Story

ਸਕੂਲ 

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਪਿੰਡ ਦੇ ਸਰਕਾਰੀ  ਸਕੂਲ ਦੇ ਹੈੱਡਮਾਸਟਰ ਸਾਹਿਬ ਸਾਰੇ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਆਪਣਾ ਵਿਚਾਰ ਸੁਣਾ ਰਹੇ ਸਨ। ਬੱਚਿਆਂ ਦੀ ਗਿਣਤੀ ਸਕੂਲ ਵਿੱਚ ਕੁਝ ਖਾਸ ਨਹੀਂ ਸੀ, ਜਿਸ ਤੋਂ ਨਵੇਂ ਖੁੱਲ੍ਹੇ ਪ੍ਰਾਈਵੇਟ ਸਕੂਲਾਂ ਦਾ ਪਿਆ ਪ੍ਰਭਾਵ ਸਾਫ ਨਜ਼ਰ ਆ ਰਿਹਾ ਸੀ। ਸਵੇਰ ਦੀ ਸਭਾ ਚੱਲਦਿਆਂ ਹੀ ਸਾਰੇ ਬੱਚਿਆਂ ਦਾ ਧਿਆਨ ਇਕਦਮ ਬਾਹਰ ਮੁੱਖ ਸੀਖਾਂ ਵਾਲੇ ਦਰਵਾਜ਼ੇ ਵੱਲ ਗਿਆ, ਜਿੱਥੇ ਵੇਖਣ ਨੂੰ ਇੱਕ ਸਫੈਦਪੋਸ਼  ਚਿੱਟੀ ਦਾੜੀ ਵਾਲਾ  ਵਿਅਕਤੀ ਸਕੂਲ ਵੱਲ ਨੂੰ ਮੁੱਖ ਕਰਕੇ ਦੋਵੇਂ ਹੱਥ ਜੋੜ ਨਮਸਕਾਰ ਕਰਕੇ ਫਿਰ ਅੱਗੇ ਹੋ ਤੁਰਿਆ, ਇਹ ਵੇਖ ਕੇ ਬੱਚੇ ਹੱਸਣ ਲੱਗੇ, ਹੈੱਡ ਮਾਸਟਰ ਦੀ ਮੁੱਖ ਦਰਵਾਜ਼ੇ ਵੱਲ ਨੂੰ ਪਿੱਠ ਹੋਣ ਕਰਕੇ ਉਹ ਇਸ ਗੱਲ ਨੂੰ ਵੇਖ ਨਾ ਸਕੇ ਤੇ ਬੱਚਿਆਂ ਨੂੰ ਅਨੁਸ਼ਾਸਨ ਬਣਾਈ ਰੱਖਣ ਲਈ ਕਹਿਣ ਲੱਗੇ। ਇਸ ਤਰ੍ਹਾਂ ਸਵੇਰ ਸਭਾ ਖਤਮ ਹੋਈ ਤੇ ਵਿਦਿਆਰਥੀ ਆਪਣੀ ਆਪਣੀ ਜਮਾਤ ਵਿੱਚ ਚਲੇ ਗਏ। ਫਿਰ ਅਗਲੇ ਕੁਝ ਦਿਨ ਹਰ ਰੋਜ਼ ਸਵੇਰ ਦੀ ਸਭਾ ਵਿੱਚ ਇਹ ਘਟਨਾ ਰੋਜ਼ ਵਾਪਰਨੀ, ਸਫੈਦਪੋਸ਼ ਬਜ਼ੁਰਗ ਨੇ ਆਉਣਾ ਤੇ ਸਕੂਲ ਨੂੰ ਨਮਸਕਾਰ ਕਰਕੇ ਆਪਣੇ ਰਾਹ ਪੈ ਜਾਣਾ। ਅੱਜ ਵੀ ਹੂਬਹੂ ਉਹੀਓ ਘਟਨਾ ਵਾਪਰੀ ਇੱਕ ਬਜ਼ੁਰਗ ਵਿਅਕਤੀ ਆਇਆ ਤੇ ਸਕੂਲ ਦੀ ਮਿੱਟੀ ਛੂਹ  ਰਿਹਾ ਸੀ…ਤੇ ਸਾਰੇ ਬੱਚੇ ਫਿਰ ਹੱਸਣ ਲੱਗੇ…. ਪਿਛਲੇ ਕੁਝ ਦਿਨਾਂ ਤੋਂ ਵਰਜਦੇ ਹੋਏ ਹੈੱਡਮਾਸਟਰ ਨੇ ਅੱਜ ਜਰਾ ਥੋੜੇ ਰੋਹ ਵਿੱਚ ਆ ਕੇ ਬੱਚਿਆਂ ਨੂੰ ਝਿੜਕਿਆ। ਇੱਕ ਵਿਦਿਆਰਥੀ ਦਰਵਾਜ਼ੇ ਵੱਲ ਨੂੰ ਹੱਥ ਕਰ ਕਹਿਣ ਲੱਗਾ ਕਿ ਮਾਸਟਰ ਜੀ ਇਸ ਬਾਪੂ ਦਾ ਦਿਮਾਗ਼ ਠੀਕ ਹੈ … ਇਹ ਰੋਜ਼ ਲੰਘਦਾ ਹੈ ਤੇ ਮੱਥਾ ਟੇਕ ਜਾਦਾਂ ਹੈ, ਇਸ ਲਈ ਅਸੀਂ ਸਾਰੇ ਹੱਸਦੇ ਹਾਂ… ਮਾਸਟਰ ਜੀ ਨੇ ਪਿੱਛੇ ਭੋਂ ਕੇ ਵੇਖਿਆ ਤਾਂ ਪਿੰਡ ਦੇ ਰਿਟਾਇਰਡ ਐੱਸ. ਡੀ. ਐੱਮ ਸਰਦਾਰ ਤੇਜਾ ਸਿੰਘ ਸਨ, ਮਾਸਟਰ ਜੀ ਨੇ ਵੇਖ ਕੇ ਕਿਹਾ ਬੱਚੇ ਇਸ ਬਜ਼ੁਰਗ ਦਾ ਦਿਮਾਗ਼ ਠੀਕ ਹੀ ਨਹੀਂ ਬਲਕਿ ਬਹੁਤ ਜਿਆਦਾ ਠੀਕ ਹੈ। ਇਹ ਇੱਕ ਰਿਟਾਇਰਡ ਸਰਕਾਰੀ ਅਫ਼ਸਰ ਹਨ ਜੋ ਇਸੇ ਹੀ ਸਕੂਲ ਤੋਂ ਬਹੁਤ ਪਹਿਲਾਂ ਪੜ੍ਹ ਕੇ ਗਏ ਸਨ, ਇਹ ਆਪ ਪੜ੍ਹਾਈ ਕਰਕੇ ਅਫ਼ਸਰ ਲੱਗੇ ਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਾ ਲਿਖਾ  ਸਟੇਟ ਪੱਧਰ ਦੇ ਅਫ਼ਸਰ ਬਣਾਇਆ ਹੈ। ਇਹਨਾਂ ਦੀ ਰਿਹਾਇਸ਼ ਹੁਣ ਚੰਡੀਗੜ੍ਹ ਹੈ ਕਦੇ ਕਦੇ ਪਿੰਡ ਆਉਂਦੇ ਹਨ, ਪਰ ਜਦੋਂ ਵੀ ਆਉਂਦੇ ਹਨ ਇਸ ਸਕੂਲ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਇਸਨੂੰ ਹਮੇਸ਼ਾ ਨਤਮਸਤਕ ਹੁੰਦੇ ਹਨ। ਇਹ ਸੁਣ ਬੱਚੇ ਬਹੁਤ ਹੈਰਾਨ ਹੋਏ, ਅਗਲੀ ਸਵੇਰ ਜਦੋਂ ਸਰਦਾਰ ਤੇਜਾ ਸਿੰਘ ਨੇ ਸੈਰ ਲਈ  ਜਾਂਦਿਆ ਸਕੂਲ ਨੂੰ ਨਮਸਕਾਰ ਕੀਤੀ ਤਾਂ ਸਾਰੇ ਬੱਚਿਆਂ ਨੇ ਤਾੜੀਆਂ ਮਾਰ ਉਹਨਾਂ ਦੀ ਸਲਾਘਾ ਕੀਤੀ ਅਤੇ ਹੈੱਡਮਾਸਟਰ ਸਾਹਿਬ ਨੇ ਸਕੂਲ ਦੇ ਅੰਦਰ ਆਉਣ ਲਈ ਕਿਹਾ… ਸਰਦਾਰ ਤੇਜਾ ਸਿੰਘ ਬਹੁਤ ਖੁਸ਼ ਹੋਏ ਤੇ ਸਾਰੇ ਵਿਦਿਆਰਥੀਆਂ ਨੂੰ ਸੰਬੰਧਿਤ ਹੋਕੇ ਕਹਿਣ ਲੱਗੇ ਕਿ ਸਾਨੂੰ ਆਪਣੇ ਸਕੂਲ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ, ਜੋ ਲੋਕ ਇੱਥੇ ਮਿਹਨਤ ਕਰਕੇ ਇਸਦਾ ਸਤਿਕਾਰ ਕਰਦੇ ਹਨ ਉਹ ਜਰੂਰ ਕਾਮਯਾਬ ਹੁੰਦੇ ਹਨ। ਤੇਜਾ ਸਿੰਘ ਹੋਰਾਂ ਦੀਆਂ ਗੱਲਾਂ ਸੁਣ ਵਿਦਿਆਰਥੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਵਾਂਗ ਆਪਣੇ ਸਕੂਲ ਦਾ ਸਤਿਕਾਰ ਕਰਨ ਦਾ ਪ੍ਰਣ ਲਿਆ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin