Sport

ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਰਦ ਹਾਕੀ ਟੀਮ ਐਲਾਨੀ

ਨਵੀਂ ਦਿੱਲੀ – ਭਾਰਤ ਨੇ ਰਾਸ਼ਟਰਮੰਡਲ ਖੇਡਾਂ ਲਈ ਸੋਮਵਾਰ ਨੂੰ 18 ਮੈਂਬਰੀ ਸੀਨੀਅਰ ਮਰਦ ਹਾਕੀ ਟੀਮ ਦਾ ਐਲਾਨ ਕੀਤਾ ਜਿਸ ਵਿਚ ਕਪਤਾਨ ਦੇ ਰੂਪ ਵਿਚ ਮਨਪ੍ਰੀਤ ਸਿੰਘ ਦੀ ਵਾਪਸੀ ਹੋਈ ਹੈ ਜਦਕਿ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੂੰ ਉੱਪ ਕਪਤਾਨ ਬਣਾਇਆ ਗਿਆ ਹੈ।

ਹਾਕੀ ਇੰਡੀਆ ਨੇ ਬਰਮਿੰਘਮ ਖੇਡਾਂ ਤੇ 2024 ਪੈਰਿਸ ਓਲੰਪਿਕ ਦੇ ਕੁਆਲੀਫਾਇੰਗ ਹਾਂਗਝੋਊ ਏਸ਼ਿਆਈ ਖੇਡਾਂ ਵਿਚਾਲੇ ਘੱਟ ਸਮੇਂ ਕਾਰਨ ਸ਼ੁਰੂਆਤ ਵਿਚ ਰਾਸ਼ਟਰਮੰਡਲ ਖੇਡਾਂ ਲਈ ਦੂਜੇ ਦਰਜੇ ਦੀ ਟੀਮ ਭੇਜਣ ਦਾ ਫ਼ੈਸਲਾ ਕੀਤਾ ਸੀ। ਚੀਨ ‘ਚ ਕੋਵਿਡ-19 ਨਾਲ ਜੁੜੇ ਹਾਲਾਤ ਕਾਰਨ ਏਸ਼ਿਆਈ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਾਕੀ ਇੰਡੀਆ ਨੇ 28 ਜੁਲਾਈ ਤੋਂ ਸ਼ੁਰੂ ਹੋ ਰਹੀ ਇਸ ਵੱਕਾਰੀ ਚੈਂਪੀਅਨਸ਼ਿਪ ਲਈ ਮਜ਼ਬੂਤ ਟੀਮ ਚੁਣਨ ਦਾ ਫ਼ੈਸਲਾ ਕੀਤਾ ਹੈ।

ਭਾਰਤੀ ਟੀਮ ਨੂੰ ਪੂਲ ਬੀ ‘ਚ ਇੰਗਲੈਂਡ, ਕੈਨੇਡਾ, ਵੇਲਸ ਤੇ ਘਾਨਾ ਨਾਲ ਰੱਖਿਆ ਗਿਆ ਹੈ। ਦੋ ਵਾਰ ਦੀ ਸਾਬਕਾ ਸਿਲਵਰ ਮੈਡਲ ਜੇਤੂ ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 31 ਜੁਲਾਈ ਨੂੰ ਘਾਨਾ ਖ਼ਿਲਾਫ਼ ਕਰੇਗੀ।

ਪਿਛਲੇ ਸਾਲ ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੇ ਦਾ ਮੈਡਲ ਜਿੱਤਣ ਦੌਰਾਨ ਮਨਪ੍ਰੀਤ ਸਿੰਘ ਨੇ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ਉੱਪ ਕਪਤਾਨ ਬਣਾਏ ਗਏ ਹਰਮਨਪ੍ਰੀਤ ਐੱਫਆਈਐੱਚ ਹਾਕੀ ਪ੍ਰਰੋ ਲੀਗ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਰਹੇ। ਟੀਮ ਵਿਚ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਤੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਕ੍ਰਿਸ਼ਨ ਬਹਾਦੁਰ ਪਾਠਕ ਨੂੰ ਸ਼ਾਮਲ ਕੀਤਾ ਗਿਆ ਹੈ। ਰੱਖਿਆ ਕਤਾਰ ਦੀ ਜ਼ਿੰਮੇਵਾਰੀ ਵਰੁਣ ਕੁਮਾਰ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ ਤੇ ਜਰਮਨਪ੍ਰੀਤ ਸਿੰਘ ‘ਤੇ ਹੋਵੇਗੀ। ਮਿਡਫੀਲਡ ਵਿਚ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸ਼ਮਸ਼ੇਰ ਸਿੰਘ, ਆਕਾਸ਼ਦੀਪ ਸਿੰਘ ਤੇ ਨੀਲਕਾਂਤ ਸ਼ਰਮਾ ਨੂੰ ਥਾਂ ਮਿਲੀ ਹੈ। ਸਟ੍ਰਾਈਕਰ ਦੇ ਰੂਪ ਵਿਚ ਵਿਚ ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਗੁਰਜੰਟ ਸਿੰਘ ਤੇ ਅਭਿਸ਼ੇਕ ਨੂੰ ਸ਼ਾਮਲ ਕੀਤਾ ਗਿਆ ਹੈ। ਐੱਫਆਈਐੱਚ ਪ੍ਰੋ ਲੀਗ ਵਿਚ ਭਾਰਤੀ ਟੀਮ ਦਾ ਹਿੱਸਾ ਰਹੇ ਗੋਲਕੀਪਰ ਸੂਰਜ ਕਰਕੇਰਾ ਤੇ ਫਾਰਵਰਡ ਸ਼ਿਲਾਨੰਦ ਲਾਕੜਾ ਤੇ ਸੁਖਜੀਤ ਸਿੰਘ ਨੂੰ ਟੀਮ ਵਿਚ ਥਾਂ ਨਹੀਂ ਮਿਲੀ ਹੈ।

ਟੀਮ ‘ਚ ਸ਼ਾਮਲ ਖਿਡਾਰੀ

ਗੋਲਕੀਪਰ : ਪੀਆਰ ਸ਼੍ਰੀਜੇਸ਼ ਤੇ ਕ੍ਰਿਸ਼ਣ ਬਹਾਦੁਰ ਪਾਠਕ, ਡਿਫੈਂਡਰ : ਵਰੁਣ ਕੁਮਾਰ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਜੁਗਰਾਜ ਸਿੰਘ ਤੇ ਜਰਮਨਪ੍ਰੀਤ ਸਿੰਘ, ਮਿਡਫੀਲਡਰ : ਮਨਪ੍ਰੀਤ ਸਿੰਘ (ਕਪਤਾਨ), ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸ਼ਮਸ਼ੇਰ ਸਿੰਘ, ਆਕਾਸ਼ਦੀਪ ਸਿੰਘ ਤੇ ਨੀਲਕਾਂਤ ਸ਼ਰਮਾ, ਫਾਰਵਰਡ : ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਗੁਰਜੰਟ ਸਿੰਘ ਤੇ ਅਭਿਸ਼ੇਕ।

Related posts

ਈਸ਼ਾਨ ਕਿਸ਼ਨ ਨੂੰ ਟੀਮ ’ਚ ਵਾਪਸੀ ਲਈ ਖੇਡਣਾ ਪਵੇਗਾ : ਦ੍ਰਾਵਿੜ

editor

ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਨਾਲ ਜਿੱਤਿਆ

editor

ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਨੌਕਰੀਆਂ ਦਿੱਤੀਆਂ

editor