Articles Literature

ਸਾਹਿਤ ਦੀ ਦੁਨੀਆਂ ਦਾ ਸਿੰਕਦਰ ਸਆਦਤ ਹਸਨ ਮੰਟੋ

ਲੇਖਕ: ਸੁਖਚੈਨ ਸਿੰਘ ਕੁਰੜ, ਮਾਨਾ ਸਿੰਘ ਵਾਲ਼ਾ, ਫ਼ਿਰੋਜ਼ਪੁਰ

ਸਾਹਿਤ ਦੀ ਦੁਨੀਆਂ ਵਿੱਚ ਜਦੋਂ ਕਦੇ ਵੀ ਕਹਾਣੀ ਜਾਂ ਅਫਸਾਨੇ ਦੀ ਗੱਲ ਚੱਲੇਗੀ ਤਾਂ ਇੱਕ ਪਿਆਰਾ ਜਿਹਾ ਨਾਂ ਸਆਦਤ ਹਸਨ ਮੰਟੋ ਜੋ ਕਿ ਉਰਦੂ ਦੇ ਮਹਾਨ ਅਫਸਾਨਾ ਨਿਗਾਰ (ਕਹਾਣੀਕਾਰ) ਹੋਏ ਹਨ, ਉਹਨਾਂ ਦਾ ਨਾਂ ਮੱਲੋ-ਮੱਲੀ ਹਰ ਇੱਕ ਦੀ ਜ਼ੁਬਾਨ ਤੇ ਮੋਹਰੀ ਹੋਕੇ ਸਤਿਕਾਰ ਦਾ ਪਾਤਰ ਬਣੇਗਾ। ਇਹਨਾਂ ਦੇ ਬਗੈਰ ਅਫਸਾਨੇ ਜਾਂ ਕਹਾਣੀ ਦੀ ਗੱਲ ਅਧੂਰੀ ਹੀ ਰਹੇਗੀ ਜੇ ਅਸੀਂ ਇਸ ਗੱਲ ਦੇ ਪੱਖ ਵਿੱਚ ਆਪਣੀ ਗੱਲ ਰੱਖੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

ਸਆਦਤ ਹਸਨ ਮੰਟੋ ਦਾ ਜਨਮ 11 ਮਈ 1912 ਨੂੰ ਸਮਰਾਲਾ ਪਿੰਡ ਪਪੜੌਦੀ ਨੇੜਲੇ ਵਿੱਚ ਹੋਇਆ। ਸਆਦਤ ਹਸਨ ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ ਅਤੇ ਉਥੋਂ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿੱਚ ਰਹਿਣ ਲੱਗੇ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿੱਚ ਹੀ ਹੋਈ ਅਤੇ 1921 ਵਿੱਚ ਉਸ ਨੂੰ ਐਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆ। ਉਸਦਾ ਵਿੱਦਿਅਕ ਕੈਰੀਅਰ ਠੀਕ ਠੀਕ ਹੀ ਸੀ। ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫ਼ੇਲ੍ਹ ਹੋਣ ਤੋਂ ਬਾਅਦ ਉਸ ਨੇ 1931 ਵਿੱਚ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ। 1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸ ਕਾਰਨ ਉਸ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ।
ਉਸ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਆਇਆ ਜਦੋਂ ਉਸਦਾ ਵਾਹ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਲਈ ਪ੍ਰੇਰਿਆ।
 ਮੰਟੋ ਜ਼ਿਆਦਾਤਰ ਲਾਹੌਰ, ਅੰਮ੍ਰਿਤਸਰ, ਅਲੀਗੜ ਬੰਬਈ ਤੇ ਦਿੱਲੀ ਰਿਹਾ। ਜਲ੍ਹਿਆਂ ਵਾਲੇ ਬਾਗ ਦੇ ਹੱਤਿਆ ਕਾਂਡ ਦੀ ਮੰਟੋ ਦੇ ਮਨ ‘ਤੇ ਗਹਿਰੀ ਛਾਪ ਸੀ। ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ, ਜਿਹੜੀ ਅੰਮ੍ਰਿਤਸਰ ਦੇ ‘ਖਲਕ’ ਵਿਚ ਛਪੀ ਸੀ।
ਉਸਨੇ ਕਿਤਾਬ ‘ਗੰਜੇ ਫਰਿਸ਼ਤੇ’ ਵਿਚ ਲਿਖਿਆ ਹੈ, “ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ‘ਤਮਾਸ਼ਾ’ ਦੇ ਨਾਮ ਨਾਲ ਕਲਕੱਤੇ ਵਿਚ ਛਪਿਆ ਸੀ। ਮੈਂ ਉਸ ਉਪਰ ਨਾਮ ਨਹੀਂ ਦਿੱਤਾ ਸੀ, ਇਸ ਡਰੋਂ ਕਿ ਲੋਕ ਮਜਾਕ ਉਡਾਣਗੇ।”
ਮੰਟੋ ਦਾ ਪਹਿਲਾ ਕਹਾਣੀ ਸੰਗ੍ਰਿਹ ‘ਆਸ਼ਪਾਰੇ’ ਛਪਿਆ।
ਉਸ ਤੋਂ ਬਾਅਦ,ਮੰਟੋ ਕੇ ਅਫ਼ਸਾਨੇ,ਧੂੰਆਂ,ਅਫ਼ਸਾਨੇ ਔਰ ਡਰਾਮੇ,ਲਜ਼ਤ-ਏ-ਸੰਗ,ਸਿਆਹ ਹਾਸ਼ੀਏ,ਬਾਦਸ਼ਾਹਤ ਕਾ ਖਾਤਮਾ,ਖਾਲੀ ਬੋਤਲੇਂ,ਮੰਟੋ ਕੇ ਮਜ਼ਾਮੀਨ,ਨਿਮਰੂਦ ਕੀ ਖੁਦਾਈ,ਠੰਡਾ ਗੋਸ਼ਤ,ਯਾਜਿਦ,ਪਰਦੇ ਕੇ ਪੀਛੇ,ਸੜਕ ਕੇ ਕਿਨਾਰੇ,ਬਗੈਰ ਉਨਵਾਨ ਕੇ,ਬਗੈਰ ਇਜਾਜ਼ਤ,ਬੁਰਕੇ,ਫੂੰਦੇ,ਸਰਕੰਡੋਂ ਕੇ ਪੀਛੇ,ਸ਼ੈਤਾਨ,ਸ਼ਿਕਾਰੀ ਔਰਤੇਂ,ਰੱਤੀ,ਮਾਸ਼ਾ, ਤੋਲਾ,ਕਾਲੀ ਸ਼ਲਵਾਰ,ਮੰਟੋ ਕੀ ਬੇਹਤਰੀਨ ਕਹਾਣੀਆਂ ਦੇ ਰੂਪ ਵਿੱਚ ਇਹ ਸਾਹਿਤਕ ਸਫ਼ਰ ਮੰਟੋ ਦੇ ਨਾਂ ਦੀ ਇੱਕ ਵੱਡੀ ਪਹਿਚਾਣ ਕਾਇਮ ਕਰ ਗਿਆ।
ਉਸ ਦੀਆਂ ਛੇ ਕਹਾਣੀਆਂ ‘ਤੇ ਅਦਾਲਤਾਂ ਵਿਚ ਕੇਸ ਚੱਲੇ। ਪਾਕਿਸਤਨ ਦੇ ਗਠਨ ਤੋਂ ਪਹਿਲਾਂ ਮੰਟੋ ਦੀਆਂ ਤਿੰਨ ਕਹਾਣੀਆਂ ‘ਕਾਲੀ ਸਲਵਾਰ’, ‘ਧੂੰਆਂ’ ਅਤੇ ‘ਬੂ’ ‘ਤੇ ਅਸ਼ਲੀਲਤਾ ਦੇ ਇਲਜ਼ਾਮ ਵਿੱਚ ਮੁਕੱਦਮੇ ਚੱਲੇ।
ਪਾਕਿਸਤਾਨ ਦੇ ਬਣਨ ਦੇ ਬਾਅਦ ਸਆਦਤ ਹਸਨ ਮੰਟੋ ਨੇ ਜੋ ਪਹਿਲੀ ਕਹਾਣੀ ਲਿਖੀ ਉਸ ਦਾ ਨਾਂ ‘ਠੰਢਾ ਗੋਸ਼ਤ’ ਸੀ। ਕਾਸਮੀ ਜੀ ਦੇ ਕਹਿਣ ‘ਤੇ ਮੰਟੋ ਨੇ ਪਾਕਿਸਤਾਨ ਵਿੱਚ ਆਪਣੀ ਪਹਿਲੀ ਕਹਾਣੀ ‘ਠੰਢਾ ਗੋਸ਼ਤ’ ਲਿਖੀ। ਮੰਟੋ ਲਿਖਦੇ ਹਨ ਕਿ ਕਾਸਮੀ ਸਾਹਿਬ ਨੇ ਇਹ ਕਹਾਣੀ ਮੇਰੇ ਸਾਹਮਣੇ ਪੜ੍ਹੀ। ਕਹਾਣੀ ਖਤਮ ਕਰਨ ਦੇ ਬਾਅਦ ਉਨ੍ਹਾਂ ਨੇ ਮੈਨੂੰ ਮੁਆਫ਼ੀ ਭਰੇ ਲਹਿਜੇ ਵਿੱਚ ਕਿਹਾ, ”ਮੰਟੋ ਸਾਹਿਬ, ਮੁਆਫ਼ ਕਰਨਾ ਕਹਾਣੀ ਬਹੁਤ ਚੰਗੀ ਹੈ, ਪਰ ‘ਨੁਕੂਸ਼’ (ਅਹਿਮਦ ਨਦੀਮ ਕਾਸਨੀ ਦਾ ਪ੍ਰਕਾਸ਼ਨ) ਲਈ ਬਹੁਤ ਗਰਮ ਹੈ।ਫਿਰ ਇਹ ਮਸ਼ਹੂਰ ਕਹਾਣੀ ਲਾਹੌਰ ਦੇ ਅਦਬੀ ਮਹਾਨਾਮਾ (ਸਾਹਿਤਕ ਮਾਸਿਕ) ‘ਜਾਵੇਦ’ ਵਿੱਚ ਮਾਰਚ 1949 ਦੇ ਸੰਸਕਰਣ ਵਿੱਚ ਪ੍ਰਕਾਸ਼ਿਤ ਹੋਈ ਸੀ।
ਕੁਝ ਦਿਨਾਂ ਦੇ ਬਾਅਦ ਕਾਸਮੀ ਦੇ ਕਹਿਣ ‘ਤੇ ਮੰਟੋ ਨੇ ਇੱਕ ਹੋਰ ਕਹਾਣੀ ਲਿਖੀ, ਜਿਸ ਦਾ ਸਿਰਲੇਖ ਸੀ ‘ਖੋਲ੍ਹ ਦਿਓ’। ਇਹ ਕਹਾਣੀ ‘ਨੁਕੂਸ਼’ ਵਿੱਚ ਪ੍ਰਕਾਸ਼ਿਤ ਹੋਈ ਸੀ, ਪਰ ਸਰਕਾਰ ਨੇ ਛੇ ਮਹੀਨੇ ਲਈ ‘ਨੁਕੂਸ਼’ ਦਾ ਪ੍ਰਕਾਸ਼ਨ ਬੰਦ ਕਰ ਦਿੱਤਾ। ਉਸ ਦੇ ਖ਼ਤਮ ਹੁੰਦਿਆਂ ਕੁਝ ਸਾਲ ਬਾਅਦ ਮੰਟੋ ਦੀ ਇੱਕ ਹੋਰ ਕਹਾਣੀ ‘ਉੱਪਰ ਨੀਚੇ ਔਰ ਦਰਮਿਆਨ’ ‘ਤੇ ਵੀ ਕੇਸ ਚੱਲਿਆ।
ਰੇਖਾ ਚਿੱਤਰ ਲਿਖਣ ਵਿੱਚ ਮੰਟੋ ਦੀ ਬੇਲਿਹਾਜ਼ੀ ਹੁਣ ਤੱਕ ਸਭ ਤੋਂ ਉੱਪਰ ਮੰਨੀ ਗਈ ਹੈ। ਮੰਟੋੋ ਨੇ ਫਿਲਮੀ ਅਦਾਕਾਰਾਂ ਨਵਾਬ ਕਸ਼ਮੀਰੀ , ਸਿਤਾਰਾ , ਕੁਲਦੀਪ ਕੌਰ , ਪਾਰੋ ਦੇਵੀ , ਰਫ਼ੀਕ ਗ਼ਜ਼ਨਵੀ ਅਤੇ ਸਾਹਿਤਕਾਰਾਂ ਚਿਰਾਗ਼ ਹਸਨ ਹਸਰਤ ਅਤੇ ਹੋਰਨਾਂ ਦੇ ਰੇਖਾ ਚਿੱਤਰ ਆਪਣੀਆਂ ਕਿਤਾਬਾਂ ‘ਗੰਜੇ ਫਰਿਸ਼ਤੇ ’, ‘ਮੀਨਾ ਬਾਜ਼ਾਰ ’ ਅਤੇ ‘ਲਾਊਡ ਸਪੀਕਰ’ ਵਿੱਚ ਲਿਖੇ।
ਸਆਦਤ ਹਸਨ ਮੰਟੋ ਨੂੰ ਹੋਰ ਨੇੜਿਓ ਹੋਕੇ ਜਾਣਨ ਲਈ ਆਓ ਹੁਣ ਆਪਾਂ ਉਹਦੇ ਲਿਖੇ ਵਿਚਾਰਾਂ ਤੋਂ ਹੋਰ ਜਾਣੀਏ:-
ਮੰਟੋ ਆਪਣੇ ਇੱਕ ਲੇਖ ‘ਬਕਲਮ ਏ ਖੁਦ’ ਵਿੱਚ ਲਿਖਦਾ ਹੈ ਕਿ “ਹੁਣ ਲੋਕ ਕਹਿੰਦੇ ਹਨ ਕਿ ਸਆਦਤ ਹਸਨ ਮੰਟੋ ਉਰਦੂ ਦਾ ਵੱਡਾ ਅਦੀਬ (ਸਾਹਿਤਕਾਰ) ਹੈ, ਅਤੇ ਮੈਂ ਸੁਣ ਕੇ ਹੱਸਦਾ ਹਾਂ। ਇਸ ਲਈ ਕਿ ਉਰਦੂ ਹੁਣ ਵੀ ਉਸ ਨੂੰ ਨਹੀਂ ਆਉਂਦੀ। ਉਹ ਲਫਜ਼ਾਂ ਦੇ ਪਿੱਛੇ ਇੰਝ ਭੱਜਦਾ ਹੈ ਜਿਵੇਂ ਕੋਈ ਜਾਲ ਵਾਲਾ ਸ਼ਿਕਾਰੀ ਤਿਤਲੀਆਂ ਪਿੱਛੇ, ਉਹ ਇਸਦੇ ਹੱਥ ਨਾ ਆਉਣ। ਇਹੋ ਕਾਰਨ ਹੈ ਕਿ ਉਸ ਦੀਆਂ ਤਹਿਰੀਰਾਂ ਵਿੱਚ ਖ਼ੂਬਸੂਰਤ ਸ਼ਬਦਾਂ ਦੀ ਘਾਟ ਹੈ। ਉਹ ਲੱਠ ਮਾਰ ਹੈ, ਲੇਕਿਨ ਜਿੰਨੇ ਲੱਠ ਉਸ ਦੀ ਗਰਦਨ ’ਤੇ ਪਏ ਹਨ। ਉਸ ਨੇ ਬੜੀ ਖੁਸ਼ੀ ਨਾਲ ਬਰਦਾਸ਼ਤ ਕੀਤੇ ਹਨ।”
ਇੱਕ ਥਾਂ ਆਪਣੀ ਇਨਕਲਾਬੀ ਸੋਚ ਦਾ ਮੁਜ਼ਾਹਰਾ ਕਰਦਿਆਂ ਲਿਖਦੇ ਹਨ, “ਮੈਂ ਬਗਾਵਤ ਚਾਹੁੰਦਾ ਹਾਂ। ਹਰ ਉਸ ਵਿਅਕਤੀ ਦੇ ਖਿਲਾਫ ਬਗਾਵਤ ਚਾਹੁੰਦਾ ਹਾਂ ਜੋ ਸਾਡੇ ਪਾਸੋਂ ਮਿਹਨਤ ਕਰਵਾਉਂਦਾ ਹੈ ਮਗਰ ਉਸ ਦੇ ਦਾਮ ਅਦਾ ਨਹੀਂ ਕਰਦਾ।
ਅਖੌਤੀ ਲੀਡਰਾਂ ਤੇ ਚੋਟ ਕਰਦਿਆਂ ਮੰਟੋ ਲਿਖਦਾ ਹੈ, “ਇਹ ਲੀਡਰ ਖਟਮਲ ਹਨ ਜੋ ਦੇਸ਼ ਦੀ ਮੰਜੀ ਦੀਆਂ ਚੂਲਾਂ ਦੇ ਅੰਦਰ ਘੁਸੇ ਹੋਏ ਹਨ।” ਇੱਕ ਹੋਰ ਥਾਂ ਲੀਡਰਾਂ ਨੂੰ ਲੰਬੇ ਹੱਥੀਂ ਲੈਂਦਿਆਂ ਆਖਦਾ ਹੈ ਕਿ “ਲੰਮੇ ਲੰਮੇ ਜਲੂਸ ਕੱਢ ਕੇ,ਭਾਰੀ ਹਾਰਾਂ ਦੇ ਹੇਠਾਂ ਦੱਬ ਕੇ, ਚੌਰਾਹਿਆਂ ਤੇ ਲੰਮੀਆਂ ਲੰਮੀਆਂ ਤਕਰੀਰਾਂ ਦੇ ਖੋਖਲੇ ਸ਼ਬਦਾਂ ਨੂੰ ਬਿਖੇਰਦਿਆਂ,ਸਾਡੀ ਕੌਮ ਦੇ ਇਹ ਮੰਨੇ-ਪ੍ਰਮੰਨੇ ਆਗੂ ਸਿਰਫ ਆਪਣੇ ਲਈ ਅਜਿਹਾ ਰਸਤਾ ਬਣਾਉਂਦੇ ਹਨ ਜੋ ਐਸ਼-ਓ-ਇਸ਼ਰਤ ਵਲ ਜਾਂਦਾ ਹੈ।”
ਇੱਕ ਥਾਂ ਸਮਾਜ ਵਿੱਚ ਆ ਰਹੀਆਂ ਤਬਦੀਲੀਆਂ ਦੇ ਸੰਬੰਧੀ ਮੰਟੋ ਲਿਖਦਾ ਹੈ, “ਇਹ ਨਵੀਂਆਂ ਚੀਜ਼ਾਂ ਦਾ ਜ਼ਮਾਨਾ ਹੈ। ਨਵੇਂ ਜੁੱਤੇ, ਨਵੀਂਆਂ ਠੋਕਰਾਂ, ਨਵੇਂ ਕਾਨੂੰਨ, ਨਵੇਂ ਜੁਰਮ, ਨਵੇਂ ਵਕਤ ਤੇ ਬੇ-ਵਕਤੀਆਂ, ਨਵੇਂ ਮਾਲਕ ਤੇ ਨਵੇਂ ਗੁਲਾਮ। ਮਜ਼ੇ ਦੀ ਗੱਲ ਇਹ ਹੈ ਕਿ ਇਹਨਾਂ ਨਵੇਂ ਗੁਲਾਮਾਂ ਦੀ ਖੱਲ ਵੀ ਨਵੀਂ ਹੈ ਜੋ ਉੱਧੜ-ਉੱਧੜ ਕੇ ਆਧੁਨਿਕ ਹੋ ਗਈ ਹੈ। ਹੁਣ ਇਨ੍ਹਾਂ ਲਈ ਨਵੀਆਂ ਚਾਬੁਕਾਂ ਤੇ ਨਵੇਂ ਕੋੜੇ ਤਿਆਰ ਕੀਤੇ ਜਾ ਰਹੇ ਹਨ।
ਭੁੱਖ ਦੇ ਸੰਦਰਭ ਚ’ ਮੰਟੋ ਲਿਖਦਾ ਹੈ ਕਿ ” ਰੋਟੀ ਦੇ ਭੁੱਖੇ ਜੇਕਰ ਫਾਕੇ ਹੀ ਖਿੱਚਦੇ ਰਹਿਣ ਤਾਂ ਉਹ ਤੰਗ ਆ ਕੇ ਦੂਜਿਆਂ ਦਾ ਨਿਵਾਲਾ ਜ਼ਰੂਰ ਖੋਹਣਗੇ”
ਮਨੁੱਖੀ ਜੀਵਨ ਦਾ ਫਲਸਫਾ ਬਿਆਨ ਕਰਦਿਆਂ ਇੱਕ ਥਾਂ ਮੰਟੋ ਲਿਖਦਾ ਹੈ,“ਆਦਮੀ ਔਰਤ ਨਾਲ ਪਿਆਰ ਕਰਦਾ ਹੈ ਤਾਂ ਹੀਰ ਰਾਂਝੇ ਦੀ ਕਹਾਣੀ ਬਣ ਜਾਂਦੀ ਹੈ। ਰੋਟੀ ਨੂੰ ਪਿਆਰ ਕਰਦਾ ਹੈ ਤਾਂ ਐਪੀਕਿਊਰਸ ਦਾ ਫਲਸਫਾ ਪੈਦਾ ਹੋ ਜਾਂਦਾ ਹੈ। ਤਖ਼ਤ ਨੂੰ ਪਿਆਰ ਕਰਦਾ ਹੈ ਤਾਂ ਸਿਕੰਦਰ, ਚੰਗੇਜ਼, ਤੈਮੂਰ ਜਾਂ ਹਿਟਲਰ ਬਣ ਜਾਂਦਾ ਹੈ ਅਤੇ ਜਦ ਰੱਬ ਨਾਲ ਲਿਵ ਲਾਉਂਦਾ ਹੈ ਤਾਂ ਮਹਾਤਮਾ ਬੁੱਧ ਦਾ ਰੂਪ ਧਾਰਨ ਕਰ ਲੈਂਦਾ ਹੈ।”
ਜ਼ਮਾਨੇ ਦੇ ਸੰਬੰਧੀ ਮੰਟੋ ਲਿਖਦਾ ਹੈ, “ਜ਼ਮਾਨੇ ਦੇ ਜਿਸ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ, ਜੇਕਰ ਤੁਸੀਂ ਉਸ ਤੋਂ ਅਨਜਾਣ ਹੋ ਮੇਰੀਆਂ ਕਹਾਣੀਆਂ ਪੜ੍ਹੋ। ਜੇਕਰ ਤੁਸੀਂ ਉਨ੍ਹਾਂ ਕਹਾਣੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਇਸਦਾ ਅਰਥ ਹੈ ਕਿ ਇਹ ਜ਼ਮਾਨਾ ਨਾ-ਕਾਬਿਲੇ ਬਰਦਾਸ਼ਤ ਹੈ।
ਮੰਟੋ ਨੇ ਇੱਕ ਵਾਰ ਅਦਾਲਤ ਚ ਬਿਆਨ ਦਿੰਦੇ ਕਿਹਾ ਸੀ ਕਿ “ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ‘ਤੇ ਸੱਟ ਵੱਜਦੀ ਹੈ।”
ਉਸਦੇ 66ਵੇਂ ਜਨਮ ਦਿਵਸ ਤੇ ਉਸਨੂੰ “ਨਿਸ਼ਾਨ-ਏ-ਇਮਤਿਆਜ” ਨਾਲ ਸਨਮਾਨਿਆ ਗਿਆ। ਉਸ ਦੀਆਂ ਕਹਾਣੀਆਂ ਉਰਦੂ ਵਿਚ ਪਾਤਰ ਠੇਠ ਪੰਜਾਬੀ ਵਿਚ ਸਨ। ਟੋਭਾ ਟੇਕ ਸਿੰਘ, ਬੰਬੇ ਸਟੋਰੀਜ਼, ਠੰਢਾ ਗੋਸ਼ਤ ਅਤੇ ਕਾਲੀ ਸਲਵਾਰ ਪ੍ਰਸਿੱਧ ਕਹਾਣੀਆਂ ਸਨ।
ਸਾਹਿਤ ਦੀ ਦੁਨੀਆਂ ਦਾ ਸਿੰਕਦਰ ਮੰਟੋ ਆਖਿਰ 18 ਜਨਵਰੀ 1955 ਨੂੰ 43 ਸਾਲ ਦੀ ਉਮਰ ਹੰਢਾ ਕੇ ਲਾਹੌਰ ਵਿਖੇ ਆਖਰੀ ਸਾਹ ਲੈਕੇ ਵਿਦਾਇਗੀ ਲੈ ਗਿਆ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin