Food

ਲੋਪ ਹੋਈ ਦੋਆਬੇ ’ਚ ਅੰਬਾਂ ਦੀ ਮਹਿਕ

ਫਲਾਂ ਦੇ ਰਾਜੇ ਅੰਬ ਦਾ ਪੰਜਾਬੀ ਸੱਭਿਆਚਾਰ ’ਚ ਵਿਸ਼ੇਸ਼ ਮਹੱਤਵ ਹੈ। ਜ਼ਿੰਦਗੀ ’ਚ ਉਹ ਬੂਟਾ ਕਦੇ ਨਹੀਂ ਭੁੱਲਦਾ, ਜਿਸ ਦੇ ਪੱਤੇ ਸ਼ਗਨਾਂ ਵਜੋਂ ਦਰਵਾਜ਼ੇ ’ਤੇ ਬੰਨੇ੍ਹ ਗਏ ਸਨ। ਕਿਸੇ ਪ੍ਰੇਮੀ ਲਈ ਉਹ ਅੰਬੀ ਦਾ ਬੂਟਾ ਪਹਿਲੀ ਮਿਲਣੀ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਤੇ ਉਹ ਉਨ੍ਹਾਂ ਦੇ ਪਿਆਰ ਦੀ ਗਵਾਹੀ ਭਰਦਾ ਹੈ। ਇਸ ਤਰ੍ਹਾਂ ਭਾਰਤੀ ਸਮਾਜ ਤੇ ਪੰਜਾਬੀ ਲੋਕ ਧਾਰਾ ’ਚ ਅੰਬ ਦੇ ਫਲ ਤੇ ਇਸ ਦੇ ਬੂਟੇ ਦੀ ਖ਼ਾਸ ਮਹਾਨਤਾ ਮੰਨੀ ਗਈ ਹੈ। ਲੋਕ ਸਾਹਿਤ ’ਚ ਤਾਂ ਇਸ ਦੀ ਮਹਾਨਤਾ ਨੂੰ ਹਰ ਮੌਕੇ ’ਤੇ ਸਤਿਕਾਰਿਆ ਤੇ ਯਾਦ ਕੀਤਾ ਜਾਂਦਾ ਹੈ :

ਅੰਬੀਆਂ ਨੂੰ ਤਰਸੇਂਗੀ

ਬਾਗਾਂ ਦੀਏ ਰਾਣੀਏ,

ਛੱਡ ਕੇ ਦੇਸ ਦੋਆਬਾ।

-ਉਹ ਬੂਟਾ ਰੱਖਿਆ ਨਿਸ਼ਾਨੀ

ਜਿਸ ਹੇਠ ਬੈਠ ਕੀਤੀਆਂ ਸੀ ਗੱਲਾਂ।

ਅੱਜਕੱਲ੍ਹ ਦੋਆਬੇ ਦੀ ਇਸ ਧਰਤੀ ’ਤੇ ਵੀ ਅੰਬਾਂ ਦੇ ਬਾਗ਼ਾਂ ਦੀ ਭਰਮਾਰ ਨਹੀਂ ਰਹੀ। ਖ਼ੈਰ ਆਓ ਹੁਣ ਗੱਲ ਕਰੀਏ ਪੰਜਾਬ ਦੇ ਉਸ ਖਿੱਤੇ ਦੀ ਜਿਸ ਨੂੰ ‘ਅੰਬਾਂ ਦਾ ਘਰ’ ਕਿਹਾ ਜਾਂਦਾ ਰਿਹਾ ਹੈ। ਇਹ ਇਲਾਕਾ ਹੈ ਦੋਆਬਾ ਜੋ ਆਪਣੇ ਪੁਰਾਤਨ ਰੂਪ ਤੇ ਵਿਰਾਸਤੀ ਗੱਲਾਂ ਨੂੰ ਭੱੁਲ- ਭੁਲਾ ਚੁੱਕਿਆ ਹੈ ਜਾਂ ਸਹਿਜੇ- ਸਹਿਜੇ ਭੱੁਲੀ ਜਾ ਰਿਹਾ ਹੈ। ਅੰਬਾਂ ਨਾਲ ਸਬੰਧਿਤ ਕੁਝ ਰੋਚਕ ਤੱਥਾਂ ’ਤੇ ਝਾਤੀ ਮਾਰੀਏ ਤਾਂ ਸਾਰੀ ਤਸਵੀਰ ਸਪੱਸ਼ਟ ਹੋ ਜਾਂਦੀ ਹੈ।

ਦੋਆਬੇ ’ਚ ਆਈ ਤਬਦੀਲੀ

ਦੋਆਬੇ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਕਿ ਇਸ ਨੇ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ। ਇਸ ਦੇ ਨਾਲ ਹੀ ਇਸ ਇਲਾਕੇ ਨੂੰ ਅੰਬਾਂ ਦਾ ਘਰ ਵੀ ਮੰਨਿਆ ਗਿਆ ਹੈ ਪਰ ਸਮੇਂ ਦੀ ਤੋਰ ਤੇ ਵਧਦੀ ਹੋਈ ਆਬਾਦੀ ਨੇ ਅੰਬਾਂ ਦੇ ਬਾਗ਼ਾਂ ਦੀ ਅਜਿਹੀ ਤਬਾਹੀ ਕੀਤੀ ਕਿ ਹੁਣ ਅਜਿਹੇ ਗੀਤ ਸੁਣਾਈ ਦੇਣ ਲੱਗੇ ਹਨ :

ਕਿੱਕਰ, ਨਿੰਮ, ਫਲਾਹ ਤੇ

ਜਾਮਣ ਜੜ੍ਹੋਂ ਪੁਟਾ ਸੁੱਟੇ ,

ਜੰਡ, ਬਰੋਟਾ , ਤੂਤ , ਬੇਰੀਆਂ

ਅਸੀਂ ਵਢਾ ਸੁੱਟੇ

ਨਾ ਪਹਿਲਾਂ ਵਾਲਾ ਰਿਹਾ ਮਾਲਵਾ,

ਨਾ ਉਹ ਮਾਝਾ ਜੀ,

ਕਿੱਥੇ ਗਿਆ ਹੁਣ ਅੰਬਾਂ ਵਾਲਾ

ਦੇਸ ਦੋਆਬਾ ਜੀ ?

ਅੱਜਕੱਲ੍ਹ ਇਸ ਇਲਾਕੇ ’ਚ ਗੇੜਾ ਮਾਰੀਏ ਤਾਂ ਅੰਬਾਂ ਦੇ ਬਾਗ਼ ਕਿਤੇ ਨਹੀਂ ਲੱਭਦੇ। ਜੇ ਕੋਈ ਅੰਬ ਦਾ ਬੂਟਾ ਬਚਿਆ ਹੈ ਤਾਂ ਉਹ ਸੁੱਕੀ ਜਾ ਰਿਹਾ ਹੈ। ਪੁਰਾਣੇ ਬਾਗ਼ ਕੁਝ ਲੋਕਾਂ ਦੀ ਮਾੜੀ ਆਰਥਿਕਤਾ ਦਾ ਸ਼ਿਕਾਰ ਹੋ ਗਏ ਨੇ ਤੇ ਕੁਝ ਚੌੜੀਆਂ ਹੋਈਆਂ ਸੜਕਾਂ ਦੀ ਭੇਟ ਚੜ੍ਹ ਗਏ ਹਨ। ਹੁਣ ਦੀ ਹਾਲਤ ’ਤੇ ਕਵੀ ਦਾ ਰੋਣਾ ਸਹੀ ਲੱਗਦਾ ਹੈ:

ਅੰਬੀਆਂ ਦੇ ਬੂਟਿਆਂ ਨੂੰ

ਪੈ ਗਿਆ ਸੋਕਾ ਵੇ,

ਲੁੱਟ ਦੇ ਵਪਾਰੀਆਂ ਨੂੰ

ਕਿੰਜ ਮੈਂ ਰੋਕਾਂ ਵੇ।

ਦੋਆਬੇ ਵਿਚ ਰਹਿ ਕੇ

ਅੰਬੀਆਂ ਨੂੰ ਤਰਸਾਂਗੇ,

ਮੇਰੇ ਨਾਲ ਹਾਣੀਆ

ਤੰੂ ਕਰ ਗਿਆ ਧੋਖਾ ਵੇ।

ਅੱਜ ਤੋਂ ਪੰਝੀ-ਤੀਹ ਸਾਲ ਪਹਿਲਾਂ ਮਾਹਿਲਪੁਰ, ਹਰਿਆਣਾ, ਭੂੰਗਾ, ਜ਼ਿਲ੍ਹਾ ਹੁਸ਼ਿਆਰਪੁਰ ਦਾ ਸਾਰਾ ਆਲਾ- ਦੁਆਲਾ ਅੰਬਾਂ ਦੇ ਬਾਗ਼ਾਂ ਨਾਲ ਭਰਿਆ ਹੁੰਦਾ ਸੀ। ਜਿਸ ਪਾਸੇ ਨੂੰ ਮਰਜ਼ੀ ਚਲੇ ਜਾਓ , ਠੰਢੀਆਂ ਛਾਵਾਂ ਤੇ ਮਿੱਠੇ ਅੰਬਾਂ ਦੀ ਮਹਿਕ ਮਨ ਅੰਦਰ ਅਨੋਖਾ ਰਸ ਘੋਲ ਦਿੰਦੀ ਸੀ। ਸਭ ਸੜਕਾਂ ਅੰਬਾਂ ਦੇ ਭਾਰੇ ਦਰੱਖ਼ਤਾਂ ਨਾਲ ਠੰਢੀਆਂ

ਠਾਰ ਰਹਿੰਦੀਆਂ।

ਮੁਸਾਫਿਰਾਂ ਨੂੰ ਧੁੱਪ ਤੋਂ ਕਦੇ ਪਰੇਸ਼ਾਨੀ ਨਾ ਹੁੰਦੀ। ਉਹ ਬੜੇ ਆਰਾਮ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਜਾਂਦੇ। ਇਸ ਇਲਾਕੇ ਦੀ ਪਛਾਣ ਪੂਰੀ ਦੁਨੀਆ ’ਚ ਅੰਬਾਂ ਦੇ ਘਰ ਤੇ ਫੁੱਟਬਾਲ ਦੀ ਨਰਸਰੀ ਕਰਕੇ ਹੁੰਦੀ ਸੀ। ਅੰਬ ਤਾਂ ਖ਼ਤਮ ਹੀ ਸਮਝੋ ਪਰ ਫੁੱਟਬਾਲ ਅਕੈਡਮੀ, ਸਿੱਖਿਆ ਜਗਤ ਵਿਚ ਖ਼ਾਲਸਾ ਕਾਲਜ ਅਤੇ 1995 ਤੋਂ ਪ੍ਰਕਾਸ਼ਿਤ ਹੋ ਰਿਹਾ ਬਾਲ ਸਾਹਿਤ ਦਾ ਇੱਕੋ -ਇੱਕ ਪੰਜਾਬੀ ਬਾਲ ਰਸਾਲਾ ‘ਨਿੱਕੀਆਂ ਕਰੂੰਬਲਾਂ’ ਇੱਥੋਂ ਦੀ ਪਛਾਣ ਬਣੇ ਹੋਏ ਹਨ। ਇਸੇ ਤਰ੍ਹਾਂ ਹਰਿਆਣੇ ਭੁੰਗੇ ਲਾਗਲੇ ਇਨਾਮੀ ਬਾਗ਼ ਵੀ ਕੁੱਲ ਦੁਨੀਆ ’ਚ ਮਸ਼ਹੂਰ ਰਹੇ ਹਨ। ਬਾਗ਼ਾਂ ਦਾ ਇਲਾਕਾ ਹੁਣ ਬਾਗ਼ਾਂ ਦੀਆਂ ਠੰਢੀਆਂ ਛਾਵਾਂ ਦਾ ਆਨੰਦ ਮਾਣਨ ਨੂੰ ਤਰਸ ਰਿਹਾ ਹੈ। ਕਦੇ ਇਹ ਬੋਲ ਚਰਚਿਤ ਰਹੇ ਨੇ :

ਅੰਬ ਦੁਸਹਿਰੀ ਚੂਪਣ

ਆਇਓ ਪੁਰਹੀਰਾਂ,

ਇਕਵਿੰਦਰ ਘਰ ਹੋਣਾ ਏ

ਬਰਸਾਤਾਂ ਵਿਚ।

ਦੋਆਬੇ ਦੇ ਅੰਬਾਂ ਦੀਆਂ ਪੁਰਾਣੀਆਂ ਕਿਸਮਾਂ

ਅੱਜਕੱਲ੍ਹ ਕੋਈ ਵੀ ਅੰਬ ਕੁਦਰਤੀ ਤਰੀਕੇ ਨਾਲ ਪਕਾਇਆ ਨਹੀਂ ਜਾਂਦਾ। ਇਸੇ ਕਰਕੇ ਕਈ ਵਾਰ ‘ਫਲਾਂ ਦਾ ਰਾਜਾ’ ਅੰਬ ਖਾ ਕੇ ਵੀ ਮੂੰਹ ਵਿਚ ਛਾਲੇ ਜਾਂ ਹੋਰ ਕਈ ਤਕਲੀਫ਼ਾਂ ਹੋ ਜਾਣ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਦੋਆਬੇ ਦੀ ਧਰਤੀ ’ਤੇ ਕਈ ਤਰ੍ਹਾਂ ਦੇ ਅੰਬ ਅੱਜ ਤੋਂ ਤੀਹ- ਚਾਲੀ ਸਾਲ ਪਹਿਲਾਂ ਮਿਲਦੇ ਸਨ, ਜਿਨ੍ਹਾਂ ਨੂੰ ਦੁਸਹਿਰੀ, ਸੌਂਫਿਆ, ਲੰਗੜਾ, ਸੰਧੂਰੀ, ਗਾਜਰੀ, ਲਾਲ ਪਰੀ, ਥਾਣੇਦਾਰ ਆਦਿ ਨਾਂ ਦਿੱਤੇ ਜਾਂਦੇ ਸਨ। ਹੁਣ ਜੇ ਇਹ ਕਹੀਏ ਕਿ ਅੰਬਾਂ ਦੀ ਮਹਿਕ ਲਈ ਦੋਆਬੀਏ ਵੀ ਤਰਸਣ ਲੱਗੇ ਹਨ ਤਾਂ ਇਹ ਕੋਈ ਅਤਿਕਥਨੀ ਨਹੀਂ। ਹੁਸ਼ਿਆਰਪੁਰ ਦੀ ਪੁਰਾਣੀ ਹੱਦਬੰਦੀ ਅਨੁਸਾਰ ਇਹ ਸਾਰਾ ਇਲਾਕਾ ਬਾਗ਼ਾ ਦਾ ਘਰ ਸੀ। ਹਿਮਾਚਲ ਦਾ ਜ਼ਿਲ੍ਹਾ ਊਨਾ,ਨੰਗਲ ਦਾ ਇਲਾਕਾ ਵੀ ਇਸੇ ਵਿਚ ਹੀ ਗਿਣਿਆ ਜਾਂਦਾ ਰਿਹਾ ਹੈ। ਅਜੇ ਹਿਮਾਚਲ ਦੇ ਇਲਾਕੇ ਵਿਚ ਕੁਝ ਕੁ ਬਾਗ਼ਾਂ ਦੇ ਨਜ਼ਾਰੇ ਦੇਖੇ ਜਾ ਸਕਦੇ ਹਨ। ਇਨ੍ਹਾਂ ਦਿਨਾਂ ਦੀ ਇਹ ਬੋਲੀ ਮਸ਼ਹੂਰ ਹੈ:

ਅੰਬੀਆਂ ਦੇ ਬੂਟਿਆਂ ਨੂੰ

ਪੈ ਗਿਆ ਬੂਰ ਵੇ,

ਰੁੱਤ ਇਹ ਪਿਆਰਾਂ ਵਾਲੀ

ਮਾਹੀਆ ਮੇਰਾ ਦੂਰ ਵੇ।

ਅੰਬਾਂ ਨੂੰ ਕੁਦਰਤੀ ਢੰਗ ਨਾਲ ਪਕਾਉਣ ਦੀ ਵਿਧੀ

ਅੰਬਾਂ ਨਾਲ ਸਬੰਧਿਤ ਅਨੇਕਾਂ ਲੋਕ ਗੀਤ ਇਸ ਦੀ ਮਹਾਨਤਾ ਨੂੰ ਉਜਾਗਰ ਕਰਦੇ ਹਨ। ਪਕਾਏ ਜਾਣ ਵਾਲੇ ਅੰਬ ਦੀ ਡੰਡੀ ਤੋੜ ਦਿੱਤੀ ਜਾਂਦੀ ਹੈ ਨਹੀਂ ਤਾਂ ਉਹ ਉਸ ਦੇ ਪੱਕਣ ਵਿਚ ਰੁਕਾਵਟ ਪੈਦਾ ਕਰਦੀ ਹੈ। ਡੰਡੀ ਤੋੜਨ ਵੇਲੇ ਨਿਕਲਣ ਵਾਲੇ ਪਦਾਰਥ ਨੂੰ ਡੋਕ ਕਿਹਾ ਜਾਂਦਾ ਹੈ, ਜਿਸ ਤੋਂ ਅਨੇਕਾਂ ਪ੍ਰਕਾਰ ਦੀਆਂ ਅੱਖਾਂ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਡੋਕ ਦਾ ਦਾਗ਼ ਕੱਪੜੇ ਤੋਂ ਕਦੇ ਨਹੀਂ ਉੱਤਰਦਾ। ਇਸੇ ਤਰ੍ਹਾਂ ਇਹ ਇੰਨਾ ਜ਼ਹਿਰੀਲਾ ਹੁੰਦਾ ਹੈ ਕਿ ਸਰੀਰ ਦੀ ਚਮੜੀ ਨੂੰ ਵੀ ਸਾੜ ਕੇ ਲਾਲ ਕਰ ਦਿੰਦਾ ਹੈ। ਫਲਾਂ ਦੇ ਰਾਜੇ ਅੰਬ ਨੂੰ ਜੇ ਅੱਜ ਵੀ ਕੁਦਰਤੀ ਤਰੀਕੇ ਨਾਲ ਪਕਾਇਆ ਜਾਵੇ ਤਾਂ ਅਸੀਂ ਇਸ ਦੀ ਸੌ ਫ਼ੀਸਦੀ ਪੋਸ਼ਟਿਕਤਾ ਦਾ ਲਾਭ ਲੈ ਸਕਦੇ ਹਾਂ। ਇਹ ਵੀ ਤਜਰਬਾ ਦੱਸਦਾ ਹੈ ਕਿ ਕਈ ਅੰਬਾਂ ਦਾ ਰੰਗ ਸੰਧੂਰੀ ਹੁੰਦਾ ਹੈ ਪਰ ਉਹ ਖਾਣ ਵੇਲੇ ਖੱਟੇ ਨਿਕਲਦੇ ਹਨ। ਇੱਥੇ ਇਹ ਕਹਾਵਤ ਸੱਚ ਹੋ ਜਾਂਦੀ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।

ਅੰਬ ਦੀ ਮਹਾਨਤਾ

ਅੰਬ ਸਾਡੇ ਦੇਸ਼ ਸਮੇਤ ਪਾਕਿਸਤਾਨ ਅਤੇ ਫਿਲਪਾਈਨ ਦਾ ਵੀ ਕੌਮੀ ਫਲ ਹੈ। ਪੁਰਾਣੇ ਰਾਜੇ- ਮਹਾਰਾਜਿਆਂ ਨੇ ਅੰਬਾਂ ਦੇ ਬਾਗ਼ ਲੁਆਉਣ ’ਚ ਬੜੀ ਦਿਲਚਸਪੀ ਲਈ ਸੀ। ਇਸੇ ਕਰਕੇ ਦੋਆਬੇ ਦੀ ਧਰਤੀ ਅੰਬਾਂ ਦਾ ਘਰ ਬਣ ਗਈ ਸੀ। ਬੰਗਲਾਦੇਸ਼ ਦਾ ਇਹ ਕੌਮੀ ਰੁੱਖ ਹੈ। ਵੈਦਿਕ ਗ੍ਰੰਥਾਂ ਅਨੁਸਾਰ ਇਹ ਸਵਰਗ ਦਾ ਫਲ ਹੈ। ਭਾਰਤ ਵਿਚ ਇਸ ਦੀ ਪੈਦਾਵਾਰ ਪਿਛਲੇ ਲਗਭਗ ਚਾਰ ਹਜ਼ਾਰ ਸਾਲ ਤੋਂ ਕੀਤੀ ਜਾ ਰਹੀ ਹੈ। ਯੂਰਪੀ ਯਾਤਰੀ ਅਲੈਗਜੈਂਡਰ ਤੇ ਉਸ ਦੀ ਫ਼ੌਜ ਨੇ ਇਸ ਫਲ ਨੂੰ 327 ਈਸਾ ਪੂਰਵ ਵਿਚ ਦੇਖਿਆ।

ਭਾਵੇਂ ਭਾਰਤ ਅੰਬ ਪੈਦਾ ਕਰਨ ਵਾਲਾ ਪ੍ਰਮੁੱਖ ਦੇਸ਼ ਹੈ ਪਰ ਇਸ ਦੀ ਬਹੁਤੀ ਖਪਤ ਦੇਸ਼ ’ਚ ਹੀ ਹੋ ਜਾਂਦੀ ਹੈ। ਭਾਰਤ ਵਿਚ ਇਸ ਦੀਆਂ 500 ਕਿਸਮਾਂ ਦੱਸੀਆਂ ਗਈਆਂ ਹਨ, ਜਿਨ੍ਹਾਂ ’ਚੋਂ ਪ੍ਰਚਲਿਤ 35 ਦੇ ਕਰੀਬ ਹੀ ਹਨ। ਅੰਬ ਦਾ ਵਿਗਿਆਨਕ ਨਾਂ ‘ਮੈਂਗੀਫੇਰਾ ਇੰਡੀਕਾ’ ਹੈ। ਅੰਬ ਦੀ ਬਹੁਤੀ ਵਰਤੋਂ ਅਚਾਰ ਵਾਸਤੇ ਕੀਤੀ ਜਾਂਦੀ ਹੈ। ਅੰਬ ਦੀ ਚਟਨੀ, ਮੁਰੱਬਾ, ਮਲਾਂਜੀ, ਬਾਂਜੂ, ਬਾਖੜੀਆਂ ਆਦਿ ਅਨੇਕਾਂ ਪ੍ਰਕਾਰ ਦੇ ਸਵਾਦੀ ਪਦਾਰਥ ਤਿਆਰ ਕੀਤੇ ਜਾਂਦੇ ਹਨ। ਇਸ ਦੀ ਖਟਿਆਈ ਨੂੰ ਜ਼ਾਇਕਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਅੰਬਾਂ ਵਾਲੇ ਇਲਾਕੇ ਵਿਚ ਬਾਂਜੂ ਬੜਾ ਮਸ਼ਹੂਰ ਹੈ ਤੇ ਸਬਜ਼ੀ /ਦਾਲ ਵਜੋਂ ਵਰਤਿਆ ਜਾਂਦਾ ਹੈ। ਇਹ ਵੀ ਗੱਲ ਚਰਚਿਤ ਹੁੰਦੀ ਸੀ ਕਿ ਅੰਬਾਂ ਵਾਲੇ ਇਲਾਕੇ ਦੇ ਲੋਕ ਇਸ ਸੀਜ਼ਨ ’ਚ ਕੋਈ ਹੋਰ ਦਾਲ ਸਬਜ਼ੀ ਨਹੀਂ ਬਣਾੳਂੁਦੇ ਸਗੋਂ ਅੰਬਾਂ ਦੇ ਹੀ ਜ਼ਾਇਕੇਦਾਰ ਪਦਾਰਥ ਤਿਆਰ ਕਰਦੇ ਹਨ।

ਅੰਬਾਂ ਨੂੰ ਪਕਾਉਣ ਦੀ ਤਿਆਰੀ

ਮੈਨੂੰ ਆਪਣੇ ਬਚਪਨ ਦੀ ਪਟਾਰੀ ’ਚੋਂ ਯਾਦਾਂ ਆਉਂਦੀਆਂ ਹਨ ਜਦੋਂ ਸਾਡਾ ਬਾਬਾ ਦਲੀਪਾ ਰਾਮ ਬਾਗ਼ ਖਰੀਦਦਾ ਤੇ ਅਸੀਂ ਨਿੱਕੜੇ ਬਾਲ ਉਨ੍ਹਾਂ ਨਾਲ ਅੰਬ ਚੁਗਣ ਅਤੇ ਹੋਰ ਨਿੱਕੇ -ਮੋਟੇ ਕੰਮਾਂ ’ਚ ਸਹਾਇਤਾ ਕਰਦੇ। ਫਲਾਂ ਦੇ ਰਾਜੇ ਅੰਬ ਨੂੰ ਨਾ ਤਾਂ ਹੁਣ ਪੁਰਾਣੇ ਤਰੀਕੇ ਨਾਲ ਪਕਾਇਆ ਜਾਂਦਾ ਹੈ ਤੇ ਨਾ ਹੀ ਸੰਭਾਲਿਆ ਜਾਂਦਾ ਹੈ। ਅਸੀਂ ਆਪਣੇ ਬਾਬਾ ਜੀ ਨਾਲ ਟੋਕਰੀਆਂ ਵਿਚ ਅੰਬ ਲਾ ਕੇ ਪਕਾਉਣ ਲਈ ਚੋਡੇ (ਜਾਲੀ) ਬੁਣਦੇ ਸਾਂ। ਬੜੀ ਕਲਾਕਾਰੀ ਹੁੰਦੀ ਸੀ ਜਾਲ ਬੁਣਨ ਵਿਚ। ਜਦੋਂ ਤੁੜਾਵਾ ਬੂਟੇ ’ਤੇ ਚੜ੍ਹ ਕੇ ਅੰਬ ਤੋੜ ਕੇ ਕਾਂਡੂ (ਜਾਲੀਦਾਰ ਬੋਰਾ) ਵਿਚ ਪਾਉਂਦਾ ਤਾਂ ਕੋਈ ਅੰਬ ਧਰਤੀ ’ਤੇ ਡਿੱਗ ਜਾਂਦਾ ਤਾਂ ਉਸ ਨੂੰ ਬਾਕੀ ਅੰਬਾਂ ਤੋਂ ਵੱਖਰਾ ਰੱਖਿਆ ਜਾਂਦਾ ਸੀ ਤਾਂ ਕਿ ਟੋਕਰੀ ਵਿਚ ਪੈ ਕੇ ਬਾਕੀ ਅੰਬ ਵੀ ਗਲ਼ ਨਾ ਜਾਣ। ਬੂਟੇ ਨਾਲੋਂ ਅੰਬਾਂ ਨੂੰ ਕਾਂਡੂ ਛਿੱਕੀ ਨਾਲ ਤੋੜ ਕੇ ਹੇਠਾਂ ਛਾਵੇਂ ਸਿਰਕੀ (ਤੀਲਾਂ ਦੀ ਚਟਾਈ) ’ਤੇ ਡੰਡੀਆਂ ਤੋੜ ਕੇ ਸੁਕਾਇਆ ਜਾਂਦਾ ਸੀ। ਬਾਅਦ ਦੁਪਹਿਰ ਇਨ੍ਹਾਂ ਅੰਬਾਂ ਨੂੰ ਪਕਾਉਣ ਵਾਸਤੇ ਬਗੜ ਨਾਲ ਟੋਕਰੀਆਂ ’ਚ ਭਰਿਆ ਜਾਂਦਾ ਸੀ। ਪਕਾਉਣ ਦਾ ਇਹ ਕੁਦਰਤੀ ਤਰੀਕਾ ਸੀ। ਕਿਸੇ ਵੀ ਮਸਾਲੇ ਆਦਿ ਦੀ ਵਰਤੋਂ ਨਹੀਂ ਸੀ ਹੁੰਦੀ। ਉਸੇ ਅੰਬ ਨੂੰ ਤੋੜਿਆ ਜਾਂਦਾ ਸੀ ਜਿਸ ਦੇ ਕੁਦਰਤੀ ਤੌਰ ’ਤੇ ਪੱਕੇ ਹੋਏ ਅੰਬ ਰੋਜ਼ਾਨਾ ਪੰਜ ਜਾਂ ਸੱਤ ਦੀ ਗਿਣਤੀ ਵਿਚ ਡਿੱਗ ਪੈਂਦੇ ਸਨ ਜਦਕਿ ਅੱਜਕੱਲ੍ਹ ਇਨ੍ਹਾਂ ਗੱਲਾਂ ਦਾ ਕੋਈ ਖ਼ਿਆਲ ਨਹੀ ਰੱਖਿਆ ਜਾਂਦਾ ਸਗੋਂ ਪੇਟੀਆਂ ਵਿਚ ਬੰਦ ਕਰ ਕੇ ਮਸਾਲਾ ਕੈਲਸ਼ੀਅਮ ਕਾਰਬਾਈਡ ਰੱਖ ਕੇ ਪਕਾ ਲਿਆ ਜਾਂਦਾ ਹੈ, ਜੋ ਸਿਹਤ ਲਈ ਲਾਭਕਾਰੀ ਨਹੀਂ ਹੁੰਦਾ।

ਸਿਹਤ ਲਈ ਬੜਾ ਗੁਣਕਾਰੀ

ਡਾਕਟਰੀ ਅੰਦਾਜ਼ੇ ਅਨੁਸਾਰ ਅੰਬ ਇਕ ਅਜਿਹਾ ਫਲ ਹੈ, ਜੋ ਸਰੀਰ ਵਿਚਲੇ ਅਨੇਕਾਂ ਰੋਗਾਂ ਲਈ ਦਾਰੂ ਵਜੋ ਵਰਤਿਆ ਜਾਂਦਾ ਹੈ। ਸੌ ਗ੍ਰਾਮ ਭਾਰ ਵਾਲੇ ਅੰਬ ਵਿਚ 65 ਕਿੱਲੋ ਕੈਲਰੀ ਊਰਜਾ ਦੇਣ ਦੀ ਸਮਰੱਥਾ ਹੁੰਦੀ ਹੈ, ਜਿਸ ਵਿਚ ਸਭ ਤੋਂ ਵੱਧ 17 ਗ੍ਰਾਮ ਕਾਰਬੋਹਾਈਡ੍ਰੇਟ ਅਤੇ 14.8 ਗ੍ਰਾਮ ਖੰਡ ਹੁੰਦੀ ਹੈ। ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਜ਼ਿੰਕ ਸਮੇਤ ਵਿਟਾਮਿਨ ਏ, ਬੀ ਤੇ ਸੀ ਵੀ ਮੌਜੂਦ ਹੂੰਦਾ ਹੈ। ਪੱਕੇ ਅੰਬ ਚੂਪਣ ਨਾਲ ਦਿਲ ,ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ। ਨਾਮਰਦੀ ਵਾਲੇ ਲੋਕਾਂ ਲਈ ਵੀ ਇਹ ਫਲ ਬੜਾ ਲਾਭਕਾਰੀ ਹੁੰਦਾ ਹੈ। ਗਰਮੀ ਤੋਂ ਬਚਣ ਲਈ ਇਸ ਨੂੰ ਸੁਆਹ ਵਿਚ ਭੰੁਨ ਕੇ ਇਸਦੇ ਗੁੱਦੇ ਦਾ ਸ਼ਰਬਤ ਪੀਤਾ ਜਾ ਸਕਦਾ ਹੈ। ਪੱਕੇ ਅੰਬਾਂ ਨੂੰ ਚੂਪਣ ਨਾਲ ਅੱਖਾਂ ਦੇ ਰੋਗਾਂ ਤੋਂ ਵੀ ਬਚਿਆ ਜਾ ਸਕਦਾ ਹੈ। ਕਿਸੇ ਜ਼ਮਾਨੇ ’ਚ ਇਹ ਫਲ ਰਾਜੇ-ਮਹਾਰਾਜਿਆਂ ਦੁਆਰਾ ਹੀ ਖਾਧਾ ਜਾਂਦਾ ਸੀ, ਜਿਸ ਕਰਕੇ ਇਸ ਨੂੰ ਫਲਾਂ ਦਾ ਰਾਜਾ ਮੰਨਿਆ ਜਾਣ ਲੱਗ ਪਿਆ।

ਅੰਬ ਦਾ ਮੰਡੀਕਰਨ

ਜਦੋਂ ਅੰਬ ਦਰੱਖ਼ਤ ਉੱਤੇ ਪੱਕ ਕੇ ਹੇਠਾਂ ਡਿੱਗਦਾ ਹੈ ਤਾਂ ਇਸ ਨੂੰ ਟਪਕਾ ਕਿਹਾ ਜਾਂਦਾ ਹੈ। ਅਸਲ ਵਿਚ ਰਸਿਆ ਹੋਇਆ ਜਾਂ ਦੇਸੀ ਤਰੀਕੇ ਨਾਲ ਪਕਾਇਆ ਹੋਇਆ ਅੰਬ ਹੀ ਸਿਹਤ ਲਈ ਜ਼ਿਆਦਾ ਲਾਭਕਾਰੀ ਹੁੰਦਾ ਹੈ। ਠੰਢੇ ਪਾਣੀ ਵਿਚ ਰੱਖ ਕੇ ਅੰਬਾਂ ਨੂੰ ਚੂਪਣ ਦਾ ਆਪਣਾ ਹੀ ਨਜ਼ਾਰਾ ਹੁੰਦਾ ਸੀ । ਅਚਾਰ ਵਾਸਤੇ ਕੱਚਾ ਅੰਬ ਬੋਰਿਆਂ ਵਿਚ ਮੰਡੀਆਂ ਨੂੰ ਭੇਜਿਆ ਜਾਂਦਾ ਹੈ ਜਦਕਿ ਪਹਿਲਾਂ ਵੱਡੀਆਂ ਬੋਰੀਆਂ ਹੀ ਭਰੀਆਂ ਜਾਂਦੀਆਂ ਸਨ। ਇਨ੍ਹਾਂ ਦੇ ਹੇਠਾਂ ਅਤੇ ਉੱਪਰ ਪੱਤੇ ਪਾਏ ਜਾਂਦੇ ਸਨ ਤਾਂ ਕਿ ਫਲ ਨੂੰ ਕਿਸੇ ਤਰ੍ਹਾਂ ਸੱਟ ਨਾ ਲੱਗੇ।

ਮੋਗਾ, ਸ੍ਰੀ ਮੁਕਤਸਰ ਸਾਹਿਬ, ਹਿਸਾਰ, ਸਿਰਸਾ, ਗੁੜਗਾਵਾਂ ਆਦਿ ਮੰਡੀਆਂ ਵਿਚ ਚੰਗਾ ਮੁੱਲ ਪੈਣ ਦੇ ਇਰਾਦੇ ਨਾਲ ਬੋਰੀ ਦੇ ਸਭ ਤੋਂ ਹੇਠਾਂ ਬਾਰੀਕ, ਵਿਚਕਾਰ ਦਰਮਿਆਨਾ ਤੇ ਉੱਪਰ ਸਭ ਤੋਂ ਮੋਟਾ ਅੰਬ ਪਾਇਆ ਜਾਂਦਾ ਹੈ। ਇਹੀ ਤਰੀਕਾ ਪਕਾਉਣ ਵਾਲੀ ਟੋਕਰੀ ਵਿਚ ਤਿੰਨ ਤਹਿਆਂ ਲਾ ਕੇ ਵਰਤਿਆ ਜਾਂਦਾ ਹੈ। ਅੱਜਕੱਲ੍ਹ ਪੇਟੀਆਂ ਵਿਚ ਵੀ ਤਹਿਆਂ ਦੀ ਵਰਤੋਂ ਅਖ਼ਬਾਰਾਂ ਵਿਛਾ ਕੇ ਕੀਤੀ ਜਾਂਦੀ ਹੈ ਪਰ ਪਕਾਉਣ ਦਾ ਤਰੀਕਾ ਗ਼ੈਰ ਕੁਦਰਤੀ ਹੈ। ਮਂੈਗੋ ਸ਼ੇਕ , ਮਂੈਗੋ ਫਰੂਟੀ ਨੂੰ ਬੱਚੇ ਬੜੀ ਚਾਹਤ ਨਾਲ ਪੀਂਦੇ ਹਨ ਜਦਕਿ ਅੰਬਾਂ ਦਾ ਰਸ ਹਰ ਕਿਸੇ ਦੇ ਮੂੰਹ ਵਿਚ ਪਾਣੀ ਲਿਆ ਦਿੰਦਾ ਹੈ। ਹੁਣ ਦੋਆਬੇ ਦੀ ਧਰਤੀ ’ਚੋਂ ਸੰਧੂਰੀ ਅੰਬਾਂ ਦੀ ਮਹਿਕ ਨਹੀਂ ਆਉਂਦੀ। ਇਸੇ ਕਰਕੇ ਅੱਜਕੱਲ੍ਹ

ਕਿਹਾ ਜਾਣ ਲੱਗਾ ਹੈ :

ਹੁਣ ਅੰਬੀਆਂ ਨੂੰ ਤਰਸੇਂਗੀ ,

ਵਿਚ ਰਹਿ ਕੇ ਦੇਸ ਦੋਆਬੇ।

– ਬਲਜਿੰਦਰ ਮਾਨ

Related posts

ਕੈਂਸਰ ਤੋਂ ਲੈ ਕੇ ਸ਼ੂਗਰ ਤਕ, ਇਨ੍ਹਾਂ ਬਿਮਾਰੀਆਂ ਲਈ ਰਾਮਬਾਣ ਹੈ ਹਰੀ ਮਿਰਚ

editor

ਕੀ ਦੁੱਧ ਪੀਣ ਨਾਲ ਵਧਦੈ ਟ੍ਰਾਈਗਲਿਸਰਾਈਡਸ ? ਇੱਥੇ ਸਮਝੋ ਕੋਲੈਸਟ੍ਰੋਲ ਦਾ ਪੂਰਾ ਗਣਿਤ

editor

ਇਸ ਮਸਾਲੇ ਨਾਲ ਕਰੋ ਹਾਈ ਲੈਵਲ ਕੋਲੈਸਟ੍ਰੋਲ ਦਾ ਇਲਾਜ, ਡਾਇਬਟੀਜ਼ ‘ਚ ਵੀ ਹੈ ਫਾਇਦੇਮੰਦ

editor