Sport

ਰਾਸ਼ਟਰਮੰਡਲ ਖੇਡਾਂ ਦੀ 18 ਮੈਂਬਰੀ ਭਾਰਤੀ ਹਾਕੀ ਟੀਮ ’ਚ 11 ਖਿਡਾਰੀ ਪੰਜਾਬ ਦੇ

ਜਲੰਧਰ – ਹਾਕੀ ਇੰਡੀਆ ਵੱਲੋਂ ਇੰਗਲੈਂਡ ਦੇ ਸ਼ਹਿਰ ਬਰਮਿੰਘਮ ’ਚ 28 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਲਈ ਐਲਾਨੀ ਭਾਰਤੀ ਹਾਕੀ ਟੀਮ ’ਚ 11 ਖਿਡਾਰੀ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ’ਚੋਂ ਚਾਰ ਖਿਡਾਰੀ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ ਤੇ ਵਰੁਣ ਕੁਮਾਰ ਜਲੰਧਰ ਦੇ ਹਨ, ਜਿਹੜੇ ਕਿ ਟੋਕੀਓ ਓਲੰਪਿਕ ’ਚ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੇ ਹਨ।ਪਿਛਲੇ ਸਾਲ ਟੋਕੀਓ ਵਿਚ ਸੰਪੰਨ ਹੋਏ ਓਲੰਪਿਕ ਮੁਕਾਬਲਿਆਂ ਵਿਚ ਭਾਰਤੀ ਹਾਕੀ ਨੇ 42 ਸਾਲਾਂ ਬਾਅਦ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ। ਇਸ ਟੀਮ ਵਿਚ ਵੀ 11 ਖਿਡਾਰੀ ਪੰਜਾਬ ਨਾਲ ਸਬੰਧਤ ਸਨ। ਜਲੰਧਰ ਦੇ ਪਿੰਡ ਮਿੱਠਾਪੁਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਇਹ ਤਗਮਾ ਹਾਸਲ ਕੀਤਾ ਗਿਆ ਸੀ। ਹੁਣ ਇਕ ਵਾਰ ਫਿਰ 11 ਪੰਜਾਬੀ ਖਿਡਾਰੀਆਂ ਨੂੰ 18 ਮੈਂਬਰੀ ਭਾਰਤੀ ਹਾਕੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਓਲੰਪਿਕ ਖੇਡਾਂ ਵਿਚ ਮੈਡਲ ਜਿੱਤਣ ਵਾਲੇ ਰੁਪਿੰਦਰ ਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਨੂੰ ਟੀਮ ਵਿਚ ਥਾਂ ਨਹੀਂ ਦਿੱਤੀ ਗਈ ਜਦਕਿ ਇਨ੍ਹਾਂ ਦੀ ਥਾਂ ’ਤੇ ਨੌਜਵਾਨ ਖਿਡਾਰੀ ਜੁਗਰਾਜ ਸਿੰਘ ਅਤੇ ਅਕਾਸ਼ਦੀਪ ਸਿੰਘ ਨੂੰ ਟੀਮ ’ਚ ਜਗ੍ਹਾ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਟੀਮ ਵਿਚ ਕ੍ਰਿਸ਼ਨਾ ਬਹਾਦਰ ਪਾਠਕ, ਵਰੁਣ ਕੁਮਾਰ, ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ ਸ਼ਾਮਲ ਹਨ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਾਮਨਵੈਲਥ ਖੇਡਾਂ ’ਚ ਪੰਜਾਬ ਦੇ 11 ਖਿਡਾਰੀਆਂ ਦੀ ਚੋਣ ਹੋਣ ’ਤੇ ਕਿਹਾ ਹੈ ਕਿ ਪੰਜਾਬੀ ਖਿਡਾਰੀਆਂ ਨੇ ਹਮੇਸ਼ਾ ਹੀ ਭਾਰਤੀ ਹਾਕੀ ’ਤੇ ਸਰਦਾਰੀ ਕੀਤੀ ਹੈ। ਭਾਰਤੀ ਹਾਕੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਅਹਿਮ ਸਥਾਨ ਦੁਆਉਣ ’ਚ ਪੰਜਾਬ ਦੀ ਹਮੇਸ਼ਾ ਅਹਿਮ ਭੂਮਿਕਾ ਰਹੀ ਹੈ।

ਇਸੇ ਤਰ੍ਹਾਂ ਕਾਮਨਵੈਲਥ ਖੇਡਾਂ ਲਈ ਚੁਣੀ ਗਈ ਮਹਿਲਾ ਹਾਕੀ ਟੀਮ ’ਚ ਓਲੰਪਿਕ ਖੇਡਾਂ ਦੌਰਾਨ ਆਪਣੀ ਖੇਡ ਦਾ ਲੋਹਾ ਮਨਵਾਉਣ ਵਾਲੀ ਅੰਮ੍ਰਿਤਸਰ ਜ਼ਿਲ੍ਹੇ ਦੀ ਵਾਸੀ ਗੁਰਜੀਤ ਕੌਰ ਨੂੰ ਚੁਣਿਆ ਗਿਆ ਹੈ। ਕਾਮਨਵੈਲਥ ਖੇਡਾਂ ਲਈ ਟੀਮ ਦਾ ਹਿੱਸਾ ਬਣਨ ’ਤੇ ਗੁਰਜੀਤ ਕੌਰ ਨੂੰ ਵਧਾਈ ਦਿੰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਗੁਰਜੀਤ ਕੌਰ ਕਾਮਨਵੈਲਥ ਖੇਡਾਂ ’ਚ ਸ਼ਾਨਦਾਰ ਖੇਡ ਦਿਖਾਏਗੀ।

Related posts

ਟਾਈਮ ਮੈਗਜ਼ੀਨ ਦੇ 100 ਸੱਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਸ਼ਾਮਲ ਹੋਈ ਪਹਿਲਵਾਨ ਸਾਕਸ਼ੀ ਮਲਿਕ

editor

ਵਿਨੇਸ਼ ਫੋਗਾਟ ਨੇ ਕੁਸ਼ਤੀ ਫ਼ੈਡਰੇਸ਼ਨ ’ਤੇ ਲਾਇਆ ਰੁਕਾਵਟਾਂ ਪੈਦਾ ਕਰਨ ਦਾ ਦੋਸ਼

editor

ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਪਲਕ ਗੁਲੀਆ ਨੇ ਕੀਤਾ ਕਮਾਲ, ਓਲੰਪਿਕ ਕੋਟਾ ਜਿੱਤਿਆ

editor