Articles Literature

ਸਿੱਖ ਵਿਦਵਾਨ, ਆਜ਼ਾਦੀ ਘੁਲਾਟੀਏ, ਲੇਖਕ ਅਤੇ ਸੰਪਾਦਕ: ਗਿਆਨੀ ਹੀਰਾ ਸਿੰਘ ‘ਦਰਦ’

ਲੇਖਕ: ਸੁਖਚੈਨ ਸਿੰਘ ਕੁਰੜ, ਮਾਨਾ ਸਿੰਘ ਵਾਲ਼ਾ, ਫ਼ਿਰੋਜ਼ਪੁਰ

30 ਸਤੰਬਰ 1889 ਨੂੰ ਪਿੰਡ ਘਘਰੋਟ ਜ਼ਿਲ੍ਹਾ ਰਾਵਲਪਿੰਡੀ ਵਿੱਚ ਹੀਰਾ ਸਿੰਘ ਦਰਦ ਦਾ ਜਨਮ ਭਾਈ ਹਰੀ ਸਿੰਘ ਨਿਰੰਕਾਰੀ ਦੇ ਘਰ ਹੋਇਆ।

ਪਰਿਵਾਰ ਦਾ ਕਿੱਤਾ ਕਿਰਸਾਨੀ ਨਾਲ਼ ਸੰਬੰਧਿਤ ਹੀ ਸੀ ਪਰ ਜ਼ਮੀਨ ਥੋੜ੍ਹੀ ਹੋਣ ਕਾਰਨ ਪਿਤਾ ਹਿਕਮਤ ਤੇ ਹੋਰ ਕਿਰਤ ਵੀ ਕਰਦੇ ਸਨ। ਆਪ ਦਾ ਪਰਿਵਾਰਕ ਪਿਛੋਕੜ ਪੁੰਛ ਦੇ ਇੱਕ ਬ੍ਰਾਹਮਣ ਪਰਿਵਾਰ ਨਾਲ਼ ਸੰਬੰਧਿਤ ਸੀ।
ਹੀਰਾ ਸਿੰਘ ਦਰਦ ਰਾਵਲਪਿੰਡੀ ਵਿੱਚ ਈਸਾਈ ਮਿਸ਼ਨ ਸਕੂਲ ਵਿੱਚ ਪੜ੍ਹੇ।
ਮੈਟ੍ਰਿਕ ਤੇ ਗਿਆਨੀ ਪਾਸ ਕਰਕੇ ਹਿੰਦੀ, ਉਰਦੂ, ਫਾਰਸੀ ਤੇ ਅੰਗਰੇਜ਼ੀ ਦਾ ਖੁੱਲ੍ਹਾ ਅਧਿਐਨ ਕੀਤਾ।
ਮਿਊਂਸਪਲ ਕਮੇਟੀ ਰਾਵਲਪਿੰਡੀ ਵਿੱਚ 1907 ਵਿੱਚ ਨੌਕਰੀ ਕੀਤੀ ਪਰ ਜਦੋਂ ਅੰਦਰ ਦੇਸ਼ ਨੂੰ ਆਜ਼ਾਦ ਦੇਖਣ ਦੀ ਤਾਂਘ ਹੋਵੇ ਤੇ ਸਵੈ-ਮਾਣ ਨਾਲ਼ ਜਿਊਣ ਦੀ ਅੰਦਰ ਚਿਣਗ ਹੋਵੇ ਤਾਂ ਫਿਰ ਵਿਦੇਸ਼ੀ ਸਰਕਾਰ ਦੀ ਨੌਕਰੀ ਕਦ ਤੱਕ ਹੁੰਦੀਂ ਆਖਿਰ ਦਰਦ ਜੀ ਨੇ ਇਹ ਨੌਕਰੀ ਛੱਡ ਦਿੱਤੀ।
ਫਿਰ ਉਸ ਤੋਂ ਬਾਅਦ ਲਾਇਲਪੁਰ ਜਿਲ੍ਹੇ ਵਿੱਚ, ਚੱਕ ਨੰ. 73 ਵਿਖੇ ਸਿੰਘ ਸਭਾ ਸਕੂਲ ਵਿੱਚ ਅਧਿਆਪਕ ਲੱਗ ਗਏ, 1908 ਈ. ਤੋਂ 1919 ਤੱਕ ਆਪਣੀ ਅਧਿਆਪਨ ਸੇਵਾ ਨਿਭਾਈ।
1908 ਵਿੱਚ ਹੀਰਾ ਸਿੰਘ ਨੇ ਪਿਤਾ ਦੇ ਕਹਿਣ ‘ਤੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਅੰਮ੍ਰਿਤ ਛਕ ਲਿਆ ਅਤੇ ਇਸੇ ਹੀ ਸਾਲ ਨੜਾਲੀ ਪਿੰਡ ਦੇ ਭਾਈ ਅਰਜਨ ਸਿੰਘ ਦੀ ਬੇਟੀ ਹਰ ਕੌਰ ਨਾਲ ਉਨ੍ਹਾਂ ਦਾ ਵਿਆਹ ਹੋਇਆ। 13 ਨਵੰਬਰ, 1908 ਨੂੰ ‘ਸਿੰਘ ਸਭਾ ਲਹਿਰ’ ਵਲੋਂ ਚੱਕ ਨੰਬਰ-73 ਦੇ ਸਕੂਲ ਦੀ ਸੇਵਾ ਹੀਰਾ ਸਿੰਘ ਨੂੰ ਸੌਂਪੀ ਗਈ ਜੋ ਕਿ ਬਾਅਦ ਵਿੱਚ ਸਿੱਖੀ ਪ੍ਰਚਾਰ ਦਾ ਕੰਮ ਕਰਨ ਵਾਲਿਆਂ ਦਾ ਇੱਕ ਜਥਾ ‘ਗੁਰਮਤਿ ਪ੍ਰਚਾਰਕ ਜਥਾ ਝੰਗ ਸ਼ਾਖਾ’ ਬਣਿਆ। ਹੀਰਾ ਸਿੰਘ ਨੇ ਇਸ ਵਿੱਚ ਸਰਗਰਮ ਹਿੱਸਾ ਲਿਆ।
1911-12 ਦੌਰਾਨ ਉਨ੍ਹਾਂ ਨੇ ਕਵਿਤਾ ਨੂੰ ਆਪਣੇ ਪ੍ਰਚਾਰ ਦਾ ਮੁੱਖ ਮਾਧਿਅਮ ਬਣਾਇਆ ਤੇ ਛੋਟੀਆਂ-ਵੱਡੀਆਂ ਕਰੀਬ 300 ਕਵਿਤਾਵਾਂ ਲਿਖੀਆਂ। 1912 ਈ: ਵਿੱਚ ‘ਖਾਲਸਾ ਸੇਵਕ’ ਦੇ ਸਬ-ਐਡੀਟਰ ਬਣੇ।
8 ਮਾਰਚ 1913 ਨੂੰ ਉਨ੍ਹਾਂ ਜਾਤ-ਪਾਤ ਵਿਰੁੱਧ ਇੱਕ ਸਮਾਜਿਕ ਕਵਿਤਾ ਅੰਬਾਲਾ ਕਾਨਫ਼ਰੰਸ ਮੌਕੇ ‘ਪਹਿਲਾਂ ਆਪਣਾ ਆਪ ਸੁਧਾਰ ਲਈਏ’ ਦੇ ਸਿਰਲੇਖ ਹੇਠ ਪੜ੍ਹੀ। 1913-14ਈ: ਵਿੱਚ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹੇ ਜਾਣ ਵਿਰੁੱਧ ਅੰਦੋਲਨ ਵਿੱਚ ਸਰਗਰਮ ਰਹੇ।
1914ਈ: ਵਿੱਚ ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦਾਂ ਲਈ ਅਖੰਡ ਪਾਠ ਕਰਵਾਉਣ ਦੇ ਜ਼ੁਰਮ ਵਿੱਚ ਗਿਰਫ਼ਤਾਰ ਹੋਏ।
ਹੀਰਾ ਸਿੰਘ ਪਹਿਲਾਂ “ਦੁਖੀਆ” ਉਪਨਾਮ ਹੇਠ ਕਵਿਤਾ ਲਿਖਦੇ ਸਨ। 1918 ਈ. ਤੋਂ “ਦਰਦ” ਉਪਨਾਮ ਵਰਤਣ ਲੱਗ ਪਏ। 13 ਅਕਤੂਬਰ, 1919 ਨੂੰ ‘ਤੈਂ ਕੀ ਦਰਦ ਨਾ ਅਇਆ’ ਨਾਂ ਦੀ ਲੰਬੀ ਕਵਿਤਾ ਲਿਖੀ, ਜਿਸ ਵਿੱਚ ਗੁਰੂ ਨਾਨਕ ਦੇਵ ਦੇ ਉਪਕਾਰਾਂ ਦਾ ਜ਼ਿਕਰ ਕਰਦਿਆਂ ਅਤੇ ਬਾਬਰ ਦੇ ਹਮਲੇ ਨਾਲ਼ ਹੋਈ ਤਬਾਹੀ ਦਾ ਜ਼ਿਕਰ ਕੀਤਾ ਹੈ। 1919 ਈ. ਵਿੱਚ ਜਦੋਂ ਅਕਾਲੀ ਲਹਿਰ ਵੇਲੇ ਸਰਕਾਰ ਵਲੋਂ ਸਖਤੀ ਕੀਤੀ ਗਈ ਤਾਂ ਕਵੀ ਦਾ ਕੋਮਲ ਹਿਰਦਾ ਵਿਲਕ ਉਠਿਆ ਤੇ ਇਨ੍ਹਾਂ ਨੇ “ਦਰਦ ਸੁਨੇਹੇ” (ਤਿੰਨ ਭਾਗ) ਰਚੇ। ਮਾ.ਸੁੰਦਰ ਸਿੰਘ ਤੇ ਸ. ਮੰਗਲ ਸਿੰਘ ਨਾਲ ਰਲ਼ ਕੇ 1920 ਈ: ‘ਚ ਲਾਹੌਰ ਤੋਂ ਰੋਜ਼ਾਨਾ ਅਕਾਲੀ ਅਖਬਾਰ ਕੱਢਿਆ। ਦਰਦ ਜੀ ਇਸ ਦੇ ਪਹਿਲੇ ਸੰਪਾਦਕ ਸਨ। 1920 ਵਿੱਚ ਕੇਂਦਰੀ ਸਿੱਖ ਲੀਗ ਅਤੇ 1921 ਵਿੱਚ ਹੀਰਾ ਸਿੰਘ ਦਰਦ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਜੋਂ ਵੀ ਕੰਮ ਕੀਤਾ।
ਸੰਪਾਦਕ ਦੇ ਤੌਰ ਤੇ ਅੰਗਰੇਜ਼ੀ ਸਰਕਾਰ ਵਿਰੁੱਧ ਪਰਚਾਰ ਦੇ ਦੋਸ਼ ਵਿੱਚ ਦਰਦ ਜੀ ਨੂੰ ਪਹਿਲੀ ਵਾਰ ਜੂਨ 1921 ਈ: ਨੂੰ ਗਿਰਫਤਾਰ ਕੀਤਾ ਤੇ ਛੇ ਮਹੀਨੇ ਦੀ ਕੈਦ ਹੋਈ। 1922 ਈ: ਵਿੱਚ ਢਾਈ ਸਾਲ ਕੈਦ ਦੀ ਕੈਦ ਹੋਈ। 1924 ਈ: ਵਿੱਚ ਫੁਲਵਾੜੀ ਮਾਸਕ ਪੱਤਰ ਸ਼ੁਰੂ ਕੀਤਾ ਜੋ ਕਿ 1956 ਈ: ਤੱਕ ਪ੍ਰਕਾਸ਼ਿਤ ਹੁੰਦਾ ਰਿਹਾ‌। ਇਸ ਪੱਤਰ ਰਾਹੀਂ ਆਪ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਖੂਬ ਸੇਵਾ ਕੀਤੀ।ਪੰਜਾਬੀ ਸਾਹਿਤ ਖੋਜੀ ਇਹ ਤੱਥ ਸਵੀਕਾਰਦੇ ਹਨ ਕਿ ਫੁਲਵਾੜੀ ਬਿਨਾਂ ਆਧੁਨਿਕ ਪੰਜਾਬੀ ਸਾਹਿਤ ਦਾ ਅਧਿਐਨ ਅਸੰਭਵ ਹੈ।
1924-25 ਈ: ਵਿੱਚ ਫਿਰ ਛੇ ਮਹੀਨੇ ਦੀ ਕੈਦ ਹੋਈ ਅਤੇ ਸਰਕਾਰ ਨੇ ਹੀਰਾ ਸਿੰਘ ਦਰਦ ਦਾ ਮਕਾਨ ਤੇ ਜ਼ਮੀਨ ਵੀ ਨੀਲਾਮ ਕਰ ਦਿੱਤੇ।
1926 ਈ. ਵਿੱਚ ਦਰਦ ਜੀ ਨੇ ਮੁਸ਼ਤਾਕ, ਮੌਲਾ ਬਖ਼ਸ਼ ਕੁਸ਼ਤਾ ਅਤੇ ਧਨੀ ਰਾਮ ਚਾਤ੍ਰਿਕ ਨਾਲ ਮਿਲ ਕੇ ਪੰਜਾਬੀ ਸਭਾ ਦੀ ਨੀਂਹ ਰੱਖੀ।
ਅੱਗੇ ਚੱਲਕੇ 1942 ਈ: ਵਿੱਚ ‘ਹਿੰਦ ਛੋੜ ਜਾਓ’ ਲਹਿਰ ਵਿਚ ਸਰਗਰਮ ਹਿੱਸਾ ਲੈਣ ਕਰਕੇ ਹੀਰਾ ਸਿੰਘ ਦਰਦ 1942 ਈ: ਤੋਂ 1945 ਈ: ਤੱਕ ਤਿੰਨ ਸਾਲ ਨਜ਼ਰਬੰਦ ਰਹੇ।
1956ਈ: ਵਿਚ ਦਰਦ ਜੀ ਨੂੰ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ‘ਕੇਂਦਰੀ ਪੰਜਾਬੀ ਲੇਖਕ ਸਭਾ’ ਦੀ ਸਥਾਪਨਾ ਲਈ ਕਨਵੀਨਰ ਬਣਾਇਆ ਗਿਆ। ਦਰਦ ਜੀ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪਹਿਲੀ ਜਨਰਲ ਸਕੱਤਰ ਹੋਣ ਦਾ ਮਾਣ ਵੀ ਪ੍ਰਾਪਤ ਹੈ।
1960 ਈ: ਵਿੱਚ ਦਰਦ ਨੇ ਪੰਜਾਬੀ ਪ੍ਰਚਾਰ ਕੇਂਦਰ, ਜਲੰਧਰ ਦੀ ਸਥਾਪਨਾ ਕੀਤੀ। ਇਸੇ ਵਰ੍ਹੇ ਹੀ ਹੀਰਾ ਸਿੰਘ ਦਰਦ ਨੂੰ ਸਾਹਿਤਕ ਸੇਵਾਵਾਂ ਬਦਲੇ ਭਾਸ਼ਾ ਵਿਭਾਗ ਵਿਭਾਗ ਵੱਲੋਂ 23 ਮਾਰਚ ਨੂੰ ਹੋਏ ਸਲਾਨਾ ਸਮਾਰੋਹ ਸਮੇਂ ਨੂੰ ਸਨਮਾਨਿਤ ਕੀਤਾ। 1962 ਈ: ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਣਾਏ ਗਏ।
ਸਾਹਿਤਕ ਸਫ਼ਰ:- ਹੀਰਾ ਸਿੰਘ ਦਰਦ ਨੇ ਇੱਕ ਪ੍ਰਬੀਨ ਪੱਤਰਕਾਰ, ਸੁੱਚਜੇ ਗੱਦਕਾਰ, ਨਿਬੰਧਕਾਰ, ਕਹਾਣੀਕਾਰ, ਕਵੀ, ਆਲੋਚਕ ਤੇ ਚੇਤੰਨ ਸੈਲਾਨੀ ਦੇ ਤੌਰ ਤੇ ਵਿਚਰਦਿਆਂ ਸਾਰੀ ਜ਼ਿੰਦਗੀ ਪੰਜਾਬੀ ਮਾਂ-ਬੋਲੀ ਦੀ ਆਪਣੇ ਹਿੱਸੇ ਆਈ ਸੇਵਾ ਨਿਭਾਈ। ਇੱਥੇ ਅਸੀਂ ਅੱਜ ਉਹਨਾਂ ਦੀਆਂ ਵੱਖੋ-ਵੱਖ ਸਾਹਿਤ ਰੂਪਾਂ ਵਿੱਚ ਰਚੀਆਂ ਸਾਹਿਤਕ ਰਚਨਾਵਾਂ ਨਾਲ਼ ਜਾਣ ਪਹਿਚਾਣ ਕਰਵਾਵਾਂਗੇ।
ਕਵਿਤਾ ਸਾਹਿਤ ਰੂਪ:-
ਉਪਕਾਰਾਂ ਦੀ ਵੰਨਗੀ- ਕਵਿਤਾ (1912), ਸਿਖ ਬੱਚਿਓ ਜਾਗੋ ਕਵਿਤਾ (1923), ਦਰਦ ਸੁਨੇਹੇ ਭਾਗ ਪਹਿਲਾ,ਦੂਜਾ (1920-21), ਭਾਗ ਤੀਜਾ (1922), ਫੁਲਵਾੜੀ ਚਿਤਰਾਵਾਲੀ (1926) ਕਵਿਤਾ ਤੇ ਵਾਰਤਕ, ਕਿਸਾਨ ਦੀਆਂ ਆਹੀਂ (1939), ਹੋਰ ਅਗੇਰੇ (1940) ਕਵਿਤਾ, ਚੋਣਵੇਂ ਦਰਦ ਸੁਨੇਹੇ (1951)
ਵਾਰਤਕ ਸਾਹਿਤ ਰੂਪ:-
ਜੀਵਨ ਤਿਲਕ ਜੀ (ਵਾਰਤਕ 1921), ਜੀਵਨ ਬਾਬਾ ਗੁਰਦਿੱਤਾ (1921), ਸੋਸਲਿਜਮ ਕੀ ਹੈ ? (1942), ਫਾਸਿਜਮ ਕੀ ਹੈ ? (1942), ਧਰਮ ਤੇ ਰਾਜਨੀਤੀ (1950), ਨਵੀਨ ਭਾਰਤ ਤੇ ਰਾਜਸੀ ਆਗੂ (1952), ਮੇਰੀਆਂ ਕੁਝ ਇਤਿਹਾਸਕ ਯਾਦਾਂ (1956)
ਕਹਾਣੀ ਸਾਹਿਤ ਰੂਪ:-
ਆਸ ਦੀ ਤੰਦ ਤੇ ਹੋਰ ਕਹਾਣੀਆਂ (1953), ਪੰਜਾਬੀ ਸੱਧਰਾਂ ਸੰਗ੍ਰਹਿ (1942)
ਆਲੋਚਨਾ:- ਪੰਜਾਬੀ ਸਾਹਿਤ ਦਾ ਇਤਿਹਾਸ (1953), ਸ. ਕਰਮ ਸਿੰਘ ਹਿਸਟੋਰਿਅਨ ਦੀ ਖੋਜ (ਸੰਪਾਦਤ)
ਲੇਖ:- ਇਤਿਹਾਸਕ ਲੇਖ (1954) ; ਸਫ਼ਰਨਾਮਾ:- ਬ੍ਰਿਜਭੂਮੀ ਤੇ ਮਲਾਇਆ ਦੀ ਯਾਤਰਾ (1958)
ਹੁਣ ਤਕ ਉਨ੍ਹਾਂ ਦੇ ਸਾਹਿਤ ਉੱਤੇ ਤਿੰਨ ਪੀ.ਐਚ.ਡੀ. ਅਤੇ ਅੱਠ ਐਮ. ਫਿਲ ਦੇ ਥੀਸਿਸ ਦਾ ਕੰਮ ਹੋ ਚੁੱਕਾ ਹੈ।
ਪੱਤਰਕਾਰੀ ਦੇ ਖੇਤਰ ਵਿਚ ਹੀਰਾ ਸਿੰਘ ਦਰਦ ‘ਅਕਾਲੀ’ ਅਖ਼ਬਾਰ ਤੋਂ ਬਿਨਾਂ ‘ਖਾਲਸਾ ਸੇਵਕ’, ‘ਕੌਮੀ ਦਰਦ’, ‘ਦੇਸ਼ ਭਗਤ’, ‘ਨਵਾਂ ਯੁਗ’, ਤੇ ‘ਲਾਲ ਸਵੇਰਾ’ ਪਰਚਿਆਂ ਆਦਿ ਨੂੰ ਵੀ ਸੰਪਾਦਿਤ ਕਰਦੇ ਰਹੇ।
1964 ਦੇ ਅੰਤ ਵਿੱਚ ‘ਦਰਦ’ ਜੀ ਨੂੰ ਅਧਰੰਗ ਹੋ ਗਿਆ। ਕੁਝ ਸਮੇਂ ਲਈ ਉਹ ਪਟਿਆਲਾ ਦੇ ਆਯੂਰਵੈਦਿਕ ਹਸਪਤਾਲ ਵਿਚ ਦਾਖਲ ਰਹੇ। ਲੰਮੀ ਬਿਮਾਰੀ ਮਗਰੋਂ 22 ਜੂਨ, 1965 ਈ: ਨੂੰ ਗਿਆਨੀ ਹੀਰਾ ਸਿੰਘ ‘ਦਰਦ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਪੰਜਾਬੀ ਸਾਹਿਤ ਦੇ ਲਾਡਲੇ ਪੁੱਤ ਹੀਰਾ ਸਿੰਘ ਦਰਦ ਜੀ ਰਹਿੰਦੀ ਦੁਨੀਆਂ ਤੱਕ ਆਪਣੀਆਂ ਰਚਨਾਵਾਂ ਤੇ ਆਪਣੇ ਕੀਤੇ ਕਾਰਜਾਂ ਨਾਲ਼ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿਊਂਦੇ ਰਹਿਣਗੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin