Articles

ਯਾਦਗਾਰੀ ਲੋਹੜੀ !

ਮੈਂ ਉਸ ਸਮੇ ਦੀ ਗੱਲ ਕਰ ਰਿਹਾਂ ਹਾਂ ਜਦੋਂ ਦਰਬਾਰ ਸਾਹਿਬ ਅਮ੍ਰਿਤਸਰ 1984 ਵਿੱਚ ਬਲੂ ਸਟਾਰ ਅਪਰੇਸ਼ਨ ਹੋਇਆ ਸੀ ਤੇ ਮੇਰੀ ਨਿਯੁਕਤੀ ਥਾਣਾ ਰਾਮ ਬਾਗ਼ ਅਮ੍ਰਿਤਸਰ ਸੀ। ਉਸ ਵੇਲੇ ਮੇਰੇ ਘਰ ਭੁਜੰਗੀ ਨੇ ਜਨਮ ਲਿਆ। ਮਿਲਟਰੀ ਦਾ ਕੰਟਰੋਲ ਹੋਣ ਕਾਰਣ ਸ਼ਹਿਰ ਵਿੱਚ ਕਰਫਿਊ ਲੱਗ ਗਿਆ ਕਈ ਮਹੀਨੇ ਘਰ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆਂ। ਜਦੋਂ ਕੁੱਛ ਮਹੋਲ ਠੀਕ ਹੋਇਆ ਲੋਹੜੀ ਲਾਗੇ ਆ ਗਈ, ਮਾਤਾ ਪਿਤਾ ਸਾਕ ਸੰਬੰਧੀਆਂ ਨੇ ਪਹਿਲੇ ਬੱਚੇ ਦੀ ਆਮਦ ਤੇ ਲੋਹੜੀ ਮਨਾਉਣ ਲਈ ਮੈਨੂੰ ਜ਼ੋਰ ਦਿੱਤਾ। ਉਸ ਵੇਲੇ ਜੋ ਮੁੱਖ ਅਫਸਰ ਥਾਣਾ ਲੱਗਾ ਸੀ ਤੇ ਬੜਾ ਮੁਤੱਸਬੀ ਸੀ ਮੈਨੂੰ ਪਤਾ ਸੀ ਕੇ ਉਸ ਨੇ ਮੈਨੂੰ ਲ਼ੋਹੜੀ ਤੇ ਛੁੱਟੀਆਂ ਬੰਦ ਹੋਣ ਕਾਰਣ ਛੁੱਟੀ ਨਹੀਂ ਦੇਣੀ ਮੈਂ ਨਾਂ ਚਹੁੰਦੇ ਹੋਏ ਵੀ ਬੱਚੇ ਦੀ ਲੋਹੜੀ ਮਨਾਉਣ ਲਈ ਹਾਂ ਕਰ ਦਿੱਤੀ। ਲੋਹੜੀ ਦਾ ਦਿਹਾੜਾ ਆਉਣ ਤੇ ਮੈਂ ਮੁੱਖ ਅਫਸਰ ਨੂੰ ਬੱਚੇ ਦੀ ਲੋਹੜੀ ਮਨਾਉਣ ਲਈ ਛੁੱਟੀ ਮੰਗੀ ਜਿਸ ਨੇ ਕਿਹਾ ਪਹਿਲੀ ਗੱਲ ਤਾਂ ਛੁੱਟੀਆਂ ਬੰਦ ਹਨ ਮੈਂ ਤਾਂ ਆਪਣੇ ਬੱਚਿਆ ਦੀ ਅਜੇ ਤੱਕ ਲੋਹੜੀ ਨਹੀਂ ਮਨਾਈ ਚੁੱਪ ਚਾਪ ਆਪਣੀ ਡਿਊਟੀ ਕਰੋ ਸਰਕਾਰ ਸਾਨੂੰ ਇੰਨਾਂ ਤਿਉਹਾਰਾ ਵਿੱਚ ਲੋਕਾਂ ਦੀ ਅਮਨ ਸ਼ਾਤੀ ਬਨਾਉਣ ਲਈ ਤਨਖ਼ਾਹ ਦਿੰਦੀ ਹੈ, ਆਪਣੇ ਘਰਾਂ ਦੇ ਜਸਨ ਮਹੌਲ ਛੱਡ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਣ ਲਈ ਪੂਰੀ ਇਮਾਨਦਾਰੀ ਨਾਲ ਨੋਕਰੀ ਕਰੋ, ਇਸੇ ਵਿੱਚ ਤੁਹਾਡੀ ਤੇ ਤੇਰੇ ਪਰਵਾਰ ਦੀ ਭਲਾਈ ਹੈ। ਉਸ ਵੇਲੇ ਮੇਰੀ ਨੋਕਰੀ ਬਹੁਤ ਥੋੜੀ ਸੀ ਤੇ ਗਰਮ ਖੂੰਨ ਸੀ ਤੇ ਅੱਤਵਾਦ ਵੀ ਪੂਰੀ ਸੀਮਾ ਤੇ ਸੀ। ਮੈ ਗ਼ੁੱਸੇ ਵਿੱਚ ਉਸ ਦੇ ਸਾਹਮਣੇ ਛੁੱਟੀ ਵਾਲੀ ਅਰਜ਼ੀ ਪਾੜ ਇਹ ਕਹਿ ਕੇ ਤੁਰ ਪਿਆਂ ਕੇ ਤੁਸੀ ਮੁੰਡੇ ਦੀ ਲੋਹੜੀ ਨਹੀਂ ਵੰਡੀ ਮੈ ਤਾਂ ਲੋਹੜੀ ਵੰਡਨੀ ਹੈ ਜੇ ਛੁੱਟੀਆਂ ਬੰਦ ਹਨ ਫਰਲੋ ਤਾਂ ਦੇ ਸਕਦੇ ਹੋ ਮੇਰੇ ਇਕੱਲੇ ਜਾਣ ਨਾਲ ਥਾਣਾ ਤੇ ਨਹੀਂ ਬੰਦ ਹੋ ਜਾਣਾ। ਜਦੋਂ ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕੇ ਮੈਂ ਡਸਿੰਪਲਨ ਫੋਰਸ ਦਾ ਮੈਂਬਰ ਹੋਕੇ ਮੁੱਖ ਅਫਸਰ ਨਾਲ ਬਦਤਮੀਜ਼ੀ ਕੀਤੀ ਹੈ। ਉਹ ਮੈਨੂੰ ਮੇਰੀ ਇਸ ਹਰਕਤ ਤੇ ਸਸਪੈਡ ਵੀ ਕਰ ਸਕਦਾ ਹੈ। ਇਸ ਨੇ ਪਹਿਲੇ ਵੀ ਦੋ ਸਿਪਾਹੀ ਜਬਰੀ ਰਿਟਾਇਰ ਤੇ ਦੋ ਸਿਪਾਹੀਆਂ ਦੀਆਂ ਬਾਹਰ ਦੀਆਂ ਬਦਲੀਆਂ ਕਰਵਾਈਆਂ ਸਨ, ਜਦੋਂ ਇਸ ਗੱਲ ਦਾ ਮੇਰੇ ਗਿਣਤੀ ਮੁਨਸ਼ੀ ਨੂੰ ਪਤਾ ਲੱਗਾ। ਉਸ ਨੇ ਮੈਨੂੰ ਕਿਹਾ ਸ਼ਦਾਈਆ ਤੈਨੂੰ ਐਸ ਐਚ ਉ ਕੋਲ ਜਾਣ ਦੀ ਕੀ ਜ਼ਰੂਰਤ ਸੀ ਮੈਨੂੰ ਕਹਿੰਦਾ ਮੈਂ ਤੇਰਾ ਕਿਤੇ ਡਿਊਟੀ ਚਾਰਟ ਵਿੱਚ ਨਾਂ ਭਰ ਦਿੰਦਾ ਜਿੱਥੇ ਚੈਕਿੰਗ ਨਹੀਂ ਹੁੰਦੀ ਅਰਾਮ ਨਾਲ ਤੂੰ ਰਾਤ ਲੋਹੜੀ ਮਨਾ ਫਿਰ ਸਵੇਰੇ ਡਿਉਟੀ ਤੇ ਹਾਜ਼ਰ ਹੋ ਜਾਣਾ ਸੀ। ਮੈੰ ਕਿਹਾ ਹੁਣ ਕੀ ਹੋਇਆ ਆ ਲਉ ਤੁਸੀ ਪੈਂਤੀ ਰੁਪਏ ਮੇਰੇ ਮੁੰਡੇ ਦੀ ਖ਼ੁਸ਼ੀ ਵਿੱਚ ਬੋਤਲ ਪੀਊ ਤੇ ਮੈਨੂੰ ਜਾਣ ਦੀ ਆਗਿਆ ਦਿਊ। ਉਸ ਸਮੇ ਅੰਗਰੇਜੀ ਦੀ ਮਿੰਨੀ ਤੇ ਬੋਨੀ ਸਕੋਰਟ ਦੀ ਬੋਤਲ ਮਿਲ ਜਾਂਦੀ ਸੀ। ਮੈਂ ਮੁਨਸੀ ਨੂੰ ਸਲਾਮ ਕਰ ਪਿੰਡ ਚਲਾ ਗਿਆ। ਘਰ ਵਿੱਚ ਮਹਿਮਾਨ ਆਏ ਸਨ ਬੀਜੀ ਨੇ ਮੱਕੀ ਦੀ ਰੋਟੀ ਸਰੋ ਦਾ ਸਾਗ, ਤੇ ਰੌ ਵਾਲੀ ਖੀਰ ਬਣਾਈ ਸੀ। ਰਾਤ ਨੂੰ ਪੁਗਾ ਲਾਕੇ ਫੁੱਲੇ ,ਚਿਰਬੜੇ ਰੋੜੀਆ, ਮੁੰਗਫਲੀ ਵੰਡ ਡੈਕ ਲਾਕੇ ਸਾਰਿਆ ਨੇ ਜਸ਼ਨ ਮਨਾਇਆ ਪਰ ਮੇਰੀ ਆਤਮਾ ਪਿੱਛੇ ਸੀ ਕਿਤੇ ਐਸ ਐਚ ਨੇ ਮੇਰੇ ਖਿਲ਼ਾਫ ਕੋਈ ਕਾਰਵਾਈ ਨਾਂ ਕਰ ਦਿੱਤੀ ਹੋਵੇ, ਮਸਾ ਸ਼ਾਹੀ ਪੁਲਿਸ ਵਿੱਚ ਨੋਕਰੀ ਲਈ ਸੀ ਤੇ ਬਾਬਾ ਦੀਪ ਸਿੰਘ ਅੱਗੇ ਅਰਦਾਸ ਕਰ ਰਿਹਾ ਸੀ ਸੱਭ ਕੁੱਛ ਠੀਕ ਠਾਕ ਰਹੇ। ਮੈਂ ਸਾਜਰੇ ਹੀ ਮੁੰਗਫਲੀ ਦਾ ਪੈਕਟ ਲੈ ਕੇ ਮੁੱਨਸੀ ਦੇ ਕੁਵਾਟਰ ਵਿੱਚ ਚਲਾ ਗਿਆ, ਮੁਨਸ਼ੀ ਨੇ ਕਿਹਾ ਇੱਥੇ ਸੱਭ ਠੀਕ ਠਾਕ ਹੈ ਕਿਸ ਤਰਾਂ ਰਹੀ ਲੋਹੜੀ ਮੈ ਉਸ ਨੂੰ ਕੀ ਕਹਿੰਦਾ ਕੇ ਮੈਨੂੰ ਤਾ ਸਾਰੀ ਰਾਤ ਨੀਂਦਰ ਨਹੀਂ ਆਈ ਕੇ ਮੁੱਖ ਅਫਸਰ ਕਿਤੇ ਮੇਰਾ ਨੁਕਸਾਨ ਨਾਂ ਕਰ ਦੇਵੇ। ਬਹੁਤ ਵਧੀਆ ਕਹਿ ਮੈਂ ਕਾਹਲੀ ਨਾਲ ਮੁਨਸ਼ੀ ਦੇ ਕਵਾਟਰ ਵਿੱਚੋਂ ਬਾਹਰ ਨਿਕਲ ਪਰਮਾਤਮਾ ਦਾ ਸ਼ੁਕਰ ਅਦਾ ਕਰ ਰਿਹਾ ਸੀ ,ਜਿਸ ਨੇ ਮੇਰੀ ਅਰਦਾਸ ਸੁਣ ਐਸਐਚਉ ਦੀ ਪ੍ਰਵਿਰਤੀ ਬਦਲੀ। ਕਿਉਂਕਿ ਉਸ ਦੀ ਕਲਮ ਤੋਂ ਕੋਈ ਵੀ ਬਚਿਆ ਨਹੀ ਨਹੀ ਸੀ। ਇਹ ਮਨਾਈ ਹੋਈ ਲੋਹੜੀ ਦੀ ਯਾਦਗਾਰ ਅਜੇ ਤੱਕ ਵੀ ਨਹੀ ਭੁਲਦੀ। ਮੈਂ ਜਿੰਨਾ ਚਿਰ ਮਹਿਕਮੇ ਵਿੱਚ ਰਿਹਾ ਮੈਂ ਕਿਸੇ ਦਾ ਨੁਕਸਾਨ ਨਹੀ ਕੀਤਾ ਨਾਂ ਹੀ ਕਿਸੇ ਨੂੰ ਜੈਨੂਅਲ ਛੁੱਟੀ ਦੇਣ ਤੋ ਇਨਕਾਰ ਕੀਤਾ।

– ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਸਪੈਕਟਰ ਪੁਲਿਸ ਐਮਏ ਪੁਲਿਸ ਐਡਮਨਿਸਟਰੇਸ਼ਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin