Articles

‘ਮੈਂ’ ਨੂੰ ਮਾਰਕੇ ਹੀ ਬੁਲੰਦੀ ਵਾਲੀ ਹਰ ਚੋਟੀ ਸਰ ਕੀਤੀ ਜਾ ਸਕਦੀ ਹੈ !

ਲੇਖਕ: ਮਨਮੋਹਨ ਸਿੰਘ ਖੇਲਾ, ਸਿਡਨੀ

ਮੁੱਢ ਕਦੀਮ ਅਥਵਾ ਪੱਥਰ ਯੁਗ ਤੋਂ ਪਹਿਲੋਂ ਬਾਬਾ ਆਦਮ ਦੇ ਵੇਲੇ ਤੋਂ ਹੀ ਜਦੋਂ ਤੋਂ ਇਹ ਦੁਨੀਆਂ ਹੌਂਦ ‘ਚ ਆਈ ਹੈ ਉਸ ਵੇਲੇ ਤੋਂ ਹੀ ਇਨਸਾਨ ‘ਚ ਇੱਕ ਅਜੀਬ ਤਰ੍ਹਾਂ ਦੀ ਪ੍ਰਵਿਰਤੀ ਰਹੀ ਹੈ।ਉਦੋਂ ਤੋਂ ਹੀ ਇਸ ਪ੍ਰਵਿਰਤੀ ਅਨੁਸਾਰ ਸੰਸਾਰ ‘ਚ ਪੈਦਾ ਹੋਏ ਹਰ ਇੱਕ ਇਨਸਾਨ ‘ਚ ਆਪਣੇ ਆਪ ਨੂੰ ਬਾਕੀਆਂ ਤੋਂ ਵਖਰਾਪਨ ਸ਼ੋਅ-ਅਪ ਕਰਨ ਦੀ ਹੋੜ ਲੱਗੀ ਹੋਈ ਹੈ।ਉਨ੍ਹਾਂ ਨੂੰ ਆਪਣੇ ਆਪ ‘ਚ ਲਗਦਾ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਹੀ ਸੱਭ ਤੋਂ ਵੱਧੀਆ ਸੋਹਣਾ-ਸੁਨੱਖਾ ਅਕਲਵੰਦ ਸਹਿਤਵੰਦ ਅਤੇ ਛੈਲਸ਼ਬੀਲਾ ਬਣਾਇਆ ਹੈ।ਉਨ੍ਹਾਂ ਨੂੰ ਲਗਦਾ ਹੈ ਕਿ ਇਸ ਦੁਨੀਆਂ ‘ਚ ਬਾਕੀ ਵਸਦੇ ਲੋਕੀਂ ਸੱਭ ਮੂਰਖ ਅਤੇ ਬੁੱਧੂ ਹਨ।ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਅਸੀਂ ਸਾਰੇ ਜਣੇ ਰਲ਼ਮਿਲ਼ ਕੇ ਆਪਣੇ ਪੁਰਾਣੇ ਵਡਾਰੂਆਂ ਅਥਵਾ ਬੁੱਧੀਜੀਵੀ ਸਿਆਣਿਆਂ ਦੀ ਕਹਾਵਤ, “ਆਪਣੀ ਅਕਲ ‘ਤੇ ਪਰਾਇਆ ਧੰਨ ਹਰ ਕਿਸੇ ਨੂੰ ਬਹੁਤਾ-ਬਹੁਤਾ ਹੀ ਨਜ਼ਰ ਆਉਂਦਾ ਹੈ” ਨੂੰ ਸੱਚ ਕਰਨ ਦੀ ਠਾਣੀ ਬੈਠੇ ਹਾਂ।ਅੱਜ ਤੋਂ ਚਾਲੀ ਕੁ ਸਾਲ ਪਹਿਲੋਂ ਦੇ ਸਮੇਂ ਨਾਲੋਂ ਵਰਤਮਾਨ ਸਮੇਂ ਵਿਚ ਇਹ ਰੂਚੀ ਪਹਿਲਾਂ ਨਾਲੋਂ ਬਹੁਤ ਭਾਰੂ ਹੋ ਗਈ ਹੈ।ਪਹਿਲੇ ਸਮਿਆਂ ‘ਚ ਜਾਬਤੇ ‘ਚ ਰਹਿ ਕੇ ਵੱਡੀ ਉਮਰ ਦੇ ਬਜੁਰਗਾਂ ਅਤੇ ਸਮਾਜਕ ਇਕਾਈਆਂ ਦੇ ਮੁੱਖੀਆਂ ਦੀ ਇੱਜਤ ਦਾ ਧਿਆਨ ਜਰੂਰ ਰੱਖਿਆ ਜਾਂਦਾ ਸੀ।ਹੁਣ ਤਾਂ ਸਮਾਜ ਦੀ ਛੋਟੀ ਇਕਾਈ ਪ੍ਰੀਵਾਰ ‘ਚ ਹੀ ਹਰ ਜੀਅ ਆਪਣੇ ਆਪ ਨੂੰ ਬਾਕੀਆਂ ਨਾਲੋਂ ਨਿਵੇਕਲਾ ਅਤੇ ਵੱਖਰਾ ਮਹਿਸੂਸ ਕਰਨ ਲੱਗ ਪਿਆ ਹੈ।ਇਸ ਸਾਡੇ ਸਮਾਜ ਦੀ ਛੋਟੀ ਇਕਾਈ ਇੱਕ ਪ੍ਰੀਵਾਰ ਤੋਂ ਸ਼ੁਰੂ ਹੋ ਕੇ ਵੱਡੇ ਕਬੀਲੇ ਖਾਨਦਾਨਾਂ ਦੁਆਰਾ ਇੱਕ ਪਿੰਡ ਅਥਵਾ ਸ਼ਹਿਰ ਖਾਸ ਇਲਾਕੇ ਤਹਿਸੀਲਾਂ ਜਿਲ੍ਹੇ ਪ੍ਰਾਂਤਾਂ ਤੋਂ ਬਾਅਦ ਦੇਸ਼ਾਂ ਦਾ ਰੂਪ ਧਾਰਨ ਕਰ ਜਾਂਦਾ ਹੈ।ਇੱਕ ਛੋਟੀ ਇਕਾਈ ਤੋਂ ਸ਼ੁਰੂ ਹੋਕੇ ਸਮਾਜ ਦੀਆਂ ਇਨ੍ਹਾਂ ਵੱਡੀਆਂ ਇਕਾਈਆਂ ‘ਚ ਰਹਿ ਰਹੇ ਮਨੁੱਖ ‘ਚ ਇਹ ਇੱਛਾ ਪ੍ਰਬੱਲ ਹੋ ਚੁੱਕੀ ਹੈ ਕਿ ਮੇਰਾ ਸਥਾਨ ਬਾਕੀਆਂ ਨਾਲੋਂ ਵਖਰਾ ਤਾਂ ਹੈ ਹੀ ਪਰ ਮੈਂ ਬਾਕੀ ਸੱਭਨਾ ਨਾਲੋਂ ਬੁੱਧੀਮਾਨ ਵੀ ਹਾਂ।
ਇਨਸਾਨ ਵਲੋਂ ਇਸ ਦੁਨੀਆਂ ‘ਚ ਪੈਦਾ ਹੋਣ ਬਾਅਦ ਉਸ ਦੇ ਮਾਪਿਆਂ ਦੁਆਰਾ ਰੱਖੇ ਨਾਮ ਨਾਲ ਉਸ ਦੀ ਪਹਿਚਾਣ ਬਣ ਜਾਂਦੀ ਹੈ।ਇਸ ਪਹਿਚਾਣ ਦੇ ਨਾਲ ਉਸ ਦੇ ਮਾਪਿਆਂ ਸਮੇਤ ਬਾਕੀ ਦੇ ਸਾਰੇ ਰਿਸ਼ਤੇਦਾਰਾਂ ਦੇ ਨਾਮ ਵੀ ਜਦੋਂ ਜੁੜਦੇ ਨੇ ਇਸ ਦੀ ਸ਼ਖਸ਼ੀਅਤ ਨੂੰ ਹੋਰ ਵੀ ਵੱਧੀਆ ਤਰਾਸ਼ਦੇ ਹਨ।ਇਸ ਪਹਿਚਾਣ ਨੂੰ ਨਿਖਾਰਨ ਲਈ ਪਿੰਡ ਕਸਬਾ ਸ਼ਹਿਰ ਇਲਾਕਾ ਤਹਿਸੀਲ ਜਿਲ੍ਹਾ ਰਾਜ ਅਤੇ ਦੇਸ਼ ਮਿਲ ਕੇ ਹੋਰ ਵੀ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ।ਇਨਸਾਨ ਦੇ ਕੰਮ (ਕਾਰੋਬਾਰ) ਦਾ ਨਾਮ, ਕੰਮ ਦੇ ਸਥਾਨ ਦਾ ਨਾਮ, ਆਹੁਦੇ ਦੇ ਨਾਮ ਰੋਜ਼ਮਰਾ ਜਿੰਦਗੀ ਦੇ ਰੁਝੇਵੇਂ ਅਤੇ ਨਿੱਜੀ ਸ਼ੌਕਾਂ ਤੋਂ ਇਲਾਵਾ ਮਿਲਣ ਵਾਲੇ ਵੇਤਨ ਅਤੇ ਹੋਰ ਭੱਤੇ ਵੀ ਅਹਿਮ ਯੋਗਦਾਨ ਪਾਉਂਦੇ ਹਨ।ਅੱਜ ਤੋਂ ਕਰੀਬ 35-40 ਸਾਲ ਪਹਿਲੋਂ ਘਰ ਦੇ ਸਿਆਣੇ ਮੁਖੀ ਜਮੀਨ ਖਰੀਦਣ ਵੇਲੇ ਜਮੀਨ ਦੀ ਕਿਸਮ ਵਾਰੇ ਅਤੇ ਮੁੰਡਿਆਂ ਅਤੇ ਕੁੜੀਆਂ ਦੇ ਰਿਸ਼ਤੇ ਕਰਨ ਤੋਂ ਪਹਿਲੋਂ ਰਿਸ਼ਤਾ ਜੁੜਨ ਵਾਲੇ ਪਰਿਵਾਰਾਂ ਦੇ ਖਾਨਦਾਨ ਵਾਰੇ ਪੁੱਛਗਿਛ ਕਰਕੇ ਪੂਰੀ ਘੋਖ ਅਤੇ ਜਾਂਚ-ਪੜਤਾਲ ਕਰਦੇ ਸਨ।ਜੇ ਰਿਸ਼ਤਾ ਜੁੜਨ ਵਾਲੇ ਪ੍ਰੀਵਾਰ ਦਾ ਖਾਨਦਾਨ ਵੱਧੀਆ ਹੋਵੇ ਤਾਂ ਹੀ ਰਿਸ਼ਤਾ ਕੀਤਾ ਜਾਂਦਾ ਸੀ।ਖਾਨਦਾਨ ਵੱਧੀਆ ਨਾ ਹੋਣ ਦੀ ਸੂਰਤ ‘ਚ ਰਿਸ਼ਤਾ ਜੋੜਨ ਤੋਂ ਨਾਂਹ ਕਰ ਦਿੱਤੀ ਜਾਦੀ ਸੀ।ਖਾਨਦਾਨ ਵੱਧੀਆ ਤੋਂ ਬਾਵ ਜਿਆਦਾ ਅਮੀਰੀ-ਪੈਸਾ-ਸ਼ੋਹਰਤ ਜਾਂ ਤਾਕਤ ਦੇ ਨਸ਼ੇ ਤੋਂ ਨਹੀਂ ਬਲਕਿ ਗਰੀਬ ਖਾਨਦਾਨ ‘ਚ ਪੈਦਾ ਹੋਣ ਦੇ ਬਾਵਯੂਦ ਵੀ ਇਨਸਾਨੀ ਅਤੇ ਸਮਾਜ ਦੀਆਂ ਅਨੁਸ਼ਾਸ਼ਨੀ ਨੈਤਿਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਤੋਂ ਹੁੰਦਾ ਸੀ।ਉਸੇ ਤਰ੍ਹਾਂ ਜਮੀਨ ਨੂੰ ਵੀ ਤਿੰਨ ਕਿਸਮਾਂ ਅੱਵਲ ਦੋਮ ਤੇ ਸੋਮ ‘ਚ ਵੰਡਿਆ ਹੋਇਆ ਸੀ।ਅੱਵਲ ਕਿਸਮ ਚੀਕਣੀ ਮਿੱਟੀ ਵਾਲੀ ਸਿੰਚਾਈ ਵਾਲੀ ਸੱਭ ਤੋਂ ਵੱਧੀਆ ਕਿਸਮ ਦੋਮ ਦੂਜੇ ਥਾਂ ਤੇ ਰਹਿਣ ਵਾਲੀ ਰੇਤ ‘ਚ ਮਿਕਸ ਘੱਟ ਪਾਣੀ ਲੱਗਣ ਵਾਲੀ ਅਤੇ ਤੀਸਰੇ ਥਾਂ ਵਾਲੀ ਜਮੀਨ ਦੀ ਕਿਸਮ ਸੋਮ ਹੁੰਦੀ ਸੀ ਜਿਹੜੀ ਕਿ ਸਿਰਫ ਰੇਤਲੀ ਅਤੇ ਪਾਣੀ ਲੱਗਣ ਤੋਂ ਬਿਨਾ ਮਾਰੂ ਹੁੰਦੀ ਸੀ।ਅਜੋਕੇ ਵਿਦੇਸ਼ੀ ਪੈਸੇ ਦੇ ਮੁਲੰਮੇ ਦੀ ਚਮਕ-ਦਮਕ ਅਤੇ ਭਰਮਾਰ ਵਾਲੇ ਅਧੂਨਿਕ ਵਿਗਿਆਨਿਕ ਮਸ਼ੀਨਨਰੀ ਜੁੱਗ ਨੇ ਪਾਣੀ-ਰੂੜੀ (ਢੇਰ)-ਖਾਦਾਂ ਦੇ ਵਧੇਰੇ ਸਾਧਨਾਂ ਨੇ ਜਮੀਨ ਦੀ ਦੋਮ-ਸੋਮ ਕਿਸਮ ਨੂੰ ਵੀ ਅੱਵਲ ਦੇ ਬਰਾਬਰ ਲਿਆ ਕੇ ਜਮੀਨ ਦੀ ਮਾੜੀ-ਚੰਗੀ ਕਿਸਮ ਖਤਮ ਕਰ ਦਿੱਤੀ ਹੈ।ਉਸੇ ਹੀ ਤਰ੍ਹਾਂ ਅੱਜ ਦੇ ਅਧੁਨਿਕ ਯੁੱਗ ਦੀ ਵਿਦੇਸ਼ਾਂ ਵੱਲ਼ ਦੋੜ ਅਤੇ ਅਵੱਲੇ ਪੈਸੇ ਦੀ ਬਹੁਤਾਤ ਸਮੇਤ ਅਮੀਰਤ ਨੇ ਖਾਨਦਾਨਾਂ ਸਮੇਤ ਰਿਸ਼ਤਿਆਂ ਦੀ ਅਹਿਮੀਅਤ ਨੂੰ ਵੀ ਖਤਮ ਕਰ ਦਿੱਤਾ ਹੈ।ਇਸ ਦੇ ਨਾਲ ਹੀ ਉਸ ਵੇਲੇ ਸਿਆਣੇ ਇਹ ਵੀ ਕਹਿੰਦੇ ਹੁੰਦੇ ਸਨ ਕਿ “ਧੀ ਘਰਾਣੇ ਦੀ ਡੰਗਰ ਲਾਣੇ ਦਾ” ਹੋਵੇ।ਘਰਾਣੇ ਤੋਂ ਉਨ੍ਹਾਂ ਦਾ ਭਾਵ ਸੀ ਅਨੁਸ਼ਾਸ਼ਿਨਿਕ ਨੈਤਿਕ ਕਦਰਾਂ-ਕੀਮਤਾਂ ਵਾਲਾ ਘਰ ਅਤੇ ਲਾਣੇ ਤੋਂ ਭਾਵ ਵੱਡੇ ਜਿਮੀਂਦਾਰ ਵਲੋਂ ਬਹੁਤ ਵੱਡੀ ਗਿਣਤੀ ਅਤੇ ਅਨੁਸ਼ਾਸ਼ਨ ਅਤੇ ਕਾਇਦੇ ਕਨੂੰਨਾਂ ‘ਚ ਸਿਖਾ ਕੇ ਰੱਖੇ ਹੋਏ ਬਲਦਾਂ ਦੀਆਂ ਜੋੜੀਆਂ ਸਮੇਤ ਲਬੇਰੀਆਂ ਮੱਝਾਂ ਅਤੇ ਹੋਰ ਡੰਗਰ।ਇਹ ਸਾਰਾ ਕੁੱਝ ਹੁਣ ਖਤਮ ਹੋ ਗਿਆ ਹੈ ਨਾ ਲਬੇਰੀਆਂ ਰਹੀਆਂ ਹਨ ਨਾ ਹੀ ਬਲਦਾਂ ਦੀਆਂ ਜੋੜੀਆਂ।ਜਦ ਕਿ ਉਸ ਵੇਲੇ ਲਾਣੇ ਵਾਲੇ ਵਿਹੜੇ ‘ਚ 8-10 ਸੱਜਰ ਸੂਈਆਂ ਲਬੇਰੀਆਂ-ਮੱਝਾਂ ਅਤੇ 4-5 ਬਲਦਾਂ ਦੀਆਂ ਜੋੜੀਆਂ ਬੱਝੀਆਂ ਹੁੰਦੀਆਂ ਸਨ।ਉਸ ਬਹੁਤ ਵੱਧੀਆ ਕਦਰਾਂ-ਕੀਮਤਾਂ ਵਾਲੇ ਪੁਰਾਣੇ ਸਮੇਂ ‘ਚ ਵੀ ਇਨਸਾਨੀ ਜਾਮੇਂ ਵਾਲੇ ਪ੍ਰਾਣੀ ਦੀ ਰੂਚੀ ਅਜੋਕੇ ਜੁੱਗ ਦੇ ਪ੍ਰਾਣੀ ਦੀ ਤਰ੍ਹਾਂ ਆਪਣੇ ਆਪ ਨੂੰ ਬਾਕੀਆਂ ਨਾਲੋਂ ਵਖਰਾ ਅਤੇ ਵੱਧੀਆ ਸਮਝਣ ਵਾਲੀ ਹੀ ਸੀ।ਸਿਆਣੇ ਅਤੇ ਬੁੱਧੀਜੀਵੀਆਂ ਦਾ ਆਖਣਾ ਹੈ ਕਿ ਇਨਸਾਨ ਇੱਕ ਸਮਾਜਕ ਪ੍ਰਾਣੀ ਹੈ।ਜਿਵੇਂ ਸਮਾਜ ਕਰਕੇ ਇਨਸਾਨ ਦੀ ਪਹਿਚਾਣ ਬਣਦੀ ਹੈ,ਉਵੇਂ ਹੀ ਇਸ ਦੀ ਹੋਂਦ ਕਰਕੇ ਸਮਾਜ ਵੀ ਇਹ ਆਪਣਾ ਵਯੂਦ ਬਣਾ ਸਕਿਆ ਹੈ।ਸਮਾਜ ਤੋਂ ਬਿਨਾ ਇਨਸਾਨ ਜੰਗਲਾਂ ‘ਚ ਰਹਿਣ ਵਾਲੇ ਜਾਨਵਰਾਂ ਪਸ਼ੂਆਂ ਦੀ ਤਰ੍ਹਾਂ ਹੋਣਾ ਸੀ।ਇਸ ਹਾਲਤ ‘ਚ ਵੱਧੀਆ ਸਮਾਜ ਉਸਰਨਾ ਵੀ ਨਾ ਮੁੰਮਕਿਨ ਸੀ।ਇਸ ਸਮਾਜ ਦੀ ਵਜ੍ਹਾ ਕਾਰਨ ਹੀ ਅਸੀਂ ਸਾਰੇ ਜਣੇ ਹੀ ਸਾਰੀ ਜਿੰਦਗੀ ਇਸ ਕੋਸ਼ਿਸ਼ ‘ਚ ਲੱਗੇ ਰਹਿੰਦੇ ਹਾਂ ਕਿ “ਜੀ ਹਾਂ….! ਮੈਂ ਵੀ ਕੋਈ ਸ਼ੈਅ ਆਂ…॥”।ਇਸੇ ਸ਼ੈਅ ਦੇ ਹੀ ਚਕਰ ‘ਚ ਫਸੇ ਹੋਏ ਅਸੀਂ ‘ ਮੈਂ ’ ਦੇ ਚਕਰ ਵਿਚ ਵੀ ਫਸੀ ਜਾ ਰਹੇ ਹਾਂ।ਇਸ ਦੁਨੀਆਂ ‘ਚ ਰਹਿੰਦਾ ਹਰ ਬੰਦਾ ਆਪਣੀ ਵੱਖਰੀ ਹੋਂਦ ਅਤੇ ਪਹਿਚਾਣ ਬਣਾਈ ਰੱਖਣ ਦੇ ਚੱਕਰ ‘ਚ ਫਸਿਆ ਪਿਆ ਹੈ।ਇਸੇ ਚਕਰ ‘ਚ ਅਸੀਂ ਸਾਰੇ ਜਣੇ ਵੱਧੀਆ ਲਿਖਾਰੀ, ਪੱਤਰਕਾਰ, ਗੀਤਕਾਰ, ਕਥਾਵਾਚਕ, ਕਵੀ, ਗਜ਼ਲਗੋ, ਐਡੀਟਰ, ਸੰਪਾਦਕ, ਵੱਡਾ ਅਫਸਰ, ਕਾਰੀਗਰ, ਕਾਮਾ, ਅਧਿਆਪਕ, ਗੁਰ,ੁ ਚੇਲਾ, ਬਨਣ ਤੋਂ ਇਲਾਵਾ ਵੱਧੀਆ ਸਾਧ, ਸੰਤ, ਮਹੰਤ, ਵਿਦਵਾਨ, ਗਿਆਨਵਾਨ, ਸਾਹਿਤਕਾਰ, ਖੋਜਕਾਰ, ਸਾਇੰਸਦਾਨ ਅਤੇ ਇਤਹਾਸਕਾਰ ਬਣੀ ਫਿਰਦੇ ਹਾਂ।ਲੋਕਾਂ ਸਾਹਮਣੇ ਸਾਡੇ ਵਲੋਂ ਬੜੇ-ਬੜੇ ਪ੍ਰਚਾਰ ਅਤੇ ਕਈ ਤਰ੍ਹਾਂ ਦੇ ਵਿਆਖਿਆਨ ਕੀਤੇ ਜਾਂਦੇ ਹਨ।ਇਨ੍ਹਾਂ ‘ਚੋਂ ਬਹੁਤ ਸਾਰੇ ਹਾਲਤਾਂ ਵਿਚ ਕਾਫੀ ਕੁੱਝ ਸੱਚ ਵੀ ਹੋ ਸਕਦਾ ਹੈ।ਪਰ ਜਿਆਦਾਤਰ ਬਹੁਤੀ ਵਾਰ ਅਸੀਂ ਲੋਕਾਂ ਦੀਆਂ ਅੱਖਾਂ ਵਿਚ ਧੂੜ ਪਾਕੇ ਲੋਕਾਂ ‘ਚ ਆਪਣਾ ਨਾਮ ਰੌਸ਼ਨ ਕਰਨ ਖਾਤਰ ਧੋਖਾ ਵੀ ਕਰ ਰਹੇ ਹੁੰਦੇ ਹਾਂ।ਇਸ ਝੂਠੀ ਦੁਕਾਨਦਾਰੀ ਦਾ ਇਹ ਸਿਲਸਿਲਾ ਇਸ ਭੋਲੀਭਾਲੀ ਦੁਨੀਆਂ ‘ਚ ਕੁੱਝ ਕੁ ਚਿਰ ਤਾਂ ਚਲਦਾ ਵੀ ਰਹਿੰਦਾ ਹੈ।ਪਰ ਇਸ ਤਰ੍ਹਾਂ ਆਪਣਾ ਬਨਾਉਟੀ ਨਾਮ ਦੁਨੀਆਂ ‘ਚ ਪੈਦਾ ਕਰਕੇ ਅਸੀਂ ਅਸਲ ‘ਚ ਲੋਕਾਂ ਨਾਲ ਧੋਖਾ ਵੀ ਤਾਂ ਕਰ ਹੀ ਰਹੇ ਹੁੰਦੇ ਹਾਂ।ਦੂਜੇ ਪਾਸੇ ਅਸੀਂ ਆਪਣੇ ਆਪ ਨਾਲ ਵੀ ਧੋਖਾ ਕਰਕੇ ਆਪਣੀ ਆਤਮਾ ਨਾਲ ਵੀ ਬੇਇਨਸਾਫੀ ਕਰਦੇ ਹਾਂ।ਇਸ ਸੰਸਾਰ ‘ਚ ਜੇ ਸੱਚੀਮੁੱਚੀ ਪ੍ਰਮਾਤਮਾ ਨਾਮ ਦੀ ਕੋਈ ਚੀਜ ਹੈ ਤਾਂ ਉਸ ਦੀਆਂ ਨਜ਼ਰਾਂ ਵਿਚ ਵੀ ਆਪਣੇ ਆਪ ਨੂੰ ਗਿਰਾ ਕੇ ਸ਼ਰਮਿੰਦਾ ਹੋ ਰਹੇ ਹੁੰਦੇ ਹਾਂ।ਕਿਉਂ ਕਿ ਬਹੁਤ ਸਾਰੇ ਲੋਕੀਂ ਸਾਡੀ ਆਪਣੀ ਹੀ ਤੂਤੀ ਬੋਲਣ ਵਾਲੀ ਜੁੰਡਲੀ ਤੋਂ ਇਲਾਵਾ ਬਹੁਤ ਸਾਰੇ ਹੋਰ ਲੋਕ ਵੀ ਇਸ ਸਮਾਜ ‘ਚ ਸਾਡੇ ਆਸ ਪਾਸ, ਇਰਦ ਗਿਰਦ ਰਹਿ ਰਹੇ ਹੁੰਦੇ ਹਨ।ਜਿਨ੍ਹਾਂ ਦੀਆਂ ਨਿਗਾਹਾਂ ਇੱਕ ਡਾਕਟਰ ਵਲੋਂ ਇੱਕ ਬਿਮਾਰ ਇਨਸਾਨ ਦੇ ਕੀਤੇ ਜਾ ਰਹੇ ਐਕਸਰਿਆਂ ਅਤੇ ਗੁਪਤ ਕੈਮਰਿਆਂ ਦੀ ਤਰ੍ਹਾਂ ਸਾਡੇ ਧੁਰ ਅੰਦਰ ਤੱਕ ਝਾਤੀ ਮਾਰ ਸਕਦੀਆਂ ਹਨ।ਜਿਹੜੀ ਕਿ ਅਸੀਂ ਆਪਣੀ ਬਨਾਉਟੀ “ ਮੈਂ ” ਦੇ ਅਸੀਂ ਮਖੌਟੇ ਚਾੜ੍ਹਕੇ ਆਪਣੀਆਂ ਅਤੇ ਸਮਾਜ ਦੀਆਂ ਅੱਖਾਂ ਸਾਹਵੇਂ ਖੜ੍ਹੇ ਕੀਤੇ ਹੋਏ ਹੋਣਗੇ।ਪ੍ਰਮਾਤਮਾ ਉਸ ਨੂੰ ਆਪਣੇ ਆਪ ਹੀ ਖਤਮ ਕਰਕੇ ਬਹੁਤ ਛੇਤੀ ਸਾਹਮਣੇ ਲੈ ਆਉਂਦਾ ਹੈ।ਬਨਾਉਟੀ ਸੋਭਾ ਬਹੁਤਾ ਸਮਾਂ ਕਾਇਮ ਨਹੀਂ ਰਹਿੰਦੀ, ਜਿਵੇਂ ਹਵਾ ਦੇ ਝੌਂਕਿਆਂ ਨਾਲ ਜੋਰਦਾਰ ਚਲਦੀ ਝਖੜ ਹਨੇਰੀ ਦਰਿਆਵਾਂ,ਸਮੁੰਦਰਾਂ ਦੇ ਕੰਢਿ੍ਹਆਂ ‘ਤੇ ਰੇਤੇ ਦੇ ਬਣੇ ਵੱਡੇ-ਵੱਡੇ ਬੁੱਤਾਂ ਨੂੰ ਮਿੰਟਾਂ ਸਕਿੰਟਾਂ ‘ਚ ਮਲੀਆਮੇਟ ਕਰ ਦਿੰਦੀ ਹੈ।ਐਨ ਉਸੇ ਤਰ੍ਹਾਂ ਜਿਵੇਂ ਬੱਚੇ ਖੰਡ ਦੇ ਬਣੇ ਖਿਡੌਣਿਆਂ ਨਾਲ ਬਹੁਤਾ ਚਿਰ ਨਹੀਂ ਖੇਡ ਸਕਦੇ ਕਿਉਂ ਕਿ ਉਹ ਛੇਤੀਂ ਹੀ ਹਵਾ ਲਗਣ ਕਰਕੇ ਖੁਰ ਜਾਦੇ ਹਨ।ਇਸ ਕਰਕੇ ਜੇ ਅਸੀਂ ਸੱਚੀ-ਮੁੱਚੀਂ ਹੀ ਸਥਾਈ ਤੇ ਅਸਲੀ ਤੌਰ ‘ਤੇ ਆਪਣਾ ਨਾਮ ਪੈਦਾ ਕਰਨਾ ਚਾਹੁੰਦੇ ਹਾਂ।ਤਾਂ ਅਸੀਂ ਦੂਜਿਆਂ ਨਾਲ ਈਰਖਾ ਛੱਡ ਕੇ ਪਿਆਰ ਰੱਖਦੇ ਹੋਏ ਸਭਨਾ ਦਾ ਸਤਿਕਾਰ ਕਰਦੇ ਹੋਏ ਸੱਖਤ ਮਹਿਨਤ ਅਤੇ ਇਮਾਨਦਾਰੀ ਰਾਹੀਂ ਅਸੀਂ ਸਾਰੇ ਕਰ ਸਕਦੇ ਹਾਂ।ਹਰ ਇਨਸਾਨ ‘ਚ ਪ੍ਰਮਾਤਮਾ ਨੇ ਆਪਣੇ ਵਾਲੇ ਸਾਰੇ ਗੁਣ ਦਿੱਤੇ ਹੋਏ ਹਨ।ਜਿਨ੍ਹਾਂ ਦੇ ਸਹਾਰੇ ਆਪਣੇ ਦਿਲ ਦੇ ਧੁਰ ਅੰਦਰ ਤੱਕ ਘਰ ਕਰੀ ਬੈਠੀ “ ਮੈਂ ” ਨੂੰ ਦਿਲੋਂ ਤਿਆਗ ਕੇ ਨਿਆਸਰਿਆਂ ਦੇ ਸਹਾਰੇ ਬਣਕੇ ਗਰੀਬਾਂ ਅਤੇ ਆਪਣੇ ਤੋਂ ਹੇਠਲਿਆਂ ਨੂੰ ਆਪਣੇ ਬਰਾਬਰ ਸਮਝਦੇ ਹੋਏ ਸਾਰਿਆਂ ਦੇ ਸਹਿਯੋਗ ਸਦਕਾ ਸੱਭਨਾ ਨੂੰ ਨਾਲ ਲੈ ਕੇ ਦੁਨੀਆਂ ਦੀ ਬੁਲੰਦੀ ਵਾਲੀ ਹਰ ਚੋਟੀ ਸਰ ਕੀਤੀ ਜਾ ਸਕਦੀ ਹੈ।ਇਨਸਾਨ ‘ਚ ਜਨਮ ਤੋਂ ਹੀ ਪੈਦਾ ਹੋਈ “…… ਮੈਂ……” ਨੂੰ ਦਿਲ ਵਿੱਚੋਂ ਖਤਮ ਕਰਨ ਲਈ ਸਮਾਜਿਕ ਨੈਤਿਕ ਕਦਰਾਂ ਕੀਮਤਾਂ ਕਾਇਮ ਰੱਖਣ ਤੋਂ ਇਲਾਵਾ ਠਰੰਮੇ ਧੀਰਜ ਨੇਕ ਦਿਲੀ ਇਮਾਨਦਾਰੀ ਸੱਖਤ ਮਹਿਨਤ ਵਿਰੋਧੀਆਂ ਨਾਲ ਵੀ ਪਿਆਰ ਆਪ ਤੋਂ ਨੀਵਿਆਂ ਨੂੰ ਵੀ ਆਪਣੇ ਬਰਾਬਰ ਸਮਝਣ ਵਾਲੇ ਗੁਣਾਂ ਨੂੰ ਆਪਣੇ ਅੰਦਰ ਵਸਾ ਕੇ ਦੂਰ ਕੀਤਾ ਜਾ ਸਕਦਾ ਹੈ।ਜਿਸ ਨਾਲ ਸਾਡੇ ਸਮੇਤ ਸਾਰੀ ਦੁਨੀਆਂ ਦੀ ਇਨਸਾਨੀਅਤ ਇਸ ਸੰਸਾਰ ‘ਚ ਇੱਕ ਬਹੁਤ ਵੱਧੀਆ ਸਮਾਜ ਸਿਰਜਣ ਦੀ ਜਨਣੀ ਬਨਣ ਦਾ ਮਾਣ ਵੀ ਹਾਸਲ ਕਰ ਸਕੇਗੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin