Articles Health & Fitness

ਮਨੁੱਖੀ ਜੀਵਨ ਨੂੰ ਜਕੜ ਰਿਹਾ ਮਾਨਸਿਕ ਤਣਾਅ !

ਲੇਖਕ: ਪ੍ਰੋ. ਗੁਰਵੀਰ ਸਿੰਘ ਸਰੌਦ, ਮਲੇਰਕੋਟਲਾ

ਮਨੁੱਖ ਮੁੱਢ ਕਦੀਮ ਤੋਂ ਆਪਣੀ ਜੀਵਨਸ਼ੈਲੀ ਨੂੰ ਸੁਖਾਂਤ ਬਣਾਉਣ ਹਿੱਤ ਯਤਨਸ਼ੀਲ ਰਿਹਾ ਹੈ। ਇੱਕੀਵੀਂ ਸਦੀ ਤੱਕ ਪਹੁੰਚਣ ਲਈ ਬੜਾ ਲੰਮਾ ਪੈਂਡਾ ਤੈਅ ਕੀਤਾ ਹੈ। ਅੱਜ ਮਨੁੱਖ ਆਪਣੀਆਂ ਮੁੱਢਲੀਆਂ ਲੋੜਾਂ ਤੋਂ ਲੈ ਕੇ ਅਨੇਕਾਂ ਹੀ ਆਰਾਮਦਾਇਕ ਸਹੂਲਤਾਂ ਪੂਰੀਆਂ ਕਰਨ ਦੇ ਬਾਵਜੂਦ ਯਤਨਸ਼ੀਲ ਹੈ। ਇਸ ਜੱਦੋ ਜਹਿਦ ਕਾਰਨ ਮਨੁੱਖ ਦੀ ਸੁਖਦਾਇਕ ਜੀਵਨ ਸ਼ੈਲੀ ਮਾਨਸਿਕ ਤਣਾਅ ਕਾਰਨ ਪ੍ਰਭਾਵਿਤ ਹੋਈ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਾਨਸਿਕ ਤਣਾਅ ਨੇ ਮਨੁੱਖੀ ਜੀਵਨ ਦੁਆਲੇ ਘੇਰਾ ਪਾ ਰੱਖਿਆ ਹੈ। ਤਣਾਅ ਇੱਕ ਅਜਿਹਾ ਅਹਿਸਾਸ ਜਾਂ ਸਰੀਰਕ ਪ੍ਰੇਸ਼ਾਨੀ ਹੈ। ਜਿਸ ਵਿੱਚ ਮਨੁੱਖ ਸੁਖਾਵਾਂ ਮਹਿਸੂਸ ਨਹੀਂ ਕਰਦਾ, ਕੋਈ ਵੀ ਕੰਮ ਵਸਤੂ ਜਾਂ ਸੋਚ ਜਿਹੜੀ ਸਾਨੂੰ ਮਾਨਸਿਕ ਪਰੇਸ਼ਾਨੀ, ਗੁੱਸਾ ਜਾਂ ਘਬਰਾਹਟ ਦੀ ਹਾਲਤ ਵਿੱਚ ਲੈ ਜਾਵੇ ਤਣਾਅ ਕਹਾਉਂਦੀ ਹੈ ।

ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ ਨੇ ਦੇਸ਼ ਦੇ 12 ਸੂਬਿਆਂ ਵਿੱਚ ਮਾਨਸਿਕ ਸਿਹਤ ਤੇ ਕੀਤੇ ਸਰਵੇਖਣ ਵਿੱਚ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ  ਦੇਸ਼ ਦੀ ਆਬਾਦੀ ਦਾ 2.7 ਫ਼ੀਸਦੀ ਹਿੱਸਾ ਤਣਾਅ (ਡਿਪ੍ਰੈਸ਼ਨ) ਵਰਗੇ ਕਾਮਨ ਮੈਂਟਲ ਡਿਸਆਰਡਰ ਦਾ ਸ਼ਿਕਾਰ ਹੈ। ਜਦੋਂ ਕਿ 5.2 ਫ਼ੀਸਦੀ ਆਬਾਦੀ ਕਿਸੇ ਨਾ ਕਿਸੇ ਸਮੇਂ ਇਸ ਸਮੱਸਿਆ ਨਾਲ ਜੂਝ ਚੁੱਕੀ ਹੈ। ਭਾਵ ਭਾਰਤ ਦੇ 15 ਕਰੋੜ ਲੋਕਾਂ ਨੂੰ ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਕਾਰਨ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੈ।

ਇਸ ਦਾ ਪ੍ਰਮੁੱਖ ਕਾਰਨ ਭਾਰਤ ਵਿੱਚ  ਵੱਡੇ ਪੱਧਰ ਤੇ ਤਬਦੀਲੀਆਂ ਹੋ ਰਹੀਆਂ ਹਨ, ਸ਼ਹਿਰ ਫੈਲ ਰਹੇ ਹਨ, ਆਧੁਨਿਕ ਸਹੂਲਤਾਂ ਵੱਧ ਰਹੀਆਂ ਹਨ, ਲੋਕ ਵੱਡੀ ਗਿਣਤੀ ਵਿਚ ਆਪਣੇ ਪਿੰਡਾਂ ਤੇ ਸ਼ਹਿਰਾਂ ਨੂੰ ਛੱਡ ਨਵੇਂ ਸ਼ਹਿਰਾਂ ਵਿੱਚ ਵੱਸ ਰਹੇ ਹਨ।  ਇਸ ਸਭ ਦਾ ਅਸਰ ਲੋਕਾਂ ਦੇ ਦਿਲ ਦਿਮਾਗ ਨੂੰ ਪ੍ਰਭਾਵਿਤਕਰ ਰਿਹਾ ਹੈ ਰਿਹਾ ਹੈ। ਜਿਸ ਕਾਰਨ ਤਣਾਅ ਵਰਗੀਆਂ ਮੁਸ਼ਕਲਾਂ ਵੱਧ ਰਹੀਆਂ ਹਨ।

ਵਰਲਡ ਹੈਲਥ ਆਰਗਨਾਈਜੇਸ਼ਨ (W.H.O) ਅਨੁਸਾਰ ਦੁਨੀਆਂ ਭਰ ਵਿੱਚ 10 ਫ਼ੀਸਦੀ  ਗਰਭਵਤੀ ਔਰਤਾਂ ਤੇ 13 ਫ਼ੀਸਦੀ ਔਰਤਾਂ ਜਣੇਪੇ ਤੋਂ ਬਾਅਦ ਡਿਪਰੈਸ਼ਨ ਵਿੱਚ ਆਈਆਂ ਹਨ।  ਉੱਥੇ ਹੀ ਵਿਕਾਸਸ਼ੀਲ ਦੇਸ਼ਾਂ ਵਿੱਚ ਅੰਕੜੇ ਇਸ ਤੋਂ ਉੱਪਰ ਹਨ। ਜਿਸ ਵਿੱਚ 15.6 ਫ਼ੀਸਦੀ ਗਰਭਪਤੀ 19.8 ਫ਼ੀਸਦੀ ਔਰਤਾਂ ਡਿਲੀਵਰੀ ਤੋਂ ਬਾਅਦ ਤਣਾਅ ਵਿਚੋਂ ਲੰਘ ਚੁੱਕੀਆਂ ਹਨ।  ਬੱਚੇ ਵੀ ਤਣਾਅ ਦਾ ਸ਼ਿਕਾਰ ਹੋ ਰਹੇ  ਹਨ। ਭਾਰਤ ਵਿੱਚ 0.3 ਤੋਂ 1.2 ਫ਼ੀਸਦੀ ਬੱਚੇ ਤਣਾਅ ਵਿਚ ਹਨ। ਜੇਕਰ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲੀ ਤਾਂ ਸਿਹਤ ਤੇ ਮਾਨਸਿਕ ਸਿਹਤ ਤਣਾਅ ਦੀਆਂ ਹੋਰ  ਪੇਚੀਦਗੀਆਂ ਵੀ ਵੱਧ ਸਕਦੀਆਂ ਹਨ।

ਜਰਨਲ ਆਫ਼ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਅਧਿਐਨ ਅਨੁਸਾਰ ਸਰੀਰਕ ਨਾਲੋਂ ਘੱਟ ਤੰਦਰੁਸਤ ਦਿਲ ਵਾਲੇ ਲੋਕਾਂ ਵਿੱਚ  ਅਟੈਕ, ਸਟ੍ਰੋਕ ਜਾਂ ਕਾਰਡੀਓਵੈਸਕੁਲਰ ਬਿਮਾਰੀਆਂ ਲਈ ਮਾਨਸਿਕ ਤਣਾਅ ਵਧੇਰੇ ਜ਼ਿੰਮੇਵਾਰ ਹੁੰਦਾ ਹੈ ।

ਅੱਜ ਸਮਾਜ ਵਿੱਚ ਵਿਚਰਦਿਆਂ ਮਹਿਸੂਸ ਹੋ ਰਿਹਾ ਹੈ ਕਿ ਸ਼ਾਇਦ ਹੀ ਕੋਈ ਮਨੁੱਖ ਮਾਨਸਿਕ ਤਣਾਅ ਤੋਂ ਬਚਿਆ ਹੋਵੇ। ਜੇਕਰ ਮਾਨਸਿਕ ਤਣਾਅ ਦੇ ਮੁੱਖ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਕਾਰਨ ਸਾਡੀ ਜੀਵਨ ਸ਼ੈਲੀ ਤੇ ਆਧਾਰਿਤ  ਕਰਦਾ ਹੈ। ਅਸੀਂ ਕਿਹੋ ਜਿਹੇ ਵਾਤਾਵਰਨ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਾਂ। ਕਿਉਂਕਿ ਜਿਹੋ ਜਿਹਾ ਅਸੀਂ ਦੇਖਦੇ ਹਾਂ, ਉਸੇ ਤਰ੍ਹਾਂ ਹੌਲੀ ਹੌਲੀ ਮਹਿਸੂਸ ਕਰਨ ਲੱਗ ਜਾਂਦੇ ਹਾਂ। ਸਮਾਜ ਵਿੱਚ ਹਰੇਕ ਪਰਿਵਾਰ ਕਿਸੇ ਨਾ ਕਿਸੇ ਤਣਾਅ ਜਾਂ ਪ੍ਰੇਸ਼ਾਨੀ ਵਿੱਚ ਘਿਰਿਆ ਹੋਇਆ ਹੈ।

ਆਧੁਨਿਕਤਾ ਨਾਲ ਸਾਡੀ ਜੀਵਨ ਸ਼ੈਲੀ ਵਿੱਚ ਹੈਰਾਨੀਜਨਕ ਬਦਲਾਅ ਆਇਆ ਹੈ। ਜ਼ਿਆਦਾ ਸਹੂਲਤਾਂ ਦੀ ਦੌੜ ਵਿੱਚ ਵਰਤਮਾਨ ਜੀਵਨ ਡਾਵਾਂਡੋਲ ਹੋ ਰਿਹਾ ਹੈ, ਲਾਲਸਾਵਾਂ ਦੀ ਦੌੜ ਵਿੱਚ ਅਸੀਂ ਜਾਣੇ-ਅਣਜਾਣੇ ਤਣਾਅ ਦਾ ਸ਼ਿਕਾਰ ਹੋ ਰਹੇ ਹਾਂ। ਕਿਉਂਕਿ ਜਦੋਂ ਸਹੂਲਤਾਂ ਵਿੱਚ ਵਾਧਾ ਹੋਵੇਗਾ ਤਾਂ ਆਮਦਨ ਵਿੱਚ ਵੀ ਵਾਧਾ ਕਰਨਾ ਲਾਜ਼ਮੀ ਹੋਵੇਗਾ। ਆਮਦਨ ਦੀ ਪੂਰਤੀ ਲਈ ਆਪਣੀ ਕੰਮ ਕਰਨ ਦੀ ਸੀਮਾ ਵੀ ਵਧਾਉਣੀ  ਹੋਵੇਗੀ।  ਜ਼ਾਹਿਰ ਹੈ।  ਕਿ ਪਰਿਵਾਰਕ ਸੰਬੰਧ ਤੇ ਪ੍ਰਭਾਵ ਪਵੇਗਾ, ਜਿਸ ਨਾਲ ਤਣਾਅ ਪੈਦਾ ਹੋਣਾ ਸੁਭਾਵਿਕ ਹੈ ।

ਸੋਸ਼ਲ ਮੀਡੀਆ ਨੇ ਮਨੁੱਖੀ ਜੀਵਨ ਸ਼ੈਲੀ ਨੂੰ ਬਦਲਿਆ ਹੈ ਜਿਸ ਨਾਲ ਦੂਰ ਦੁਰਾਡੇ ਬੈਠੇ ਰਿਸ਼ਤੇਦਾਰ,ਦੋਸਤ ਮਿੱਤਰ ਮੁੱਠੀ ਵਿੱਚ ਹੋ ਗਏ ਹਨ। ਉਨ੍ਹਾਂ ਨਾਲ ਸਬੰਧ ਵੀ ਸੁਖਾਵੇਂ ਬਣ ਗਏ ਹਨ। ਪਰ ਇਹ ਸਿੱਕੇ ਦਾ ਇੱਕ ਪਾਸਾ ਹੈ..? ਦੂਜੇ ਪਾਸੇ ਸੋਸ਼ਲ ਮੀਡੀਆ ਨੇ ਪਤੀ ਪਤਨੀ ਦੇ ਸੰਬੰਧ ਵਿਚ ਦੀਵਾਰ ਵਾਲਾ ਰੋਲ ਅਦਾ ਕੀਤਾ ਹੈ ! ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਵਿਅਕਤੀ ਕੁਝ ਸਮਾਂ ਵਿਹਲਾ ਹੁੰਦਾ ਹੈ ਤਾਂ ਉਸ ਕੋਲ ਸਭ ਤੋਂ ਪਹਿਲੀ ਪਸੰਦ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਹੁੰਦਾ ਹੈ।  ਪੁਰਾਣੇ ਸਮੇਂ ਵਿੱਚ ਵਿਹਲਾ ਸਮਾਂ ਪਰਿਵਾਰ ਨਾਲ ਗੱਲਬਾਤ ਕੀਤੀ ਜਾਂਦੀ ਸੀ। ਜਿਸ ਨਾਲ ਕਿਸੇ ਪ੍ਰਕਾਰ ਦਾ ਤਣਾਅ ਆਪਸੀ ਗੱਲਬਾਤ ਨਾਲ ਦੂਰ ਹੋ ਜਾਂਦਾ ਸੀ, ਹੁਣ ਤਾਂ ਇੱਕ ਕਮਰੇ ਵਿੱਚ ਵੀ ਪਤੀ ਪਤਨੀ ਆਪਣੇ ਸੋਸ਼ਲ ਮੀਡੀਆ ਤੇ  ਵਿਹਲਾ ਸਮਾਂ ਬਤੀਤ ਕਰਨਾ ਜ਼ਿਆਦਾ ਪਸੰਦ ਕਰਦੇ ਹਨ।

ਸਮਾਜ ਜਿਨ੍ਹਾਂ ਆਦਤਾਂ ਦੀ ਸਾਨੂੰ ਇਜਾਜ਼ਤ ਨਹੀਂ ਦਿੰਦਾ ਜਾਣੇ-ਅਣਜਾਣੇ ਵਿਚ ਅਸੀਂ ਉਨ੍ਹਾਂ ਆਦਤਾਂ ਦੇ ਕਈ ਵਾਰ  ਸ਼ਿਕਾਰ ਹੋ ਜਾਂਦੇ ਹਾਂ। ਨਸ਼ਾ, ਜੂਆ,ਚੋਰੀ ਆਦਿ ਅਜਿਹੀਆਂ ਅਲਾਮਤਾਂ ਹਨ। ਜੋ ਮਨੁੱਖੀ ਦਿਮਾਗ ਨੂੰ ਸੋਚਣ ਤੋਂ ਦੂਰ ਕਰ ਦਿੰਦੀਆਂ ਹਨ। ਜਿਸ ਨਾਲ ਵਿਅਕਤੀ ਖ਼ੁਦ ਮੌਤ ਜਾਂ ਵੱਡੀ ਸਜ਼ਾ ਦਾ ਹੱਕਦਾਰ ਬਣ ਜਾਂਦਾ ਹੈ, ਨਾਲ ਹੀ ਪਰਿਵਾਰ ਨੂੰ ਵੀ ਬਹੁਤ ਵੱਡੇ ਦੁੱਖ ਜਾਂ ਸਮੱਸਿਆ ਵੱਲ ਧੱਕ ਦਿੰਦਾ ਹੈ। ਕੁਝ ਸਮਾਂ ਬੀਤ ਜਾਣ ਤੋਂ ਬਾਅਦ ਮਹਿਸੂਸ ਜ਼ਰੂਰ ਹੁੰਦਾ ਹੈ ਪਰ ਸਮਾਂ ਬੀਤ ਜਾਣ ਤੋਂ ਬਾਅਦ ਤਾਂ ਪਛਤਵਾ ਤੇ ਤਣਾਅ ਹੀ ਪ੍ਰਾਪਤ ਹੁੰਦਾ ਹੈ।

ਭਾਵੇਂ ਅੱਜ ਪੂਰਾ ਵਿਸ਼ਵ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਪਰ ਵਿਕਾਸਸ਼ੀਲ ਦੇਸ਼ਾਂ ਲਈ ਤਾਂ ਇਹ ਸਮੱਸਿਆ ਲੱਕ ਤੋੜਨ ਵਾਲੀ ਹੈ। ਇਸ ਤੋਂ ਵੱਡੀ ਗੱਲ ਜਦੋਂ ਨੌਜਵਾਨ ਵਰਗ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ  ਹੋਵੇ ਤਾਂ ਅਜਿਹੇ ਸਮੇਂ ਵਿੱਚ ਸੋਚਵਾਨ ਵਿਅਕਤੀ ਮਾਨਸਿਕ ਤਣਾਅ ਤੋਂ ਕਿਸ ਤਰ੍ਹਾਂ ਬਚ ਸਕਦੇ ਹਨ..?

ਇਕ ਸਮਾਂ ਸੀ!  ਜਦੋਂ ਲੋਕ  ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਸਨ। ਕੋਈ ਦੁੱਖ ਸੁੱਖ ਦੀ ਘੜੀ ਆਉਂਦੀ ਸੀ ਤਾਂ ਆਪਸ ਵਿੱਚ ਮਿਲ ਕੇ ਵੰਡ ਲੈਂਦੇ ਸਨ। ਕਹਿੰਦੇ ਹਨ ਕਿ ਦੁੱਖ ਵੰਡਿਆਂ ਘੱਟ ਜਾਂਦਾ ਹੈ । ਅਫ਼ਸੋਸ ਅੱਜ ਅਸੀਂ ਇਕੱਲੇ ਪਰਿਵਾਰ ਨੂੰ ਤਰਜੀਹ ਦੇਣ ਲੱਗ ਪਏ ਹਾਂ, ਜਿਸ ਨਾਲ ਸ਼ੁਰੂ ਸ਼ੁਰੂ ਵਿੱਚ ਤਾਂ ਚੰਗਾ ਮਹਿਸੂਸ ਕਰਦੇ ਹਾਂ।  ਪਰ ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਇਕੱਲਾਪਣ ਮਹਿਸੂਸ ਕਰਦੇ ਹਾਂ। ਜੇਕਰ ਅਸੀਂ ਅੱਜ ਵੀ ਸਾਂਝੇ ਪਰਿਵਾਰ ਨੂੰ ਤਰਜੀਹ ਦਈਏ ਤਾਂ ਸੰਭਵ ਹੈ ਕਿ ਤਣਾਅ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ।

ਵਿਸ਼ਵੀਕਰਨ ਦੇ ਦੌਰ ਵਿੱਚ ਇੱਕ ਪਾਸੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੜ੍ਹਾਈਆਂ, ਖਾਣ ਪਾਣ ਤੇ ਰਹਿਣ ਸਹਿਣ ਦਾ ਸਲੀਕਾ ਸਿਖਾ ਰਹੇ ਹਾਂ ਦੂਜੇ ਪਾਸੇ ਜਦੋਂ ਸਾਡੇ ਬੱਚੇ ਅੰਤਰਰਾਸ਼ਟਰੀ ਪ੍ਰਭਾਵ ਅਧੀਨ ਆਪਣੀ ਸ਼ਖ਼ਸੀਅਤ ਵਿੱਚ ਬਦਲਾਅ  ਲੈ ਕੇ ਆਉਂਦੇ ਹਨ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ।  ਫਿਰ ਔਲਾਦ ਨਾਲ ਟਕਰਾਅ ਪੈਦਾ ਹੁੰਦਾ ਹੈ। ਮਾਤਾ ਪਿਤਾ ਤੇ ਬੱਚੇ ਤਣਾਅਗ੍ਰਸਤ ਹੁੰਦੇ ਹਨ ।   ਤਣਾਅ ਕੋਈ ਸਾਨੂੰ ਕੁਦਰਤ ਦੀ ਦੇਣ ਨਹੀਂ ਬਲਕਿ ਅਸੀਂ ਆਪਣੀ ਗਲਤ ਜੀਵਨਸ਼ੈਲੀ, ਲੋੜ ਤੋਂ ਜ਼ਿਆਦਾ ਲਾਲਸਾਵਾਂ, ਨਸ਼ਾ, ਚੋਰੀ ਵਰਗੀਆਂ ਬੁਰੀਆਂ ਆਦਤਾਂ, ਉੱਚੇ ਪੱਧਰ ਦਾ ਰਹਿਣ ਸਹਿਣ ਦੇ ਸੁਪਨੇ ਕਾਰਨ ਹੀ ਗ੍ਰਹਿਣ  ਕੀਤਾ ਹੈ। ਪਰ ਕਈ ਵਾਰ ਕੁਦਰਤੀ ਕਰੋਪੀਆਂ, ਨਾਮੁਰਾਦ ਬੀਮਾਰੀਆਂ ਵੀ ਤਣਾਅ ਦਾ ਕਾਰਨ ਬਣ ਜਾਂਦੀਆਂ ਹਨ।

ਸੰਭਾਵੀ ਹੱਲ: ਜੇਕਰ ਸੱਚਮੁੱਚ ਅਸੀਂ ਆਪਣੇ ਤਣਾਅ ਨੂੰ ਘਟਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੀ ਜੀਵਨਸ਼ੈਲੀ ਬਦਲਣੀ ਹੋਵੇਗੀ ਕਿਉਂਕਿ ਜਿਹੋ ਜਿਹਾ ਅਸੀਂ ਦੇਖਦੇ ਹਾਂ,ਖਾਂਦੇ ਹਾਂ, ਪੀਂਦੇ ਹਾਂ ਉਸ ਦਾ ਪ੍ਰਭਾਵ ਸਿੱਧਾ ਤੌਰ ਤੇ ਸਾਡੇ ਸਰੀਰ ਤੇ ਪੈਂਦਾ ਹੈ। ਚੰਗੀਆਂ ਕਿਤਾਬਾਂ ਨਾਲ ਦੋਸਤੀ ਵੀ ਸਾਡੇ ਮਾਨਸਿਕ ਤਣਾਅ ਨੂੰ ਘਟਾਉਣ ਵਿੱਚ ਸਹਾਈ ਸਾਬਤ ਹੋ ਸਕਦੀ ਹੈ। ਜਦੋਂ ਅਸੀਂ ਸਾਕਾਰਤਾਮਿਕ, ਪ੍ਰੇਰਨਾਦਾਇਕ ਕਿਤਾਬਾਂ ਪਡ਼੍ਹਾਂਗੇ ਤਾਂ ਸਾਡੇ ਮਨ ਵਿੱਚ ਵਿਚਾਰ ਵੀ ਸਾਕਾਰਤਮਕ ਪੈਦਾ ਹੋਣਗੇ। ਮੋਬਾਇਲ ਫੋਨ ਦੀ ਲੋੜ ਅਨੁਸਾਰ ਵਰਤੋਂ ਨਾਲ ਵੀ ਅਸੀਂ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਾਂ।ਜਿਹੜਾ ਵਿਹਲਾ ਸਮਾਂ ਅਸੀਂ ਸੋਸ਼ਲ ਸਾਈਟਾਂ ਤੇ ਬਤੀਤ ਕਰਦੇ ਹਾਂ, ਉਹ ਸਮਾਂ ਅਸੀਂ ਆਪਣੇ ਪਰਿਵਾਰ,ਦੋਸਤ- ਮਿੱਤਰ, ਬੱਚਿਆਂ ਨਾਲ ਬਤੀਤ ਕਰੀਏ। ਜਿਸ ਨਾਲ ਆਪਸੀ ਭਾਈਚਾਰਕ ਸਾਂਝ ਵੀ ਪੈਦਾ ਹੋਵੇਗੀ। ਧਾਰਮਿਕ ਆਸਥਾ ਵੀ ਸਾਡੇ ਨਾਕਾਰਤਮਕ ਵਿਚਾਰਾਂ ਨੂੰ ਖ਼ਤਮ ਕਰਨ ਵਿੱਚ ਸਹਾਈ ਸਿੱਧ ਹੁੰਦੀ ਹੈ। ਆਪਣੇ ਜੀਵਨ ਨੂੰ ਲੋੜਾਂ ਦੀ ਪੂਰਤੀ ਤਕ ਸੀਮਤ ਰੱਖਣ ਦੀ ਕੋਸ਼ਿਸ਼ ਕਰੀਏ ਨਾ ਕਿ ਮਨੁੱਖੀ ਸਹੂਲਤਾਂ (ਲਾਲਸਾਵਾਂ) ਤੱਕ।  ਆਪਣੇ ਬੱਚਿਆਂ ਨੂੰ ਲੋੜ ਤੋਂ ਵਧੇਰੇ ਸਹੂਲਤਾਂ ਦੇਣ ਤੋਂ ਵੀ ਗੁਰੇਜ਼ ਕੀਤਾ ਜਾਵੇ ਤਾਂ ਔਲਾਦ ਕੋਈ ਬੁਰੀਆਂ ਆਦਤਾਂ ਨਾ ਗ੍ਰਹਿਣ ਕਰੇ ਜੋ ਬਾਅਦ ਵਿੱਚ ਮਾਪਿਆਂ ਲਈ ਤਣਾਅ ਦਾ ਕਾਰਨ ਬਣੇ।  ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ । ਕਿਉਂਕਿ ਜਦੋਂ ਨੌਜਵਾਨ ਵਰਗ ਯੋਗ ਵਿੱਦਿਆ ਹਾਸਿਲ ਕਰਨ ਤੋਂ ਬਾਅਦ ਬੇਰੁਜ਼ਗਾਰ ਹੁੰਦਾ ਹੈ ਤਾਂ ਸੁਭਾਵਿਕ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਜਾਂਦਾ ਹੈ।

ਸੋ ਲੋੜ ਹੈ ਸਮਾਜ ਨੂੰ ਮਾਨਸਿਕ ਤਣਾਅ ਦੇ ਗਲਬੇ ਤੋਂ ਬਾਹਰ ਕੱਢਣ ਦੀ। ਸਭ ਤੋਂ ਵੱਡੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰਬੋਤਮ ਬਾਣੀ “ਜਪੁਜੀ” ਸਾਹਿਬ ਦੀ 27ਵੀਂ ਪੌੜੀ ਦੀ ਇੱਕ ਤੁਕ ਬਿਆਨ ਕਰਦੀ ਹੈ:- ” ਮਨਿ  ਜੀਤੈ, ਜਗੁ ਜੀਤੁ”  “ਭਾਵ ਆਪਣੇ ਮਨ ਨੂੰ ਜਿੱਤਣ ਨਾਲ ਮਨੁੱਖੀ ਸਾਰੀ ਦੁਨੀਆਂ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ” ।

ਜੇਕਰ ਸੱਚਮੁੱਚ ਅਸੀਂ ਇਸ ਤੁਕ ਦੇ ਭਾਵ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੁੂ ਕਰ ਲਈਏ ਤਾਂ ਦੁਨਿਆਵੀ ਪਰੇਸ਼ਾਨੀਆਂ ਤੋਂ  ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।

 

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin