Articles

ਵਿਸ਼ਵ ਤੰਬਾਕੂ ਰਹਿਤ ਦਿਵਸ (31 ਮਈ) ‘ਤੇ ਵਿਸ਼ੇਸ਼: ਜ਼ਿੰਦਗੀ ਨੂੰ ਕਹੋ ਹਾਂ

ਲੇਖਕ: ਡਾ: ਜਸਪ੍ਰੀਤ ਕੌਰ ਢਿਲੋਂ

ਵਿਸ਼ਵ ਤੰਬਾਕੂ ਰਹਿਤ ਦਿਵਸ ਵਿਸ਼ਵ ਸਿਹਤ ਸੰਗਠਨ ਦੁਆਰਾ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ । ਇਸ ਦਿਵਸ ਨੂੰ ਤੰਬਾਕੂ ਦੀ ਵਰਤੋਂ ਨਾਲ ਹੋ ਰਹੇ ਨੁਕਸਾਨ, ਇਸਦੀ ਰੋਕਥਾਮ ਬਾਰੇ ਗਿਆਨ ਫੈਲਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ । ਤੰਬਾਕੂ ਦੀ ਵਰਤੋਂ ਇਨਸਾਨੀ ਸਰੀਰ ਤੇ ਬਹੁਤ ਮਾੜੇ ਪ੍ਰਭਾਵ ਪਾਉਂਦੀ ਹੈ । ਸਿਹਤ ਵਿਚ ਨਿਘਾਰ ਅਤੇ ਹੋਰ ਬਿਮਾਰੀਆਂ ਦੀ ਆਮਦ ਤੰਬਾਕੂ ਵਰਤੋਂ ਦਾ ਆਮ ਲੱਛਣ ਹੈ, ਪਰ ਬਹੁਤ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪੈਂਦੀ ਹੈ । ਤੰਬਾਕੂ ਨੂੰ ਧੀਮੀ ਗਤੀ ਵਾਲਾ ਜ਼ਹਿਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸਮੇਂ ਤੋਂ ਪਹਿਲਾਂ ਮੌਤ ਵੱਲ ਧੱਕਦਾ ਹੈ ।

ਦਹਾਕਿਆਂ ਤੋਂ, ਤੰਬਾਕੂ ਉਦਯੋਗ ਨੇ ਨੌਜਵਾਨਾਂ ਨੂੰ ਤੰਬਾਕੂ ਅਤੇ ਨਿਕੋਟੀਨ ਉਤਪਾਦਾਂ ਵੱਲ ਆਕਰਸ਼ਤ ਕਰਨ ਲਈ ਜਾਣਬੁੱਝ ਕੇ ਰਣਨੀਤਕ, ਹਮਲਾਵਰ ਅਤੇ ਵਧੀਆ ਢੰਗ ਨਾਲ ਜੁੜੇ ਕਾਰਜਾਂ ਨੂੰ ਵਰਤਿਆ ਹੈ । ਤੰਬਾਕੂ ਦੀ ਮਾਰਕੀਟਿੰਗ ਵੱਡੇ ਫਿਲਮੀ ਸਿਤਾਰਿਆਂ ਤੋਂ ਜਾਂ ਖਿਡਾਰੀਆਂ ਤੋਂ ਕਰਵਾਈ ਜਾਂਦੀ ਹੈ ਤਾਂ ਜੋ ਨੌਜਵਾਨ ਆਕਰਸ਼ਿਤ ਹੋ ਕੇ ਤੰਬਾਕੂ ਦੀ ਵਰਤੋਂ ਕਰਨ । ਤੰਬਾਕੂ ਅਤੇ ਇਸ ਨਾਲ ਜੁੜੇ ਉਦਯੋਗਾਂ ਦੀਆਂ ਤੰਬਾਕੂ ਉਪਭੋਗਤਾਵਾਂ ਦੀ ਨਵੀਂ ਪੀੜ੍ਹੀ ਨੂੰ ਆਕਰਸ਼ਤ ਕਰਨ ਲਈ ਯੋਜਨਾਬੱਧ, ਹਮਲਾਵਰ ਅਤੇ ਨਿਰੰਤਰ ਚਾਲਾਂ ਦੇ ਜਵਾਬ ਵਿੱਚ, ਵਿਸ਼ਵ ਤੰਬਾਕੂ ਰਹਿਤ ਦਿਵਸ 2020 ਇੱਕ ਵਿਰੋਧੀ-ਮਾਰਕੀਟਿੰਗ ਮੁਹਿੰਮ ਪ੍ਰਦਾਨ ਕਰੇਗਾ ਅਤੇ ਨੌਜਵਾਨਾਂ ਨੂੰ ਵੱਡੇ ਤੰਬਾਕੂ ਦੇ ਵਿਰੁੱਧ ਲੜਨ ਵਿੱਚ ਸਮਰੱਥਾ ਦੇਵੇਗਾ ।

ਭਾਰਤ ਵਿਚ ਹਰ ਸਾਲ 6 ਲੱਖ ਤੋਂ ਵੱਧ ਮੌਤਾਂ ਤੰਬਾਕੂ ਦੀ ਵਰਤੋਂ ਕਾਰਨ ਹੁੰਦੀਆਂ ਹਨ । ਤੰਬਾਕੂ ਸੇਵਨ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਮਿਹਦੇ ਦਾ ਕੈਂਸਰ ਆਦਿ ਦੇ ਮਰੀਜਾਂ ਵਿਚ ਹਰ ਸਾਲ ਲਗਾਤਾਰ ਵਾਧਾ ਹੋ ਰਿਹਾ ਹੈ । ਇਕ ਸਰਵੇ ਅਨੁਸਾਰ 40 ਫੀਸਦੀ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ ।ਤੰਬਾਕੂ 4000 ਜ਼ਹਿਰੀਲੇ ਰਸਾਇਣਾਂ ਦਾ ਮਿਸ਼ਰਣ ਹੈ। ਨਿਕੋਟੀਨ, ਨਾਈਟਰੋਜਨ ਯੋਗਿਕਾਂ ਨੂੰ ਮਨੁੱਖੀ ਸਿਹਤ ਲਈ ਸਭ ਤੋਂ ਵੱਧ ਹਾਨੀਕਾਰਕ ਐਲਾਨਿਆ ਗਿਆ ਹੈ। ਇਹ ਵਿਸ਼ੈਲੇ ਅੰਸ਼ ਦਿਲ, ਦਿਮਾਗ, ਗੁਰਦੇ, ਮਿਹਦੇ, ਸਾਹ ਪ੍ਰਣਾਲੀ ਤੇ ਪ੍ਰਜਣਨ ਪ੍ਰਣਾਲੀ ’ਤੇ ਬੁਰਾ ਪ੍ਰਭਾਵ ਪਾਉਂਦੇ ਹਨ ਤੇ ਇਨ੍ਹਾਂ ਅੰਗਾਂ ਨੂੰ ਨਿਰਬਲ ਕਰ ਦੇਂਦੇ ਹਨ। ਨਿਕੋਟੀਨ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਤੇਜ਼ ਕਰਦਾ ਹੈ। ਦਿਲ ਦੇ ਦੌਰੇ ਦੀ ਸੰਭਾਵਨਾ ਵਧ ਜਾਂਦੀ ਹੈ। ਖੂਨ ਦੀਆਂ ਨਾੜੀਆਂ ਤੰਗ ਹੋਣ ਨਾਲ ਦਿਮਾਗ ਦੀ ਨਾੜੀ ਫਟ ਜਾਣ ਦਾ ਖ਼ਤਰਾ ਬਣ ਜਾਂਦਾ ਹੈ। ਤੰਬਾਕੂਨੋਸ਼ੀ ਨਾਲ ਦਮੇ ਦੀ ਬੀਮਾਰੀ ਸਹਿਜੇ ਹੀ ਚਿੰਬੜ ਜਾਂਦੀ ਹੈ । ਇਹ ਇਨਸਾਨ ਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਕਰ ਦਿੰਦੀ ਹੈ ।

ਤੰਬਾਕੂਨੋਸ਼ੀ ਨੂੰ ਰੋਕਣ ਲਈ ਭਾਰਤੀ ਦੰਡ ਵਿਧਾਨ ਦੀ ਧਾਰਾ 278 ਅਨੁਸਾਰ ਜਨਤਕ ਥਾਵਾਂ ’ਤੇ ਇਸ ਦਾ ਸੇਵਨ ਸਜ਼ਾਯੋਗ ਅਪਰਾਧ ਹੈ। ਸੁਪਰੀਮ ਕੋਰਟ ਨੇ ਵੀ 1 ਮਈ 2004 ਨੂੰ ਜਨਤਕ ਥਾਵਾਂ ’ਤੇ ਸਿਗਰਟ ਪੀਣ ਉੱਤੇ ਪਾਬੰਦੀ ਲਾਈ ਹੈ । ਪਰੰਤੂ ਫਿਰ ਵੀ ਬਹੁਤੇ ਲੋਕ ਇਸਦੀ ਉਲੰਘਣਾ ਕਰਦੇ ਹਨ । ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਦਿਨ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਕਈ ਪ੍ਰੋਗ੍ਰਾਮ ਉਲੀਕੇ ਜਾਂਦੇ ਹਨ । ਕਿਉਂਕਿ ਤੰਬਾਕੂਨੋਸ਼ੀ ਨੂੰ ਰੋਕਣਾ ਮਨੁੱਖਤਾ ਲਈ ਬਹੁਤ ਜ਼ਰੂਰੀ ਹੋ ਰਿਹਾ ਹੈ । ਤੰਬਾਕੂ ਦੀ ਵਰਤੋਂ ਕਰਨ ਵਾਲੇ ਮਾਪਿਆਂ ਦੇ ਨਵਜੰਮੇ ਬੱਚੇ ਵੀ ਕਈ ਵਾਰ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਹੁੰਦੇ ਹਨ ਜਾਂ ਉਨ੍ਹਾਂ ਦੀ ਸਿਹਤ ਵਧੇਰੇ ਚੰਗੀ ਨਹੀਂ ਹੁੰਦੀ ।

ਤੰਬਾਕੂ ਨੂੰ ਛੱਡਨਾ ਬਹੁਤ ਹੀ ਔਖਾ ਕਾਰਜ ਹੈ। ਨਕੋਟੀਨ ਬਹੁਤ ਜ਼ਿਆਦਾ ਤਾਕਤਵਰ ਅਮਲ ਵਾਲਾ ਡਰੱਗ ਹੈ, ਪਰ ਸਹੀ ਪਹੁੰਚ ਰਾਹੀਂ ਤੁਸੀਂ ਇਸ ਨੂੰ ਛੱਡ ਸਕਦੇ ਹੋ। ਇਸ ਆਦਤ ਨੂੰ ਛੱਡਣ ਲਈ ਬਹੁਤ ਜ਼ਿਆਦਾ ਧੀਰਜ ਅਤੇ ਆਤਮਕ ਸ਼ਕਤੀ ਦੀ ਲੋੜ ਹੁੰਦੀ ਹੈ। ਇਹ ਆਦਤ ਇਕ ਦਿਨ ਵਿਚ ਨਹੀਂ ਜਾਂਦੀ, ਨਿਰੰਤਰ ਕੋਸ਼ਿਸ਼ ਕਰਨ ਨਾਲ ਆਖ਼ਿਰਕਰ ਇਸ ਆਦਤ ਨੂੰ ਪੂਰੀ ਤਰ੍ਹਾਂ ਛੱਡਿਆ ਜਾ ਸਕਦਾ ਹੈ।

ਅਗਰ ਤੁਸੀਂ ਤੰਬਾਕੂ ਛੱਡਣਾ ਚਾਹੁੰਦੇ ਹੋ, ਪਰ ਇਹ ਸਭ ਕਿਵੇਂ ਕੀਤਾ ਜਾਏ ਇਸ ਬਾਰੇ ਉਲਝਨ ਵਿਚ ਹੋ ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮ.ਓ.ਐਚ.ਐਫ.ਡਬਲਿਊ) ਦੁਆਰਾ ਜਾਰੀ ਐਮ-ਸੈਸੇਇਸ਼ਨ ਪ੍ਰੋਗਰਾਮ ਵਿਚ ਸ਼ਾਮਿਲ ਹੋਵੋ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin