Articles Health & Fitness

ਸ਼ਰੀਰਕ ਤੇ ਬੌਧਿਕ ਵਿਕਾਸ ਲਈ ਗੂੜੀ ਨੀਂਦਰ ਦੀ ਮਹੱਤਤਾ !

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਅੱਜ ਦੇ ਇਸ ਦੌਰ ਵਿੱਚ ਖਿਡਾਰੀਆਂ ਤੋਂ ਇਲਾਵਾ ਆਮ ਨੌਜਵਾਨ ਵੀ ਸ਼ਰੀਰਕ ਤੰਦਰੁਸਤੀ ਨੂੰ ਤਰਜੀਹ ਦੇ ਰਹੇ ਹਨ। ਇਸ ਰੁਝਾਨ ਦਾ ਕਾਰਨ ਨਾਮਚੀਨ ਖਿਡਾਰੀਆਂ ਤੋਂ ਇਲਾਵਾ ਫ਼ਿਲਮੀ ਸਿਤਾਰੇ ਅਤੇ ਮਿਊਜ਼ਿਕ ਵੀਡੀਓ ਦੇ ਫਿੱਟਨੈੱਸ ਮਾਡਲ ਮੰਨੇ ਜਾ ਰਹੇ ਹਨ, ਜਿਨ੍ਹਾਂ ਦੀ ਮਸਕੁਲਰ ਅਤੇ ਅਸਥੈਟਿਕ ਦਿੱਖ ਨੇ ਨੌਜਵਾਨਾਂ ਨੂੰ ਜਿੰਮ ਅਤੇ ਫਿੱਟਨੈੱਸ ਸੈਂਟਰਾਂ ਵੱਲ ਉਤਸ਼ਾਹਿਤ ਕੀਤਾ ਹੈ।

ਇਹ ਦੇਖਣ ਵਿੱਚ ਆਉਂਦਾ ਹੈ ਕਿ ਪੇਸ਼ੇਵਰ ਖਿਡਾਰੀ ਹੋਣ ਜਾਂ ਫਿੱਟਨੈੱਸ ਪ੍ਰੇਮੀ ਆਪਣੀ ਸ਼ਰੀਰਿਕ ਯੋਗਤਾ ਵਧਾਉਣ ਅਤੇ ਜਲਦੀ ਮਸਕੁਲਰ ਦਿੱਖਣ ਲਈ ਆਪਣੇ ਕੋਚਾਂ ਅਤੇ ਜਿੰਮ ਟ੍ਰੇਨਰਾਂ ਕੋਲੋਂ ਆਲ੍ਹਾ ਦਰਜ਼ੇ ਦੇ ਟ੍ਰੇਨਿੰਗ ਪ੍ਰੋਗਰਾਮ ਲੈ ਮਿਹਨਤ ਕਰਦੇ ਹਨ। ਉਹ ਨਿਯਮਤ ਰੂਪ ਵਿੱਚ ਪੌਸ਼ਟਿਕ ਖ਼ੁਰਾਕ ਅਤੇ ਹੋਰ ਕਈ ਤਰ੍ਹਾਂ ਦੇ ਮਹਿੰਗੇ ਫ਼ੂਡ ਸਪਲੀਮੈਂਟਾਂ ਦਾ ਵੀ ਸੇਵਨ ਕਰਦੇ ਹਨ। ਇਨ੍ਹਾਂ ਹੀ ਨਹੀਂ ਇੰਟਰਨੈਟ ਦੇ ਇਸ ਯੁੱਗ ਵਿੱਚ ਨੌਜਵਾਨ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਸਿਹਤ ਸੰਬੰਧੀ ਵੈੱਬਸਾਈਟਾਂ, ਸੋਸ਼ਲ ਮੀਡੀਆ ਅਤੇ ਯੂ-ਟਿਊਬ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਐਨੇ ਪਾਪੜ ਵੇਲਣ ਦੇ ਬਾਵਜੂਦ ਵੀ ਬਹੁਤਾਤ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ। ਇਸਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਪਰ ਸਭ ਤੋਂ ਵੱਡਾ ਕਾਰਨ ਉਹਨਾਂ ਵੱਲੋਂ ਸਿਹਤ ਤਿਕੋਣ ਦੇ ਸਿਧਾਂਤ ਨੂੰ ਅਣਗੌਲਿਆ ਕੀਤਾ ਜਾਣਾ ਹੈ।

ਇੰਗਲੈਂਡ ਦੀ ਲੌਫ਼ਬਰੋਹ ਯੂਨੀਵਰਸਿਟੀ ਦੀ ਕਲੀਨਿਕਲ ਰਿਸਰਚ ਯੂਨਿਟ ਦੇ ਡਾ. ਲੁਲੀਆਨਾ ਹਰਟੇਸਕੂ ਦੇ ਅਧਿਐਨ  ਮੁਤਾਬਿਕ, ਕਸਰਤ, ਸੰਤੁਲਿਤ ਖ਼ੁਰਾਕ ਅਤੇ ਗੂੜੀ ਨੀਂਦਰ (ਰਿਕਵਰੀ) ਦੇ ਸੁਮੇਲ ਨਾਲ ਹੀ ਸਾਡਾ ਸ਼ਰੀਰਕ ਅਤੇ ਬੌਧਿਕ ਵਿਕਾਸ ਪੂਰਨ ਰੂਪ ਵਿੱਚ ਸੰਭਵ ਹੈ ਉਹਨਾਂ ਨੇ ਇਸ ਨੂੰ ‘ਹੈਲਥ ਟ੍ਰਿਨਿਟੀ’ ਭਾਵ ‘ਸਿਹਤ ਤਿਕੋਣ’ ਦਾ ਨਾਂ ਦਿੱਤਾ ਹੈ।

ਅਸੀਂ ਮਾਸਪੇਸੀਆਂ ਵੱਡੀਆਂ ਕਰਨੀਆਂ ਹੋਣ ਜਾਂ ਆਪਣੇ ਸ਼ਰੀਰ ਫੰਕਸ਼ਨਲ ਫਿੱਟਨੈੱਸ ਵਧਾਉਣੀ ਹੋਵੇ, ਇਹਨਾਂ ਟੀਚਿਆਂ ਨੂੰ ਪੂਰਾ ਕਰਨ ਲਈ ਸਾਨੂੰ ‘ਹੈਲਥ ਟ੍ਰਿਨਿਟੀ’ ਦੇ ਸਿਧਾਂਤ ਮੁਤਾਬਿਕ ਉਮਦਾ ਟ੍ਰੇਨਿੰਗ ਪ੍ਰੋਗਰਾਮ ਅਤੇ ਸੰਤੁਲਿਤ ਪੌਸ਼ਟਿਕ ਖ਼ੁਰਾਕ ਦੇ ਨਾਲ ਗੂੜੀ ਨੀਂਦਰ (ਰਿਕਵਰੀ) ਤੇ ਵੀ ਬਰਾਬਰ ਧਿਆਨ ਦੇਣਾ ਪਵੇਗਾ। ਜ਼ਿਆਦਾਤਰ ਖਿਡਾਰੀ ਅਤੇ ਫਿੱਟਨੈੱਸ ਪ੍ਰੇਮੀ ਚੰਗੀ ਨੀਂਦ ਅਤੇ ਪੂਰਨ ਆਰਾਮ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ ਜਿਸ ਕਾਰਨ ਸਖ਼ਤ ਮਿਹਨਤ ਅਤੇ ਚੰਗੀ ਖ਼ੁਰਾਕ ਦੇ ਬਾਵਜੂਦ ਵੀ ਸਾਡੇ ਸ਼ਰੀਰ ਦਾ ਵਾਧਾ ਅਤੇ ਵਿਕਾਸ ਨਹੀਂ ਹੁੰਦਾ।

ਗੂੜੀ ਨੀਂਦਰ ਸਾਡੀ ਸ਼ਰੀਰਕ ਅਤੇ ਮਾਨਸਿਕ ਅਵਸਥਾ ਉੱਪਰ ਕਈ ਸਕਰਾਤਮਕ ਪ੍ਰਭਾਵ ਪਾਉਂਦੀ ਹੈ। ਗੂੜੀ ਨੀਂਦਰ ਦੀ ਸਥਿਤੀ ਵਿੱਚ ਸਾਡੇ ਸ਼ਰੀਰ ਅੰਦਰ ਨਵੇਂ ਸ਼ਰੀਰਕ ਅਤੇ ਨਵੀਨ ਮਸਲ ਸੈੱਲਾਂ ਦਾ ਨਿਰਮਾਣ ਹੁੰਦਾ ਹੈ ਜੋ ਮਾਸਪੇਸ਼ੀਆ ਦੇ ਰੇਸ਼ੇਆ ਦੇ ਵਾਧੇ (ਮਸਲ ਹਾਈਪਰਟ੍ਰੋਫ਼ੀ) ਵਿੱਚ ਮਦੱਦਗਾਰ ਸਾਬਿਤ ਹੁੰਦੇ ਹਨ।

ਜ਼ਿਆਦਾਤਰ ਲੋਕ ਇਹ ਸਮਝਦੇ ਹਨ ਕੇ ਜਿੰਮ ਵਿੱਚ ਵੇਟ-ਟ੍ਰੇਨਿੰਗ ਕਰਨ ਦੌਰਾਨ ਸਾਡੀਆਂ ਮਾਸਪੇਸ਼ੀਆਂ ਵਧਦੀਆਂ ਫੁਲਦੀਆਂ ਹਨ ਪਰ ਇਹ ਗ਼ਲਤ ਧਾਰਨਾ ਹੈ। ਵੇਟ-ਟ੍ਰੇਨਿੰਗ ਕਰਨ ਵੇਲ਼ੇ ਸਾਡੀ ਮਾਸਪੇਸ਼ੀਆਂ ਦੇ ਰੇਸ਼ੇ ਟੁੱਟਦੇ ਹਨ ਪਰ ਜਦ ਅਸੀਂ ਪੂਰਨ ਅਰਾਮ ਜਾਂ ਨੀਂਦਰ ਲੈਂਦੇ ਹਾਂ ਤਾਂ ਸਾਡੇ ਵੱਲੋਂ ਖਾਦੀ ਗਈ ਸੰਤੁਲਿਤ ਖ਼ੁਰਾਕ ਅਤੇ ਪ੍ਰੋਟੀਨ ਟੁੱਟੇ ਹੋਏ ਰੇਸ਼ੇਆਂ ਦੀ ਜਗ੍ਹਾ ਹੋਰ ਨਵੇਂ ਰੇਸ਼ੇਆਂ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਕ ਹੁੰਦੀ ਹੈ। ਨਤੀਜੇ ਵਜੋਂ ਮਾਸਪੇਸ਼ੀਆਂ ਦੇ ਰੇਸ਼ੇਆਂ ਦੇ ਵਿਸਥਾਰ ਵਿੱਚ ਮਦਦ ਮਿਲਦੀ ਹੈ। ਵਧੇਰੇ ਰੇਸ਼ੇਆਂ ਕਾਰਨ ਹੀ ਮਾਸਪੇਸ਼ੀਆ ਦੇ ਆਕਾਰ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਮਾਸਪੇਸ਼ੀਆ ਮਜ਼ਬੂਤ ਅਤੇ ਤਾਕਤਵਰ ਬਣਦੀਆਂ ਹਨ।

ਇਸਦੇ ਉਲਟ ਜਦ ਅਸੀਂ ਗੁੜ੍ਹੀ ਨੀਂਦਰ ਨਹੀਂ ਸੌਦੇਂ ਅਤੇ ਸ਼ਰੀਰ ਨੂੰ ਹੋਰ ਕੰਮਾਂ ਵਿੱਚ ਲਾਈ ਰੱਖਦੇ ਹਾਂ ਤਾਂ ਸਾਡੇ ਓਸ ਮਸਲ ਗਰੁੱਪ ਨੂੰ ਸਾਡੇ ਵੱਲੋਂ ਖਾਦੀ ਪੂਰਨ ਖ਼ੁਰਾਕ ਨਹੀਂ ਪਹੁੰਚਦੀ ਕਿਉਂਕਿ ਉਸਦਾ ਕੁਝ ਹਿੱਸਾ ਸਾਡੀ ਉਸ ਕ੍ਰਿਆ ਵਿੱਚ ਖਰਚ ਹੋ ਜਾਂਦਾ ਹੈ ਜੋ ਅਸੀਂ ਓਸ ਵੇਲ਼ੇ ਕਰ ਰਹੇ ਹੁੰਦੇ ਹਾਂ। ਇਸ ਕਰਕੇ ਸਾਡੇ ਮਸਲ ਗਰੁੱਪ ਨੂੰ ਪੂਰਾ ਪੋਸ਼ਣ ਨਾ ਮਿਲਣ ਕਰਕੇ ਉਸਦਾ ਵਾਧਾ ਅਤੇ ਵਿਕਾਸ ਪ੍ਰਭਾਵਿਤ ਹੁੰਦਾ ਹੈ। ਅਮਰੀਕਨ ਨੈਸ਼ਨਲ ਸਲੀਪ ਫਾਉਂਡੇਸ਼ਨ ਦੇ ਅਨੁਸਾਰ, ਸਾਨੂੰ ਘੱਟੋ ਘੱਟ 7 ਤੋਂ 9 ਘੰਟਿਆਂ ਦੀ ਚੰਗੀ ਨੀਂਦ ਲਾਜ਼ਿਮ ਹੈ, ਇੰਝ ਨਾ ਕਰਨ ਦੀ ਸਥਿਤੀ ਵਿੱਚ ਸਾਨੂੰ ਸ਼ਰੀਰਕ ਥਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਸਾਡਾ ਅਗਲਾ ਟ੍ਰੇਨਿੰਗ ਸੈਸ਼ਨ ਪ੍ਰਭਾਵਿਤ ਹੋ ਸਕਦਾ ਹੈ। ਜੇਕਰ ਅਸੀਂ ਰੋਜ਼ਾਨਾ ਲੰਮਾ ਸਮਾਂ ਅਨੀਂਦਰੇ ਰਹਿਨੇ ਆਂ ਤਾਂ ਸਾਨੂੰ ਸ਼ੂਗਰ, ਹਿਰਦੇ ਰੋਗ, ਹਾਈ ਬਲੱਡ ਪ੍ਰੈਸਰ ਆਦਿਕ ਉਲਝਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਘੱਟ ਨੀਂਦਰ ਸਾਡੇ ਸ਼ਰੀਰਕ ਹਾਰਮੋਨ ਦੇ ਸੰਤੁਲਨ ਨੂੰ ਵਿਗਾੜ ਦਿੰਦੀ ਹੈ, ਜਿਸ ਨਾਲ ਸਾਨੂੰ ਇਨਸੋਮੀਆ, ਦਿਮਾਗ਼ੀ ਪ੍ਰੇਸ਼ਾਨੀ ਤਣਾਅ, ਇਕਾਗਰਤਾ ਵਿੱਚ ਕਮੀ ਅਤੇ ਹੋਰ ਮਾਨਸਿਕ ਸੱਮਸਿਆਵਾਂ ਤੋਂ ਜੂਝਣਾ ਪੈ ਸਕਦਾ ਹੈ।

ਪੁਰਾਤਨ ਮੱਲ ਅਖਾੜਿਆਂ ਵਿੱਚ ਵੀ ਉਸਤਾਦਾਂ ਵੱਲੋਂ ਭਲਵਾਨਾਂ ਦੀ ਸਖ਼ਤ ਮਿਹਨਤ ਅਤੇ ਚੰਗੀ ਖ਼ੁਰਾਕ ਦੇ ਨਾਲ ਉਹਨਾਂ ਦੇ ਆਰਾਮ ਦਾ ਵੀ ਧਿਆਨ ਰੱਖਿਆ ਜਾਂਦਾ ਸੀ ਤਾਂ ਜੋ ਉਹਨਾਂ ਦਾ ਸੰਪੂਰਨ ਸ਼ਰੀਰਕ ਵਾਧਾ ਹੋ ਸਕੇ। ਮਸ਼ਹੂਰ ਦੋਗਾਣਾ ਗਾਇਕਾ ਜਗਮੋਹਣ ਕੌਰ ਜੀ ਨੇ ਆਪਣੇ ਗਾਏ ਇੱਕ ਲੋਕ ਤੱਥ ਵਿੱਚ ਵੀ ਮੱਲਾਂ ਵੱਲੋਂ ਭੂੰਜੇ ਪੈ ਕੀਤੇ ਜਾਣ ਵਾਲੇ ਆਰਾਮ ਦੀ ਤੁਲਨਾ ਇੱਕ ਜ਼ਮੀਨ ਤੇ ਲੰਮੀ ਪਈ ਵੱਧਦੀ ਵੇਲ ਨਾਲ ਕੀਤੀ ਸੀ ਜੋ ਆਪਣੇ ਸਮੇਂ ਵਿੱਚ ਬਹੁਤ ਮਕਬੂਲ ਹੋਇਆ ਸੀ।

ਉਸ ਲੋਕ ਤੱਥ ਦਾ ਸ਼ੁਰੂਆਤੀ ਅੰਤਰਾ ਸੀ,

‘ਮੱਲ ਅਤੇ ਵੱਲ ਲੰਮੇ ਪਏ ਨੇ ਵੱਧਦੇ’…!’

ਭਾਵ ਮੱਲ (ਭਲਵਾਨ) ਅਤੇ ਵੱਲ (ਵੇਲ) ਦਾ ਆਰਾਮ ਦੀ ਅਵਸਥਾ ਵਿੱਚ ਹੀ ਵਾਧਾ ਅਤੇ ਵਿਕਾਸ ਹੁੰਦਾ ਹੈ ।

ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਖਿਡਾਰੀਆਂ ਅਤੇ ਫਿੱਟਨੈੱਸ ਪ੍ਰੇਮੀਆਂ ਨੂੰ ‘ਹੈਲਥ ਟ੍ਰਿਨਿਟੀ’ (ਸਿਹਤ ਤਿਕੋਣ) ਦੇ ਸਿਧਾਂਤ ਤੇ ਚਲਦਿਆਂ ਕਸਰਤ, ਸੰਤੁਲਿਤ ਖ਼ੁਰਾਕ, ਦੇ ਨਾਲ ਗੂੜੀ ਨੀਂਦਰ ਅਤੇ ਪੂਰਨ ਆਰਾਮ ਨੂੰ ਵੀ ਬਰਾਬਰ ਮਹੱਤਤਾ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਮਿੱਥੇ ਟੀਚੇ ਨੂੰ ਹਾਸਿਲ ਕਰ ਚੰਗਾ ਸਿਹਤਮੰਦ ਜੀਵਨ ਵਤੀਤ ਕਰ ਸਕਣ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin