਵਰਲਡ ਦੇ 16 ਆਈਕੋਨਿਕ ਖਿਲਾੜੀਆਂ ਵਿੱਚ ਬਲਬੀਰ ਸਿੰਘ ਨੂੰ ਨਾਂ ਚੁਣਿਆ ਜਾਂਦਾ ਤੇ ਸਨਮਾਨ ਸਮਾਗਮ ਵਿੱਚ ਆਪਣੇ ਸਾਰੇ ਮੈਡਲ ਤੇ ਓਲੰਪਿਕ ਬਲੈਜਰ ਸਮੇਤ ਆਉਣ ਲਈ ਨਾਂ ਕਿਹਾ ਜਾਂਦਾ । ਜਦੋਂ ਬਲਬੀਰ ਸਿੰਘ ਸੀਨੀਅਰ ਨੇ, ਆਪਣਾ ਸਮਾਨ ਸਾਈ ਤੋਂ ਮੰਗਿਆ ਤਾਂ ਉਹ ਮੁਕਰ ਗਏ, ਉਹਨਾਂ ਕਿਹਾ ਕਿ ਸਾਡੇ ਕੋਲ ਕੋਈ ਸਮਾਨ ਨਹੀਂ ਹੈ ਤੇ ਦਿੱਲੀ ਚ ਇਸ ਤਰਾਂ ਦਾ ਕੋਈ ਵੀ ਮਿਊਜ਼ੀਅਮ ਨਹੀਂ ਹੈ। ਬਲਬੀਰ ਸਿੰਘ ਦੁਸਾਂਝ ਨੂੰ ਵੱਡਾ ਝਟਕਾ ਲੱਗਿਆ।
ਸਾਡੇ ਦੇਸ਼ ਦੇ ਇਹ ਮਹਾਨਾਇਕ ਆਪਣੇ ਇਤਿਹਾਸਕ ਮੈਡਲ ਤੇ ਬਲੈਜਰ (ਜੋ ਰਾਸ਼ਟਰੀ ਧਰੋਹਰ ਵੀ ਸੀ) ਲਈ, ਅਧਿਕਾਰੀਆਂ, ਲੀਡਰਾਂ, ਦਫਤਰਾਂ ਦੇ ਚੱਕਰ ਮਾਰਦੇ ਰਿਹੇ, ਅਦਾਲਤਾਂ ਤੱਕ ਚ ਲੜਦੇ ਰਹੇ , ਪਰ ਮੈਦਾਨ ਚ ਕਦੇ ਨਾਂ ਹਾਰੇ ਬਲਬੀਰ ਸਿੰਘ ਸੀਨੀਅਰ , ਇਸ ਗੰਦੇ ਤੇ ਘਿਨਾਉਣੇ ਸਿਸਟਮ ਨਾਲ ਸੰਘਰਸ਼ ਕਰਦੇ-ਕਰਦੇ ਪਿਛਲੇ ਸਾਲ ਮਈ 2020 ਚ ਜਿੰਦਗੀ ਦੀ ਜੰਗ ਹੀ ਹਾਰ ਗਏ ਪਰ ਨਿਆਂ ਨ੍ਹੀਂ ਮਿਲ ਸਕਿਆ । ਬੇਟੀ ਸ਼ੁਸ਼ਬੀਰ ਕੌਰ ਜੀ ਨੇ ਵੀ ਬੜੀ ਲੰਮੀ ਲੜਾਈ ਲੜੀ ਪਰ ਬੇਸ਼ਰਮ ਸਰਕਾਰਾਂ ਤੇ ਬੇਸ਼ਰਮ ਅਫਸਰਸ਼ਾਹੀ ਕਾਗਜਾਂ ਦਾ ਪੁਲੰਦਾ ਵਧਾ-ਵਧਾ ਕੇ, ਆਪ ਬਚਣ ਚ ਹੀ ਮਸ਼ਰੂਫ ਰਹੀ। ਬਹੁਤ ਸ਼ਰਮਨਾਕ ਹੈ ਕਿ ਇਹ ਸਰਕਾਰਾਂ ਤੇ ਅਫਸਰਸ਼ਾਹੀ,  ਇਸ ਹੀਰੋ ਦੇ ਸਨਮਾਨ ਚਿੰਨ੍ਹ ਹੀ ਨਹੀਂ ਸਾਂਭ ਸਕੀਆਂ।
ਮੇਜਰ ਧਿਆਨ ਚੰਦ ਜੀ, ਬਹੁਤ ਮਹਾਨ ਖਿਲਾੜੀ ਸਨ ,ਉਨਾਂ ਦਾ ਜਿੰਨਾ ਵੀ ਸਨਮਾਨ ਕੀਤਾ ਜਾਏ ਘੱਟ ਏ ਤੇ ਨਾਂ ਹੀ ਮੇਜਰ ਧਿਆਨ ਚੰਦ ਜੀ ਦੀ ਬਲਬੀਰ ਸਿੰਘ ਨਾਲ ਤੁਲਨਾ ਕਰਨੀ ਚਾਹੀਦੀ ਹੈ ਪਰ ਉਨਾਂ ਦੀ ਤਰਾਂ ਹੀ ਬਲਬੀਰ ਸਿੰਘ ਸੀਨੀਅਰ ਜੀ ਨੇ ਵੀ ਦੇਸ਼ ਲਈ, ਤਿੰਨ ਓਲੰਪਿਕ ਖੇਡੇ, ਤਿੰਨੇ ਜਿੱਤੇ, ਅਸਾਧਾਰਨ ਖਿਲਾੜੀ, ਅਸਾਧਾਰਨ ਕਪਤਾਨ, ਅਸਾਧਾਰਨ ਕੋਚ ਤੇ ਅਸਾਧਾਰਨ ਨਿਮਰਤਾ ਵਾਲਾ ਬਹੁਤ ਵੱਡਾ ਆਮ ਆਦਮੀ, ਪਰ ਕੀ ਜਿੰਨੇ ਲੋਕ ਮੇਜਰ ਧਿਆਨ ਚੰਦ ਦੀ ਕਹਾਣੀ ਜਾਣਦੇ ਨੇ, ਉਨੇ ਬਲਬੀਰ ਸਿੰਘ ਦੁਸਾਂਝ ਨੂੰ ਜਾਣਦੇ ਨੇ ?
ਮੈਂਨੂੰ ਉਡੀਕ ਏ ਉਸ ਦਿਨ ਦੀ ਜਦੋਂ ਬਲਬੀਰ ਸਿੰਘ ਦੁਸਾਂਝ ਜੀ ਨੂੰ ਬਣਦਾ ਸਨਮਾਨ ਮਿਲੇਗਾ, ਮੈਂ ਇਹ ਨਹੀਂ ਕਹਿੰਦਾ ਕਿ ਪਦਮ ਸ਼੍ਰੀ ਕੋਈ ਛੋਟਾ ਸਨਮਾਨ ਏ, ਪਰ ਕਿਰਪਾ ਕਰਕੇ ਇੰਟਰਨੈੱਟ ਤੇ ਸਰਚ ਕਰ ਲੈਣਾ, ਕਿਸ-ਕਿਸ ਨੂੰ ਆਹ ਸਨਮਾਨ ਮਿਲ ਚੁੱਕਾ ਏ ਤੇ ਹੁਣ ਹਾਲ ਹੀ ਵਿੱਚ ਕਿਸ ਸ਼ਖਸੀਅਤ ਨੂੰ ਆਹ ਸਨਮਾਨ ਮਿਲਿਆ ਏ!  ਮੈਂ ਆਸ ਕਰਦਾ ਹਾਂ ਕਿ ਉੱਚ ਸਿੰਘਾਸਨ ਤੇ ਬੈਠੇ ਲੋਕਾਂ ਨੂੰ, ਕਦੇ ਤਾਂ ਜਾਗ ਆਵੇਗੀ, ਬਲਬੀਰ ਸਿੰਘ ਦੁਸਾਂਝ ਜੀ ਨੂੰ ਵੀ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਚਾਹੀਦਾ ਏ ਤੇ ਉਨਾਂ ਦੀ ਕਹਾਣੀ ਨੂੰ ਵੀ ਬੱਚਿਆਂ ਦੇ ਪਾਠਕ੍ਰਮ ਚ ਸ਼ਾਮਲ ਕੀਤਾ ਜਾਣਾ ਚਾਹੀਦਾ ਏ  ।
ਆਓ ਬੱਚੇ-ਬੱਚੇ ਤੀਕ ਬਲਬੀਰ ਸਿੰਘ ਜੀ ਦੀ ਕਹਾਣੀ ਪਹੁੰਚਦੀ ਕਰੀਏ, ਤਾਂ ਜੋ ਸਾਡੇ ਨੌਜੁਆਨਾਂ ਦੇ ਸਹੀ ਆਦਰਸ਼ ਸਥਾਪਿਤ ਹੋਣ, ਅਜਿਹੇ ਮਹਾਨ ਲੋਕ ਸਦੀਆਂ ਬਾਅਦ ਪੈਦਾ ਹੁੰਦੇ ਨੇ ਪਰ ਅਗਲੀਆਂ ਸਦੀਆਂ ਤੱਕ ਇਨਾਂ ਦੀ ਮਹਾਨਤਾ ਬਿਆਨ ਕਰਨਾ, ਹਰ ਪੀੜੀ ਦਾ ਨੈਤਿਕ ਫਰਜ਼ ਏ। ਸਾਰਾ ਦੇਸ਼ ਅੱਜ ਤੁਹਾਨੂੰ ਦਿੱਲੋਂ ਸਲਾਮ ਕਰਦਾ ਹੈ, ਬਲਬੀਰ ਸਿੰਘ ਦੁਸਾਂਝ ਜੀ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin